
ਨਵੀਂ ਦਿੱਲੀ, 13 ਮਈ – IPL 2025 ਦਾ ਨਵਾਂ ਸ਼ਡਿਊਲ ਜਾਰੀ ਹੋ ਗਿਆ ਹੈ। ਟੂਰਨਾਮੈਂਟ ਦੇ ਬਾਕੀ ਮੈਚਾਂ ਲਈ 6 ਮੈਦਾਨ ਚੁਣੇ ਗਏ ਹਨ। ਨਵੇਂ ਸ਼ਡਿਊਲ ਮੁਤਾਬਕ ਹੁਣ ਵੀ 17 ਮੈਚ ਬਾਕੀ ਹਨ ਅਤੇ ਫਾਈਨਲ ਮੈਚ ਦੀ ਨਵੀਂ ਤਾਰੀਖ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਐਲਾਨ ਕਰਦੇ ਹੋਏ ਦੱਸਿਆ ਕਿ ਬਾਕੀ ਮੈਚਾਂ ਦੀ ਸ਼ੁਰੂਆਤ 17 ਮਈ ਤੋਂ ਹੋਏਗੀ, ਜਦਕਿ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ।
ਸਰਕਾਰ, ਸੁਰੱਖਿਆ ਏਜੰਸੀਆਂ ਅਤੇ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ BCCI ਨੇ 17 ਮਈ ਤੋਂ ਟੂਰਨਾਮੈਂਟ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਨਵੇਂ ਸ਼ਡਿਊਲ ਅਨੁਸਾਰ 2 ਦਿਨ ਅਜਿਹੇ ਹੋਣਗੇ ਜਦੋਂ ਇੱਕੋ ਦਿਨ ਵਿੱਚ ਦੋ ਦੋ ਮੈਚ ਖੇਡੇ ਜਾਣਗੇ, ਜਿਸ ਲਈ ਐਤਵਾਰ ਨੂੰ ਚੁਣਿਆ ਗਿਆ ਹੈ। ਟੂਰਨਾਮੈਂਟ ਦੀ ਮੁੜ ਸ਼ੁਰੂਆਤ ‘ਤੇ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੈਂਜਰਜ਼ ਬੈਂਗਲੁਰੂ ਵਿਚਕਾਰ ਬੈਂਗਲੁਰੂ ਵਿੱਚ ਖੇਡਿਆ ਜਾਵੇਗਾ। ਬਾਕੀ 17 ਮੈਚਾਂ ਲਈ ਜਿਹੜੇ ਸ਼ਹਿਰ ਚੁਣੇ ਗਏ ਹਨ, ਉਹ ਹਨ: ਜੈਪੁਰ, ਬੈਂਗਲੁਰੂ, ਲਖਨਊ, ਦਿੱਲੀ, ਮੁੰਬਈ ਅਤੇ ਅਹਿਮਦਾਬਾਦ।
ਪਲੇਆਫ਼ ਮੁਕਾਬਲੇ ਕਦੋਂ ਸ਼ੁਰੂ ਹੋਣਗੇ?
ਪਹਿਲੇ ਸ਼ਡਿਊਲ ਅਨੁਸਾਰ ਪਲੇਆਫ਼ ਚਰਨ 20 ਮਈ ਤੋਂ ਸ਼ੁਰੂ ਹੋਣਾ ਸੀ। ਪਰ ਹੁਣ ਨਵੇਂ ਸ਼ਡਿਊਲ ਮੁਤਾਬਕ ਪਲੇਆਫ਼ 29 ਮਈ ਤੋਂ ਸ਼ੁਰੂ ਹੋਵੇਗਾ। ਪਹਿਲਾ ਕਵਾਲੀਫਾਇਰ 29 ਮਈ ਨੂੰ ਖੇਡਿਆ ਜਾਵੇਗਾ। ਐਲਿਮਿਨੇਟਰ ਮੈਚ 30 ਮਈ ਨੂੰ ਹੋਵੇਗਾ, ਦੂਜਾ ਕਵਾਲੀਫਾਇਰ 1 ਜੂਨ ਨੂੰ ਅਤੇ ਫਾਈਨਲ ਮੈਚ 3 ਜੂਨ ਨੂੰ ਖੇਡਿਆ ਜਾਵੇਗਾ। ਪਲੇਆਫ਼ ਮੈਚਾਂ ਲਈ ਮੈਦਾਨਾਂ ਦੀ ਘੋਸ਼ਣਾ ਬਾਅਦ ਵਿੱਚ ਕੀਤੀ ਜਾਵੇਗੀ।
ਲੀਗ ਸਟੇਜ ਦਾ ਆਖ਼ਰੀ ਮੈਚ 27 ਮਈ ਨੂੰ ਲਖਨਊ ਦੇ ਇਕਾਨਾ ਸਟੇਡੀਅਮ ਵਿੱਚ RCB ਅਤੇ ਲਖਨਊ ਸੁਪਰ ਜਾਇੰਟਸ ਦੇ ਵਿਚਕਾਰ ਖੇਡਿਆ ਜਾਵੇਗਾ। ਐਤਵਾਰ, 18 ਮਈ ਨੂੰ ਦੋ ਮੈਚ ਖੇਡੇ ਜਾਣਗੇ। ਦਿਨ ਵਾਲੇ ਮੈਚ ਵਿੱਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਆਹਮਣੇ-ਸਾਹਮਣੇ ਹੋਣਗੇ, ਜਦਕਿ ਸ਼ਾਮ ਵਾਲੇ ਮੈਚ ਵਿੱਚ ਦਿੱਲੀ ਕੈਪਿਟਲਜ਼ ਅਤੇ ਗੁਜਰਾਤ ਟਾਇਟਨਸ ਦੀ ਟਕਰ ਹੋਵੇਗੀ।
IPL 2025 ਇੱਕ ਹਫ਼ਤੇ ਲਈ ਸਸਪੈਂਡ ਹੋਇਆ ਸੀ
8 ਮਈ ਨੂੰ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪਿਟਲਜ਼ ਵਿਚਕਾਰ ਮੈਚ ਖੇਡਿਆ ਜਾ ਰਿਹਾ ਸੀ, ਜਿਸਨੂੰ ਸੁਰੱਖਿਆ ਕਾਰਨਾਂ ਕਰਕੇ ਰੱਦ ਕਰਨਾ ਪਿਆ। BCCI ਨੇ ਕੁਝ ਸਮੇਂ ਬਾਅਦ ਖੁਲਾਸਾ ਕੀਤਾ ਕਿ ਭਾਰਤ-ਪਾਕਿਸਤਾਨ ਤਣਾਅ ਦੇ ਚਲਦੇ IPL 2025 ਨੂੰ ਇੱਕ ਹਫ਼ਤੇ ਲਈ ਰੋਕਿਆ ਜਾ ਰਿਹਾ ਹੈ।