ਝੋਨੇ ਦੀਆਂ ਨਵੀਆਂ ਕਿਸਮਾਂ

ਇੱਕੀਵੀਂ ਸਦੀ ਦੀ ਸੀਆਰਆਈਐੱਸਪੀਆਰ ਤਕਨੀਕ ਦੀ ਵਰਤੋਂ ਨਾਲ ਦੁਨੀਆ ਦੀਆਂ ਪਹਿਲੀਆਂ, ਝੋਨੇ ਦੀਆਂ ਜੀਨ ਸੋਧ ਕਿਸਮਾਂ ਤਿਆਰ ਕਰ ਕੇ ਭਾਰਤ ਨੇ ਖੇਤੀਬਾੜੀ ਦੇ ਭਵਿੱਖ ’ਚ ਮਹੱਤਵਪੂਰਨ ਪੁਲਾਂਘ ਪੁੱਟੀ ਹੈ। ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਵੱਲੋਂ ਵਿਕਸਿਤ, ਝੋਨੇ ਦੀਆਂ ਇਹ ਕਿਸਮਾਂ ਵੱਧ ਪੈਦਾਵਾਰ, ਪਾਣੀ ਬਚਾਉਣ ਅਤੇ ਮੌਸਮੀ ਤਬਦੀਲੀਆਂ ਦਾ ਸਾਹਮਣਾ ਕਰਨ ਦੇ ਯੋਗ ਹੋਣਗੀਆਂ। ਇਹ ਰਵਾਇਤੀ ਜੀਨ ਸੋਧਿਤ (ਜੀਐੱਮਓ) ਕਿਸਮਾਂ ਨਾਲੋਂ ਵੱਖਰੀਆਂ ਹਨ। ਇਨ੍ਹਾਂ ਦਾ ਮਹੱਤਵ ਸਿਰਫ਼ ਵਿਗਿਆਨਕ ਪੱਧਰ ’ਤੇ ਨਹੀਂ ਬਲਕਿ ਰਣਨੀਤਕ ਤੌਰ ਉੱਤੇ ਵੀ ਹੈ। ਵੱਖ-ਵੱਖ ਜੀਨਾਂ ਦੀ ਟ੍ਰਾਂਸਜੈਨਿਕ ਤਬਦੀਲੀਆਂ ਤੋਂ ਉਲਟ ਇਸ ਜੀਨ ਸੋਧ ਵਿੱਚ ਕੋਈ ਬਾਹਰੀ ਜੀਨ ਪੌਦੇ ’ਚ ਨਹੀਂ ਪਾਇਆ ਜਾਂਦਾ। ਇਹ ਫ਼ਰਕ ਭਾਰਤ ਨੂੰ ਖੁੱਲ੍ਹ ਦਿੰਦਾ ਹੈ ਕਿ ਉਹ ਇਨ੍ਹਾਂ ਫ਼ਸਲਾਂ ਨੂੰ ਜੀਐੱਮਓਜ਼ ਦੇ ਰੈਗੂਲੇਟਰੀ ਢਾਂਚੇ ਤੋਂ ਬਾਹਰ ਰੱਖ ਸਕਦਾ ਹੈ ਜਿਸ ਨਾਲ ਜਨਤਕ ਵਿਰੋਧ ਘਟੇਗਾ ਅਤੇ ਮਨਜ਼ੂਰੀ ਤੇਜ਼ੀ ਨਾਲ ਮਿਲੇਗੀ।

ਸੁਧਰੀ ਹੋਈ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਜਿਹੀਆਂ ਝੋਨੇ ਦੀਆਂ ਨਵੀਆਂ ਕਿਸਮਾਂ ਤੋਂ ਆਸ ਹੈ ਕਿ ਇਹ 20-30 ਪ੍ਰਤੀਸ਼ਤ ਵੱਧ ਪੈਦਾਵਾਰ ਦੇਣਗੀਆਂ ਜਦੋਂਕਿ ਇਨ੍ਹਾਂ ਨਾਲ ਪਾਣੀ ਦੀ ਖ਼ਪਤ 40 ਪ੍ਰਤੀਸ਼ਤ ਤੱਕ ਘਟ ਜਾਵੇਗੀ। ਅਜਿਹਾ ਮੁਲਕ ਜਿੱਥੇ ਖੇਤੀਬਾੜੀ ਮੌਨਸੂਨ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਖ਼ਤਰਨਾਕ ਹੱਦ ਤੱਕ ਡਿੱਗ ਚੁੱਕਾ ਹੈ, ਇਹ ਕਾਢ ਅਤਿ ਲੋੜੀਂਦਾ ਦਖ਼ਲ ਹੈ। ਇਸ ਤੋਂ ਇਲਾਵਾ ਭਾਰਤ ਦਾ ਇਹ ਕਦਮ ਆਲਮੀ ਰੁਝਾਨਾਂ ਨਾਲ ਵੀ ਮੇਲ ਖਾਂਦਾ ਹੈ। ਅਮਰੀਕਾ, ਜਪਾਨ ਅਤੇ ਆਸਟਰੇਲੀਆ ਕੋਲ ਪਹਿਲਾਂ ਹੀ ਅਜਿਹੀਆਂ ਫ਼ਸਲਾਂ ਲਈ ਪ੍ਰਗਤੀਸ਼ੀਲ ਚੌਖਟੇ ਬਣ ਚੁੱਕੇ ਹਨ। ਇਸ ਨਵੀਂ ਤਕਨੀਕ ਨੂੰ ਛੇਤੀ ਅਪਣਾ ਲੈਣ ਨਾਲ ਭਾਰਤ ਨੇ ਖੇਤੀਬਾੜੀ ਖੋਜਕਾਰ ਅਤੇ ਆਲਮੀ ਖ਼ੁਰਾਕ ਸੁਰੱਖਿਆ ਵਿੱਚ ਯੋਗਦਾਨੀ ਵਜੋਂ ਆਪਣੀ ਪੁਜ਼ੀਸ਼ਨ ਪੁਖ਼ਤਾ ਕਰ ਲਈ ਹੈ।

ਇਹ ਸਭ ਕੁਝ ਤਾਂ ਠੀਕ ਹੈ ਪਰ ਇਸ ਵਿੱਚ ਸਫਲਤਾ ਪਾਰਦਰਸ਼ੀ ਸੰਚਾਰ, ਸਖ਼ਤ ਪਰਖ ਅਤੇ ਕਿਸਾਨਾਂ ਦੀ ਸੰਵੇਦਨਸ਼ੀਲਤਾ ਉੱਪਰ ਮੁਨੱਸਰ ਕਰੇਗੀ। ਗ਼ਲਤ ਧਾਰਨਾਵਾਂ ਜਾਂ ਕਾਹਲੀ ਨਾਲ ਅਮਲ ਕਰਨ ਨਾਲ ਜਨਤਕ ਭਰੋਸਾ ਆਸਾਨੀ ਨਾਲ ਖ਼ਤਮ ਵੀ ਹੋ ਸਕਦਾ ਹੈ। ਵਿਗਿਆਨ ਦੇ ਫ਼ਾਇਦੇ ਬਿਨਾਂ ਸ਼ੱਕ ਖੇਤਾਂ ਤੱਕ ਅੱਪੜਨੇ ਚਾਹੀਦੇ ਹਨ ਤੇ ਇਸ ਦੇ ਨਾਲ ਹੀ ਨਾ ਕੇਵਲ ਨਿਗਰਾਨੀ ਦੇ ਨੇਮਾਂ ਵਿੱਚ ਢਿੱਲ ਦੇਣ ਦੀ ਲੋੜ ਹੈ ਸਗੋਂ ਨੈਤਿਕ ਜ਼ਿੰਮੇਵਾਰੀ ਵੀ ਚੁੱਕਣੀ ਪਵੇਗੀ। ਨਵੀਂ ਤਕਨੀਕ ਅਤੇ ਇਸ ਦੇ ਨਿਗਰਾਨੀ ਪ੍ਰਬੰਧ ਮੁਤੱਲਕ ਕਈ ਖਦਸ਼ੇ ਵੀ ਪ੍ਰਗਟ ਕੀਤੇ ਜਾਂਦੇ ਹਨ ਜਿਸ ਕਰ ਕੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਸਾਰੀਆਂ ਸਬੰਧਿਤ ਧਿਰਾਂ ਨਾਲ ਪੂਰੀ ਵਿਚਾਰ ਚਰਚਾ ਕਰਨ ਦੀ ਲੋੜ ਹੈ।

ਸਾਂਝਾ ਕਰੋ

ਪੜ੍ਹੋ

ਪੂਰੇ ਦੇਸ਼ ‘ਚ ਠੱਪ ਹੋਈ UPI! Paytm,

ਨਵੀਂ ਦਿੱਲੀ, 13 ਮਈ – ਦੇਸ਼ ਭਰ ਵਿੱਚ ਸੋਮਵਾਰ ਸ਼ਾਮ...