June 29, 2024

ਮਰੀਅਮ ਨਵਾਜ਼ ਸਰਕਾਰ ਦੇ ਪਹਿਲੇ ਸੌ ਦਿਨ

ਪਿਛਲੇ ਦਿਨੀਂ ਲਹਿੰਦੇ ਪੰਜਾਬ ਦੀ ਬੀਬਾ ਮਰੀਅਮ ਨਵਾਜ਼ ਸ਼ਰੀਫ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਪੂਰੇ ਕਰ ਲਏ ਹਨ। ਲਹਿੰਦੇ ਪੰਜਾਬ ਦੀ ਕਰੀਬ 50 ਸਾਲਾ ਪੜ੍ਹੀ-ਲਿਖੀ ਪਹਿਲੀ ਐਸੀ ਤ੍ਰੀਮਤ ਮਰੀਅਮ ਨਵਾਜ਼ ਸ਼ਰੀਫ ਹਨ ਜਿਸ ਨੂੰ 6 ਫਰਵਰੀ 2024 ਨੂੰ ਇਸ ਦੀ 20ਵੀਂ ਮੁੱਖ ਮੰਤਰੀ ਬਣਨ ਦਾ ਮਾਣ ਮਿਲਿਆ। ਮਨੁੱਖ ਪ੍ਰਧਾਨ ਪਾਕਿਸਤਾਨ ਇਸਲਾਮਿਕ ਰਿਪਬਲਿਕ ਅੰਦਰ ਕਿਸੇ ਔਰਤ ਲਈ ਨਿਸ਼ਚਿਤ ਤੌਰ ’ਤੇ ਇਹ ਇਤਿਹਾਸਕ ਪ੍ਰਾਪਤੀ ਹੈ। ਉਸ ਤੋਂ ਪਹਿਲਾਂ ਬੇਨਜ਼ੀਰ ਭੁੱਟੋ ਐਸੀ ਹੀ ਪੜ੍ਹੀ-ਲਿਖੀ ਔਰਤ ਸੀ ਜਿਸ ਨੂੰ 2 ਦਸੰਬਰ 1988 ਤੋਂ 6 ਅਗਸਤ 1990 ਅਤੇ 18 ਅਕਤੂਬਰ 1993 ਤੋਂ 5 ਨਵੰਬਰ 1996 ਤੱਕ ਦੋ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਮਰੀਅਮ ਨੂੰ ਰਾਜਨੀਤੀ ਅਤੇ ਪ੍ਰਸ਼ਾਸਨ ਦੀ ਕਲਾ ਉਵੇਂ ਹੀ ਆਪਣੇ ਪਿਤਾ ਨਵਾਜ਼ ਸ਼ਰੀਫ਼ (ਸਾਬਕਾ ਪ੍ਰਧਾਨ ਮੰਤਰੀ) ਦੀ ਵਿਰਾਸਤ ਵਿਚੋਂ ਹਾਸਿਲ ਹੋਈ ਹੈ ਜਿਵੇਂ ਬੇਨਜ਼ੀਰ ਭੁੱਟੋ ਨੂੰ ਆਪਣੇ ਪਿਤਾ ਜ਼ੁਲਿਫਕਾਰ ਅਲੀ ਭੁੱਟੋ (ਸਾਬਕਾ ਪ੍ਰਧਾਨ ਮੰਤਰੀ) ਦੀ ਵਿਰਾਸਤ ਵਿਚੋਂ ਮਿਲੀ ਸੀ। ਅਜੋਕੇ ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਰਾਜਨੀਤਕ ਸਾਜਿ਼ਸ਼ੀ ਦੌਰ ਅਤੇ ਤਾਕਤਵਰ ਵਿਰੋਧੀ ਧਿਰ ਦੀ ਬਾਜ਼ ਅੱਖ ਵਾਲੇ ਵਤੀਰੇ ਵਿਚ ਪਾਕਿਸਤਾਨ ਦੇ ਕਰੀਬ 13 ਕਰੋੜ ਆਬਾਦੀ ਵਾਲੇ ਪੰਜਾਬ ਵਿਚ ਸਫਲਤਾਪੂਰਕ ਸਰਕਾਰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਆਪਣੀ ਸਰਕਾਰ ਨੂੰ ਰਾਜਨੀਤਕ ਸਥਿਰਤਾ ਰਾਹੀਂ ਆਧੁਨਿਕ ਆਰਥਿਕ, ਤਕਨੀਕੀ, ਸਾਇੰਸੀ, ਸਨਅਤੀ, ਮੁਢਲੇ ਢਾਂਚੇ ਸਬੰਧਿਤ ਪ੍ਰੋਗਰਾਮਾਂ ਬਲਬੂਤੇ ਤਰੱਕੀ ਅਤੇ ਖੁਸ਼ਹਾਲੀ ਦੇ ਮਾਰਗ ਦੇ ਤੋਰਨ ਲਈ ਮਰੀਅਮ ਨੇ ਨਾ ਦਿਨ ਦੇਖਿਆ, ਨਾ ਰਾਤ, ਸਖਤ ਮਿਹਨਤ ਕੀਤੀ ਹੈ। ਮਰੀਅਮ ਰਾਤ ਦਿਨ ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੇ ਮੁਹੱਲਿਆਂ ਸਨਅਤਾਂ, ਵਿਦਿਅਕ ਸੰਸਥਾਵਾਂ, ਗਰੀਬ ਖਾਨਿਆਂ ਦੇ ਗਲਿਆਰੇ ਗਾਹੁੰਦੀ ਦੇਖੀ ਗਈ। ਪੁਲੀਸ ਮੁਖੀ, ਪ੍ਰਸ਼ਾਸਨ ਮੁਖੀ ਮੁੱਖ ਸਕੱਤਰ, ਵਿਭਾਗੀ ਸਕੱਤਰਾਂ ਅਤੇ ਮੰਤਰੀਆਂ ਤੋਂ ਰੋਜ਼ਾਨਾ ਰਿਪੋਰਟ ਤਲਬ ਕਰਦੀ ਦੇਖੀ ਗਈ। ਕਰੀਬ 42 ਜਨਤਕ ਭਲਾਈ ਵਾਲੇ ਪ੍ਰਾਜੈਕਟ ਚਾਲੂ ਕੀਤੇ ਗਏ ਜੋ ਰਿਕਾਰਡ ਹੈ। ਲਹਿੰਦੇ ਪੰਜਾਬ ਦੀ ਤਰੱਕੀ ਲਈ ਯੋਜਨਾਬੱਧ ਪ੍ਰਾਜੈਕਟ ਮੂੰਹੋਂ ਬੋਲਦੇ ਹਨ। 30 ਬਿਲੀਅਨ ਰੁਪਏ ਆਧਾਰਿਤ ਰਮਜ਼ਾਨ ਨਿਗਾਹਬਾਨ ਪੈਕੇਜ ਰਾਹੀਂ ਲੋੜਵੰਦ ਸਾਢੇ ਤਿੰਨ ਕਰੋੜ ਲੋਕਾਂ ਨੂੰ 6.5 ਮਿਲੀਅਨ ਬੈਗ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਆਟਾ, ਦਾਲ, ਖੰਡ, ਘਿਉ, ਵੇਸਣ ਹਨ। 2023-24 ਲਈ ਕਣਕ ਲਈ ਐੱਮਐੱਸਪੀ 3900 ਰੁਪਏ ਪ੍ਰਤੀ 40 ਕਿਲੋ ਕੀਤੀ ਹੈ। ਸਿਹਤਮੰਦ ਪੰਜਾਬ ਪ੍ਰੋਗਰਾਮ ਅਧੀਨ ਲਾਹੌਰ ਵਿੱਚ ਕੈਂਸਰ ਹਸਪਤਾਲ, ਨਵਾਜ਼ ਸ਼ਰੀਫ ਕਾਰਡੀਆਲੋਜੀ ਹਸਪਤਾਲ ਸਰਗੋਧਾ, 32 ਫੀਲਡ ਹਸਪਤਾਲ ਖੋਲ੍ਹੇ ਗਏ ਹਨ। ‘ਪਹੀਆਂ ’ਤੇ ਕਲਿਨਿਕ’ ਪ੍ਰੋਗਰਾਮ ਅਧੀਨ 200 ਐਸੀਆਂ ਕਲਿਨਿਕਾਂ ਪਹਿਲੇ ਪੜਾਅ ਵਿਚ 8 ਜ਼ਿਲ੍ਹਿਆਂ ਵਿਚ ਚਾਲੂ ਕੀਤੀਆਂ ਹਨ। 2500 ਮੁੱਢਲੇ ਸਿਹਤ ਕੇਂਦਰ ਬਣਾਏ ਗਏ ਹਨ। ਇਸ ਪ੍ਰੋਗਰਾਮ ਤਹਿਤ ਪਹਿਲੇ ਪੜਾਅ ਵਿਚ ਇੱਕ ਲੱਖ ਘਰ ਉਸਾਰੇ ਜਾ ਰਹੇ ਹਨ। ਵਿਦਿਆਰਥੀਆਂ ਦੀ ਆਵਾਜਾਈ ਲਈ 20000 ਬਾਈਕਾਂ, 657 ਨਵੀਆਂ ਬੱਸਾਂ ਦਾ ਪ੍ਰਬੰਧ ਕੀਤਾ ਹੈ। 70 ਪ੍ਰੀਤਸ਼ਤ ਲੜਕਿਆਂ ਅਤੇ 30 ਪ੍ਰਤੀਸ਼ਤ ਲੜਕੀਆਂ ਨੂੰ ਬਾਈਕ ਦਿੱਤੇ ਜਾਣਗੇ। ਇਸ ਪ੍ਰਾਜੈਕਟ ਲਈ 10 ਬਿਲੀਅਨ ਰੁਪਏ ਸ਼ੁਰੂ ਵਿਚ ਰੱਖੇ ਹਨ। ਪਾਕਿਸਤਾਨ ਕਿਡਨੀ ਅਤੇ ਲਿਵਰ ਸੰਸਥਾ ਤੇ ਖੋਜ ਕੇਂਦਰ (ਲਾਹੌਰ) 853 ਏਕੜ ਵਿਚ ਤਿਆਰ ਹੋ ਰਿਹਾ ਹੈ। ਚਾਰ ਆਈਟੀ ਜ਼ਿਲ੍ਹਾ, ਸਿੱਖਿਆ ਸਿਟੀ, ਫਿਲਮ ਸਿਟੀ, ਕਾਰੋਬਾਰੀ ਅਤੇ ਰਿਹਾਇਸ਼ੀ ਖੇਤਰ ਉਸਾਰੇ ਜਾ ਰਹੇ ਹਨ। ਇਨ੍ਹਾਂ ਅਧੀਨ 10 ਲੱਖ ਰੋਜ਼ਗਾਰ ਪੈਦਾ ਹੋਣਗੇ। ਸਪੈਸ਼ਲ ਸਥਾਨਕ ਅਤੇ ਕੌਮਾਂਤਰੀ ਖਿੱਚ ਦੇ ਕੇਂਦਰਾਂ ਵਜੋਂ ਵਿਸ਼ੇਸ਼ ਆਰਥਿਕ ਜ਼ੋਨ ਉਸਾਰੇ ਜਾ ਰਹੇ ਹਨ। ਇਨ੍ਹਾਂ ਨੂੰ ਭਾਰਤ ਦੀ ਅਟਲ ਬਿਹਾਰੀ ਵਾਜਪਈ ਸਰਕਾਰ ਵੱਲੋਂ ਪਹਾੜੀ ਰਾਜਾਂ ਵਿਚ ਸਥਾਪਿਤ ਅਤੇ ਵਿਕਸਿਤ ਕਰਨ ਦੀ ਤਰਜ਼ ’ਤੇ 10 ਸਾਲਾਂ ਲਈ ਟੈਕਸ ਮੁਆਫੀ ਅਤੇ ਹੋਰ ਸਹੂਲਤਾਂ ਦਿੱਤੀਆਂ ਹਨ। ਚੀਨੀ ਮਸ਼ੀਨਰੀ ਇੰਜਨੀਅਰਿੰਗ ਕਾਰਪੋਰੇਸ਼ਨ ਨਾਲ ਇਸ ਮੰਤਵ ਲਈ ਸਮਝੌਤਾ ਕੀਤਾ ਗਿਆ ਹੈ। ਕਿਸਾਨਾਂ ਦਾ ਭਵਿੱਖ ਉਸਾਰਨ 150 ਬਿਲੀਅਨ ਕਰਜ਼ ਦਾ ਪ੍ਰਬੰਧ 5 ਲੱਖ ਕਿਸਾਨਾਂ ਲਈ ਕੀਤਾ ਹੈ। ਵਧੀਆ ਬੀਜਾਂ, ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਖਰੀਦ ਲਈ 30 ਹਜ਼ਾਰ ਪ੍ਰਤੀ ਏਕੜ ਦਿੱਤੇ ਜਾਣਗੇ। ਨਿੱਜੀ ਖੇਤਰਾਂ (ਕਾਰਪੋਰੇਟਰਾਂ) ਦੇ ਸਹਿਯੋਗ ਨਾਲ ਮਾਡਲ ਖੇਤੀ ਕੇਂਦਰ ਸਥਾਪਿਤ ਕੀਤੇ ਜਾਣਗੇ ਲੇਕਿਨ ਇਹ ਧਿਆਨ ਰੱਖਣਾ ਪਵੇਗਾ ਕਿ ਉਹ ਕਿਤੇ ਖੇਤਰੀ ਖੇਤਰ ਹੀ ਹੜੱਪ ਨਾ ਜਾਣ। ਚੀਨ ਦੀ ਮਦਦ ਨਾਲ ਫੈਸਲਾਬਾਦ ਯੂਨੀਵਰਸਿਟੀ ਵਿਚ 2 ਬਿਲੀਅਨ ਰੁਪਏ ਦੀ ਲਾਗਤ ਨਾਲ ਖੇਤੀ ਖੋਜ ਅਤੇ ਵਿਕਾਸ ਕੇਂਦਰ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਵਿਚ 500 ਖੇਤੀ ਗਰੈਜੂਏਟ ਭਰਤੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 12.6 ਬਿਲੀਅਨ ਰੁਪਏ ਨਾਲ ਸੋਲਰ ਸਿਸਟਮ ਵਿਕਸਿਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਆਰਥਿਕ ਵਿਕਾਸ, ਆਪਸੀ ਮਿਲਵਰਤਨ, ਸੂਬੇ ਨੂੰ ਤੇਜ਼ ਗਤੀ ਬੱਸ ਸੇਵਾਵਾਂ ਨਾਲ ਜੋੜਨ, ਟ੍ਰਾਂਸਪੋਰਟ ਵਿਕਾਸ, ਕਾਰੋਬਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ 5 ਐਕਸਪ੍ਰੈੱਸ ਮਾਰਗ (ਮੁਲਤਾਨ ਤੋਂ ਵਿਹਾਰੀ, ਫੈਸਲਾਬਾਦ ਤੋਂ ਚਿਨੌਟ, ਬਹਾਵਲਪੁਰ ਤੋਂ ਚੰਗਾਰਾ, ਸਾਹੀਵਾਲ ਤੋਂ ਸਮੁੰਦਰੀ ਤੇ. ਚੀਚਾਵਤਨੀ ਤੋਂ ਲਾਯਾ ਤੱਕ) ਵਿਕਸਿਤ ਕੀਤੇ ਜਾਣਗੇ। ਪੰਜਾਬ ਸੁਰੱਖਿਅਤ ਸਿਟੀ ਅਥਾਰਟੀ ਅਧੀਨ ਮਾਡਲ ਔਰਤ ਪੁਲੀਸ ਸਟੇਸ਼ਨ ਔਰਤ ਸੁਰੱਖਿਆ ਲਈ ਖੋਲ੍ਹੇ ਹਨ। ਯੂਨੀਵਰਸਿਟੀ, ਕਾਲਜਾਂ, ਮਾਰਕਿਟਾਂ, ਚੌਰਾਹਿਆਂ ਵਿਚ ਸੁਰੱਖਿਆ ਲਈ ‘ਪੈਨਕ ਬਟਨ’ ਲਗਾਏ ਹਨ। ਅੱਛਾ ਕਦਮ ਹੈ। ਤਨਖਾਹਾਂ ਵਿਚ 20 ਤੋਂ 25 ਪ੍ਰਤੀਸ਼ਤ, ਪੈਨਸ਼ਨਾਂ ਵਿੱਚ 15 ਪ੍ਰਤੀਸ਼ਤ ਵਾਧਾ ਸ਼ਲਾਘਾਯੋਗ ਹੈ। ਕਫਾਇਤ ਜ਼ਰੂਰੀ ਹੈ। ਖੈਰ! ਮਰੀਅਮ ਨੇ ਉਮਦਾ ਸ਼ੁਰੂਆਤ ਦਾ ਮੁਜ਼ਾਹਰਾ ਕੀਤਾ ਹੈ। ਚੁਣੌਤੀਆਂ ਵੱਡੀਆਂ ਹਨ। ਆਸ ਹੈ, ਉਹ ਪੰਜਾਬੀਆਂ ਦੀਆਂ ਆਸਾਂ’ਤੇ ਪੂਰੀ ਉਤਰੇਗੀ।

ਮਰੀਅਮ ਨਵਾਜ਼ ਸਰਕਾਰ ਦੇ ਪਹਿਲੇ ਸੌ ਦਿਨ Read More »

ਮਾਤਾ ਬਚਿੰਤ ਕੌਰ ਦੀ ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ

ਅਪੈਕਸ ਕਲੱਬ ਮਾਨਸਾ ਵਲੋਂ ਸ਼ਹਿਰ ਦੇ ਖੂਨਦਾਨੀ ਬਲਜੀਤ ਸ਼ਰਮਾ ਦੀ ਮਾਤਾ ਬਚਿੰਤ ਕੌਰ ਨਮਿਤ ਅੰਤਿਮ ਅਰਦਾਸ ਮੌਕੇ ਇੱਥੇ ਗਊਸ਼ਾਲਾ ਭਵਨ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਮਰਹੂਮ ਬਚਿੰਤ ਕੌਰ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਬਲੱਡ ਬੈਂਕਾਂ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨਾ ਵੀ ਸੀ, ਇਸ ਕੈਂਪ ਵਿੱਚ ਅਪੈਕਸ ਕਲੱਬ ਦੇ ਮੈਂਬਰਾਂ ਸਣੇ 25 ਲੋਕਾਂ ਨੇ ਖੂਨਦਾਨ ਕਰ ਕੇ ਮਾਨਵਤਾ ਦੀ ਸੇਵਾ ਲਈ ਯੋਗਦਾਨ ਪਾਇਆ ਹੈ। ਮਾਨਸਾ ਸ਼ਹਿਰ ਦੇ ਸਰਜਨ ਡਾ. ਟੀਪੀਐੱਸ ਰੇਖੀ ਨੇ ਕਿਹਾ ਕਿ ਇਸ ਤਰ੍ਹਾਂ ਸ਼ਰਧਾਂਜਲੀ ਸਮਾਗਮ ਸਮੇਂ ਖੂਨਦਾਨ ਕੈਂਪ ਲਗਾਉਣ ਨਾਲ ਲੋਕਾਂ ਵਿੱਚ ਖੂਨਦਾਨ ਕਰਨ ਦੀ ਜਾਗਰੁਕਤਾ ਪੈਦਾ ਹੁੰਦੀ ਹੈ ਅਤੇ ਕਈ ਲੋਕਾਂ ਨੂੰ ਅਜਿਹੇ ਕੈਂਪਾਂ ਰਾਹੀਂ ਪਹਿਲੀ ਵਾਰ ਖ਼ੂਨਦਾਨ ਕਰਨ ਦਾ ਮੌਕਾ ਮਿਲਦਾ ਹੈ, ਉਹ ਅੱਗੇ ਜਾ ਕੇ ਰੈਗੂਲਰ ਖੂਨਦਾਨ ਕਰਨ ਲੱਗ ਜਾਂਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਕੌਰ ਗਾਗੋਵਾਲ, ਗੁਰਪ੍ਰੀਤ ਵਿੱਕੀ, ਪ੍ਰੇਮ ਅਰੋੜਾ, ਡਾ. ਜਨਕ ਰਾਜ ਸਿੰਗਲਾ, ਡਾ. ਵਰੁਣ ਮਿੱਤਲ, ਡਾ. ਪਵਨ ਬਾਂਸਲ ਵੀ ਮੌਜੂਦ ਸਨ।

ਮਾਤਾ ਬਚਿੰਤ ਕੌਰ ਦੀ ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ Read More »

ਅਕਾਲੀ ਦਲ (ਅ) ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਕੇਂਦਰ ਸਰਕਾਰ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਪਿਛਲੇ 13 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ। ਇਹ ਚੋਣ ਸਿੱਖ ਕੌਮ ਦਾ ਹੱਕ ਹੈ, ਜਿਸ ਤੋਂ ਉਨ੍ਹਾਂ ਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸੰਸਦ ਮੈਂਬਰ ਕੰਗਨਾ ਰਣੌਤ ਦੇ ਪੰਜਾਬੀਆਂ ਨੂੰ ਥੱਪੜ ਮਾਰਨ ਦੇ ਬਿਆਨ ਅਤੇ ਦਰਬਾਰ ਸਾਹਿਬ ਵਿਖੇ ਯੋਗ ਕਰਨ ਆਈ ਮਹਿਲਾ ’ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ। ਇਸ ਮੌਕੇ ਈਮਾਨ ਸਿੰਘ ਮਾਨ ਨੇ ਸੂਬਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ‘ਆਪ’ ਸਰਕਾਰ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ। ਇਸ ਮੌਕੇ ਬਾਬਾ ਲਹਿਣਾ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਸ ਨੂੰ ਸਹੁੰ ਨਾ ਚੁਕਵਾਉਣ ਦਾ ਮਾਮਲਾ ਸਮੁੱਚੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਉਭਾਰਨਾ ਚਾਹੀਦਾ ਹੈ।

ਅਕਾਲੀ ਦਲ (ਅ) ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ Read More »

ਕਿੰਨੀ ਦੇਰ ਤਕ ਵਾਲਾਂ ਵਿਚ ਲਗਾ ਕੇ ਰਖਣਾ ਚਾਹੀਦੈ ਤੇਲ

ਤੁਹਾਨੂੰ ਵਾਲਾਂ ਵਿਚ ਤੇਲ ਲਗਾ ਕੇ ਕਿੰਨੀ ਦੇਰ ਲਈ ਰਖਣਾ ਚਾਹੀਦਾ ਹੈ। ਰਾਤ ਭਰ ਜਾਂ ਫਿਰ ਸਿਰਫ਼ ਇਕ ਘੰਟਾ। ਪੁਰਾਣੇ ਸਮੇਂ ਤੋਂ ਇਹ ਮਾਨਤਾ ਚਲੀ ਆ ਰਹੀ ਹੈ ਕਿ ਜਿੰਨੀ ਦੇਰ ਵਾਲਾਂ ਵਿਚ ਤੇਲ ਲਗਾ ਕੇ ਰਖਿਆ ਜਾਵੇਗਾ, ਵਾਲ ਓਨੇ ਹੀ ਬਿਹਤਰ ਹੋਣਗੇ। ਕੀ ਇਹ ਅਸਲ ਸੱਚ ਹੈ? ਆਮ ਤੌਰ ’ਤੇ ਵਾਲਾਂ ਦੇ ਤੇਲ ਦਾ ਕੰਮ ਹੁੰਦਾ ਹੈ ਵਾਲਾਂ ਦੀ ਗਹਿਰਾਈ ਵਿਚ ਜਾਣਾ, ਜੜ੍ਹਾਂ ਨੂੰ ਮਜ਼ਬੂਤ ਬਣਾਉਣਾ, ਕਿਊਟੀਕਲ ਨੂੰ ਸੀਲ ਕਰਨਾ, ਸਕੈਲਪ ਨੂੰ ਪੋਸ਼ਣ ਦੇਣਾ ਅਤੇ ਵਾਲਾਂ ਨੂੰ ਖ਼ੂਬਸੂਰਤ ਬਣਾਉਣਾ। ਹੁਣ ਸਵਾਲ ਉਠਦਾ ਹੈ ਕਿ ਵਾਲਾਂ ਵਿਚ ਕਿੰਨੀ ਦੇਰ ਤੇਲ ਲਗਾ ਕੇ ਰਖਣਾ ਚਾਹੀਦਾ ਹੈ ਤਾਂ ਇਹ ਤੁਹਾਡੇ ਵਾਲਾਂ ਦੇ ਪ੍ਰਕਾਰ ’ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡੇ ਸਕੈਲਪ ਦਾ ਪੀਐਚ ਲੈਵਲ ਸੰਤੁਲਿਤ ਹੈ ਅਤੇ ਵਾਲ ਸਿਹਤਮੰਦ ਹਨ ਤਾਂ ਵਾਲਾਂ ਦੇ ਤੇਲ ਇਕ ਘੰਟੇ ਲਈ ਹੀ ਕਾਫ਼ੀ ਰਹੇਗਾ। ਉਥੇ ਹੀ ਜੇਕਰ ਤੁਹਾਡੇ ਵਾਲ ਖ਼ਰਾਬ ਹਨ, ਵਾਲਾਂ ਦੇ ਸਿਰੇ ਬੇਜਾਨ ਹਨ ਤਾਂ ਤੁਹਾਨੂੰ ਕੰਡੀਸ਼ਨਿੰਗ ਲਈ ਜ਼ਿਆਦਾ ਸਮੇਂ ਦੀ ਜ਼ਰੂਰਤ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਰਾਤ ਭਰ ਅਪਣੇ ਵਾਲਾਂ ਵਿਚ ਤੇਲ ਲਗਾ ਕੇ ਰਖਣਾ ਚਾਹੀਦਾ ਹੈ। ਮੌਸਮ ਵਿਚ ਹੁਮਸ ਨੂੰ ਵੇਖ ਕੇ ਤੁਸੀਂ ਹਫ਼ਤੇ ਵਿਚ ਇਕ ਇਕ ਕਰ ਕੇ ਦੋਵੇਂ ਵਾਲਾਂ ਦੇ ਤੇਲ ਦੀ ਤਕਨੀਕ ਅਪਣਾ ਸਕਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਕਈ ਲੋਕਾਂ ਨੂੰ ਵਾਲਾਂ ਵਿਚ ਤੇਲ ਲਗਾਉਣ ਦੀ ਠੀਕ ਤਕਨੀਕ ਹੁਣ ਤਕ ਪਤਾ ਨਹੀਂ। ਅਸੀਂ ਤੁਹਾਨੂੰ ਇਸ ਦੇ ਸਾਰੇ ਸਟੈਪ ਇਕ ਇਕ ਕਰ ਕੇ ਦਸਾਂਗੇ ਤਾਂਕਿ ਤੁਸੀਂ ਅਪਣੇ ਵਾਲਾਂ ਦੀ ਆਇਲਿੰਗ ਚੰਗੇ ਢੰਗ ਨਾਲ ਕਰ ਸਕੋ ਅਤੇ ਇਸ ਦਾ ਪੂਰਾ ਫ਼ਾਇਦਾ ਵਾਲਾਂ ਨੂੰ ਮਿਲ ਸਕੇ। ਚੌੜੇ ਦੰਦੇ ਵਾਲੀ ਕੰਘੀ ਲੈ ਕੇ ਵਾਲ ਸੰਵਾਰੋ ਅਤੇ ਵਾਲਾਂ ਦੀਆਂ ਸਾਰੀ ਉਲਝਣਾਂ ਨੂੰ ਦੂਰ ਕਰੋ। ਤੁਸੀਂ ਅਪਣੀ ਪਸੰਦ ਦਾ ਕੋਈ ਵੀ ਤੇਲ ਚੁਣ ਸਕਦੇ ਹੋ। ਉਸ ਨੂੰ ਲੈ ਕੇ 2 ਮਿੰਟ ਤਕ ਘੱਟ ਅੱਗ ’ਤੇ ਗਰਮ ਕਰੋ। ਹੁਣ ਉਸ ਦੀ ਗਰਮਾਹਟ ਨੂੰ ਕਮਰੇ ਦੇ ਤਾਪਮਾਨ ਵਿਚ ਆਉਣ ਦਿਉ। ਤੁਸੀਂ ਸਿੱਧੇ ਅਪਣੀ ਖੋਪੜੀ ’ਤੇ ਤੇਲ ਪਾਉਣ ਤੋਂ ਬਚੋ ਕਿਉਂਕਿ ਇਹ ਤੁਹਾਡੇ ਵਾਲਾਂ ਨੂੰ ਚਿਪਚਿਪਾ ਬਣਾ ਦੇਵੇਗਾ। ਇਸ ਦੀ ਵਜ੍ਹਾ ਨਾਲ ਤੁਹਾਨੂੰ ਜ਼ਿਆਦਾ ਸ਼ੈਪੂ ਦਾ ਇਸਤੇਮਾਲ ਕਰਨਾ ਪਵੇਗਾ। ਅਪਣੇ ਵਾਲਾਂ ਨੂੰ ਛੋਟੇ ਛੋਟੇ ਹਿੱਸਿਆਂ ਵਿਚ ਵੰਡ ਲਵੋ। ਹੁਣ ਅਪਣੀਆਂ ਉਂਗਲੀਆਂ ਨੂੰ ਹਲਕੇ ਗਰਮ ਤੇਲ ਵਿਚ ਪਾਉ ਅਤੇ ਹੌਲੀ- ਹੌਲੀ ਪਾਰਟੀਸ਼ਨ ਵਿਚ ਲਗਾਉ। ਅਪਣੀ ਹਥੇਲੀ ਨਾਲ ਅਪਣੀ ਖੋਪੜੀ ਨੂੰ ਨਾ ਰਗੜੋ। ਅਜਿਹਾ ਕਰਨ ਨਾਲ ਜ਼ਿਆਦਾ ਵਾਲ ਝੜਦੇ ਅਤੇ ਟੁਟਦੇ ਹਨ। ਇਸ ਦੀ ਬਜਾਏ ਤੁਸੀਂ ਅਪਣੀਆਂ ਉਂਗਲੀਆਂ ਦੇ ਸਿਰਾਂ ਨਾਲ ਅਪਣੇ ਸਿਰ ਦੀ ਸਰਕੁਲਰ ਮੋਸ਼ਨ ਵਿਚ ਮਸਾਜ ਕਰ ਸਕਦੇ ਹੋ, ਇਸ ਨਾਲ ਤੁਹਾਡਾ ਬਲੱਡ ਸਰਕੁਲੇਸ਼ਨ ਵਧੇਗਾ। ਇਹ ਤੁਸੀਂ 10 ਤੋਂ 15 ਮਿੰਟ ਲਈ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੇਲ ਅੰਦਰ ਜੜ੍ਹਾਂ ਤਕ ਬਿਹਤਰ ਢੰਗ ਨਾਲ ਪੁੱਜੇ ਤਾਂ ਤੁਹਾਨੂੰ ਅਪਣੀ ਖੋਪੜੀ ਨੂੰ ਸਟੀਮ ਦੇਣੀ ਚਾਹੀਦੀ ਹੈ। ਤੁਸੀਂ ਗਰਮ ਪਾਣੀ ਵਿਚ ਇਕ ਹਲਕਾ ਤੌਲੀਆ ਡੁਬੋ ਦਿਉ। ਹੁਣ ਉਸ ਨੂੰ ਬਾਹਰ ਕੱਢ ਕੇ ਉਸ ਵਿਚ ਵਾਧੂ ਪਾਣੀ ਨਚੋੜ ਦਿਉ। ਹੁਣ ਤੁਰਤ ਇਸ ਨਾਲ ਸਿਰ ਅਤੇ ਵਾਲਾਂ ਨੂੰ ਲਪੇਟ ਲਉ। ਇਸ ਗੱਲ ਦਾ ਧਿਆਨ ਰੱਖੋ ਕਿ ਤੇਲ ਲੰਮੇ ਸਮੇਂ ਤਕ ਸਿਰ ’ਤੇ ਨਾ ਲੱਗਾ ਹੋਵੇ ਕਿਉਂਕਿ ਇਸ ਨਾਲ ਗੰਦਗੀ ਜ਼ਿਆਦਾ ਚਿਪਕਦੀ ਹੈ ਅਤੇ ਇਹ ਸਿਕਰੀ ਨੂੰ ਵਧਾ ਦੇਂਦਾ ਹੈ। ਤੁਸੀਂ 12 ਘੰਟੇ ਤੋਂ ਜ਼ਿਆਦਾ ਸਮੇਂ ਲਈ ਸਿਰ ’ਤੇ ਤੇਲ ਲਗਾ ਕੇ ਨਾ ਛੱਡੋ।

ਕਿੰਨੀ ਦੇਰ ਤਕ ਵਾਲਾਂ ਵਿਚ ਲਗਾ ਕੇ ਰਖਣਾ ਚਾਹੀਦੈ ਤੇਲ Read More »

ਪੰਜਾਬੀ ਇੰਡਸਟਰੀ ਵਿੱਚ ਪ੍ਰਸਿੱਧ ਕਾਮੇਡੀ ਅਦਾਕਾਰ ਦੀ ਹੋਈ ਮੌਤ

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਦਿਹਾਂਤ ਹੋ ਗਿਆ।  ਉਹ ਬੀਤੇ ਕੁੱਝ ਸਮੇਂ ਤੋਂ ਬਿਮਾਰ ਸਨ। ਬਠਿੰਡੇ ਦੇ ਜੰਮਪਲ ਚਰਨਜੀਤ ਰੰਗ-ਮੰਚ ਨਾਲ ਜੁੜੇ ਰਹੇ। ਉਨ੍ਹਾਂ ਨੇ ਟੋਨੀ ਬਾਤਿਸ਼ ਤੋਂ ਨਾਟਕੀ ਪੇਸ਼ਕਾਰੀ ਦੇ ਗੁਰ ਸਿੱਖੇ ਅਤੇ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ। ਇੰਗਲੈਂਡ ਵਿਚ ਵੱਖ ਵੱਖ ਰੇਡੀਓ, ਟੀ. ਵੀ. ਪ੍ਰੋਗਰਾਮ ਕਰਕੇ ਪੰਜਾਬੀ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਥਾਂ ਬਣਾਈ। ਚਰਨਜੀਤ ਸੰਧੂ ਨੇ ਵੱਤਰ ਅਤੇ ਲੰਡਨ ਦੀ ਹਾਰ ਫਿਲਮਾਂ ਬਣਾਉਣ ਤੋਂ ਇਲਾਵਾ ਦਰਜਜਨ ਦੇ ਕਰੀਬ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ। ਜਿਸ ਵਿਚ ਦੁੱਲਾ ਵੈਲੀ, ਅੰਗਰੇਜ਼, ਪੰਜਾਬ ਸਿੰਘ, ਜ਼ੋਰਾ ਦੱਸ ਨੰਬਰੀਆ ਆਦਿ ਵਰਨਣਯੋਗ ਹਨ।ਇਸ ਤੋਂ ਇਲਾਵਾ ਗੁਰਚੇਤ ਚਿੱਤਰਕਾਰ ਨਾਲ ਅਨੇਕਾਂ ਹੀ ਕਾਮੇਡੀ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਰਹੇ ਸਨ। ਦੱਸਣਯੋਗ ਹੈ ਕਿ ਚਰਨਜੀਤ ਸੰਧੂ ਨੇ ‘ਬਦਲਾ ਜੱਟੀ ਦਾ’, ‘ਕਠਪੁੱਤਲੀ’, ‘ਕੀ ਬਣੂੰ ਦੁਨੀਆ ਦਾ’, ‘ਤੂਫਾਨ ਸਿੰਘ’, ‘ਅੰਗਰੇਜ’ ਸਣੇ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ। ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਰੇਡੀਓ ‘ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

ਪੰਜਾਬੀ ਇੰਡਸਟਰੀ ਵਿੱਚ ਪ੍ਰਸਿੱਧ ਕਾਮੇਡੀ ਅਦਾਕਾਰ ਦੀ ਹੋਈ ਮੌਤ Read More »

ਇਰਾਨ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਿੰਗ ਸ਼ੁਰੂ

ਇਰਾਨ ਵਿੱਚ ਅੱਜ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਪਿਛਲੇ ਮਹੀਨੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਇਕ ਜਹਾਜ਼ ਹਾਦਸੇ ਵਿੱਚ ਮੌਤ ਤੋਂ ਬਾਅਦ ਇਹ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ ਅਜਿਹੇ ਸਮੇਂ ਵਿੱਚ ਹੋ ਰਹੀਆਂ ਹਨ, ਜਦੋਂ ਇਜ਼ਰਾਈਲ-ਹਮਾਸ ਵਿਚਾਲੇ ਜਾਰੀ ਜੰਗ ਨੂੰ ਲੈ ਕੇ ਪੱਛਮੀ ਏਸ਼ੀਆ ਵਿੱਚ ਵਿਆਪਕ ਪੱਧਰ ’ਤੇ ਤਣਾਅ ਹੈ ਅਤੇ ਇਰਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵੋਟਰਾਂ ਨੂੰ ਕੱਟੜਪੰਥੀ ਉਮੀਦਵਾਰਾਂ ਅਤੇ ਇਕ ਘੱਟ ਚਰਚਿਤ ਸਿਆਸੀ ਆਗੂ ਵਿਚਾਲੇ ਚੋਣ ਕਰਨੀ ਹੋਵੇਗੀ ਜੋ ਇਰਾਨ ਦੇ ਸੁਧਾਰਵਾਦੀ ਅੰਦੋਲਨ ਨਾਲ ਜੁੜਿਆ ਰਿਹਾ ਹੈ। ਇਰਾਨ ਦੇ 85 ਸਾਲਾ ਚੋਟੀ ਦੇ ਆਗੂ ਅਯਾਤੁੱਲਾ ਅਲੀ ਖਾਮਨੇਈ ਨੇ ਪਹਿਲਾ ਵੋਟ ਪਾਇਆ ਅਤੇ ਜਨਤਾ ਨੂੰ ਵੋਟਿੰਗ ਕਰਨ ਦੀ ਅਪੀਲ ਕੀਤੀ।

ਇਰਾਨ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਿੰਗ ਸ਼ੁਰੂ Read More »

ਅਦਾਲਤਾਂ ’ਚ ਪਹਿਲੀ ਨੂੰ ਕੰਮਕਾਰ ਠੱਪ ਕਰੇਗਾ ਵਕੀਲ ਭਾਈਚਾਰਾ

ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਨੇ ਕੇਂਦਰ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਦੇਸ਼ ਵਿੱਚ ਲਾਗੂ ਕੀਤੇ ਜਾਣ ਵਾਲੇ ਤਿੰਨ ਨਵੇਂ ਫ਼ੌਜਦਾਰੀ ਕਾਨੂੰਨ ਫੌਰੀ ਰੋਕਣ ਦੀ ਮੰਗ ਕੀਤੀ ਹੈ। ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਦੱਪਰ ਅਤੇ ਸੂਬਾ ਕਾਰਜਕਾਰਨੀ ਮੈਂਬਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਕਤ ਕਾਨੂੰਨਾਂ ’ਤੇ ਰੋਕ ਲਗਾਉਣ ਸਬੰਧੀ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਕਾਨੂੰਨ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਣੇ ਚੰਡੀਗੜ੍ਹ ਅਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ ਪਹਿਲੀ ਜੁਲਾਈ ਨੂੰ ਅਦਾਲਤਾਂ ਦੇ ਕੰਮਕਾਜ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਜੇ ਕੇਂਦਰ ਵੱਲੋਂ ਇਹ ਕਾਨੂੰਨ ਲੋਕਾਂ ’ਤੇ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਕੀਲ ਭਾਈਚਾਰਾ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਜਨ ਅੰਦੋਲਨ ਸ਼ੁਰੂ ਕਰੇਗਾ ਤੇ ਲੋੜ ਪੈਣ ’ਤੇ ਸੜਕਾਂ ਉਤੇ ਉਤਰਨ ਤੋਂ ਗੁਰੇਜ਼ ਨਹੀਂ ਕਰੇਗਾ। ਵਕੀਲਾਂ ਨੇ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਕਈ ਧਾਰਾਵਾਂ ਲੋਕਾਂ ਲਈ ਬਹੁਤ ਨੁਕਸਾਨਦੇਹ ਹਨ ਅਤੇ ਨਵੇਂ ਕਾਨੂੰਨ ਅਤਿਵਾਦੀ ਕਾਨੂੰਨਾਂ ਤੋਂ ਵੀ ਸਖ਼ਤ ਹਨ, ਜੋ ਦੇਸ਼ ਦੇ ਸੰਵਿਧਾਨ ਦੇ ਵਿਰੁੱਧ ਹਨ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦੇ ਹਨ। ਐਡਵੋਕੇਟ ਦਰਸ਼ਨ ਧਾਲੀਵਾਲ ਨੇ ਦੱਸਿਆ ਕਿ ਨਵੇਂ ਕਾਨੂੰਨਾਂ ਵਿੱਚ ਦੇਸ਼ ਨੂੰ ਪੁਲੀਸ ਰਾਜ ਵਿੱਚ ਤਬਦੀਲ ਕਰਨ ਦੀਆਂ ਗੈਰ ਸੰਵਿਧਾਨਕ ਸ਼ਕਤੀਆਂ ਪੁਲੀਸ ਨੂੰ ਦਿੱਤੀਆਂ ਗਈਆਂ ਹਨ, ਜਿਸ ਵਿੱਚ ਪੁਰਾਣੇ ਕਾਨੂੰਨਾਂ ਅਨੁਸਾਰ ਜਿੱਥੇ ਪੁਲੀਸ ਰਿਮਾਂਡ ਵੱਧ ਤੋਂ ਵੱਧ 15 ਦਿਨਾਂ ਲਈ ਦਿੱਤਾ ਜਾ ਸਕਦਾ ਸੀ ਪਰ ਹੁਣ ਇਹ 60 ਤੋਂ 90 ਦਿਨਾਂ ਤੀਕ ਦਿੱਤਾ ਜਾ ਸਕਦਾ ਹੈ।

ਅਦਾਲਤਾਂ ’ਚ ਪਹਿਲੀ ਨੂੰ ਕੰਮਕਾਰ ਠੱਪ ਕਰੇਗਾ ਵਕੀਲ ਭਾਈਚਾਰਾ Read More »

ਮਹਾਰਾਸ਼ਟਰ ਸਰਕਾਰ ਵੱਲੋਂ 20,051 ਕਰੋੜ ਰੁਪਏ ਘਾਟੇ ਵਾਲਾ ਬਜਟ ਪੇਸ਼

ਮਹਾਰਾਸ਼ਟਰ ਸਰਕਾਰ ਨੇ ਅੱਜ ਵਿਧਾਨ ਸਭਾ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਪੇਸ਼ ਕੀਤੇ 2024-25 ਦੇ ਬਜਟ ਵਿੱਚ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ। ਇਸ ਵਿੱਚ 21 ਤੋਂ 60 ਸਾਲ ਉਮਰ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾ ਭੱਤਾ, ਪਰਿਵਾਰਾਂ ਨੂੰ ਸਾਲ ਵਿੱਚ ਤਿੰਨ ਮੁਫ਼ਤ ਐੱਲਪੀਜੀ ਸਿਲੰਡਰ, ਕਿਸਾਨ ਪੱਖੀ ਨੀਤੀਆਂ ਅਤੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਲਈ 10,000 ਰੁਪਏ ਮਹੀਨਾ ਭੱਤਾ ਦੇਣ ਵਰਗੇ ਐਲਾਨ ਸ਼ਾਮਲ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਅਜੀਤ ਪਵਾਰ ਨੇ ਮੌਜੂਦਾ ਵਿੱਤੀ ਵਰ੍ਹੇ ਲਈ 20,051 ਕਰੋੜ ਰੁਪਏ ਘਾਟੇ ਵਾਲਾ ਬਜਟ ਪੇਸ਼ ਕੀਤਾ। ਉਨ੍ਹਾਂ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਸਮੇਤ ਹੋਰ ਵਰਗਾਂ ਲਈ ਜਿਹੜੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ’ਤੇ 80,000 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਆਵੇਗਾ। ਸ਼ਿਵ ਸੈਨਾ-ਭਾਜਪਾ-ਐੱਨਸੀਪੀ ਸਰਕਾਰ ਵਿੱਚ ਵਿੱਤ ਮੰਤਰੀ ਵਜੋਂ ਆਪਣਾ ਪਹਿਲਾ ਪੂਰਾ ਬਜਟ ਪੇਸ਼ ਕਰਦਿਆਂ ਪਵਾਰ ਨੇ ਔਰਤਾਂ ਲਈ ਵਿੱਤੀ ਸਹਾਇਤਾ ਸਕੀਮ ‘ਮੁੱਖ ਮੰਤਰੀ ਮਾਝੀ ਲੜਕੀ ਬਹਿਨ’ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਰਵਰੀ ਵਿੱਚ ਅੰਤਰਿਮ ਬਜਟ ਪੇਸ਼ ਕੀਤਾ ਸੀ। ਇਸ ਦੌਰਾਨ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਕਿਹਾ ਕਿ ਬਜਟ ਵਿੱਚ ਹਰ ਵਰਗ ਨੂੰ ਕੁੱਝ ਨਾ ਕੁੱਝ ਦੇਣ ਦਾ ਦਿਖਾਵਾ ਕੀਤਾ ਗਿਆ ਹੈ। ਮਹਾਰਾਸ਼ਟਰ ਵਿਧਾਨ ਪਰਿਸ਼ਦ ਵਿੱਚ ਵਿਰੋਧੀ ਧਿਰ ਦੇ ਨੇਤਾ ਅੰਬਾਦਾਸ ਦਾਨਵੇ ਨੇ ਬਜਟ ਨੂੰ ‘ਸਿਆਸੀ ਹਿੱਤਾਂ ਤੋਂ ਪ੍ਰੇਰਿਤ’ ਕਰਾਰ ਦਿੱਤਾ। ਇਸੇ ਤਰ੍ਹਾਂ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਮਹੇਸ਼ ਤਾਪਸੇ ਨੇ ਕਿਹਾ ਕਿ ਸੂਬੇ ਸਿਰ ਕਰਜ਼ੇ ਦਾ ਬੋਝ ਸੱਤ ਲੱਖ ਕਰੋੜ ਰੁਪਏ ਤੋਂ ਵਧ ਗਿਆ ਹੈ।

ਮਹਾਰਾਸ਼ਟਰ ਸਰਕਾਰ ਵੱਲੋਂ 20,051 ਕਰੋੜ ਰੁਪਏ ਘਾਟੇ ਵਾਲਾ ਬਜਟ ਪੇਸ਼ Read More »

ਨੀਟ ਘਪਲਾ ਅਤੇ ਸਿੱਖਿਆ ਸਨਅਤ ਦੀਆਂ ਅਲਾਮਤਾਂ/ਅਵਿਜੀਤ ਪਾਠਕ

ਨੌਜਵਾਨਾਂ ਦੇ ਜੀਵਨ ਪੰਧ ਦਾ ਖ਼ਾਕਾ ਘੜਨ ਵਾਲੇ ਨੀਟ (ਕੌਮੀ ਯੋਗਤਾ ਤੇ ਦਾਖ਼ਲਾ ਟੈੱਸਟ) ਅਤੇ ਨੈੱਟ (ਕੌਮੀ ਯੋਗਤਾ ਟੈੱਸਟ) ਜਿਹੇ ਇਕਸਾਰ ਟੈੱਸਟਾਂ ਵਿੱਚ ਹੋਏ ਘਪਲਿਆਂ ਬਾਰੇ ਕਾਫ਼ੀ ਕੁਝ ਆਖਿਆ ਤੇ ਲਿਖਿਆ ਜਾ ਚੁੱਕਿਆ ਹੈ। ਕੌਮੀ ਟੈਸਟਿੰਗ ਅਥਾਰਿਟੀ (ਐੱਨਟੀਏ) ਦੇ ਕਾਰਵਿਹਾਰ ਖਿ਼ਲਾਫ਼ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਰੋਹ ਅਤੇ ਸਿਆਸੀ ਪਾਰਟੀਆਂ ਦੇ ਪ੍ਰਦਰਸ਼ਨਾਂ ਤੋਂ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਟੈੱਸਟਾਂ ਨੇ ਕਿਵੇਂ ਦੇਸ਼ ਦੇ ਸਿੱਖਿਆ ਧਰਾਤਲ ਦੀ ਕੇਂਦਰੀ ਸਪੇਸ ’ਤੇ ਕਬਜ਼ਾ ਕਰ ਲਿਆ ਹੈ। ਫਿਰ ਵੀ ਇਸ ਸਾਰੇ ਰੌਲੇ ਰੱਪੇ ਦੇ ਬਾਵਜੂਦ ਜਿਸ ਗੱਲ ਦੀ ਕਮੀ ਰੜਕ ਰਹੀ ਹੈ, ਉਹ ਹੈ ਇਸ ਕਿਸਮ ਦੇ ਟੈੱਸਟਾਂ ਦੇ ਮੂਲ ਤਰਕ ’ਤੇ ਕਿੰਤੂ ਕਰਨ ਅਤੇ ਇਹ ਸੋਚ ਵਿਚਾਰ ਕਰਨ ਦੀ ਹਿੰਮਤ ਕਿ ਇਸ ਦੇ ਨਾਲੋ-ਨਾਲ ਕੋਚਿੰਗ ਸਨਅਤ ਦੇ ਵਿਕਾਸ ਨੇ ਸਾਡੇ ਯੁਵਾ ਮਨਾਂ ਦੇ ਮਾਨਸਿਕ, ਸੱਭਿਆਚਾਰਕ ਅਤੇ ਸੁਹਜਮਈ ਵਿਕਾਸ ਨੂੰ ਕਿੰਨੀ ਵੱਡੀ ਸੱਟ ਮਾਰੀ ਹੈ। ਮੱਤ ਭੁੱਲੋ ਕਿ ਦੌਲਤ ਬਣਾਉਣ ਦਾ ਇਹ ਮਹਾ ਕਾਰੋਬਾਰ ਬੇਚੈਨੀ ਵਿੱਚ ਗ੍ਰਸੇ ਮਾਪਿਆਂ ਨੂੰ ਇਸ ਵਾਅਦੇ ਨਾਲ ਫੁਸਲਾਉਂਦਾ ਰਹਿੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਇੱਕ ਦਿਸ਼ਾਵੀ ‘ਪ੍ਰੀਖਿਆ ਯੋਧਾ’ ਬਣਾ ਕੇ ਇਨ੍ਹਾਂ ਟੈਸਟਾਂ ਨੂੰ ਪਾਸ ਕਰਨ ਦਾ ‘ਗੁਰਮੰਤਰ’ ਦੇ ਦਿੱਤਾ ਜਾਵੇਗਾ ਤਾਂ ਕਿ ਉਹ ਇੱਕ ਦੂਜੇ ਨਾਲ ਹੋੜ ਵਿੱਚ ਪਏ ਸਮਾਜ ਅੰਦਰ ਡਾਕਟਰ ਜਾਂ ਇੰਜਨੀਅਰ ਬਣ ਕੇ ਲਾਹੇਵੰਦ ਪੈਕੇਜ ਹਾਸਿਲ ਕਰ ਕੇ ‘ਸਫਲ’ ਅਖਵਾ ਸਕੇ। ਅਜੇ ਵੀ ਸਮਾਂ ਹੈ ਕਿ ਅਸੀਂ ਇਸ ਤੱਥ ਨੂੰ ਸਵੀਕਾਰ ਕਰ ਲਈਏ ਕਿ ਬਹੁ-ਚੋਣੀ ਪ੍ਰਸ਼ਨ (ਐੱਮਸੀਕਿਊ) ਕੇਂਦਰਿਤ ਇਕਸਾਰ ਟੈੱਸਟ ਕਿਸੇ ਵਿਦਿਆਰਥੀ ਦੀ ਅਕਾਦਮਿਕ ਗਹਿਰਾਈ, ਗਹਿਨ ਸੋਚ ਅਤੇ ਰਚਨਾਕਾਰੀ ਕਲਪਨਾ ਦਾ ਮੁਲਾਂਕਣ ਨਹੀਂ ਕਰ ਸਕਦੇ। ਅਧਿਆਪਨ ਅਤੇ ਖੋਜ ਨਾਲ ਵਾਹ ਰੱਖਣ ਵਾਲਾ ਕੋਈ ਵੀ ਸੂਝਵਾਨ ਵਿਦਵਾਨ ਇਸ ਗੱਲ ’ਤੇ ਸਹਿਮਤ ਹੋਵੇਗਾ ਕਿ ਕਿਸੇ ਵਿਅਕਤੀ ਦੀ ਅਕਾਦਮਿਕ ਰੁਚੀ ਅਤੇ ਚਾਰ ਪੰਜ ਆਪਸ਼ਨਾਂ ’ਚੋਂ ਕੋਈ ‘ਸਹੀ ਉੱਤਰ’ ਲੱਭਣ ਅਤੇ ਓਐੱਮਆਰ ਸ਼ੀਟ ਵਿੱਚ ਝਟਪਟ ਸਹੀ ਪਾਉਣ ਦੀ ਯੋਗਤਾ ਵਿਚਕਾਰ ਨਾਤਾ ਹੋਣਾ ਜ਼ਰੂਰੀ ਨਹੀਂ ਹੁੰਦਾ। ਕਿਸੇ ਮੁੱਦੇ ਦੀ ਘੋਖ ਕਰਨ ਜਾਂ ਭੰਬਲਭੂਸਿਆਂ ਨੂੰ ਪ੍ਰਵਾਨ ਕਰਨ ਤੇ ਨਵੇਂ ਸੁਆਲ ਖੜ੍ਹੇ ਕਰਨ ਲਈ ਕਿਸੇ ਅਕਾਦਮਿਕ ਗਿਆਨ ਜਾਂ ਰਚਨਾਤਮਿਕ ਗਹਿਰੀ ਸੋਚ ਨੂੰ ਵਕਤ ਦਰਕਾਰ ਹੁੰਦਾ ਹੈ ਜਦਕਿ ਐੱਮਸੀਕਿਊ ਕੇਂਦਰਿਤ ਇਕਸਾਰ ਟੈੱਸਟ ਰੱਟਾ ਗਿਆਨ ਜਾਂ ਬਿਨਾਂ ਸੋਚ ਵਿਚਾਰ ਤੋਂ ਸਹੀ ਉੱਤਰ ਤਲਾਸ਼ ਕਰਨ ਦੀ ਕਿਸੇ ਤਰਕੀਬ ਨੂੰ ਆਤਮਸਾਤ ਕਰਨ ਦੀ ਮੰਗ ਕਰਦੇ ਹਨ। ਦਰਅਸਲ, ਇਸ ਲਈ ਹਰ ਤਰ੍ਹਾਂ ਦੇ ਮੌਕ ਟੈੱਸਟਾਂ ਰਾਹੀਂ ਐੱਮਸੀਕਿਊਜ਼ ਦੀਆਂ ਅਮੁੱਕ ਲੜੀਆਂ ਨੂੰ ਹੱਲ ਕਰਨ ਲਈ ਬੇਤਹਾਸ਼ਾ ਅਭਿਆਸ ਜਾਂ ਮਕਾਨਕੀ ਰੁਟੀਨ ਦੀ ਲੋੜ ਪੈਂਦੀ ਹੈ। ਅਕਾਦਮਿਕ ਗਿਆਨ ਜਾਂ ਰਚਨਾਤਮਿਕ ਸੋਚ ਲਈ ਮਹਾਨ ਅਧਿਆਪਕਾਂ ਅਤੇ ਮੁਰਸ਼ਦਾਂ ਦੀ ਸੰਗਤ ਮਾਣਨ ਦੀ ਲੋੜ ਹੁੰਦੀ ਹੈ ਜਦੋਂ ਕਿ ਇਕਸਾਰ ਟੈੱਸਟਾਂ ਲਈ ਕੋਚਿੰਗ ਰਣਨੀਤੀਕਾਰਾਂ ਦੀ ਲੋੜ ਪੈਂਦੀ ਹੈ। ਮਿਸਾਲ ਦੇ ਤੌਰ ’ਤੇ ਨੀਟ ਜਿਹੀ ਪ੍ਰੀਖਿਆ ’ਤੇ ਗ਼ੌਰ ਕਰੋ। ਕੀ ਇਹ ਵਾਕਈ ਮੁਲਾਂਕਣ ਕਰਦੀ ਹੈ ਕਿ ਕਿਸੇ ਨੌਜਵਾਨ ਪ੍ਰੀਖਿਆਰਥੀ ਅੰਦਰ ਮੈਡੀਕਲ ਵਿਗਿਆਨ ਵਿੱਚ ਕਰੀਅਰ ਬਣਾਉਣ ਜਾਂ ਡਾਕਟਰ ਬਣਨ ਦੀ ਰੁਚੀ/ਝੁਕਾਅ ਹੈ? ਡਾਕਟਰ ਬਣਨ ਲਈ ਸ਼ਾਇਦ ਦੇਖਣ ਪੜਤਾਲਣ ਦੀ ਗਹਿਰੀ ਸ਼ਕਤੀ, ਮਰੀਜ਼ ਦੇ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਅਤੇ ਹੋਂਦ ਦੀ ਅਵਸਥਾ ਦੇ ਲੱਛਣਾਂ ਤੱਕ ਪਹੁੰਚਣ ਦੇ ਸੂਖਮ ਫ਼ਨ ਅਤੇ ਸਭ ਤੋਂ ਵੱਧ, ਮੈਡੀਕਲ ਸ਼ਾਸਤਰ ਵਿੱਚ ਗਿਆਨ ਦੇ ਨਵੇਂ ਦਿਸਹੱਦਿਆਂ ਨੂੰ ਤਲਾਸ਼ ਕਰਨ ਦੇ ਗੁਣ ਹੋਣੇ ਜ਼ਰੂਰੀ ਹੁੰਦੇ ਹਨ ਪਰ ਨੀਟ ਜਿਹੇ ਕਿਸੇ ਇੱਕ ਟੈੱਸਟ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੇ 180 ਪ੍ਰਸ਼ਨਾਂ ਦੇ ਸੈੱਟ ਨੂੰ ਹੱਲ ਕਰਨ ਲਈ 200 ਮਿੰਟ ਮਿਲਦੇ ਹਨ ਜਿਸ ਦਾ ਕਿਸੇ ਸੰਭਾਵੀ ਡਾਕਟਰ ਦੀਆਂ ਖ਼ੂਬੀਆਂ ਨਾਲ ਕੋਈ ਸਬੰਧ ਨਹੀਂ ਹੁੰਦਾ। ਇਹ ਇੱਕ ਇਸ ਕਿਸਮ ਦੀ ਲਾਟਰੀ ਹੈ ਜੋ ਮੈਡੀਕਲ ਕਿੱਤੇ ਲਈ ਸਹੀ ਕਿਸਮ ਦੇ ਨੌਜਵਾਨਾਂ ਦੀ ਤਲਾਸ਼ ਕਰਨ ਦੀ ਬਜਾਇ ਝਟਪਟ ਹੀ ਲੱਖਾਂ ਯੁਵਾ ਚਾਹਵਾਨਾਂ ਨੂੰ ਨਕਾਰ ਦਿੰਦੀ ਹੈ। ਇਸੇ ਤਰ੍ਹਾਂ ਨੀਟ ਜਿਹੀ ਕੋਈ ਪ੍ਰੀਖਿਆ ਬਹੁਤ ਹੀ ਥੋਥੀ ਹੁੰਦੀ ਹੈ ਅਤੇ ਇਹ ਕਿਸੇ ਵੀ ਲਿਹਾਜ਼ ਤੋਂ ਕੁਦਰਤੀ ਵਿਗਿਆਨਾਂ ਤੇ ਮਾਨਵ ਵਿਗਿਆਨਾਂ ਜਿਹੀਆਂ ਬੁਨਿਆਦੀ ਗਿਆਨ ਪ੍ਰਣਾਲੀਆਂ ਵਿੱਚ ਕਿਸੇ ਦੀ ਖੋਜ ਪ੍ਰਵਿਰਤੀ ਜਾਂ ਅਧਿਆਪਨ ਯੋਗਤਾਵਾਂ ਜਾਂ ਦ੍ਰਿਸ਼ਟੀਆਂ ਦਾ ਮੁਲਾਂਕਣ ਕਰਨ ਦੇ ਸਮੱਰਥ ਨਹੀਂ ਹੁੰਦੀ। ਮਿਸਾਲ ਦੇ ਤੌਰ ’ਤੇ ਜੇ ਇਸ ਦੀ ਐੱਮਸੀਕਿਊ ਫਿਤਰਤ ਕਰ ਕੇ ਤੁਹਾਨੂੰ ਕੋਈ ਖ਼ਾਸ ਪਰਿਭਾਸ਼ਾ, ਕਿਸੇ ਇਤਿਹਾਸਕ ਘਟਨਾ ਦੀ ਤਰੀਕ ਜਾਂ ਇਵੇਂ ਹੀ ਸਮਾਜ ਸ਼ਾਸਤਰੀ ਮੈਕਸ ਵੈੱਬਰ ਦੀ ਕਿਤਾਬ ‘ਦਿ ਪ੍ਰੋਟੈਸਟੈਂਟ ਐਥਿਕਸ ਐਂਡ ਦਿ ਸਪਿਰਟ ਆਫ ਕੈਪੀਟਲਿਜ਼ਮ’ ਦੇ ਪ੍ਰਕਾਸ਼ਨ ਸਾਲ ਦਾ ਘੋਟਾ ਲਾਉਣਾ ਪੈਂਦਾ ਹੈ ਤਾਂ ਇਸ ਤੋਂ ਇਹ ਹਰਗਿਜ਼ ਪਤਾ ਨਹੀਂ ਲੱਗਦਾ ਕਿ ਤੁਸੀਂ ਸਮਾਜ ਸ਼ਾਸਤਰ ਦੇ ਕਿਸੇ ਗੰਭੀਰ ਖਰੜੇ ਦਾ ਅਧਿਐਨ ਕੀਤਾ ਹੈ, ਗਹਿਰੀਆਂ ਦਾਰਸ਼ਨਿਕ ਬਹਿਸਾਂ ਨੂੰ ਸਮਝਿਆ ਹੈ ਜਾਂ ਤੁਸੀਂ ਆਪਣੀਆਂ ਅਧਿਆਪਨ ਵਿਧੀਆਂ ਵਿੱਚ ਨਵੀਆਂ ਖੋਜ ਲੱਭਤਾਂ ਸਾਹਮਣੇ ਲਿਆਂਦੀਆਂ ਹਨ। ਤਰਾਸਦੀ ਇਹ ਹੈ ਕਿ ਐੱਨਟੀਏ ਜਿਹੀ ਮਸ਼ੀਨ ਕੋਲ ਕੋਈ ਰਚਨਾਤਮਿਕ ਸਰਪਲੱਸ ਹੀ ਨਹੀਂ ਹੈ; ਇਹ ਸਿਰਫ਼ ਸਾਰੇ ਤੱਥਮੂਲਕ/ਵਸਤੂਗਤ ਪ੍ਰਸ਼ਨ ਹੀ ਘੜ ਸਕਦੀ ਹੈ ਜਿਸ ਦਾ ਇੱਕੋ-ਇੱਕ ਸਹੀ ਉੱਤਰ ਹੁੰਦਾ ਹੈ ਤਾਂ ਕਿ ਬਾਕੀਆਂ ਨੂੰ ਝਟਪਟ ਨਕਾਰਨ ਦੇ ਔਜ਼ਾਰ ਦਾ ਇਸਤੇਮਾਲ ਹੋ ਸਕੇ। ਇਸ ਤਰ੍ਹਾਂ ਦੇ ਇਕਸਾਰ ਟੈੱਸਟਾਂ ਨੂੰ ਪ੍ਰਵਾਨਿਤ ਅਤੇ ਪਾਵਨ ਕਰਾਰ ਦੇਣ ਦੇ ਆਹਰ ਵਿੱਚ ਅਸੀਂ ਪ੍ਰੇਸ਼ਾਨ, ਬੇਚੈਨ ਅਤੇ ਨਾਖੁਸ਼ ਬੱਚਿਆਂ ਦੀ ਪੀੜ੍ਹੀ ਪੈਦਾ ਕਰ ਰਹੇ ਹਾਂ। ਉਨ੍ਹਾਂ ਨੂੰ ਗਿਆਨ ਹਾਸਿਲ ਕਰਨ ਜਾਂ ਰਚਨਾਤਮਿਕ ਪ੍ਰਯੋਗ ਕਰਨ ਵਿੱਚ ਰੱਤੀ ਭਰ ਵੀ ਚਾਅ ਨਹੀਂ ਸਗੋਂ ਉਨ੍ਹਾਂ ਦੀ ਸ਼ਖ਼ਸੀਅਤਸਾਜ਼ੀ ਦੇ ਮੁੱਢਲੇ ਸਾਲਾਂ ਦਾ ਕਾਫ਼ੀ ਹਿੱਸਾ ਕੋਚਿੰਗ ਕੇਂਦਰਾਂ ਦੇ ਚੱਕਰ ਕੱਟਣ ਅਤੇ ਇਹ ਟੈੱਸਟ ਪਾਸ ਕਰਨ ਦੇ ਦਾਅਪੇਚ ਸਿੱਖਣ ਵਿੱਚ ਖਰਚ ਹੋ ਜਾਂਦਾ ਹੈ ਜਦੋਂਕਿ ਅਕਾਦਮਿਕ ਅਤੇ ਦਾਰਸ਼ਨਿਕ ਗਹਿਰਾਈ ਗੁਆ ਬੈਠਦੇ ਹਨ। ਭੌਤਿਕ ਵਿਗਿਆਨ ਉਹੀ ਹੈ ਜੋ ਕੋਟਾ ਫੈਕਟਰੀ ਸਿੱਖਣਯੋਗ ਗਿਣਦੀ ਹੈ; ਜਾਂ ਇਵੇਂ ਹੀ ਇਤਿਹਾਸ ਉਹੀ ਹੈ ਜਿਸ ਨੂੰ ਫੈਂਸੀ ਆਈਏਐੱਸ ਕੋਚਿੰਗ ਕੇਂਦਰ ‘ਬੇਸ਼ਕੀਮਤੀ’ ਤਸਲੀਮ ਕਰਦੇ ਹਨ। ਇਹ ਸੰਦੇਹਪੂਰਨ ਹੈ ਕਿ ਕੀ ਸਿੱਖਿਆ ਪ੍ਰਤੀ ਇਸ ਤਰ੍ਹਾਂ ਦੀ ਪ੍ਰਵਿਰਤੀ ਵਾਕਈ ਚੰਗੇ ਡਾਕਟਰ, ਜ਼ਹੀਨ ਇੰਜਨੀਅਰ ਜਾਂ ਮਹਾਨ ਅਧਿਆਪਕ/ਖੋਜੀ ਪੈਦਾ ਕਰ ਸਕਦੀ ਹੈ। ਇਹ ਟੈੱਸਟ ਨਾਕਾਮੀ ਦੀਆਂ ਕਹਾਣੀਆਂ ਤਾਂ ਘੜਦੇ ਹੀ ਹਨ, ਫਿਰ ਇਨ੍ਹਾਂ ਦੀਆਂ ‘ਸਫਲਤਾ ਦੀਆਂ ਕਹਾਣੀਆਂ’ ਕਿਸੇ ਵੀ ਲਿਹਾਜ਼ ਤੋਂ ਪ੍ਰੇਰਨਾਦਾਇਕ ਨਹੀਂ ਹੁੰਦੀਆਂ। ਇੰਝ, 1 ਲੱਖ ਕਰੋੜ ਰੁਪਏ ਦੇ ਕਾਰੋਬਾਰ ਦੀ ਇਸ ਕੋਚਿੰਗ ਸਨਅਤ ਦੇ ਧੁਰ ਅੰਦਰ ਭ੍ਰਿਸ਼ਟਾਚਾਰ ਅਤੇ ਘਾਲੇ-ਮਾਲੇ ਰਚੇ ਮਿਚੇ ਹੁੰਦੇ ਹਨ। ਅਮੂਮਨ ਇਹ ਸਵਾਲ ਪੁੱਛਿਆ ਜਾਂਦਾ ਹੈ: ਕੀ ਇਸ ਦਾ ਕੋਈ ਬਦਲ ਹੈ, ਖ਼ਾਸਕਰ ਉਦੋਂ ਜਦੋਂ ਲੱਖਾਂ ਵਿਦਿਆਰਥੀ ਡਾਕਟਰ, ਇੰਜਨੀਅਰ, ਆਈਏਐੱਸ ਅਫਸਰ ਯੂਨੀਵਰਸਿਟੀ ਅਧਿਆਪਕ ਬਣਨਾ ਚਾਹੁੰਦੇ ਹੋਣ? ਜਾਂ ਲੋਕਾਂ ਨੂੰ ਨਕਾਰਨ ਦਾ ਕੋਈ ਹੋਰ ਢੰਗ ਉਪਲਬਧ ਹੈ? ਨੀਟ ਅਤੇ ਨੈੱਟ ਜਿਹੇ ਯੋਗਤਾ ਟੈੱਸਟਾਂ ਦਾ ਬਦਲ ਤਦ ਹੀ ਵਿਕਸਤ ਹੋ ਸਕਦਾ ਹੈ ਜੇ ਅਸੀਂ ਇਮਾਨਦਾਰੀ ਅਤੇ ਦਲੇਰੀ ਨਾਲ ਇਹ ਅਹਿਸਾਸ ਕਰੀਏ ਕਿ ਜੋ ਕੁਝ ਚੱਲ ਰਿਹਾ ਹੈ, ਉਹ ਗ਼ਲਤ ਹੈ। ਤਦ ਹੀ ਅਸੀਂ ਇੱਕ ਦੇਸ਼, ਇੱਕ ਪ੍ਰੀਖਿਆ ਜਿਹੇ ਵਿਚਾਰ ’ਤੇ ਕਿੰਤੂ ਕਰਨ ਅਤੇ ਚੋਣ ਕਰਨ ਦੇ ਵਿਕੇਂਦਰਿਤ ਪ੍ਰਕਿਰਿਆ ਅਪਣਾਉਣ ਜਾਂ ਕਾਲਜਾਂ, ਯੂਨੀਵਰਸਿਟੀਆਂ, ਅਕਾਦਮਿਕ ਸੰਸਥਾਵਾਂ ਨੂੰ ਆਪੋ-ਆਪਣੇ ਵਿਚਾਰਸ਼ੀਲ, ਕਲਪਨਾਸ਼ੀਲ ਖੋਜ ਮੁਖੀ ਪ੍ਰੀਖਿਆ ਜਾਂ ਦਾਖ਼ਲਾ ਟੈੱਸਟ ਲੈਣ ਵਿਉਂਤਣ ਦੇ ਤੌਰ-ਤਰੀਕੇ ਈਜਾਦ ਕਰਨ ਦੀ ਨਿਸਬਤਨ ਖ਼ੁਦਮੁਖ਼ਤਾਰੀ ਦੇਣ ਬਾਰੇ ਸੋਚਣ ਦੀ ਹਿੰਮਤ ਜੁਟਾ ਸਕਦੇ ਹਾਂ। ਇਹੀ ਇਕਮਾਤਰ ਰਾਹ ਹੈ ਜਿਸ ’ਤੇ ਚੱਲ ਕੇ ਅਸੀਂ ਕੋਚਿੰਗ ਕੇਂਦਰਾਂ

ਨੀਟ ਘਪਲਾ ਅਤੇ ਸਿੱਖਿਆ ਸਨਅਤ ਦੀਆਂ ਅਲਾਮਤਾਂ/ਅਵਿਜੀਤ ਪਾਠਕ Read More »

ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਅੱਜ

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਜਦੋਂ ਅੱਜ ਦਖਣੀ ਅਫ਼ਰੀਕਾ ਵਿਰੁਧ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਮੈਚ ਲਈ ਮੈਦਾਨ ’ਚ ਉਤਰੇਗੀ ਤਾਂ ਉਸ ਸਾਹਮਣੇ 10 ਸਾਲ ਤੋਂ ਵਧ ਸਮੇਂ ਤੋਂ ਚਲ ਰਹੇ ਵਿਸ਼ਵ ਖਿਤਾਬ ਦੇ ਸੋਕੇ ਨੂੰ ਖ਼ਤਮ ਕਰਨ ਦੀ ਚੁਨੌਤੀ ਹੋਵੇਗੀ।ਦੋਵੇਂ ਟੀਮਾਂ ਫ਼ਾਈਨਲ ਤਕ ਅਪਣੀ ਮੁਹਿੰਮ ’ਚ ਅਜੇਤੂ ਰਹੀਆਂ ਹਨ ਪਰ ਵੱਡੇ ਟੂਰਨਾਮੈਂਟਾਂ ਦੇ ਕਈ ਫ਼ਾਈਨਲ ਮੈਚ ਖੇਡਣ ਦੇ ਤਜ਼ਰਬੇ ਕਾਰਨ ਭਾਰਤ ਦਾ ਪੱਲਾ ਭਾਰੀ ਹੋਵੇਗਾ। ਦਖਣੀ ਅਫ਼ਰੀਕਾ 1998 ਤੋਂ ਬਾਅਦ ਪਹਿਲੀ ਵਾਰ ਕਿਸੇ ਆਈ.ਸੀ.ਸੀ. ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚਿਆ ਹੈ। ਟੂਰਨਾਮੈਂਟ ’ਚ ਭਾਰਤ ਦੀ ਮੁਹਿੰਮ ਪਿਛਲੇ ਸਾਲ ਘਰੇਲੂ ਵਨਡੇ ਵਿਸ਼ਵ ਕੱਪ ਵਰਗੀ ਹੀ ਰਹੀ ਹੈ, ਜਿਥੇ ਉਹ ਫ਼ਾਈਨਲ ’ਚ ਪਹੁੰਚਿਆ ਸੀ ਪਰ ਖਿਤਾਬੀ ਮੁਕਾਬਲੇ ’ਚ ਆਸਟਰੇਲੀਆ ਦਾ ਬਿਹਤਰ ਪ੍ਰਦਰਸ਼ਨ ਰਿਹਾ ਸੀ। ਭਾਰਤ ਇਥੇ ਹੁਣ ਤਕ ਦੀ ਬਿਹਤਰੀਨ ਟੀਮ ਵੀ ਰਹੀ ਹੈ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਸ ਵਾਰ ਆਸਟਰੇਲੀਆ ਦੀ ਚੁਨੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਆਈ.ਸੀ.ਸੀ. ਟੂਰਨਾਮੈਂਟਾਂ ’ਚ ਦਖਣੀ ਅਫ਼ਰੀਕਾ ਦੀ ਇਕੋ-ਇਕ ਜਿੱਤ 1998 ਦੀ ਚੈਂਪੀਅਨਜ਼ ਟਰਾਫ਼ੀ ’ਚ ਆਈ ਸੀ (ਉਸ ਸਮੇਂ ਇਸ ਨੂੰ ਆਈ.ਸੀ.ਸੀ. ਨਾਕ-ਆਊਟ ਟਰਾਫ਼ੀ ਦਾ ਨਾਮ ਦਿਤਾ ਗਿਆ ਸੀ)। ਆਈ.ਪੀ.ਐਲ. ਖਿਤਾਬ ਨੂੰ ਅਪਣੀ ਹੁਣ ਤਕ ਦੀ ਸੱਭ ਤੋਂ ਵੱਡੀ ਪ੍ਰਾਪਤੀ ਕਹਿਣ ਵਾਲੇ ਉਨ੍ਹਾਂ ਦੇ ਕੁੱਝ ਖਿਡਾਰੀਆਂ ਲਈ ਵਿਸ਼ਵ ਕੱਪ ਟਰਾਫ਼ੀ ਸੱਭ ਤੋਂ ਵੱਡਾ ਇਨਾਮ ਹੋਵੇਗਾ। ਗੁਆਨਾ ’ਚ ਸੈਮੀਫਾਈਨਲ ਦੌਰਾਨ ਇੰਗਲੈਂਡ ’ਤੇ ਭਾਰਤ ਦੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਦੀ ਟੀਮ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਹੋਵੇਗੀ। ਕਪਤਾਨ ਰੋਹਿਤ ਸ਼ਰਮਾ ਦੇ 57 ਦੌੜਾਂ ਦੇ ਅਰਧ ਸੈਂਕੜੇ ਅਤੇ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਦੀ ਫਿਰਕੀ ਦੇ ਜਾਲ ਦੀ ਮਦਦ ਨਾਲ ਭਾਰਤ ਨੇ ਵੀਰਵਾਰ ਨੂੰ ਇਥੇ ਮੀਂਹ ਨਾਲ ਪ੍ਰਭਾਵਤ ਦੂਜੇ ਸੈਮੀਫ਼ਾਈਨਲ ’ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ’ਚ ਜਗ੍ਹਾ ਬਣਾ ਲਈ। ਭਾਰਤ ਦੀ ਟੀਮ ਦੀ ਬਣਤਰ ਕੈਰੇਬੀਆਈ ਦੇਸ਼ਾਂ ਦੀਆਂ ਪਿਚਾਂ ਦੇ ਅਨੁਸਾਰ ਹੈ। ਟੀਮ ਪਿਛਲੇ ਸਾਲ 19 ਨਵੰਬਰ ਨੂੰ ਅਹਿਮਦਾਬਾਦ ’ਚ ਇਕ ਲੱਖ ਦਰਸ਼ਕਾਂ ਦੇ ਸਾਹਮਣੇ ਆਸਟਰੇਲੀਆ ਵਿਰੁਧ ਵਨਡੇ ਵਿਸ਼ਵ ਕੱਪ ਫ਼ਾਈਨਲ ਦੀ ਨਿਰਾਸ਼ਾ ਨੂੰ ਪਿੱਛੇ ਛੱਡਣ ਲਈ ਬੇਤਾਬ ਹੈ।

ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਅੱਜ Read More »