December 30, 2024

ਪੰਜਾਬਣ ਕੁੜੀ 10 ਲੱਖ ਲਾ ਪਹੁੰਚੀ ਆਸਟ੍ਰੇਲੀਆ, ਵਾਪਸ ਪਰਤਦਿਆਂ ਹੀ ਏਅਰਪੋਰਟ ‘ਤੇ ਹੋਈ ਗ੍ਰਿਫਤਾਰ

ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਦੀ ਚਾਹਤ ‘ਚ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੀ ਰਹਿਣ ਵਾਲੀ ਇਸ ਲੜਕੀ ਨੇ 10 ਲੱਖ ਰੁਪਏ ‘ਚ ਇਕ ਵੱਡਾ ਸੌਦਾ ਕੀਤਾ। ਸੌਦੇ ਤਹਿਤ ਇਸ ਮੁਟਿਆਰ ਨੂੰ ਆਪਣੀ ਨਵੀਂ ਕਿਸਮਤ ਲਿਖਣ ਦਾ ਮੌਕਾ ਮਿਲ ਰਿਹਾ ਸੀ। ਕਿਸਮਤ ਦਾ ਨਵਾਂ ਅਧਿਆਏ ਆਸਟਰੀਆ ਵਿੱਚ ਲਿਖਿਆ ਜਾਣਾ ਸੀ। ਦੋ ਸਾਲ ਤੱਕ ਸਭ ਕੁਝ ਠੀਕ ਰਿਹਾ ਪਰ ਉਸ ਤੋਂ ਬਾਅਦ ਕੁਝ ਅਜਿਹਾ ਹੋਇਆ, ਜਿਸ ਕਾਰਨ ਇਹ ਲੜਕੀ ਅੱਜ ਤੱਕ ਆਪਣੇ ਆਪ ਨੂੰ ਕੋਸ ਰਹੀ ਹੈ।ਆਈਜੀਆਈ ਏਅਰਪੋਰਟ ਦੀ ਡੀਪੀਸੀ ਊਸ਼ਾ ਰੰਗਨਾਨੀ ਅਨੁਸਾਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਹ ਲੜਕੀ ਕਰੀਬ 13 ਸਾਲ ਪਹਿਲਾਂ 15 ਨਵੰਬਰ 2011 ਨੂੰ ਆਸਟਰੀਆ ਤੋਂ ਵਾਪਸ ਆਈ ਸੀ। ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਕੁਲਵਿੰਦਰ ਕੌਰ ਨਾਂ ਦੀ ਇਸ ਲੜਕੀ ਦੇ ਵਿਦੇਸ਼ ਜਾਣ ਦਾ ਰਿਕਾਰਡ ਇਮੀਗ੍ਰੇਸ਼ਨ ਸਿਸਟਮ ਵਿੱਚ ਮੌਜੂਦ ਨਹੀਂ ਹੈ। ਇਸ ਤੋਂ ਬਾਅਦ ਕੁਲਵਿੰਦਰ ਨੂੰ ਹਿਰਾਸਤ ‘ਚ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ।ਜਾਂਚ ਦੌਰਾਨ ਆਈਜੀਆਈ ਏਅਰਪੋਰਟ ਪੁਲਸ ਨੂੰ ਪਤਾ ਲੱਗਾ ਕਿ ਕੁਲਵਿੰਦਰ ਕੌਰ 8 ਜੂਨ 2009 ਨੂੰ ਆਈਜੀਆਈ ਏਅਰਪੋਰਟ ਤੋਂ ਆਸਟਰੀਆ ਲਈ ਰਵਾਨਾ ਹੋਈ ਸੀ। ਦੁਬਾਰਾ ਫਿਰ, ਇਸ ਪਾਸਪੋਰਟ ‘ਤੇ 12 ਜੂਨ 2009 ਦੀ ਅਰਾਈਵਲ ਐਂਟਰੀ ਹੈ। ਇਸ ਤੋਂ ਬਾਅਦ ਸਿਸਟਮ ਵਿੱਚ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਕਿ ਕੁਲਵਿੰਦਰ ਕਦੋਂ ਵਾਪਸ ਆਸਟਰੀਆ ਗਈ। ਦੋ ਸਾਲਾਂ ਬਾਅਦ, ਕੁਲਵਿੰਦਰ ਇੱਕ ਵਾਰ ਫਿਰ ਇਮੀਗ੍ਰੇਸ਼ਨ ਅਫਸਰ ਦੇ ਸਾਹਮਣੇ Arrival passenger ਵਜੋਂ ਖੜ੍ਹੀ ਸੀ।ਡੀਸੀਪੀ ਊਸ਼ਾ ਰੰਗਨਾਨੀ ਨੇ ਦੱਸਿਆ ਕਿ ਬਿਊਰੋ ਆਫ਼ ਇਮੀਗ੍ਰੇਸ਼ਨ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕਰਕੇ ਕੁਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ। ਪੁੱਛਗਿੱਛ ਦੌਰਾਨ ਕੁਲਵਿੰਦਰ ਨੇ ਜੋ ਖੁਲਾਸੇ ਕੀਤੇ, ਉਹ ਸਭ ਨੂੰ ਹੈਰਾਨ ਕਰ ਦੇਣ ਵਾਲੇ ਸਨ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਆਸਟਰੀਆ ਵਿੱਚ ਰਹਿੰਦੇ ਹਨ। ਇਸ ਲਈ ਉਹ ਵੀ ਆਲੀਸ਼ਾਨ ਜੀਵਨ ਦੀ ਤਲਾਸ਼ ਵਿੱਚ ਆਸਟਰੀਆ ਜਾਣਾ ਚਾਹੁੰਦੀ ਸੀ।ਇਸ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਮਨਜੀਤ ਸਿੰਘ ਉਰਫ਼ ਬਿੱਟੂ ਨਾਂ ਦੇ ਏਜੰਟ ਨਾਲ ਸੰਪਰਕ ਕੀਤਾ। ਬਿੱਟੂ ਨੇ 10 ਲੱਖ ਰੁਪਏ ਦੇ ਬਦਲੇ ਉਸ ਨੂੰ ਆਸਟਰੀਆ ਭੇਜਣ ਦਾ ਭਰੋਸਾ ਦਿੱਤਾ। ਯੋਜਨਾ ਅਨੁਸਾਰ ਕੁਲਵਿੰਦਰ 8 ਜੂਨ 2009 ਨੂੰ ਆਸਟਰੀਆ ਲਈ ਰਵਾਨਾ ਹੋ ਗਈ। ਆਸਟਰੀਆ ਪਹੁੰਚਦਿਆਂ ਹੀ ਮਨਜੀਤ ਸਿੰਘ ਨੇ ਉਸ ਦਾ ਪਾਸਪੋਰਟ ਆਪਣੇ ਕਬਜ਼ੇ ਵਿਚ ਲੈ ਲਿਆ। ਮਨਜੀਤ ਸਿੰਘ ਨੇ ਉਸ ਦੇ ਪਾਸਪੋਰਟ ‘ਤੇ ਇਕ ਹੋਰ ਲੜਕੀ ਨੂੰ ਭਾਰਤ ਭੇਜ ਦਿੱਤਾ।ਕੁਝ ਸਮੇਂ ਬਾਅਦ ਮਨਜੀਤ ਸਿੰਘ ਨੇ ਉਸਦਾ ਪਾਸਪੋਰਟ ਵਾਪਸ ਕਰ ਦਿੱਤਾ। ਇਸ ਘਟਨਾ ਤੋਂ ਕਰੀਬ ਦੋ ਸਾਲ ਬਾਅਦ ਉਹ ਖੁਦ ਭਾਰਤ ਲਈ ਰਵਾਨਾ ਹੋ ਗਈ ਅਤੇ ਜਿਵੇਂ ਹੀ ਉਹ ਆਈਜੀਆਈ ਏਅਰਪੋਰਟ ਪਹੁੰਚੀ ਤਾਂ ਉਸ ਨੂੰ ਫੜ ਲਿਆ ਗਿਆ।

ਪੰਜਾਬਣ ਕੁੜੀ 10 ਲੱਖ ਲਾ ਪਹੁੰਚੀ ਆਸਟ੍ਰੇਲੀਆ, ਵਾਪਸ ਪਰਤਦਿਆਂ ਹੀ ਏਅਰਪੋਰਟ ‘ਤੇ ਹੋਈ ਗ੍ਰਿਫਤਾਰ Read More »

ਵਿਰਾਟ ਕੋਹਲੀ ਦੇ ਆਊਟ ਹੋਣ ‘ਤੇ ਆਸਟ੍ਰੇਲਿਆਈ ਕੰਮੈਂਟੇਟਰ ਦੇ ਬਿਆਨ ਨੇ ਮਚਾਇਆ ਬਵਾਲ

ਨਵੀਂ ਦਿੱਲੀ, 30 ਦਸੰਬਰ – ਮੈਲਬੌਰਨ ‘ਚ ਬਾਕਸਿੰਗ-ਡੇ ਟੈਸਟ ਦੇ ਪੰਜਵੇਂ ਦਿਨ ਵਿਰਾਟ ਕੋਹਲੀ ਦੇ ਆਊਟ ਹੋਣ ‘ਤੇ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਸਾਈਮਨ ਕੈਟਿਚ ਨੇ ਟਿੱਪਣੀ ਕਰਦੇ ਹੋਏ ਕੁਝ ਅਜਿਹਾ ਕਿਹਾ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਕੁਮੈਂਟਰੀ ਕਰਦਿਆਂ ਕੈਟਿਚ ਨੇ ਦੱਸਿਆ ਕਿ ਕਿਵੇਂ ਆਸਟ੍ਰੇਲੀਆ ‘ਚ ਵਿਰਾਟ ਕੋਹਲੀ ਦਾ ਦਬਦਬਾ ਖਤਮ ਹੋਇਆ ਤੇ ਜਸਪ੍ਰੀਤ ਬੁਮਰਾਹ ਬਾਰਡਰ-ਗਾਵਸਕਰ ਟਰਾਫੀ ‘ਚ ਭਾਰਤ ਦੇ ਸਭ ਤੋਂ ਕੀਮਤੀ ਖਿਡਾਰੀ ਬਣ ਗਏ। ਜਦੋਂ ਵਿਰਾਟ ਕੋਹਲੀ ਚੌਥੇ ਟੈਸਟ ਦੀ ਦੂਜੀ ਪਾਰੀ ‘ਚ 5 ਦੌੜਾਂ ਬਣਾ ਕੇ ਆਊਟ ਹੋਏ ਤਾਂ ਕੈਟਿਚ ਨੇ ਕਿਹਾ ‘ਮਰ ਗਿਆ ਕਿੰਗ’। ਤੁਹਾਨੂੰ ਦੱਸ ਦੇਈਏ ਕਿ ਮੈਲਬੋਰਨ ਟੈਸਟ ਦੇ ਆਖਰੀ ਦਿਨ ਭਾਰਤ ਨੂੰ ਜਿੱਤ ਲਈ 340 ਦੌੜਾਂ ਦਾ ਟੀਚਾ ਮਿਲਿਆ ਸੀ। ਵਿਰਾਟ ਕੋਹਲੀ ‘ਤੇ ਭਾਰਤ ਨੂੰ ਟੈਸਟ ਜਿੱਤਣ ਜਾਂ ਡਰਾਅ ਕਰਵਾਉਣ ਦੀ ਵੱਡੀ ਜ਼ਿੰਮੇਵਾਰੀ ਸੀ। ਪਰ ਸਟਾਰ ਬੱਲੇਬਾਜ਼ ਆਖਰੀ ਦਿਨ ਦੇ ਪਹਿਲੇ ਸੈਸ਼ਨ ‘ਚ ਆਪਣੀ ਕਮਜ਼ੋਰੀ ਕਾਰਨ ਆਊਟ ਹੋ ਗਿਆ। ਬਾਰਡਰ-ਗਾਵਸਕਰ ਟਰਾਫੀ ‘ਚ ਆਫ ਸਟੰਪ ਤੋਂ ਬਾਹਰ ਦੀ ਗੇਂਦ ਵਿਰਾਟ ਕੋਹਲੀ ਲਈ ਵੱਡੀ ਸਿਰਦਰਦੀ ਬਣ ਗਈ। ਮਿਸ਼ੇਲ ਸਟਾਰਕ ਨੇ ਦੂਜੀ ਪਾਰੀ ‘ਚ ਆਫ ਸਟੰਪ ਦੇ ਬਾਹਰ ਇਕ ਗੇਂਦ ‘ਤੇ ਕੋਹਲੀ ਨੂੰ ਆਪਣਾ ਸ਼ਿਕਾਰ ਬਣਾਇਆ। ਕਿੰਗ ਕੋਹਲੀ ਦੇ ਆਊਟ ਹੋਣ ਨਾਲ ਭਾਰਤੀ ਪ੍ਰਸ਼ੰਸਕ ਕਾਫੀ ਨਿਰਾਸ਼ ਸਨ। ਸਾਈਮਨ ਕੈਟਿਚ ਨੇ ਕੀ ਕਿਹਾ ਸਾਬਕਾ ਆਸਟ੍ਰੇਲਿਆਈ ਕ੍ਰਿਕਟਰ ਸਾਈਮਨ ਕੈਟਿਚ ਬਾਰਡਰ-ਗਾਵਸਕਰ ਟਰਾਫੀ ‘ਚ SEN ਰੇਡੀਓ ਲਈ ਕੁਮੈਂਟਰੀ ਕਰ ਰਹੇ ਹਨ। ਕੋਹਲੀ ਦੇ ਆਊਟ ਹੋਣ ‘ਤੇ ਉਨ੍ਹਾਂ ਕਿਹਾ, ‘ਮਰ ਗਿਆ ਕਿੰਗ’। ਕੈਟਿਚ ਨੇ ਇਹ ਵੀ ਕਿਹਾ, ‘ਕਿੰਗ ਵਿਰਾਟ ਹੌਲੀ ਹੋ ਗਏ ਹਨ। ਕਿੰਗ ਬੁਮਰਾਹ ਨੇ ਜ਼ਿੰਮੇਵਾਰੀ ਲਈ ਹੈ। ਕੋਹਲੀ ਆਪਣੇ ਆਪ ਤੋਂ ਨਿਰਾਸ਼ ਨਜ਼ਰ ਆਏ। ਇਹ ਉਨ੍ਹਾਂ ਲਈ ਵੱਡੀ ਪਾਰੀ ਹੋ ਸਕਦੀ ਸੀ। ਉਹ ਇਸ ਉਮੀਦ ‘ਤੇ ਖਰਾ ਨਹੀਂ ਉਤਰੇ। ਆਸਟ੍ਰੇਲਿਆਈ ਟੀਮ ਇਸ ਸਮੇਂ ਜਿਸ ਸਥਿਤੀ ‘ਚ ਹੈ, ਉਸ ਤੋਂ ਕਾਫੀ ਖੁਸ਼ ਹੈ।’ ਭਾਰਤ ਨੂੰ ਮਿਲੀ ਕਰਾਰੀ ਹਾਰ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਨੇ ਮੈਚ ਡਰਾਅ ਕਰਨ ਦਾ ਫੈਸਲਾ ਕੀਤਾ। ਯਸ਼ਸਵੀ ਜੈਸਵਾਲ ਤੇ ਰਿਸ਼ਭ ਪੰਤ ਨੇ ਲੰਚ ਤੋਂ ਲੈ ਕੇ ਚਾਹ ਬ੍ਰੇਕ ਤਕ ਭਾਰਤ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਉਦੋਂ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਮੈਚ ਡਰਾਅ ਕਰਨ ‘ਚ ਕਾਮਯਾਬ ਹੋ ਜਾਵੇਗਾ। ਪਰ ਟੀ ਬ੍ਰੇਕ ਤੋਂ ਬਾਅਦ ਟ੍ਰੈਵਿਸ ਹੈੱਡ ਦੀ ਗੇਂਦ ‘ਤੇ ਰਿਸ਼ਭ ਪੰਤ ਨੇ ਆਪਣਾ ਵਿਕਟ ਗੁਆ ਦਿੱਤਾ।

ਵਿਰਾਟ ਕੋਹਲੀ ਦੇ ਆਊਟ ਹੋਣ ‘ਤੇ ਆਸਟ੍ਰੇਲਿਆਈ ਕੰਮੈਂਟੇਟਰ ਦੇ ਬਿਆਨ ਨੇ ਮਚਾਇਆ ਬਵਾਲ Read More »

5ਵੇਂ ਮੈਚ ਤੋਂ ਬਾਅਦ ਟੈਸਟ ਤੋਂ ਸੰਨਿਆਸ ਲੈ ਸਕਦੇ ਹਨ ਰੋਹਿਤ ਸ਼ਰਮਾ

ਨਵੀਂ ਦਿੱਲੀ, 30 ਦਸੰਬਰ – ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਜੇਕਰ ਭਾਰਤ 2025 ਵਰਲਡ ਟੈਸਟ ਚੈਂਪੀਅਨਸ਼ਿਪ (WTC) ਫਾਈਨਲ ਵਿੱਚ ਨਹੀਂ ਪਹੁੰਚਦਾ ਹੈ, ਤਾਂ ਉਹ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਟੈਸਟ ਤੋਂ ਬਾਅਦ ਸਿਡਨੀ ਵਿੱਚ ਆਪਣੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਸਕਦੇ ਹਨ। ਰੋਹਿਤ ਸ਼ਰਮਾ ਪਿਛਲੀਆਂ ਕੁਝ ਸੀਰੀਜ਼ਾਂ ‘ਚ ਟੈਸਟ ਕ੍ਰਿਕਟ ‘ਚ ਦੌੜਾਂ ਨਹੀਂ ਬਣਾ ਸਕੇ ਹਨ। ਆਸਟ੍ਰੇਲੀਆ ਖਿਲਾਫ ਮੌਜੂਦਾ ਟੈਸਟ ਸੀਰੀਜ਼ ‘ਚ ਉਨ੍ਹਾਂ 3 ਮੈਚਾਂ ‘ਚ ਸਿਰਫ 31 ਦੌੜਾਂ ਬਣਾਈਆਂ ਹਨ।ਟਾਈਮਜ਼ ਆਫ ਇੰਡੀਆ ਦੇ ਮੁਤਾਬਕ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਉੱਚ ਅਧਿਕਾਰੀਆਂ ਅਤੇ ਚੋਣਕਾਰਾਂ ਵਿਚਾਲੇ ਰੋਹਿਤ ਦੀ ਟੀਮ ‘ਚ ਜਗ੍ਹਾ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਪਤਾਨ ਚੋਣਕਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗਾ ਕਿ ਜੇਕਰ ਭਾਰਤ WTC ਫਾਈਨਲ ਵਿੱਚ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਖੇਡਣ ਦਿੱਤਾ ਜਾਵੇ। ਹਾਲਾਂਕਿ ਅਜਿਹਾ ਹੋਣ ਦੀ ਸੰਭਾਵਨਾ ਘੱਟ ਹੈ, ਇਸ ਲਈ ਇਹ ਸਿਡਨੀ ਵਿੱਚ ਉਨ੍ਹਾਂ ਦਾ ਆਖਰੀ ਮੈਚ ਹੋ ਸਕਦਾ ਹੈ। ਰੋਹਿਤ ਦਾ ਟੈਸਟ ਕਰੀਅਰ ਡਿੱਗਦਾ ਜਾ ਰਿਹਾ ਹੈ ਟੈਸਟ ਕ੍ਰਿਕਟ ‘ਚ ਕਪਤਾਨ ਰੋਹਿਤ ਸ਼ਰਮਾ ਦੀ ਖੇਡ ਲਗਾਤਾਰ ਹੇਠਾਂ ਵੱਲ ਜਾ ਰਹੀ ਹੈ। ਟੀਮ ਇੰਡੀਆ ਨੂੰ ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਮੈਦਾਨ ‘ਤੇ 3 ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਇਸ ਸੀਰੀਜ਼ ਦੇ 3 ਮੈਚਾਂ ‘ਚ ਕਪਤਾਨ ਦੇ ਬੱਲੇ ਤੋਂ ਸਿਰਫ 91 ਦੌੜਾਂ ਹੀ ਬਣੀਆਂ। ਮੌਜੂਦਾ ਲੜੀ ਵਿੱਚ ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਤਿੰਨ ਮੈਚ ਖੇਡੇ ਹਨ ਅਤੇ ਦੋ ਵਿੱਚ ਹਾਰ ਝੱਲਣੀ ਪਈ ਹੈ।

5ਵੇਂ ਮੈਚ ਤੋਂ ਬਾਅਦ ਟੈਸਟ ਤੋਂ ਸੰਨਿਆਸ ਲੈ ਸਕਦੇ ਹਨ ਰੋਹਿਤ ਸ਼ਰਮਾ Read More »

ਬੰਦ ਦਰਵਾਜ਼ਿਆਂ ਦੀਆਂ ਝੀਥਾਂ ਵਿੱਚ ਝਾਕਦਿਆਂ-ਡਾ: ਮਨਮੋਹਨ ਸਿੰਘ /ਗੁਰਮੀਤ ਸਿੰਘ ਪਲਾਹੀ

ਡਾ: ਮਨਮੋਹਨ ਸਿੰਘ ਦੇ ਇਸ ਦੁਨੀਆ ਤੋਂ ਰੁਖ਼ਸਤ ਹੋਣ ‘ਤੇ ਸੀਨੀਅਰ ਪੱਤਰਕਾਰ ਵੀਰ ਸਾਂਘਵੀ ਨੇ ਫ਼ਿਲਮ “ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ”  ਨੂੰ ਲੈ ਕੇ ਲਿਖਿਆ “ਜੇ ਕਿਸੇ ਨੂੰ ਡਾ: ਮਨਮੋਹਨ ਸਿੰਘ ਬਾਰੇ ਬੋਲੇ ਗਏ ਝੂਠ ਨੂੰ ਯਾਦ ਕਰਨਾ ਹੋਵੇ ਤਾਂ ਉਸਨੂੰ ਉਕਤ ਫ਼ਿਲਮ ਫਿਰ ਦੇਖਣੀ ਚਾਹੀਦੀ ਹੈ। ਇਹ ਨਾ ਸਿਰਫ਼ ਸਭ ਤੋਂ ਬੁਰੀਆਂ ਫ਼ਿਲਮਾਂ ‘ਚੋਂ  ਇੱਕ ਹੈ, ਬਲਕਿ ਇਹ ਇੱਕ ਉਦਾਹਰਨ ਹੈ ਕਿ ਕਿਵੇਂ ਇੱਕ ਚੰਗੇ ਆਦਮੀ ਦਾ ਨਾਂ ਖਰਾਬ  ਕਰਨ ਲਈ ਮੀਡੀਆ ਦੀ ਵਰਤੋਂ ਕੀਤੀ ਗਈ ਸੀ। ਭਾਰਤੀ ਲੋਕਾਂ ਲਈ ਕੀਤੇ ਵੱਡੇ ਕੰਮਾਂ ਦਾ ਮੁੱਲ ਨਾ ਪਾਉਣ ਵਾਲੇ ਛੋਟੀ ਸੋਚ ਵਾਲੇ ਲੋਕਾਂ ਨੇ ਕਦੇ ਵੀ ਉਹਨਾ ਦੀ ਸਖ਼ਸ਼ੀਅਤ ਨਾਲ ਇਨਸਾਫ਼ ਨਹੀਂ ਕੀਤਾ, ਸਗੋਂ ਉਹਨਾ ਦੇ ਕੰਮਾਂ ਨੂੰ ਛੁਟਿਆਉਣ ਦਾ ਯਤਨ ਕੀਤਾ। ਡਾ: ਮਨਮੋਹਨ ਸਿੰਘ ਨੂੰ ਆਰਥਿਕ ਸੁਧਾਰਾਂ ਬਾਰੇ ਘੜੀਆਂ ਗਈਆਂ ਨੀਤੀਆਂ ਵਿੱਚ ਉਹਨਾ ਦੀ ਅਹਿਮ ਭੂਮਿਕਾ ਬਾਰੇ ਜਾਣਿਆ ਜਾਂਦਾ ਹੈ। ਪਰ ਉਹਨਾ ਦੀ ਭਾਰਤੀ ਸੰਵਿਧਾਨ ਅਨੁਸਾਰ ਆਮ ਲੋਕਾਂ ਨੂੰ ਦਿੱਤੇ ਉਹਨਾ ਤੋਹਫ਼ਿਆਂ ਦੀ ਦੇਣ ਵੱਡੀ ਹੈ, ਜਿਹਨਾ ਨੇ ਗਰੀਬ, ਨਿਤਾਣੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਿਆਂ ਚੁੱਕਣ ਲਈ ਸਾਰਥਿਕ ਭੂਮਿਕਾ ਨਿਭਾਈ। ਡਾ: ਮਨਮੋਹਨ ਸਿੰਘ 10 ਸਾਲ ਤੋਂ ਵੱਧ ਦਾ ਸਮਾਂ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਇਹਨਾ ਵਰ੍ਹਿਆਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਉਹ ਨਿਧੜਕ ਹੋਕੇ ਕੰਮ ਕਰਦੇ ਰਹੇ, ਭਾਵੇਂ ਕਿ ਉਹਨਾ ਦੀ ਸਰਕਾਰ ਦੇ ਸਾਂਝੀਵਾਲਾਂ ਅਤੇ ਵਿਰੋਧੀਆਂ ਵਲੋਂ ਉਹਨਾ ਨੂੰ ਸਮੇਂ-ਸਮੇਂ ਵੱਡੇ ਚੈਲਿੰਜ ਪੇਸ਼ ਕੀਤੇ, ਜਿਹਨਾ ਦਾ ਉਹਨਾ ਬੇਖੋਫ ਹੋ ਕੇ ਸਾਹਮਣਾ ਕੀਤਾ। ਹਾਲਾਂਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਹਨਾ ਦਾ ਦੂਜਾ ਕਾਰਜਕਾਲ ਵਿਵਾਦਾਂ ਵਾਲਾ ਰਿਹਾ। ਉਹਨਾ ਦੇ ਕਈ ਮੰਤਰੀਆਂ ਉਤੇ ਘੁਟਾਲੇ ਦੇ ਦੋਸ਼ ਲੱਗੇ, ਉਹਨਾ ਨੂੰ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ ਜਾਣ ਲੱਗਿਆ ਪਰ ਉਹ ਕਦੇ ਸੱਚਾਈ ਤੋਂ ਪਿੱਛੇ ਨਹੀਂ ਹਟੇ। ਬੇਸ਼ਕ ਉਹ ਘੱਟ ਬੋਲਦੇ ਸਨ ਅਤੇ ਲੋਕਾਂ ਨੂੰ ਲੱਗਦਾ ਸੀ ਕਿ ਉਹ ਸਾਹਸੀ ਨਹੀਂ ਹਨ, ਪਰ ਉਹਨਾ ਨੇ ਆਪਣੀ ਸਰਕਾਰ ਨੂੰ ਦਾਅ ‘ਤੇ ਲਗਾਕੇ ਜਿਸ ਤਰ੍ਹਾਂ ਅਮਰੀਕਾ ਦੇ ਨਾਲ ਪਰਮਾਣੂ ਸਮਝੌਤਾ ਕੀਤਾ, ਉਹ ਉਹਨਾ ਦੀ ਹਿੰਮਤ ਦੀ ਦਾਦ ਦੇਣ ਵਾਲਾ ਸੀ। ਉਹਨਾ ਨੇ ਸੂਚਨਾ ਦਾ ਅਧਿਕਾਰ ਕਾਨੂੰਨ, ਸਿੱਖਿਆ ਦਾ ਅਧਿਕਾਰ ਕਾਨੂੰਨ, ਭੋਜਨ ਦਾ ਅਧਿਕਾਰ ਕਾਨੂੰਨ ਅਤੇ ਆਪਣੇ ਪ੍ਰਧਾਨ ਮੰਤਰੀ ਹੋਣ ਦੇ ਆਖ਼ਰੀ ਸਾਲਾਂ ‘ਚ ਉਹਨਾ ਨੇ ਲੋਕਪਾਲ ਕਾਨੂੰਨ ਬਣਾਕੇ ਇਹ ਸਾਬਤ ਕਰ ਦਿੱਤਾ ਕਿ ਉਹਨਾ ਦਾ ਲਗਾਅ ਅਤੇ ਸਾਂਝ ਆਮ ਲੋਕਾਂ ਦੇ ਜੀਵਨ ਵਿੱਚ ਬੇਹਤਰੀ ਅਤੇ ਸਾਸ਼ਨ ਪ੍ਰਸਾਸ਼ਨ ਵਿੱਚ ਪਾਰਦਰਸ਼ਤਾ ਲਿਆਉਣ ਦੀ ਸੀ। ਇਹੋ  ਹੀ ਕਾਰਨ ਹੈ ਕਿ ਉਹ ਲੋਕ ਜਿਹੜੇ ਕਦੇ ਭਾਰਤ ਦੇ ਇਸ ਸੂਝਵਾਨ, ਵਿਚਾਰਕ ਪ੍ਰਧਾਨ ਮੰਤਰੀ ਨੂੰ ‘ਮੋਨ ਪ੍ਰਧਾਨ ਮੰਤਰੀ’ ਕਹਿੰਦੇ ਸਨ, ਉਹਨਾ ਦੀ ਆਲੋਚਨਾ ਕਰਿਆ ਕਰਦੇ ਸਨ, ਅੱਜ ਉਹਨਾ ਦੀ ਪ੍ਰਸੰਸਾ ਕਰ ਰਹੇ ਹਨ। ਡਾ: ਮਨਮੋਹਨ ਸਿੰਘ ਸਾਦਗੀ ਦੇ ਮੁਜੱਸਮੇ ਸਨ। ਘੱਟ ਬੋਲਣ ਵਾਲੇ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ। ਉਹਨਾ ਨੇ ਸਦਾ ਸੱਚਾਈ ਉਤੇ ਯਕੀਨ ਕੀਤਾ। ਇਸੇ ਲਈ ਉਹਨਾ ਦਾ ਵਿਅਕਤੀਗਤ ਜੀਵਨ ਸਦਾ ਬੇਦਾਗ ਰਿਹਾ। ਉਹ ਵਿਵਹਾਰਿਕ ਰੂਪ ‘ਚ ਜ਼ਮੀਨੀ ਨੇਤਾ ਨਹੀਂ ਸਨ।(ਉਹ ਕਦੇ ਵੀ ਲੋਕ ਸਭਾ ਦੀ ਚੋਣ ਨਾ ਜਿੱਤ ਸਕੇ।) ਪਰ ਦੇਸ਼ ਦੇ ਲੋਕਾਂ ਦੀ ਰਗ-ਰਗ ਨੂੰ ਪਛਾਨਣ ਵਾਲੀ ਸਖਸ਼ੀਅਤ ਸਨ। ਉਹਨਾ ਦਾ ਲੋਕਾਂ ਪ੍ਰਤੀ ਅਥਾਹ ਪਿਆਰ ਸੀ। ਉਹ ਭਾਰਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਾਖ਼ੂਬੀ ਸਮਝਦੇ ਸਨ। ਇਸੇ ਲਈ ਉਹ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਫਿਕਰਮੰਦ ਰਹਿੰਦੇ ਸਨ। ਭਾਰਤ ਦੇ ਵਿੱਤ ਮੰਤਰੀ ਵਜੋਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਹਨਾ ਨੇ ਦੇਸ਼ ‘ਚ ਉਦਾਰੀਕਰਨ ਦੀ ਨੀਤੀ ਲਿਆਂਦੀ। ਬਿਨ੍ਹਾਂ ਸ਼ੱਕ ਡਾ: ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਰਜਕਾਲ ਵਿੱਚ ਲਾਗੂ ਕੀਤੀਆਂ ਨੀਤੀਆਂ ਨਾਲ ਦੇਸ਼ ਨੇ ਵਿਕਾਸ ਦੀਆਂ ਵੱਡੀਆਂ ਪੁਲਾਘਾਂ ਪੁੱਟੀਆਂ, ਪਰ ਇਸਦੇ ਨਾਲ-ਨਾਲ ਇਹਨਾ ਨੀਤੀਆਂ ਨਾਲ ਗਰੀਬ-ਅਮੀਰ ਦਾ ਪਾੜਾ ਵਧਿਆ ਹੈ। ਡਾ: ਮਨਮੋਹਨ ਸਿੰਘ ਇਸ ਬਾਰੇ ਪੂਰੀ ਤਰ੍ਹਾਂ ਸੁਚੇਤ ਸਨ  ਤੇ ਉਹਨਾ ਨੇ ਇਸ ਨੂੰ ਮੁੱਖ ਰੱਖਦਿਆਂ ਬਹੁਤ ਸਾਰੀਆਂ ਗਰੀਬ ਅਤੇ ਹੇਠਲੇ ਮੱਧ ਵਰਗ ਨੂੰ ਰਾਹਤ ਦੇਣ ਵਾਲੀਆਂ ਸਕੀਮਾਂ ਤੇ ਨੀਤੀਆਂ ਲਾਗੂ ਕੀਤੀਆਂ ਸਨ, ਜਿਹਨਾ ਨਾਲ ਕਿ ਭਾਰਤੀ ਸਮਾਜ ਵਿੱਚ ਵਧਦੇ ਆਰਥਿਕ ਪਾੜੇ ਨੂੰ  ਘਟਾਇਆ ਜਾ ਸਕੇ। ਡਾ: ਮਨਮੋਹਨ ਸਿੰਘ ਵਲੋਂ ਕੀਤੇ ਵਿਸ਼ੇਸ਼ ਕਾਰਜਾਂ, ਜਿਹਨਾ ਵਿੱਚ ‘ਅਧਾਰ ਕਾਰਡ’ ਵੀ ਸ਼ਾਮਲ ਹੈ, ਦੀ ਵਿਰੋਧੀ ਧਿਰ ਵਲੋਂ ਵਿਰੋਧਤਾ ਕੀਤੀ ਗਈ ਸੀ, ਪਰ ਇਸਨੂੰ ਲਾਗੂ ਕਰਨ ਲਈ ਡਾ: ਮਨਮੋਹਨ ਸਿੰਘ ਨੇ ਪਹਿਲ ਕਦਮੀ ਕੀਤੀ। ਉਹੀ ਵਿਰੋਧੀ ਧਿਰ (ਜਿਹੜੀ ਅੱਜ ਹਾਕਮ ਧਿਰ ਹੈ), ਇਸ ਆਧਾਰ ਕਾਰਡ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਲਈ ਸ਼ਨਾਖ਼ਤੀ ਕਾਰਡ ਵਜੋਂ ਮੰਨਣ ‘ਤੇ ਮਜਬੂਰ ਹੋਈ ਦਿਸਦੀ ਹੈ। ਇਹ ਅਧਾਰ ਕਾਰਡ ਉਸ  ਵੇਲੇ ਸ਼ੁਰੂ ਕੀਤਾ ਗਿਆ ਸੀ, ਜਦੋਂ ਦੇਸ਼ ਦੇ ਨਾਗਰਿਕਾਂ ਕੋਲ ਕੋਈ ਸ਼ਨਾਖਤੀ ਕਾਰਡ ਹੀ ਨਹੀਂ ਸੀ, ਜਦਕਿ ਵਿਕਸਤ ਦੇਸ਼ ਆਪਣੇ ਨਾਗਰਿਕਾਂ ਲਈ ਖ਼ਾਸ ਨੰਬਰ ਜਾਰੀ ਕਰਦੇ ਹਨ, ਜੋ ਭਾਰਤ ਦੇ ਨਾਗਰਿਕਾਂ ਕੋਲ ਨਹੀਂ ਸੀ। ਮਗਨਰੇਗਾ ( ਮਹਾਤਮਾ ਗਾਂਧੀ ਨੈਸ਼ਨਲ ਰੂਰਲ  ਇਮਪਲਾਇਮੈਂਟ ਗਰੰਟੀ ਐਕਟ) ਡਾ: ਮਨਮੋਹਨ ਸਿੰਘ ਵਲੋਂ ਸ਼ੁਰੂ ਕਰਵਾਈ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਸੀ, ਜਿਹੜੀ ਪੇਂਡੂ ਲੋਕਾਂ ਨੂੰ 100 ਦਿਨਾਂ ਦਾ ਕਾਨੂੰਨੀ ਰੁਜ਼ਗਾਰ ਦਿੰਦੀ ਸੀ। ਇਸ ਯੋਜਨਾ ‘ਚ ਘੱਟੋ-ਘੱਟ ਮਜ਼ਦੂਰੀ  220 ਰੁਪਏ ਉਸ ਸਮੇਂ ਨੀਅਤ ਕੀਤੀ ਗਈ। ਪਰ ਕਿਉਂਕਿ ਡਾ: ਮਨਮੋਹਨ ਸਿੰਘ ਤੋਂ ਬਾਅਦ ਸਰਕਾਰ, ਭਾਜਪਾ ਅਤੇ ਉਹਨਾ ਦੇ ਸਹਿਯੋਗੀਆਂ ਹੱਥ ਆ ਗਈ, ਉਹਨਾ ਵਲੋਂ ਇਸ ਯੋਜਨਾ ਨੂੰ ਉਹ ਥਾਂ ਪ੍ਰਦਾਨ ਨਹੀਂ ਕੀਤੀ, ਜਿਹੜੀ ਇਸ ਪੇਂਡੂ ਰੁਜ਼ਗਾਰ ਯੋਜਨਾ ਲਈ ਲੋੜੀਂਦੀ ਸੀ। ਵਰ੍ਹੇ ਦਰ ਵਰ੍ਹੇ  ਮਗਨਰੇਗਾ ਫੰਡਾਂ ‘ਚ ਕਟੌਤੀ ਹੋਈ ਅਤੇ ਘੱਟੋ-ਘੱਟ  ਰੋਜ਼ਾਨਾ ਦਿਹਾੜੀ ਵੀ ਵਧਾਈ ਨਹੀਂ ਗਈ। ਯਾਦ ਰੱਖਣਯੋਗ ਹੈ ਕਿ ਇਹ ਯੋਜਨਾ, ਦੁਨੀਆਂ ਦੀ ਸਭ ਤੋਂ ਵੱਡੀ ਰੁਜ਼ਗਾਰ ਯੋਜਨਾ ਹੈ। ਡਾ: ਮਨਮੋਹਨ ਸਿੰਘ ਦੀ ਵੱਡੀ ਪ੍ਰਾਪਤੀ ਭਾਰਤੀ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਐਕਟ ਦਾ ਲਾਗੂ ਕੀਤਾ ਜਾਣਾ ਸੀ। ਇਸ ਐਕਟ ਨਾਲ ਉਹਨਾ  ਗਰੀਬੀ ਵਰਗ ਦੇ ਲੋਕਾਂ ਨੂੰ ਰਾਹਤ ਮਿਲੀ, ਜਿਹਨਾ ਦੇ ਬੱਚਿਆਂ ਨੂੰ ਸਕੂਲ ਦਾ ਮੂੰਹ ਵੇਖਣਾ ਵੀ ਨਸੀਬ ਨਹੀਂ ਸੀ ਹੁੰਦਾ, ਹਾਲਾਂਕਿ ਸੰਵਿਧਾਨ ਵਿੱਚ ਦੇਸ਼ ਦੇ ਹਰ ਨਾਗਰਿਕ ਲਈ ਸਿੱਖਿਆ ਮੁਢਲਾ ਹੱਕ ਹੈ। ਬਿਨ੍ਹਾਂ ਸ਼ੱਕ ਇਸ ਐਕਟ ਨੂੰ ਅੱਗੋਂ “ਸਭ ਲਈ ਸਿੱਖਿਆ, ਪਰ ਸਭ ਲਈ ਬਰਾਬਰ ਦੀ ਸਿੱਖਿਆ” ਵਿੱਚ ਬਦਲਣਾ ਲੋੜੀਂਦਾ ਸੀ, ਪਰ ਦੇਸ਼ ਦੇ ਹੁਣ ਹਾਕਮ ਕਿਉਂਕਿ ਧੰਨ-ਕੁਬੇਰਾਂ, ਕਾਰਪੋਰੇਟਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਲੇ ਹਨ, ਉਹਨਾ ਲਈ ਲੋਕਾਂ ਦੀ ਸਿੱਖਿਆ, ਸਿਹਤ, ਚੰਗਾ ਵਾਤਾਵਰਨ ਕੋਈ ਮਾਅਨੇ ਨਹੀਂ ਰੱਖਦਾ । ਇਸ ਕਰਕੇ  ਉਹਨਾ ਵਲੋਂ ਅੱਗੋਂ ਕਦਮ ਹੀ ਨਹੀਂ ਪੁੱਟੇ ਗਏ। ਸਗੋਂ ਸਿੱਖਿਆ ਦੇ ਨਿੱਜੀਕਰਨ ਵੱਲ ਕਦਮ ਵਧਾਏ। ਡਾ: ਮਨਮੋਹਨ ਸਿੰਘ ਵਲੋਂ ਲਾਗੂ ਕੀਤਾ ਨੈਸ਼ਨਲ ਫੂਡ ਸਕਿਊਰਿਟੀ ਐਕਟ ਦੇਸ਼ ਦੇ ਹਰ ਨਾਗਰਿਕ ਲਈ ਭੋਜਨ ਅਤੇ ਸੰਤੁਲਿਤ ਭੋਜਨ ਦੇਣ ਦੀ ਸ਼ਾਅਦੀ ਭਰਦਾ ਹੈ ਤਾਂ ਕਿ ਦੇਸ਼ ਦਾ ਆਮ ਨਾਗਰਿਕ ਭੁੱਖਾ ਨਾ ਸੋਂਵੇ ਅਤੇ ਭੋਜਨ ਉਸਦੀ ਪਹੁੰਚ ‘ਚ ਹੋਵੇ। ਇਸ ਐਕਟ ਦੇ ਤਹਿਤ 81.34 ਕਰੋੜ ਭਾਰਤੀ ਲੋਕਾਂ ਨੂੰ ਇੱਕ ਜਾਂ ਦੋ ਰੁਪਏ ਕਿਲੋ ਕੀਮਤ ਉਤੇ ਅਨਾਜ ਮੁਹੱਈਆਂ ਕੀਤਾ ਗਿਆ। ਇਸ ਐਕਟ ਦੇ ਲਾਗੂ ਹੋਣ ਦੇ 10 ਸਾਲਾਂ ਬਾਅਦ ਤੱਕ ਵੀ ਇੱਕ ਸਰਵੇ ਅਨੁਸਾਰ 19 ਕਰੋੜ ਇਹੋ ਜਿਹੇ ਲੋਕ ਹਨ, ਜਿਹੜੇ ਅੱਜ ਵੀ ਭੁੱਖਮਰੀ  ਦਾ ਸ਼ਿਕਾਰ ਹਨ। ਔਰਤਾਂ  ਅਨੀਮੀਆ ਦਾ ਸ਼ਿਕਾਰ ਹਨ। ਬੱਚਿਆਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ। ਕਾਰਨ ਭਾਵੇਂ ਹੋਰ ਬਥੇਰੇ ਹੋ ਸਕਦੇ ਹਨ, ਪਰ ਵੱਡਾ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਹੈ। ਕੰਮ ਦੀ ਘਾਟ ਹੈ। ਪਰ ਸਰਕਾਰ ਇਸ ਮਾਮਲੇ ‘ਤੇ ਬੇਫ਼ਿਕਰ

ਬੰਦ ਦਰਵਾਜ਼ਿਆਂ ਦੀਆਂ ਝੀਥਾਂ ਵਿੱਚ ਝਾਕਦਿਆਂ-ਡਾ: ਮਨਮੋਹਨ ਸਿੰਘ /ਗੁਰਮੀਤ ਸਿੰਘ ਪਲਾਹੀ Read More »

ਪੰਜਾਬ ਰਜਿਸਟਰੀਆਂ ਲਈ ਆਨਲਾਈਨ ਸਮਾਂ ਲੈਣ ਤੇ ਡਾਕੂਮੈਂਟੇਸ਼ਨ ਕਰਨ ਵਾਲਾ ਬਣਿਆ ਦੇਸ਼ ਦਾ ਪਹਿਲਾ ਸੂਬਾ

ਚੰਡੀਗੜ੍ਹ, 30 ਦਸੰਬਰ – ਸੂਬਾ ਵਾਸੀਆਂ ਨੂੰ ਘਰ ਬੈਠਿਆਂ ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਉਤੇ ਚੱਲਦਿਆਂ ਮਾਲ ਵਿਭਾਗ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਜਿਸ ਤਹਿਤ ਰਜਿਸਟਰੀਆਂ ਲਈ ਆਨਲਾਈਨ ਤੇ ਡਾਕੂਮੈਂਟੇਸ਼ਨ ਨੂੰ ਸਫਲਤਾਪੂਰਵਕ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ। ਸਾਲ 2024 ਵਿੱਚ ਮਾਲ ਵਿਭਾਗ ਵੱਲੋਂ ਵੱਡੇ ਸੁਧਾਰ ਕੀਤੇ ਗਏ ਜਿਸ ਨਾਲ ਲੋਕਾਂ ਦੀ ਤਹਿਸੀਲ ਦਫਤਰਾਂ ਵਿੱਚ ਖੱਜਲ ਖੁਆਰੀ ਖਤਮ ਹੋਈ। ਇਸ ਤੋਂ ਇਲਾਵਾ ਐਨ.ਓ.ਸੀ. ਤੋਂ ਬਿਨਾਂ ਰਜਿਸਟਰੀਆਂ ਦੀ ਪ੍ਰਵਾਨਗੀ ਦੇ ਫੈਸਲੇ ਦਾ ਵੀ ਦਸੰਬਰ ਮਹੀਨੇ ਤੋਂ ਲੋਕ ਫਾਇਦਾ ਉਠਾ ਰਹੇ ਹਨ। ਮਾਲ ਵਿਭਾਗ ਦੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਨੂੰ ਲਾਂਚ ਕਰਨ ਅਤੇ ਸੂਬੇ ਦੇ ਸਮੂਹ ਸਬ ਰਜਿਸਟਰਾਰ ਦਫਤਰਾਂ ਵਿਖੇ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਹੈ। ਇਸ ਸਿਸਟਮ ਰਾਹੀਂ 39 ਲੱਖ ਤੋਂ ਵੱਧ ਵਸੀਕੇ ਰਜਿਸਟਰ ਕੀਤੇ ਜਾ ਚੁੱਕੇ ਹਨ। ਰਜਿਸਟਰੀ ਲਈ ਆਨਲਾਈਨ ਸਮਾਂ ਮਿਲ ਜਾਂਦਾ ਹੈ ਅਤੇ ਆਨਲਾਈਨ ਹੀ ਸਾਰੇ ਦਸਤਾਵੇਜ਼ ਜਮਾਂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਸੀਕਿਆਂ ਨੂੰ ਰਜਿਸਟਰ ਕਰਵਾਉਣਾ ਆਸਾਨ ਬਣਾਉਣ ਲਈ ਆਸਾਨ ਭਾਸ਼ਾ ਵਿੱਚ ਵਸੀਕਿਆਂ ਦੇ ਟੈਂਪਲੇਟ ਤਿਆਰ ਕਰ ਕੇ ਵਿਭਾਗ ਦੀ ਵੈਬਸਾਈਟ ਉਤੇ ਅਪਲੋਡ ਵੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਕਤ ਸਿਸਟਮ ਵਿੱਚ ਈ-ਸਟੈਂਪ ਅਤੇ ਈ-ਰਜਿਸਟ੍ਰੇਸ਼ਨ ਦੀ ਆਟੋ-ਲੋਕਿੰਗ ਦੀ ਵਿਵਸਥਾ ਕੀਤੀ ਗਈ ਜਿਸ ਨਾਲ ਈ-ਸਟੈਂਪ ਅਤੇ ਈ-ਰਸੀਦ ਦੀ ਮੁੜ ਵਰਤੋਂ ਨੂੰ ਠੱਲ੍ਹ ਪਾਈ ਗਈ। ਇਨ੍ਹਾਂ ਪਹਿਲਕਦਮੀਆਂ ਨਾਲ ਸੂਬੇ ਵਿੱਚ ਈ-ਸਟੈਂਪ ਦੀ ਕੁਲੈਕਸ਼ਨ ਵਿੱਚ ਵਾਧਾ ਦਰਜ ਕੀਤਾ ਗਿਆ। ਮੁੰਡੀਆਂ ਨੇ ਅੱਗੇ ਦੱਸਿਆ ਕਿ ਮਾਲ ਵਿਭਾਗ ਦੇ ਕੰਮਕਾਜ ਨੂੰ ਡਿਜੀਟਲਾਈਜੇਸ਼ਨ ਕਰਕੇ ਸੂਬੇ ਦੇ ਵਸਨੀਕਾਂ ਨੂੰ ਸਹੂਲਤ ਲਈ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਵੱਲੋਂ ਖਾਨਗੀ ਤਕਸੀਮ ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇਕ ਵੈਬਸਾਈਟ ਲਾਂਚ ਕੀਤੀ ਗਈ ਹੈ। ਪੋਰਟਲ ਉਪਰ 184 ਤੋਂ ਵੱਧ ਦਰਖਾਸਤਾਂ ਪ੍ਰਾਪਤੀਆਂ ਹੋਈਆਂ ਜਿਨ੍ਹਾਂ ਵਿੱਚੋਂ 100 ਦੇ ਕਰੀਬ ਦਾ ਨਿਪਟਾਰਾ ਕੀਤਾ ਗਿਆ। ਮਾਲ ਤੇ ਮੁੜ ਵਸੇਬਾ ਮੰਤਰੀ ਨੇ ਅੱਗੇ ਦੱਸਿਆ ਕਿ ਕੁਦਰਤੀ ਕਰੋਪੀਆਂ ਕਾਰਨ ਫਸਲਾਂ, ਮਕਾਨਾਂ, ਮਨੁੱਖੀ ਜਾਨਾਂ, ਪਸ਼ੂ ਧੰਨ ਦੇ ਨੁਕਸਾਨ ਦੀ ਭਰਪਾਈ ਕਰਦਿਆਂ ਮਾਲ ਵਿਭਾਗ ਵੱਲੋਂ 2023-24 ਵਿੱਤੀ ਵਰ੍ਹੇ ਦੌਰਾਨ 432.03 ਕਰੋੜ ਰੁਪਏ ਅਤੇ ਚਾਲੂ ਵਿੱਤੀ ਵਰ੍ਹੇ 2024-25 ਦੌਰਾਨ 59.64 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕੀਤੀ ਗਈ। ਮੁੰਡੀਆਂ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਕਵਾਇਦ ਵਿੱਚ ਮਾਲ ਵਿਭਾਗ ਵੀ ਪਿੱਛੇ ਨਹੀਂ ਰਿਹਾ। ਸਾਲ 2024 ਦੌਰਾਨ 75 ਨਾਇਬ ਤਹਿਸੀਲਦਾਰ, 35 ਕਲਰਕ ਅਤੇ 2 ਸਟੈਨੋਟਾਈਪਿਸਟ ਭਰਤੀ ਕੀਤੇ ਗਏ। 49 ਪਟਵਾਰੀਆਂ ਦੀ ਭਰਤੀ ਮੁਕੰਮਲ ਹੋ ਗਈ ਹੈ ਜਿਨ੍ਹਾਂ ਦੇ ਸਿਰਫ ਨਿਯੁਕਤੀ ਪੱਤਰ ਜਾਰੀ ਕਰਨੇ ਰਹਿੰਦੇ ਹਨ। ਇਸ ਤੋਂ ਇਲਾਵਾ 1001 ਹੋਰ ਪਟਵਾਰੀਆਂ ਦੀ ਹੋਰ ਭਰਤੀ ਲਈ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ ਸੂਬੇ ਦੇ ਸਮੂਹ ਜ਼ਿਲਿ੍ਹਆਂ ਵਿੱਚ ਜ਼ਿਲਾ ਪ੍ਰਬੰਧਕੀ ਕੰਪਲੈਕਸ, ਸਬ ਡਿਵੀਜ਼ਨ/ਤਹਿਸੀਲ/ਸਬ ਤਹਿਸੀਲ ਕੰਪਲੈਕਸਾਂ ਦੀ ਨਵੀਂ ਉਸਾਰੀ ਤੇ ਰਿਪੇਅਰ ਲਈ ਪੀ.ਐਲ.ਆਰ.ਐਸ. ਦੇ ਫੰਡਾਂ ਵਿੱਚੋਂ ਫੰਡ ਜਾਰੀ ਕੀਤੇ। ਵਧੀਕ ਮੁੱਖ ਸਕੱਤਰ ਮਾਲ ਅਨੁਰਾਗ ਵਰਮਾ ਵੱਲੋਂ ਪੱਤਰ ਜਾਰੀ ਕਰ ਕੇ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ, ਤਹਿਸੀਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਸਵੇਰੇ 9 ਵਜੇ ਤੋਂ ਵਸੀਕੇ ਤਸਦੀਕ ਕਰਨ ਲਈ ਆਪਣੇ ਦਫਤਰ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਝਗੜਾ ਰਹਿਤ ਇੰਤਕਾਲ ਦੇ ਨਿਪਟਾਰੇ ਵਿੱਚ ਦੇਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਇਕ ਮਹੀਨੇ ਅੰਦਰ ਸਾਰੇ ਪੈਂਡਿੰਗ ਕੇਸ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ।

ਪੰਜਾਬ ਰਜਿਸਟਰੀਆਂ ਲਈ ਆਨਲਾਈਨ ਸਮਾਂ ਲੈਣ ਤੇ ਡਾਕੂਮੈਂਟੇਸ਼ਨ ਕਰਨ ਵਾਲਾ ਬਣਿਆ ਦੇਸ਼ ਦਾ ਪਹਿਲਾ ਸੂਬਾ Read More »

ਫ਼ਤਹਿਨਾਮਾ ਤੇ ਸ਼ਿਕਸਤਨਾਮਾ

ਸ਼ੋਸ਼ਲ ਮੀਡੀਆ ਦੇ ਆਗਮਨ ਤੋਂ ਪਹਿਲਾਂ ਚਿੱਠੀ-ਪੱਤਰ ਨੂੰ ਅੱਧੀ ਮੁਲਾਕਾਤ ਸਮਝਿਆ ਜਾਂਦਾ ਸੀ। ਦੇਸ਼ ਤੇ ਕੌਮ ਤੋਂ ਸਰਬੰਸ ਵਾਰਨ ਉਪਰੰਤ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਵੱਲੋਂ ਹਿੰਦੁਸਤਾਨ ਦੇ ਜ਼ਾਲਮ ਹੁਕਮਰਾਨ ਔਰੰਗਜ਼ੇਬ ਨੂੰ ਫ਼ਾਰਸੀ ਵਿਚ ਲਿਖੀ ਚਿੱਠੀ ‘ਜ਼ਫ਼ਰਨਾਮਾ’ (ਫ਼ਤਹਿਨਾਮਾ) ਉਪਰੋਕਤ ਕਥਨ ਨੂੰ ਸੱਚ ਠਹਿਰਾਉਂਦੀ ਹੈ। ਇਸ ਖ਼ਤ ਵਿਚ 111 ਸ਼ਿਅਰ ਹਨ ਜਿਹੜੇ ਅਨੰਦਪੁਰ, ਚਮਕੌਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਲੰਮੇ ਸੰਗਰਾਮਾਂ ਦੇ ਵਰਿਆਮ ਯੋਧੇ ਨੇ ਦੀਨਾ-ਕਾਂਗੜ ਸਥਿਤ ਭਾਈ ਦੇਸੂ ਤਖਣੇਟੇ ਦੇ ਕੱਚੇ ਚੁਬਾਰੇ ’ਤੇ ਪੋਹ ਮਹੀਨੇ (ਦਸੰਬਰ 1705) ਵਿਚ ਔਰੰਗਜ਼ੇਬ ਵੱਲੋਂ ਮਿਲੇ ਸੱਦੇ ਦੇ ਜਵਾਬ ਵਿਚ ਲਿਖੇ ਸਨ। ਸਾਹਿਬੇ ਕਮਾਲ ਤੇ ਔਰੰਗਜ਼ੇਬ ਦੀ ਭਾਵੇਂ ਮੁਲਾਕਾਤ ਨਹੀਂ ਹੋ ਸਕੀ ਫਿਰ ਵੀ ਪੱਤਰ ਰਾਹੀਂ ਹੋਈ ਇਸ ‘ਅੱਧੀ ਮੁਲਾਕਾਤ’ ਨੇ ਬਾਦਸ਼ਾਹ ਦੀ ਰੂਹ ਨੂੰ ਕੰਬਣੀ ਛੇੜ ਦਿੱਤੀ ਸੀ। ਕਲਗੀਆਂ ਵਾਲੇ ਨੇ ਜ਼ਫ਼ਰਨਾਮੇ ਦੇ ਦੂਜੇ ਭਾਗ ‘ਫ਼ਤਹਿਨਾਮਾ’ ਵਿਚ ਸਮੇਂ ਦੇ ਹਾਕਮ ਨੂੰ ਵੰਗਾਰਦਿਆਂ ਕਿਹਾ ਕਿ ‘‘ਮੈਨੂੰ ਇਤਲਾਹ ਮਿਲੀ ਹੈ ਕਿ ਤੂੰ ਵੱਡਾ ਲਸ਼ਕਰ ਲੈ ਕੇ ਪੰਜਾਬ ’ਤੇ ਹਮਲਾ ਕਰਨ ਆ ਰਿਹਾ ਏਂ। ਮੈਂ ਤੇਰੇ ਰਾਹਾਂ ’ਤੇ ਬਾਰੂਦ ਦੀਆਂ ਸੁਰੰਗਾਂ ਵਿਛਾ ਦੇਣੀਆਂ ਹਨ ਤਾਂ ਜੋ ਤੇਰੇ ਸੈਨਿਕਾਂ ਦੇ ਘੋੜਿਆਂ ਦੀਆਂ ਟਾਪਾਂ ਪੰਜਾਬ ਦੀ ਧਰਤੀ ’ਤੇ ਨਾ ਲੱਗ ਸਕਣ। ਮੈਂ ਤਾਂ ਤੈਨੂੰ ਪੰਜਾਬ ਦੇ ਪਾਣੀ ਦੀ ਤਿਪ ਵੀ ਨਹੀਂ ਪੀਣ ਦੇਣੀ।’’ ‘ਜ਼ਫ਼ਰਨਾਮੇ’ ਦੇ ਅੱਧੇ ਸ਼ਿਅਰਾਂ ਵਿਚ ਈਮਾਨ ਦੀ ਗੂੰਜ ਹੈ। ਸੰਬੋਧਨ ਵਿਚ ਬਾਦਸ਼ਾਹ ਦੀ ਜ਼ਮੀਰ ਨੂੰ ਚੰਗੀ ਤਰ੍ਹਾਂ ਝੰਜੋੜਿਆ ਗਿਆ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜੇ ਤੇਰੀ ਨਜ਼ਰ ਲੱਖਾਂ ਲਸ਼ਕਰਾਂ ਤੇ ਆਪਣੇ ਮਾਲ-ਅਸਬਾਬ ਅਤੇ ਖ਼ਜ਼ਾਨਿਆਂ ’ਤੇ ਹੈ ਤਾਂ ਸਾਡੀ ਨਿਗਾਹ ਇਕ ਮਾਲਕ ਦੇ ਸ਼ੁਕਰਾਨਿਆਂ ’ਤੇ ਹੈ। ਪਹਾੜ ਵਾਂਗ ਅਡੋਲ ਗੁਰੂ ਜੀ ਦੇ ਬੋਲ ਅਸਮਾਨੀ ਬਿਜਲੀ ਵਾਂਗ ਜ਼ਾਲਮ ’ਤੇ ਡਿੱਗਣ ਵਾਂਗ ਸਨ। ਔਰੰਗਜ਼ੇਬ ਦਾ ਸਿੰਘਾਸਣ ਆਪਣਿਆਂ ਦੇ ਕਲਮ ਕੀਤੇ ਸਿਰਾਂ ਦੇ ਪਾਵਿਆਂ ’ਤੇ ਟਿਕਿਆ ਹੋਇਆ ਸੀ। ਉਸ ਦੀ ਤਲਵਾਰ ਨੇ ਆਪਣੇ ਤੇ ਬਿਗਾਨੇ ਵਿਚ ਫ਼ਰਕ ਨਹੀਂ ਸੀ ਸਮਝਿਆ। ਨੀਲੇ ਦੇ ਸ਼ਾਹ ਅਸਵਾਰ ਨੇ ‘ਜ਼ਫ਼ਰਨਾਮਾ’ ਵਿਚ ਸ਼ਮਸ਼ੀਰ ਚੁੱਕਣ ਲਈ ਮਜਬੂਰ ਹੋਣ ਦਾ ਤਰਕ ਦਿੰਦਿਆਂ ਫੁਰਮਾਇਆ : ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।। ਆਪ ਨੇ ਕਿਹਾ ਕਿ ਜ਼ਿੰਦਗੀ ਦੇ ਵਿਕਾਸ ਲਈ ਖ਼ੂਨ-ਖ਼ਰਾਬਾ ਜ਼ਰੂਰੀ ਨਹੀਂ ਹੈ। ਗੁਰੂ ਜੀ ਸ਼ਸਤਰਧਾਰੀ ਹੁੰਦਿਆਂ-ਸੁੰਦਿਆਂ ਅਕਾਰਨ ਲਹੂ ਡੋਲ੍ਹਣ ਦੇ ਹੱਕ ਵਿਚ ਨਹੀਂ ਸਨ। ਉਹ ਹਰ ਮਸਲੇ ਦੇ ਹੱਲ ਲਈ ਗੋਸ਼ਟਿ/ਸੰਵਾਦ ਦੇ ਮੁਦਈ ਸਨ। ਪਰ ਜਦੋਂ ਸੰਵਾਦ ਦਾ ਜ਼ਰੀਆ ਸਫ਼ਲ ਨਾ ਹੋਵੇ ਤਾਂ ਦੁਸ਼ਟ ਦਮਨ ਲਈ ਤੇਗ ਦੇ ਹੱਥੇ ਨੂੰ ਹੱਥ ਪਾਉਣਾ ਜਾਇਜ਼ ਹੈ। ਜ਼ਫ਼ਰਨਾਮਾ ਪੜ੍ਹ ਕੇ ਅਹਿਦਨਾਮੇ ਤੋੜ ਕੇ ਖ਼ੂਨ ਦੀਆਂ ਨਦੀਆਂ ਵਹਾਉਣ ਵਾਲਾ ਔਰੰਗਜ਼ੇਬ ਝੰਜੋੜਿਆ ਗਿਆ ਸੀ। ਔਰੰਗਜ਼ੇਬ ਦੇ ਅੰਦਰਲਾ ਪੰਜ ਵਕਤਾਂ ਦਾ ਨਮਾਜ਼ੀ ਉਸ ਨੂੰ ਲਾਹਨਤਾਂ ਪਾ ਰਿਹਾ ਸੀ। ਉਸ ਦੀ ਸ਼ਾਹੀ ਫ਼ੌਜ ਵੱਲੋਂ ਦੀਨ ਦੇ ਨਾਂ ’ਤੇ ਕੀਤੇ ਗਏ ਜ਼ੁਲਮਾਂ ਦਾ ਲੇਖਾ ਆਖ਼ਰ ਉਸ ਨੇ ਖ਼ੁਦ ਦੇਣਾ ਸੀ। ਰੱਬੀ ਪ੍ਰੇਮ ਵਿਚ ਰੱਤੇ ਸੰਤ-ਸਿਪਾਹੀ ਦੀ ਕਲਮ ਨੇ ਔਰੰਗਜ਼ੇਬ ਦੇ ਹੁਕਮ ’ਤੇ ਕਲਮ ਕੀਤੇ ਗਏ ਸਿਰਾਂ ਦਾ ਚੇਤਾ ਕਰਵਾਇਆ ਸੀ। ‘ਜ਼ਫ਼ਰਨਾਮਾ’ ਦੇ ਮੁਕਾਬਲੇ ਔਰੰਗਜ਼ੇਬ ਵੱਲੋਂ ਅੰਤਲੇ ਸਮੇਂ ਲਿਖੀਆਂ ਚਿੱਠੀਆਂ ਨੂੰ ‘ਸ਼ਿਕਸਤਨਾਮਾ’ ਕਿਹਾ ਗਿਆ ਹੈ। ਅੰਤਲੇ ਸਾਹ ਗਿਣ ਰਿਹਾ ਔਰੰਗਜ਼ੇਬ ਆਪਣੀਆਂ ਜਿੱਤਾਂ ਨੂੰ ਵੀ ਹਾਰ ਤੋਂ ਬਦਤਰ ਮਹਿਸੂਸ ਕਰਨ ਲੱਗਾ। ਆਪਣੇ ਬੇਟੇ ਨੂੰ ਲਿਖੇ ਆਖ਼ਰੀ ਖ਼ਤ ਵਿਚ ਉਸ ਦੀ ਵਿਚਾਰਗੀ ਤੇ ਪਛਤਾਵਾ ਝਲਕਦਾ ਹੈ। ਉਸ ਦੇ ਪਾਪਾਂ ਦਾ ਘੜਾ ਨੱਕੋ-ਨੱਕ ਭਰ ਚੁੱਕਾ ਸੀ। ਉਸ ਨੂੰ ਮਹਿਸੂਸ ਹੋਇਆ ਕਿ ਰਾਜ-ਭਾਗ ਹਥਿਆਉਣ ਲਈ ਉਸ ਨੇ ਆਪਣੇ ਪਿਓ, ਪੁੱਤਰਾਂ, ਭਰਾਵਾਂ ਤੇ ਸੰਗੀ-ਸਾਥੀਆਂ ਦਾ ਬੇਤਹਾਸ਼ਾ ਖ਼ੂਨ ਵਹਾਇਆ ਸੀ। ਕਿਸ ਖ਼ਾਤਰ? ਦੀਨ ਖ਼ਾਤਰ? ਨਹੀਂ; ਦੀਨ ਦੇ ਪਸਾਰੇ ਲਈ ਵਹਾਇਆ ਨਿਰਦੋਸ਼ਾਂ ਦਾ ਖ਼ੂਨ ਅਗਲੀ ਦਰਗਾਹ ਵਿਚ ਕਦੇ ਪ੍ਰਵਾਨ ਨਹੀਂ ਹੋਵੇਗਾ। ਇਸ ਦਾ ਹਿਸਾਬ-ਕਿਤਾਬ ਤਾਂ ਅੱਲ੍ਹਾ-ਤਾਅਲਾ ਨੂੰ ਜ਼ਰੂਰ ਦੇਣਾ ਹੀ ਪਵੇਗਾ। ਕੰਬਦੇ ਹੱਥਾਂ ਨਾਲ ਲਿਖੇ ਪੱਤਰ ਵਿਚ ਉਹ ਬੇਟੇ ਨੂੰ ਸੰਬੋਧਿਤ ਹੁੰਦਾ ਹੈ, ‘‘ਟੋਪੀਆਂ ਸੀਅ ਕੇ ਮੈਂ ਚਾਰ ਰੁਪਏ ਤੇ ਦੋ ਆਨੇ ਕਮਾਏ ਹਨ। ਬਸ, ਇਨ੍ਹਾਂ ਪੈਸਿਆਂ ਨਾਲ ਹੀ ਮੇਰੀਆਂ ਅੰਤਿਮ ਰਸਮਾਂ ਨਿਭਾਈਆਂ ਜਾਣ। ਕੁਰਾਨ ਸ਼ਰੀਫ਼ ਦੀਆਂ ਹੱਥ-ਲਿਖਤ ਕਾਪੀਆਂ ਵੇਚ ਕੇ 300 ਰੁਪਏ ਮਿਲੇ ਹਨ, ਇਨ੍ਹਾਂ ਨੂੰ ਕਾਜ਼ੀਆਂ ਤੇ ਗ਼ਰੀਬਾਂ ਵਿਚ ਵੰਡ ਦਿੱਤਾ ਜਾਵੇ। ਮੇਰੇ ਫ਼ੌਤ ਹੋਣ ਉਪਰੰਤ ਕੋਈ ਦਿਖਾਵਾ ਨਾ ਹੋਵੇ। ਕੋਈ ਸੰਗੀਤ ਨਹੀਂ ਵੱਜਣਾ ਚਾਹੀਦਾ। ਕੋਈ ਸਮਾਰੋਹ ਨਹੀਂ ਹੋਵੇਗਾ। ਮੇਰੀ ਕਬਰ ’ਤੇ ਕੋਈ ਪੱਕੀ ਇਮਾਰਤ ਨਹੀਂ ਉਸਰੇਗੀ। ਬਸ, ਇਕ ਚਬੂਤਰਾ ਬਣਾਇਆ ਜਾ ਸਕਦਾ ਹੈ। ਮੈਂ ਇਸ ਦੇ ਕਾਬਲ ਨਹੀਂ ਕਿ ਇੰਤਕਾਲ ਤੋਂ ਬਾਅਦ ਵੀ ਮੈਨੂੰ ਛਾਂ ਨਸੀਬ ਹੋਵੇ। ਦਫਨਾਉਣ ਵੇਲੇ ਮੇਰਾ ਚਿਹਰਾ ਢੱਕਿਆ ਨਾ ਜਾਵੇ ਤਾਂ ਕਿ ਖੁੱਲ੍ਹੇ ਚਿਹਰੇ ਨਾਲ ਮੈਂ ਅੱਲ੍ਹਾ ਦਾ ਸਾਹਮਣਾ ਕਰ ਸਕਾਂ।’’ ਉਸ ਦੀ ਭੈਣ ਜਹਾਂਆਰਾ ਦੀ ਕਬਰ ’ਤੇ ਮਿੱਟੀ ਪਾਈ ਗਈ ਸੀ ਤਾਂ ਜੋ ਉੱਥੇ ਫੁੱਲ ਖਿੜ ਸਕਣ। ਔਰੰਗਜ਼ੇਬ ਨੇ ਆਪਣੀ ਭੈਣ ਅਤੇ ਧੀ ਦਾ ਵੀ ਨਿਕਾਹ ਨਹੀਂ ਸੀ ਹੋਣ ਦਿੱਤਾ। ਪਰਿਵਾਰਕ ਤੇ ਸੰਸਾਰਕ ਤੌਰ ’ਤੇ ਵੀ ਉਹ ਜ਼ਾਲਮ ਵਾਂਗ ਵਿਚਰਿਆ ਸੀ। ਸਾਮਰਾਜੀ ਸੋਚ ਤਹਿਤ ਉਸ ਨੇ ਆਪਣੇ ਰਾਜ ਅਤੇ ਦੀਨ ਦੇ ਪਸਾਰੇ ਲਈ ਅੰਤਾਂ ਦਾ ਜ਼ੁਲਮ ਢਾਹਿਆ ਤੇ ਖ਼ੂਨ ਵਹਾਇਆ ਸੀ। ਉਸ ਦੇ ਹੁਕਮ ’ਤੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਹੋਇਆ ਸੀ। ਉਨ੍ਹਾਂ ਦੇ ਮਹਿਲ ਮਾਤਾ ਗੁਜਰੀ ਜੀ ਤੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਵਾਇਆ ਗਿਆ ਸੀ, ਉਸ ਥਾਂ ਦੇ ਉੱਪਰ ਸੋਨੇ ਨਾਲ ਜੜਿਆ ਗੁੰਬਦ ਹੈ। ਇਹੀ ਸਤਿਕਾਰ ਵੱਡੇ ਸਾਹਿਬਜ਼ਾਦਿਆਂ ਅਤੇ ਦੂਜੇ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ ਵਿਚ ਬਣੇ ਧਾਮਾਂ ਨੂੰ ਮਿਲਿਆ ਹੈ। ਦੂਜੇ ਪਾਸੇ ਖ਼ੁਦ ਨੂੰ ਆਲਮਗੀਰ ਸਮਝਣ ਵਾਲੇ ਔਰੰਗਜ਼ੇਬ ਦੀ ਕਬਰ ’ਤੇ ਦੀਵਾ-ਵੱਟੀ ਕਰਨ ਵਾਲਾ ਟਾਵਾਂ-ਟਾਵਾਂ ਹੀ ਦਿਸਦਾ ਹੈ। ਔਰੰਗਜ਼ੇਬ ਨੇ 88 ਸਾਲ ਦੀ ਜ਼ਿੰਦਗੀ ਬਤੀਤ ਕੀਤੀ ਜਿਨ੍ਹਾਂ ’ਚੋਂ 49 ਸਾਲ ਉਸ ਨੇ ਰਾਜ ਕੀਤਾ ਸੀ। ਉਸ ਨੇ ਦੱਖਣ ਨੂੰ ਜਿੱਤਣ ਲਈ 26 ਸਾਲ ਬਿਤਾਏ ਤੇ ਇਸੇ ਖੇਤਰ ਵਿਚ ਉਸ ਨੇ ਅੰਤਿਮ ਸਵਾਸ ਲਏ ਸਨ। ਬਿਰਧ ਅਵਸਥਾ ਵਿਚ ਉਸ ਨੂੰ ਬਿਤਾਈ ਸ਼ਾਹਾਨਾ ਜ਼ਿੰਦਗੀ ਸਤਾ ਰਹੀ ਸੀ। ਜਦੋਂ ਉਹ ਦਿੱਲੀ ਤੋਂ ਦੱਖਣ ਵੱਲ ਵਹੀਰਾਂ ਘੱਤ ਰਿਹਾ ਸੀ ਤਾਂ ਉਸ ਨਾਲ ਵੱਡਾ ਲਸ਼ਕਰ ਤੇ ਕਾਫ਼ਲਾ ਚੱਲਦਾ ਸੀ। ਇਹ ਚੱਲਦੀ-ਫਿਰਦੀ ਰਾਜਧਾਨੀ ਵਾਂਗ ਸੀ। ਜਿੱਥੇ ਉਹ ਕਿਆਮ ਕਰਦਾ ਓਥੇ ਢਾਈ-ਤਿੰਨ ਸੌ ਬਾਜ਼ਾਰ ਸਜ ਜਾਂਦੇ ਸਨ। ਕਾਫ਼ਲੇ ਵਿਚ 50,000 ਊਠ ਤੇ 30,000 ਹਾਥੀ ਨਾਲ ਚੱਲਦੇ। ਤੀਜਾ ਬੇਟਾ ਰਾਜਪੂਤਾਂ ਨਾਲ ਮਿਲ ਗਿਆ ਸੀ ਜਿਨ੍ਹਾਂ ਦੇ ਵਿਦਰੋਹ ਨੂੰ ਕੁਚਲਣ ਲਈ ਉਸ ਨੂੰ ਦੱਖਣ ਭੇਜਿਆ ਗਿਆ ਸੀ। ਜਲਾਵਤਨ ਹੋਇਆ ਤੀਜਾ ਪੁੱਤਰ ਅਕਬਰ ਆਪਣੇ ਵਾਲਿਦ ਦੀ ਫ਼ੌਤ ਲਈ ਅਰਦਾਸਾਂ ਕਰਦਾ ਰਿਹਾ। ਇਹ ਵੱਖਰੀ ਗੱਲ ਹੈ ਕਿ ਔਰੰਗਜ਼ੇਬ ਤੋਂ ਪਹਿਲਾਂ ਪੁੱਤਰ ਦੀ ਮੌਤ ਹੋ ਗਈ ਸੀ। ਮੁਸਲਮਾਨ ਹਾਕਮਾਂ ਦਾ ਤਖ਼ਤ ਤੋਂ ਤਾਬੂਤ ਤੱਕ ਦਾ ਸਫ਼ਰ ਇੱਕੋ ਜਿਹਾ ਹੀ ਸੀ। ਇਕ ਤਖ਼ਤ ’ਤੇ ਬੈਠਦਾ ਤੇ ਦੂਜਾ ਤਖ਼ਤੇ ’ਤੇ ਲਟਕਦਾ ਮਿਲਦਾ। ਸਦੀਆਂ ਪੁਰਾਣੀ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਪੁੱਟਣ ਲਈ ਹੀ ਤਾਂ ਗੁਰੂ ਗੋਬਿੰਦ ਸਿੰਘ ਨੇ ‘ਧਰਮ ਯੁੱਧ’ ਦਾ ਬਿਗਲ ਵਜਾਇਆ ਸੀ। ਇਸੇ ਕਰਕੇ ਹਰ ਮੈਦਾਨ-ਏ-ਜੰਗ ਦਾ ਜੇਤੂ ਅਖ਼ੀਰਲੇ ਦਿਨਾਂ ਵਿਚ ਹਾਰਿਆ-ਹਾਰਿਆ ਮਹਿਸੂਸ ਕਰਦਾ ਸੀ। ਜਿਸ ਸ਼ਖ਼ਸ ਦੀ ਉਂਗਲ ਦੇ ਇਸ਼ਾਰੇ ’ਤੇ ਖ਼ੂਨ ਦੀਆਂ ਨਦੀਆਂ ਵਹਿੰਦੀਆਂ ਸਨ, ਉਸ ਵਿਚ ਪਾਈ ਕੀਮਤੀ ਅੰਗੂਠੀ ਭਾਰੀ ਲੱਗ ਰਹੀ ਸੀ। ਉਸ ਦੀਆਂ

ਫ਼ਤਹਿਨਾਮਾ ਤੇ ਸ਼ਿਕਸਤਨਾਮਾ Read More »

ਅਰਾਵਲੀ ਨੂੰ ਬਚਾਉਣ ਦੀ ਲੋੜ

ਮਾਰੂਥਲੀਕਰਨ ਦੀ ਰੋਕਥਾਮ ’ਚ ਵਾਤਾਵਰਨ ਦੇ ਪੱਖ ਤੋਂ ਬੇਹੱਦ ਅਹਿਮ ਅਰਾਵਲੀ ਦੀਆਂ ਦਿਲਕਸ਼ ਪਹਾੜੀਆਂ ਦੀ ਲਗਾਤਾਰ ਬੇਰੋਕ ਦੁਰਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਪਹਾੜੀਆਂ ’ਚ ਜਿੱਥੇ ਪਹਿਲਾਂ ਹੀ ਗ਼ੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਉੱਥੇ ਹੁਣ ਸਾਹਮਣੇ ਆਇਆ ਹੈ ਕਿ ਸਕਰੈਪ (ਕਬਾੜ) ਮਾਫ਼ੀਆ ਵੀ ਇੱਥੋਂ ਦੇ ਵਾਤਾਵਰਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਰਿਆਣਾ-ਰਾਜਸਥਾਨ ਦੀ ਹੱਦ ਦੇ ਨਾਲ ਗ਼ੈਰ-ਕਾਨੂੰਨੀ ਪੋਰਟੇਬਲ ਕਬਾੜ ਭੱਠੀਆਂ ਵਾਹਨਾਂ ਦਾ ਸਕਰੈਪ, ਜਿਵੇਂ ਰਬੜ ਦੇ ਟਾਇਰ ਆਦਿ ਸਾੜ ਰਹੀਆਂ ਹਨ ਜਿਸ ਵਿੱਚੋਂ ਜ਼ਹਿਰੀਲਾ ਧੂੰਆਂ ਨਿਕਲ ਰਿਹਾ ਹੈ। ਹਾਨੀਕਾਰਕ ਗੈਸ ਨਾ ਕੇਵਲ ਹਵਾ, ਪਾਣੀ ਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਸਗੋਂ ਜੰਗਲੀ ਜੀਵਨ ਨੂੰ ਵੀ ਨਸ਼ਟ ਕਰ ਰਹੀ ਹੈ। ਜਾਨਵਰਾਂ ਨੂੰ ਭਟਕਣਾ ਪੈ ਰਿਹਾ ਹੈ ਤੇ ਸਥਾਨਕ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ। ਜਵਾਬਦੇਹੀ ਦੀ ਘਾਟ ਇਸ ਸੰਕਟ ਨੂੰ ਹੋਰ ਵੀ ਬਦਤਰ ਕਰ ਰਹੀ ਹੈ। ਹਰਿਆਣਾ ਤੇ ਰਾਜਸਥਾਨ ਦਰਮਿਆਨ ਅਧਿਕਾਰ ਖੇਤਰ ਦੀ ਉਲਝਣ ਦਾ ਫ਼ਾਇਦਾ ਚੁੱਕਦਿਆਂ ਕਬਾੜ ਮਾਫ਼ੀਆ ਬਿਨਾਂ ਰੋਕ-ਟੋਕ ਆਪਣਾ ਕੰਮ ਕਰ ਰਿਹਾ ਹੈ। ਦੋਵਾਂ ਰਾਜਾਂ ਦੀ ਹੱਦ ਸਪੱਸ਼ਟ ਨਾ ਹੋਣ ਕਾਰਨ ਖ਼ਣਨ ਮਾਫ਼ੀਆ ਵੀ ਇਸੇ ਤਰ੍ਹਾਂ ਕਾਰਜਸ਼ੀਲ ਹੈ। ਪਿੰਡ ਵਾਸੀ ਪ੍ਰਦੂਸ਼ਣ ਤੇ ਸਿਹਤ ਨਾਲ ਸਬੰਧਿਤ ਹੋਰ ਖ਼ਤਰਿਆਂ ਦੀ ਸ਼ਿਕਾਇਤ ਕਰ ਰਹੇ ਹਨ ਪਰ ਨੌਕਰਸ਼ਾਹੀ ਇਸ ਪ੍ਰਤੀ ਗੰਭੀਰ ਨਹੀਂ ਜਾਪਦੀ। ਸਟਾਫ ਦੀ ਘਾਟ ਤੇ ਅਸਪੱਸ਼ਟ ਹੱਦਾਂ ਕਾਰਨ ਪ੍ਰਸ਼ਾਸਨ ਇਨ੍ਹਾਂ ਗ਼ੈਰ-ਕਾਨੂੰਨੀ ਪੋਰਟੇਬਲ ਭੱਠੀਆਂ ਨਾਲ ਨਜਿੱਠਣ ’ਚ ਸੰਘਰਸ਼ ਕਰ ਰਿਹਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਤਰ੍ਹਾਂ ਦੀਆਂ ਪ੍ਰਸ਼ਾਸਕੀ ਖ਼ਾਮੀਆਂ ਨੇ ਮਾੜੇ ਅਨਸਰਾਂ ਦਾ ਹੌਸਲਾ ਹੋਰ ਵਧਾਇਆ ਹੈ। ਉਹ ਸੂਬਿਆਂ ਦੀਆਂ ਹੱਦਾਂ ਦੇ ਆਰ-ਪਾਰ ਹੋ ਕੇ ਸ਼ਰ੍ਹੇਆਮ ਕਾਰਵਾਈ ਤੋਂ ਬਚ ਰਹੇ ਹਨ। ਵਾਤਾਵਰਨ ਦੀ ਇਸ ਤਬਾਹੀ ਨੂੰ ਰੋਕਣ ਲਈ ਤਾਲਮੇਲ ਨਾਲ ਕਾਰਵਾਈ ਕਰਨ ਦੀ ਲੋੜ ਹੈ। ਹਰਿਆਣਾ ਦੇ ਜੰਗਲਾਤ ਮੰਤਰੀ ਨੇ ਲਾਪਰਵਾਹ ਅਧਿਕਾਰੀਆਂ ਤੇ ਦੋਸ਼ੀਆਂ ’ਤੇ ਛਾਪਿਆਂ ਤੇ ਸਖ਼ਤੀ ਦਾ ਵਾਅਦਾ ਕੀਤਾ ਹੈ ਪਰ ਹਲਕੇ ਪੱਧਰ ਦੀਆਂ ਕਾਰਵਾਈਆਂ ਨਾਲ ਗੱਲ ਨਹੀਂ ਬਣੇਗੀ। ਇਸ ਸੰਕਟ ਦੇ ਹੱਲ ਲਈ ਸੂਬਿਆਂ ਨੂੰ ਇਕੱਠੇ ਹੋ ਕੇ ਵਿਆਪਕ ਪਹੁੰਚ ਅਪਣਾਉਣੀ ਪਏਗੀ। ਅਰਾਵਲੀ ਵਿੱਚ ਗਤੀਵਿਧੀਆਂ ਉੱਤੇ ਨਿਗ੍ਹਾ ਰੱਖਣ ਲਈ ਨਿਗਰਾਨੀ ਦੀਆਂ ਅਤਿ-ਆਧੁਨਿਕ ਤਕਨੀਕਾਂ ਜਿਵੇਂ ਜੀਓਸਪੇਸ਼ੀਅਲ ਮੈਪਿੰਗ ਤੇ ਡਰੋਨ ਗਸ਼ਤ ਦੀ ਮਦਦ ਲੈਣੀ ਪਏਗੀ। ਇਸ ਤੋਂ ਇਲਾਵਾ ਸਖ਼ਤ ਜੁਰਮਾਨੇ ਤੇ ਫ਼ੌਰੀ ਕਾਨੂੰਨੀ ਕਾਰਵਾਈ ਵੀ ਰੋਕਥਾਮ ਲਈ ਜ਼ਰੂਰੀ ਹਨ। ਮੁਕਾਮੀ ਭਾਈਚਾਰਿਆਂ ਨੂੰ ਸਾਧਨਾਂ ਤੇ ਢੁੱਕਵੇਂ ਪਲੈਟਫਾਰਮਾਂ ਨਾਲ ਲੈਸ ਕਰ ਕੇ ਵੀ ਉਲੰਘਣਾਵਾਂ ਰਿਪੋਰਟ ਕੀਤੀਆਂ ਜਾ ਸਕਦੀਆਂ ਹਨ ਜਿਸ ਨਾਲ ਰੋਕਥਾਮ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ।

ਅਰਾਵਲੀ ਨੂੰ ਬਚਾਉਣ ਦੀ ਲੋੜ Read More »

ਸੁਪਰੀਮ ਕੋਰਟ ਕਮੇਟੀ ਵਲੋਂ ਕਿਸਾਨਾਂ ਨੂੰ ਪੱਤਰ ਭੇਜਕੇ 3 ਜਨਵਰੀ ਨੂੰ ਬੁਲਾਈ ਕਿਸਾਨਾਂ ਦੀ ਮੀਟਿੰਗ

ਨਵੀਂ ਦਿੱਲੀ, 30 ਦਸੰਬਰ – ਕਿਸਾਨੀ ਮਸਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ 3 ਜਨਵਰੀ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ। ਮੀਟਿੰਗ ਲਈ ਸਾਰੀਆਂ ਜਥੇਬੰਦੀਆਂ ਦੇ ਕਿਸਾਨਾਂ ਨੂੰ ਬੁਲਾਇਆ ਗਿਆ ਹੈ। ਮੀਟਿੰਗ 3 ਜਨਵਰੀ ਨੂੰ ਸਵੇਰੇ 11 ਵਜੇ PWD ਰੈਸਟ ਹਾਊਸ ਵਿਖੇ ਰੱਖੀ ਗਈ ਹੈ। ਜਿੱਥੇ ਕਮੇਟੀ ਕਿਸਾਨਾਂ ਦੇ ਮਸਲਿਆਂ ‘ਤੇ ਵਿਸਥਾਰ ਨਾਲ ਚਰਚਾ ਕਰਕੇ ਰਣਨੀਤੀ ਬਣਾਏਗੀ। ਇਸ ਤੋਂ ਪਹਿਲਾਂ ਵੀ ਕਮੇਟੀ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕੀ ਹੈ ਪਰ ਗੈਰ-ਸਿਆਸੀ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਇਸ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਪੱਤਰ ਲਿਖ ਕੇ ਕਮੇਟੀ ਨੂੰ ਵੀ ਭੇਜਿਆ ਹੈ। ਇਹ ਕਮੇਟੀ ਸੁਪਰੀਮ ਕੋਰਟ ਵੱਲੋਂ ਸਾਬਕਾ ਜੱਜ ਨਵਾਬ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਹੈ। ਕਮੇਟੀ ਦੀ ਤਰਫੋਂ ਸੁਪਰੀਮ ਕੋਰਟ ਨੇ ਦਸੰਬਰ ਵਿੱਚ ਅੰਤ੍ਰਿਮ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅੰਦੋਲਨਕਾਰੀ ਕਿਸਾਨ ਗੱਲਬਾਤ ਲਈ ਨਹੀਂ ਆ ਰਹੇ ਹਨ। ਕਿਸਾਨਾਂ ਤੋਂ ਉਨ੍ਹਾਂ ਦੀ ਸਹੂਲਤ ਅਨੁਸਾਰ ਮਿਤੀ ਤੇ ਸਮਾਂ ਵੀ ਮੰਗਿਆ ਗਿਆ ਪਰ ਉਸ ਵੱਲੋਂ ਕੋਈ ਜਵਾਬ ਨਹੀਂ ਆਇਆ। ਹਾਲਾਂਕਿ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਸੀ। ਇਸ ਤੋਂ ਪਹਿਲਾਂ ਹਾਈ ਪਾਵਰ ਕਮੇਟੀ ਨੇ ਚੰਡੀਗੜ੍ਹ ‘ਚ ਪ੍ਰਸ਼ਾਸਨ ਤੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ। ਇਨ੍ਹਾਂ ਮੀਟਿੰਗਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।

ਸੁਪਰੀਮ ਕੋਰਟ ਕਮੇਟੀ ਵਲੋਂ ਕਿਸਾਨਾਂ ਨੂੰ ਪੱਤਰ ਭੇਜਕੇ 3 ਜਨਵਰੀ ਨੂੰ ਬੁਲਾਈ ਕਿਸਾਨਾਂ ਦੀ ਮੀਟਿੰਗ Read More »

ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ!

ਨਵੀਂ ਦਿੱਲੀ, 30 ਦਸੰਬਰ – ਜਨਵਰੀ 2025 ਤੋਂ ਭਾਰਤ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇ ਨਾਲ-ਨਾਲ 1000 ਰੁਪਏ ਵੀ ਦਿੱਤੇ ਜਾਣਗੇ। ਇਸ ਖਬਰ ਰਾਹੀਂ ਜਾਣੋ ਕਿਹੜੇ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ। ਭਾਰਤ ਸਰਕਾਰ ਵੱਲੋਂ ਦੇਸ਼ ਦੇ ਬਹੁਤ ਸਾਰੇ ਲੋਕਾਂ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ। ਦੇਸ਼ ਵਿੱਚ ਅੱਜ ਵੀ ਅਜਿਹੇ ਬਹੁਤ ਸਾਰੇ ਲੋਕ ਹਨ। ਜੋ ਦੋ ਵਕਤ ਦੀ ਰੋਟੀ ਵੀ ਖਾਣ ਤੋਂ ਅਸਮਰੱਥ ਹਨ। ਭਾਰਤ ਸਰਕਾਰ ਅਜਿਹੇ ਗਰੀਬ ਲੋੜਵੰਦਾਂ ਨੂੰ ਨੈਸ਼ਨਲ ਫੂਡ ਸਕਿਓਰਿਟੀ ਐਕਟ ਤਹਿਤ ਮੁਫਤ ਰਾਸ਼ਨ ਪ੍ਰਦਾਨ ਕਰਦੀ ਹੈ। ਮੁਫਤ ਰਾਸ਼ਨ ਸਣੇ ਮਿਲਣਗੇ 1000 ਰੁਪਏ ਤਾਂ ਬਹੁਤ ਸਾਰੇ ਲੋਕਾਂ ਨੂੰ ਘੱਟ ਕੀਮਤ ‘ਤੇ ਰਾਸ਼ਨ ਪ੍ਰਦਾਨ ਕਰਵਾਉਂਦੀ ਹੈ। ਇਸ ਦੇ ਲਈ ਸਰਕਾਰ ਇਨ੍ਹਾਂ ਲੋਕਾਂ ਨੂੰ ਰਾਸ਼ਨ ਕਾਰਡ ਜਾਰੀ ਕਰਦੀ ਹੈ। ਦੇਸ਼ ਵਿੱਚ ਕਰੋੜਾਂ ਰਾਸ਼ਨ ਕਾਰਡ ਧਾਰਕ ਹਨ। ਜੋ ਸਰਕਾਰ ਦੀ ਮੁਫਤ ਰਾਸ਼ਨ ਸਕੀਮ ਦਾ ਲਾਭ ਉਠਾਉਂਦੇ ਹਨ। ਹਾਲ ਹੀ ਵਿੱਚ ਰਾਸ਼ਨ ਕਾਰਡ ਧਾਰਕਾਂ ਲਈ ਸਰਕਾਰ ਵੱਲੋਂ ਇੱਕ ਵੱਡੀ ਖਬਰ ਆਈ ਹੈ। ਹੁਣ ਰਾਸ਼ਨ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਰਾਸ਼ਨ ਕਾਰਡ ‘ਤੇ ਰਾਸ਼ਨ ਦੇ ਨਾਲ 1000 ਰੁਪਏ ਵੀ ਮਿਲਣਗੇ। ਨਵੇਂ ਸਾਲ ਤੋਂ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਦੀ ਇਸ ਸਹੂਲਤ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਦੇਸ਼ ਵਿੱਚ 80 ਕਰੋੜ ਰਾਸ਼ਨ ਕਾਰਡ ਧਾਰਕ ਹਨ। ਜਿਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਨ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਨੇ ਹੁਣ ਰਾਸ਼ਨ ਵੰਡ ਪ੍ਰਣਾਲੀ ਵਿੱਚ ਬਦਲਾਅ ਕੀਤਾ ਹੈ। ਇਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੂੰ ਵਿੱਤੀ ਲਾਭ ਦੇਣ ਲਈ ਕਦਮ ਚੁੱਕੇ ਗਏ ਹਨ। ਜਨਵਰੀ 2025 ਤੋਂ ਭਾਰਤ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇ ਨਾਲ-ਨਾਲ 1000 ਰੁਪਏ ਵੀ ਦਿੱਤੇ ਜਾਣਗੇ। ਸਰਕਾਰ 5 ਕਿਲੋ ਮੁਫਤ ਰਾਸ਼ਨ ਦੇਵੇਗੀ। ਇਸ ਦੇ ਨਾਲ ਹੀ ਲਾਭਪਾਤਰੀ ਪਰਿਵਾਰ ਦੇ ਬੈਂਕ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਵੀ ਜਮ੍ਹਾਂ ਕਰਵਾਏ ਜਾਣਗੇ।

ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! Read More »

ਪੰਜਾਬ ਬੰਦ ਦੌਰਾਨ ਲੁਧਿਆਣਾ ‘ਚ ਚਲੀ ਰਹੀ ਸੀ ਫੈਕਟਰੀ, ਕਿਸਾਨਾ ਵਲੋਂ ਜ਼ਿਲ੍ਹੇ ਦੇ ਸਾਰੇ ਕਿਸਾਨਾ ਨੂੰ ਕੰਪਨੀ ਬਾਹਰ ਧਰਨਾ ਦੇਣ ਦੀ ਅਪੀਲ

ਲੁਧਿਆਣਾ , 30 ਦਸੰਬਰ – ਕਿਸਾਨਾਂ ਵੱਲੋਂ ਪੰਜਾਬ ਬੰਦ ਸੱਦੇ ਤੇ ਅੱਜ ਪੂਰੇ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਮਿਲਿਆ ।ਜਦੋਂ ਅੱਜ ਸਵੇਰੇ 10:30 ਵਜੇ ਕਿਸਾਨਾਂ ਨੂੰ ਪਤਾ ਚੱਲਿਆ ਕਿ ਲੁਧਿਆਣਾ ਨੈਸ਼ਨਲ ਹਾਈਵੇ ਤੇ ਨੀਲੋ ਪੁੱਲ ਕੋਲ ਮੋਂਟੇ ਕਾਰਲੋ ਕੰਪਨੀ ਦੀ ਫੈਕਟਰੀ ਚੱਲ ਰਹੀ ਹੈ ਜਿਸ ਵਿੱਚ ਕਰੀਬ 80 ਕਰਮਚਾਰੀ ਕੰਮ ਕਰ ਰਹੇ ਹਨ ਤਾਂ ਦਰਜਨਾਂ ਕਿਸਾਨ ਇਕੱਠੇ ਹੋ ਕੇ ਜਦੋਂ ਫੈਕਟਰੀ ਵਾਲਿਆਂ ਨਾਲ ਗੱਲ ਕਰਨ ਗਏ ਤਾਂ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮੋਂਟੇ ਕਾਰਲੋ ਫੈਕਟਰੀ ਦੇ ਕਰਮਚਾਰੀਆਂ ਦਾ ਸਲੂਕ ਕਿਸਾਨਾਂ ਨਾਲ ਚੰਗਾ ਨਹੀਂ ਸੀ ਅਤੇ ਕਿਸਾਨਾਂ ਵੱਲੋਂ ਫੈਕਟਰੀ ਦੇ ਮੈਨੇਜਰ ਨੂੰ ਅੱਜ ਦੇ ਦਿਨ ਲਈ ਫੈਕਟਰੀ ਬੰਦ ਕਰਨ ਦੀ ਬੇਨਤੀ ਵੀ ਕੀਤੀ ਗਈ ਅਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਫੈਕਟਰੀ ਚੋਂ ਬਾਹਰ ਕਢਣ ਨੂੰ ਕਿਹਾ ਗਿਆ। ਪਰ ਫੈਕਟਰੀ ਵਾਲੀਆਂ ਨੇ ਸਾਡੀ ਕੋਈ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਫੈਕਟਰੀ ਦੇ ਬਾਹਰ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਲੁਧਿਆਣਾ ਜ਼ਿਲ੍ਹਾ ਦੇ ਸਾਰੇ ਕਿਸਾਨਾਂ ਨੂੰ ਫੈਕਟਰੀ ਦੇ ਬਾਹਰ ਧਰਨਾ ਪੱਕਾ ਧਰਨਾ ਲਾਉਣ ਦੀ ਅਪੀਲ ਕਰ ਦਿੱਤੀ ਅਤੇ ਮੋਂਟੇ ਕਾਰਲੋ ਕੰਪਨੀ ਦੇ ਬਣੇ ਸਮਾਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।

ਪੰਜਾਬ ਬੰਦ ਦੌਰਾਨ ਲੁਧਿਆਣਾ ‘ਚ ਚਲੀ ਰਹੀ ਸੀ ਫੈਕਟਰੀ, ਕਿਸਾਨਾ ਵਲੋਂ ਜ਼ਿਲ੍ਹੇ ਦੇ ਸਾਰੇ ਕਿਸਾਨਾ ਨੂੰ ਕੰਪਨੀ ਬਾਹਰ ਧਰਨਾ ਦੇਣ ਦੀ ਅਪੀਲ Read More »