
ਸ਼ੋਸ਼ਲ ਮੀਡੀਆ ਦੇ ਆਗਮਨ ਤੋਂ ਪਹਿਲਾਂ ਚਿੱਠੀ-ਪੱਤਰ ਨੂੰ ਅੱਧੀ ਮੁਲਾਕਾਤ ਸਮਝਿਆ ਜਾਂਦਾ ਸੀ। ਦੇਸ਼ ਤੇ ਕੌਮ ਤੋਂ ਸਰਬੰਸ ਵਾਰਨ ਉਪਰੰਤ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਵੱਲੋਂ ਹਿੰਦੁਸਤਾਨ ਦੇ ਜ਼ਾਲਮ ਹੁਕਮਰਾਨ ਔਰੰਗਜ਼ੇਬ ਨੂੰ ਫ਼ਾਰਸੀ ਵਿਚ ਲਿਖੀ ਚਿੱਠੀ ‘ਜ਼ਫ਼ਰਨਾਮਾ’ (ਫ਼ਤਹਿਨਾਮਾ) ਉਪਰੋਕਤ ਕਥਨ ਨੂੰ ਸੱਚ ਠਹਿਰਾਉਂਦੀ ਹੈ। ਇਸ ਖ਼ਤ ਵਿਚ 111 ਸ਼ਿਅਰ ਹਨ ਜਿਹੜੇ ਅਨੰਦਪੁਰ, ਚਮਕੌਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਲੰਮੇ ਸੰਗਰਾਮਾਂ ਦੇ ਵਰਿਆਮ ਯੋਧੇ ਨੇ ਦੀਨਾ-ਕਾਂਗੜ ਸਥਿਤ ਭਾਈ ਦੇਸੂ ਤਖਣੇਟੇ ਦੇ ਕੱਚੇ ਚੁਬਾਰੇ ’ਤੇ ਪੋਹ ਮਹੀਨੇ (ਦਸੰਬਰ 1705) ਵਿਚ ਔਰੰਗਜ਼ੇਬ ਵੱਲੋਂ ਮਿਲੇ ਸੱਦੇ ਦੇ ਜਵਾਬ ਵਿਚ ਲਿਖੇ ਸਨ।
ਸਾਹਿਬੇ ਕਮਾਲ ਤੇ ਔਰੰਗਜ਼ੇਬ ਦੀ ਭਾਵੇਂ ਮੁਲਾਕਾਤ ਨਹੀਂ ਹੋ ਸਕੀ ਫਿਰ ਵੀ ਪੱਤਰ ਰਾਹੀਂ ਹੋਈ ਇਸ ‘ਅੱਧੀ ਮੁਲਾਕਾਤ’ ਨੇ ਬਾਦਸ਼ਾਹ ਦੀ ਰੂਹ ਨੂੰ ਕੰਬਣੀ ਛੇੜ ਦਿੱਤੀ ਸੀ। ਕਲਗੀਆਂ ਵਾਲੇ ਨੇ ਜ਼ਫ਼ਰਨਾਮੇ ਦੇ ਦੂਜੇ ਭਾਗ ‘ਫ਼ਤਹਿਨਾਮਾ’ ਵਿਚ ਸਮੇਂ ਦੇ ਹਾਕਮ ਨੂੰ ਵੰਗਾਰਦਿਆਂ ਕਿਹਾ ਕਿ ‘‘ਮੈਨੂੰ ਇਤਲਾਹ ਮਿਲੀ ਹੈ ਕਿ ਤੂੰ ਵੱਡਾ ਲਸ਼ਕਰ ਲੈ ਕੇ ਪੰਜਾਬ ’ਤੇ ਹਮਲਾ ਕਰਨ ਆ ਰਿਹਾ ਏਂ। ਮੈਂ ਤੇਰੇ ਰਾਹਾਂ ’ਤੇ ਬਾਰੂਦ ਦੀਆਂ ਸੁਰੰਗਾਂ ਵਿਛਾ ਦੇਣੀਆਂ ਹਨ ਤਾਂ ਜੋ ਤੇਰੇ ਸੈਨਿਕਾਂ ਦੇ ਘੋੜਿਆਂ ਦੀਆਂ ਟਾਪਾਂ ਪੰਜਾਬ ਦੀ ਧਰਤੀ ’ਤੇ ਨਾ ਲੱਗ ਸਕਣ। ਮੈਂ ਤਾਂ ਤੈਨੂੰ ਪੰਜਾਬ ਦੇ ਪਾਣੀ ਦੀ ਤਿਪ ਵੀ ਨਹੀਂ ਪੀਣ ਦੇਣੀ।’’ ‘ਜ਼ਫ਼ਰਨਾਮੇ’ ਦੇ ਅੱਧੇ ਸ਼ਿਅਰਾਂ ਵਿਚ ਈਮਾਨ ਦੀ ਗੂੰਜ ਹੈ। ਸੰਬੋਧਨ ਵਿਚ ਬਾਦਸ਼ਾਹ ਦੀ ਜ਼ਮੀਰ ਨੂੰ ਚੰਗੀ ਤਰ੍ਹਾਂ ਝੰਜੋੜਿਆ ਗਿਆ ਹੈ।
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜੇ ਤੇਰੀ ਨਜ਼ਰ ਲੱਖਾਂ ਲਸ਼ਕਰਾਂ ਤੇ ਆਪਣੇ ਮਾਲ-ਅਸਬਾਬ ਅਤੇ ਖ਼ਜ਼ਾਨਿਆਂ ’ਤੇ ਹੈ ਤਾਂ ਸਾਡੀ ਨਿਗਾਹ ਇਕ ਮਾਲਕ ਦੇ ਸ਼ੁਕਰਾਨਿਆਂ ’ਤੇ ਹੈ। ਪਹਾੜ ਵਾਂਗ ਅਡੋਲ ਗੁਰੂ ਜੀ ਦੇ ਬੋਲ ਅਸਮਾਨੀ ਬਿਜਲੀ ਵਾਂਗ ਜ਼ਾਲਮ ’ਤੇ ਡਿੱਗਣ ਵਾਂਗ ਸਨ। ਔਰੰਗਜ਼ੇਬ ਦਾ ਸਿੰਘਾਸਣ ਆਪਣਿਆਂ ਦੇ ਕਲਮ ਕੀਤੇ ਸਿਰਾਂ ਦੇ ਪਾਵਿਆਂ ’ਤੇ ਟਿਕਿਆ ਹੋਇਆ ਸੀ। ਉਸ ਦੀ ਤਲਵਾਰ ਨੇ ਆਪਣੇ ਤੇ ਬਿਗਾਨੇ ਵਿਚ ਫ਼ਰਕ ਨਹੀਂ ਸੀ ਸਮਝਿਆ। ਨੀਲੇ ਦੇ ਸ਼ਾਹ ਅਸਵਾਰ ਨੇ ‘ਜ਼ਫ਼ਰਨਾਮਾ’ ਵਿਚ ਸ਼ਮਸ਼ੀਰ ਚੁੱਕਣ ਲਈ ਮਜਬੂਰ ਹੋਣ ਦਾ ਤਰਕ ਦਿੰਦਿਆਂ ਫੁਰਮਾਇਆ : ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।
ਆਪ ਨੇ ਕਿਹਾ ਕਿ ਜ਼ਿੰਦਗੀ ਦੇ ਵਿਕਾਸ ਲਈ ਖ਼ੂਨ-ਖ਼ਰਾਬਾ ਜ਼ਰੂਰੀ ਨਹੀਂ ਹੈ। ਗੁਰੂ ਜੀ ਸ਼ਸਤਰਧਾਰੀ ਹੁੰਦਿਆਂ-ਸੁੰਦਿਆਂ ਅਕਾਰਨ ਲਹੂ ਡੋਲ੍ਹਣ ਦੇ ਹੱਕ ਵਿਚ ਨਹੀਂ ਸਨ। ਉਹ ਹਰ ਮਸਲੇ ਦੇ ਹੱਲ ਲਈ ਗੋਸ਼ਟਿ/ਸੰਵਾਦ ਦੇ ਮੁਦਈ ਸਨ। ਪਰ ਜਦੋਂ ਸੰਵਾਦ ਦਾ ਜ਼ਰੀਆ ਸਫ਼ਲ ਨਾ ਹੋਵੇ ਤਾਂ ਦੁਸ਼ਟ ਦਮਨ ਲਈ ਤੇਗ ਦੇ ਹੱਥੇ ਨੂੰ ਹੱਥ ਪਾਉਣਾ ਜਾਇਜ਼ ਹੈ। ਜ਼ਫ਼ਰਨਾਮਾ ਪੜ੍ਹ ਕੇ ਅਹਿਦਨਾਮੇ ਤੋੜ ਕੇ ਖ਼ੂਨ ਦੀਆਂ ਨਦੀਆਂ ਵਹਾਉਣ ਵਾਲਾ ਔਰੰਗਜ਼ੇਬ ਝੰਜੋੜਿਆ ਗਿਆ ਸੀ। ਔਰੰਗਜ਼ੇਬ ਦੇ ਅੰਦਰਲਾ ਪੰਜ ਵਕਤਾਂ ਦਾ ਨਮਾਜ਼ੀ ਉਸ ਨੂੰ ਲਾਹਨਤਾਂ ਪਾ ਰਿਹਾ ਸੀ। ਉਸ ਦੀ ਸ਼ਾਹੀ ਫ਼ੌਜ ਵੱਲੋਂ ਦੀਨ ਦੇ ਨਾਂ ’ਤੇ ਕੀਤੇ ਗਏ ਜ਼ੁਲਮਾਂ ਦਾ ਲੇਖਾ ਆਖ਼ਰ ਉਸ ਨੇ ਖ਼ੁਦ ਦੇਣਾ ਸੀ। ਰੱਬੀ ਪ੍ਰੇਮ ਵਿਚ ਰੱਤੇ ਸੰਤ-ਸਿਪਾਹੀ ਦੀ ਕਲਮ ਨੇ ਔਰੰਗਜ਼ੇਬ ਦੇ ਹੁਕਮ ’ਤੇ ਕਲਮ ਕੀਤੇ ਗਏ ਸਿਰਾਂ ਦਾ ਚੇਤਾ ਕਰਵਾਇਆ ਸੀ। ‘ਜ਼ਫ਼ਰਨਾਮਾ’ ਦੇ ਮੁਕਾਬਲੇ ਔਰੰਗਜ਼ੇਬ ਵੱਲੋਂ ਅੰਤਲੇ ਸਮੇਂ ਲਿਖੀਆਂ ਚਿੱਠੀਆਂ ਨੂੰ ‘ਸ਼ਿਕਸਤਨਾਮਾ’ ਕਿਹਾ ਗਿਆ ਹੈ। ਅੰਤਲੇ ਸਾਹ ਗਿਣ ਰਿਹਾ ਔਰੰਗਜ਼ੇਬ ਆਪਣੀਆਂ ਜਿੱਤਾਂ ਨੂੰ ਵੀ ਹਾਰ ਤੋਂ ਬਦਤਰ ਮਹਿਸੂਸ ਕਰਨ ਲੱਗਾ। ਆਪਣੇ ਬੇਟੇ ਨੂੰ ਲਿਖੇ ਆਖ਼ਰੀ ਖ਼ਤ ਵਿਚ ਉਸ ਦੀ ਵਿਚਾਰਗੀ ਤੇ ਪਛਤਾਵਾ ਝਲਕਦਾ ਹੈ।
ਉਸ ਦੇ ਪਾਪਾਂ ਦਾ ਘੜਾ ਨੱਕੋ-ਨੱਕ ਭਰ ਚੁੱਕਾ ਸੀ। ਉਸ ਨੂੰ ਮਹਿਸੂਸ ਹੋਇਆ ਕਿ ਰਾਜ-ਭਾਗ ਹਥਿਆਉਣ ਲਈ ਉਸ ਨੇ ਆਪਣੇ ਪਿਓ, ਪੁੱਤਰਾਂ, ਭਰਾਵਾਂ ਤੇ ਸੰਗੀ-ਸਾਥੀਆਂ ਦਾ ਬੇਤਹਾਸ਼ਾ ਖ਼ੂਨ ਵਹਾਇਆ ਸੀ। ਕਿਸ ਖ਼ਾਤਰ? ਦੀਨ ਖ਼ਾਤਰ? ਨਹੀਂ; ਦੀਨ ਦੇ ਪਸਾਰੇ ਲਈ ਵਹਾਇਆ ਨਿਰਦੋਸ਼ਾਂ ਦਾ ਖ਼ੂਨ ਅਗਲੀ ਦਰਗਾਹ ਵਿਚ ਕਦੇ ਪ੍ਰਵਾਨ ਨਹੀਂ ਹੋਵੇਗਾ। ਇਸ ਦਾ ਹਿਸਾਬ-ਕਿਤਾਬ ਤਾਂ ਅੱਲ੍ਹਾ-ਤਾਅਲਾ ਨੂੰ ਜ਼ਰੂਰ ਦੇਣਾ ਹੀ ਪਵੇਗਾ। ਕੰਬਦੇ ਹੱਥਾਂ ਨਾਲ ਲਿਖੇ ਪੱਤਰ ਵਿਚ ਉਹ ਬੇਟੇ ਨੂੰ ਸੰਬੋਧਿਤ ਹੁੰਦਾ ਹੈ, ‘‘ਟੋਪੀਆਂ ਸੀਅ ਕੇ ਮੈਂ ਚਾਰ ਰੁਪਏ ਤੇ ਦੋ ਆਨੇ ਕਮਾਏ ਹਨ। ਬਸ, ਇਨ੍ਹਾਂ ਪੈਸਿਆਂ ਨਾਲ ਹੀ ਮੇਰੀਆਂ ਅੰਤਿਮ ਰਸਮਾਂ ਨਿਭਾਈਆਂ ਜਾਣ। ਕੁਰਾਨ ਸ਼ਰੀਫ਼ ਦੀਆਂ ਹੱਥ-ਲਿਖਤ ਕਾਪੀਆਂ ਵੇਚ ਕੇ 300 ਰੁਪਏ ਮਿਲੇ ਹਨ, ਇਨ੍ਹਾਂ ਨੂੰ ਕਾਜ਼ੀਆਂ ਤੇ ਗ਼ਰੀਬਾਂ ਵਿਚ ਵੰਡ ਦਿੱਤਾ ਜਾਵੇ। ਮੇਰੇ ਫ਼ੌਤ ਹੋਣ ਉਪਰੰਤ ਕੋਈ ਦਿਖਾਵਾ ਨਾ ਹੋਵੇ। ਕੋਈ ਸੰਗੀਤ ਨਹੀਂ ਵੱਜਣਾ ਚਾਹੀਦਾ। ਕੋਈ ਸਮਾਰੋਹ ਨਹੀਂ ਹੋਵੇਗਾ। ਮੇਰੀ ਕਬਰ ’ਤੇ ਕੋਈ ਪੱਕੀ ਇਮਾਰਤ ਨਹੀਂ ਉਸਰੇਗੀ। ਬਸ, ਇਕ ਚਬੂਤਰਾ ਬਣਾਇਆ ਜਾ ਸਕਦਾ ਹੈ। ਮੈਂ ਇਸ ਦੇ ਕਾਬਲ ਨਹੀਂ ਕਿ ਇੰਤਕਾਲ ਤੋਂ ਬਾਅਦ ਵੀ ਮੈਨੂੰ ਛਾਂ ਨਸੀਬ ਹੋਵੇ। ਦਫਨਾਉਣ ਵੇਲੇ ਮੇਰਾ ਚਿਹਰਾ ਢੱਕਿਆ ਨਾ ਜਾਵੇ ਤਾਂ ਕਿ ਖੁੱਲ੍ਹੇ ਚਿਹਰੇ ਨਾਲ ਮੈਂ ਅੱਲ੍ਹਾ ਦਾ ਸਾਹਮਣਾ ਕਰ ਸਕਾਂ।’’ ਉਸ ਦੀ ਭੈਣ ਜਹਾਂਆਰਾ ਦੀ ਕਬਰ ’ਤੇ ਮਿੱਟੀ ਪਾਈ ਗਈ ਸੀ ਤਾਂ ਜੋ ਉੱਥੇ ਫੁੱਲ ਖਿੜ ਸਕਣ।
ਔਰੰਗਜ਼ੇਬ ਨੇ ਆਪਣੀ ਭੈਣ ਅਤੇ ਧੀ ਦਾ ਵੀ ਨਿਕਾਹ ਨਹੀਂ ਸੀ ਹੋਣ ਦਿੱਤਾ। ਪਰਿਵਾਰਕ ਤੇ ਸੰਸਾਰਕ ਤੌਰ ’ਤੇ ਵੀ ਉਹ ਜ਼ਾਲਮ ਵਾਂਗ ਵਿਚਰਿਆ ਸੀ। ਸਾਮਰਾਜੀ ਸੋਚ ਤਹਿਤ ਉਸ ਨੇ ਆਪਣੇ ਰਾਜ ਅਤੇ ਦੀਨ ਦੇ ਪਸਾਰੇ ਲਈ ਅੰਤਾਂ ਦਾ ਜ਼ੁਲਮ ਢਾਹਿਆ ਤੇ ਖ਼ੂਨ ਵਹਾਇਆ ਸੀ। ਉਸ ਦੇ ਹੁਕਮ ’ਤੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਹੋਇਆ ਸੀ। ਉਨ੍ਹਾਂ ਦੇ ਮਹਿਲ ਮਾਤਾ ਗੁਜਰੀ ਜੀ ਤੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਵਾਇਆ ਗਿਆ ਸੀ, ਉਸ ਥਾਂ ਦੇ ਉੱਪਰ ਸੋਨੇ ਨਾਲ ਜੜਿਆ ਗੁੰਬਦ ਹੈ। ਇਹੀ ਸਤਿਕਾਰ ਵੱਡੇ ਸਾਹਿਬਜ਼ਾਦਿਆਂ ਅਤੇ ਦੂਜੇ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ ਵਿਚ ਬਣੇ ਧਾਮਾਂ ਨੂੰ ਮਿਲਿਆ ਹੈ। ਦੂਜੇ ਪਾਸੇ ਖ਼ੁਦ ਨੂੰ ਆਲਮਗੀਰ ਸਮਝਣ ਵਾਲੇ ਔਰੰਗਜ਼ੇਬ ਦੀ ਕਬਰ ’ਤੇ ਦੀਵਾ-ਵੱਟੀ ਕਰਨ ਵਾਲਾ ਟਾਵਾਂ-ਟਾਵਾਂ ਹੀ ਦਿਸਦਾ ਹੈ। ਔਰੰਗਜ਼ੇਬ ਨੇ 88 ਸਾਲ ਦੀ ਜ਼ਿੰਦਗੀ ਬਤੀਤ ਕੀਤੀ ਜਿਨ੍ਹਾਂ ’ਚੋਂ 49 ਸਾਲ ਉਸ ਨੇ ਰਾਜ ਕੀਤਾ ਸੀ। ਉਸ ਨੇ ਦੱਖਣ ਨੂੰ ਜਿੱਤਣ ਲਈ 26 ਸਾਲ ਬਿਤਾਏ ਤੇ ਇਸੇ ਖੇਤਰ ਵਿਚ ਉਸ ਨੇ ਅੰਤਿਮ ਸਵਾਸ ਲਏ ਸਨ। ਬਿਰਧ ਅਵਸਥਾ ਵਿਚ ਉਸ ਨੂੰ ਬਿਤਾਈ ਸ਼ਾਹਾਨਾ ਜ਼ਿੰਦਗੀ ਸਤਾ ਰਹੀ ਸੀ। ਜਦੋਂ ਉਹ ਦਿੱਲੀ ਤੋਂ ਦੱਖਣ ਵੱਲ ਵਹੀਰਾਂ ਘੱਤ ਰਿਹਾ ਸੀ ਤਾਂ ਉਸ ਨਾਲ ਵੱਡਾ ਲਸ਼ਕਰ ਤੇ ਕਾਫ਼ਲਾ ਚੱਲਦਾ ਸੀ। ਇਹ ਚੱਲਦੀ-ਫਿਰਦੀ ਰਾਜਧਾਨੀ ਵਾਂਗ ਸੀ।
ਜਿੱਥੇ ਉਹ ਕਿਆਮ ਕਰਦਾ ਓਥੇ ਢਾਈ-ਤਿੰਨ ਸੌ ਬਾਜ਼ਾਰ ਸਜ ਜਾਂਦੇ ਸਨ। ਕਾਫ਼ਲੇ ਵਿਚ 50,000 ਊਠ ਤੇ 30,000 ਹਾਥੀ ਨਾਲ ਚੱਲਦੇ। ਤੀਜਾ ਬੇਟਾ ਰਾਜਪੂਤਾਂ ਨਾਲ ਮਿਲ ਗਿਆ ਸੀ ਜਿਨ੍ਹਾਂ ਦੇ ਵਿਦਰੋਹ ਨੂੰ ਕੁਚਲਣ ਲਈ ਉਸ ਨੂੰ ਦੱਖਣ ਭੇਜਿਆ ਗਿਆ ਸੀ। ਜਲਾਵਤਨ ਹੋਇਆ ਤੀਜਾ ਪੁੱਤਰ ਅਕਬਰ ਆਪਣੇ ਵਾਲਿਦ ਦੀ ਫ਼ੌਤ ਲਈ ਅਰਦਾਸਾਂ ਕਰਦਾ ਰਿਹਾ। ਇਹ ਵੱਖਰੀ ਗੱਲ ਹੈ ਕਿ ਔਰੰਗਜ਼ੇਬ ਤੋਂ ਪਹਿਲਾਂ ਪੁੱਤਰ ਦੀ ਮੌਤ ਹੋ ਗਈ ਸੀ। ਮੁਸਲਮਾਨ ਹਾਕਮਾਂ ਦਾ ਤਖ਼ਤ ਤੋਂ ਤਾਬੂਤ ਤੱਕ ਦਾ ਸਫ਼ਰ ਇੱਕੋ ਜਿਹਾ ਹੀ ਸੀ। ਇਕ ਤਖ਼ਤ ’ਤੇ ਬੈਠਦਾ ਤੇ ਦੂਜਾ ਤਖ਼ਤੇ ’ਤੇ ਲਟਕਦਾ ਮਿਲਦਾ। ਸਦੀਆਂ ਪੁਰਾਣੀ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਪੁੱਟਣ ਲਈ ਹੀ ਤਾਂ ਗੁਰੂ ਗੋਬਿੰਦ ਸਿੰਘ ਨੇ ‘ਧਰਮ ਯੁੱਧ’ ਦਾ ਬਿਗਲ ਵਜਾਇਆ ਸੀ। ਇਸੇ ਕਰਕੇ ਹਰ ਮੈਦਾਨ-ਏ-ਜੰਗ ਦਾ ਜੇਤੂ ਅਖ਼ੀਰਲੇ ਦਿਨਾਂ ਵਿਚ ਹਾਰਿਆ-ਹਾਰਿਆ ਮਹਿਸੂਸ ਕਰਦਾ ਸੀ। ਜਿਸ ਸ਼ਖ਼ਸ ਦੀ ਉਂਗਲ ਦੇ ਇਸ਼ਾਰੇ ’ਤੇ ਖ਼ੂਨ ਦੀਆਂ ਨਦੀਆਂ ਵਹਿੰਦੀਆਂ ਸਨ, ਉਸ ਵਿਚ ਪਾਈ ਕੀਮਤੀ ਅੰਗੂਠੀ ਭਾਰੀ ਲੱਗ ਰਹੀ ਸੀ।
ਉਸ ਦੀਆਂ ਅੱਖਾਂ ਅੱਗੇ ਵੱਡਾ ਭਰਾ ਦਾਰਾ ਸ਼ਿਕੋਹ ਲੰਘਿਆ ਜਿਸ ਦਾ ਕੱਟਿਆ ਹੋਇਆ ਸਿਰ ਤਸ਼ਕਰੀ ਵਿਚ ਢੱਕ ਕੇ ਕੈਦ ਕੀਤੇ ਪਿਤਾ ਸ਼ਾਹ ਜਹਾਨ ਨੂੰ ਤੋਹਫ਼ੇ ਦੇ ਤੌਰ ’ਤੇ ਉਸ ਨੇ ਭੇਜਿਆ ਸੀ। ਇਸੇ ਲਈ ‘ਜ਼ਫ਼ਰਨਾਮਾ’ ਦਾ ਹਰ ਸ਼ਬਦ ਬਾਣ ਵਾਂਗ ਉਸ ਦੀ ਹਿੱਕ ’ਤੇ ਵੱਜ ਰਿਹਾ ਸੀ। ਔਰੰਗਜ਼ੇਬ ਦੇ ਸ਼ਿਕਸਤਨਾਮਾ ਦੀ ਇਬਾਰਤ ਉਸ ਵੱਲੋਂ ਗੁਨਾਹਾਂ ਤੋਂ ਕੀਤੀ ਤੌਬਾ ਹੀ ਸੀ। ‘‘ਮੈਂ ਇਕੱਲਾ ਆਇਆ ਸੀ ਤੇ ਇਕ ਅਜਨਬੀ ਵਾਂਗ ਜਾ ਰਿਹਾ ਹਾਂ। ਰਾਜ ਕਰੇਂਦਿਆਂ ਮੈਂ ਜੋ ਗੁਨਾਹ ਕੀਤੇ ਉਨ੍ਹਾਂ ਨੇ ਮੇਰੇ ਲਈ ਘੋਰ ਨਿਰਾਸ਼ਾ ਛੱਡੀ ਹੈ। ਮੈਂ ਜੋ ਵੀ ਕੀਤਾ ਅੱਲ੍ਹਾ ਮੇਰੇ ’ਤੇ ਰਹਿਮ ਕਰੇ। ਮੈਂ ਬਤੌਰ ਬਾਦਸ਼ਾਹ ਨਾਕਾਮ ਹੋ ਗਿਆ। ਮੇਰਾ ਅਮੁੱਲਾ ਜੀਵਨ ਕਿਸੇ ਦੇ ਕੰਮ ਨਾ ਆ ਸਕਿਆ।