ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਅੱਜ

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਜਦੋਂ ਅੱਜ ਦਖਣੀ ਅਫ਼ਰੀਕਾ ਵਿਰੁਧ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਮੈਚ ਲਈ ਮੈਦਾਨ ’ਚ ਉਤਰੇਗੀ ਤਾਂ ਉਸ ਸਾਹਮਣੇ 10 ਸਾਲ ਤੋਂ ਵਧ ਸਮੇਂ ਤੋਂ ਚਲ ਰਹੇ ਵਿਸ਼ਵ ਖਿਤਾਬ ਦੇ ਸੋਕੇ ਨੂੰ ਖ਼ਤਮ ਕਰਨ ਦੀ ਚੁਨੌਤੀ ਹੋਵੇਗੀ।ਦੋਵੇਂ ਟੀਮਾਂ ਫ਼ਾਈਨਲ ਤਕ ਅਪਣੀ ਮੁਹਿੰਮ ’ਚ ਅਜੇਤੂ ਰਹੀਆਂ ਹਨ ਪਰ ਵੱਡੇ ਟੂਰਨਾਮੈਂਟਾਂ ਦੇ ਕਈ ਫ਼ਾਈਨਲ ਮੈਚ ਖੇਡਣ ਦੇ ਤਜ਼ਰਬੇ ਕਾਰਨ ਭਾਰਤ ਦਾ ਪੱਲਾ ਭਾਰੀ ਹੋਵੇਗਾ। ਦਖਣੀ ਅਫ਼ਰੀਕਾ 1998 ਤੋਂ ਬਾਅਦ ਪਹਿਲੀ ਵਾਰ ਕਿਸੇ ਆਈ.ਸੀ.ਸੀ. ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚਿਆ ਹੈ।

ਟੂਰਨਾਮੈਂਟ ’ਚ ਭਾਰਤ ਦੀ ਮੁਹਿੰਮ ਪਿਛਲੇ ਸਾਲ ਘਰੇਲੂ ਵਨਡੇ ਵਿਸ਼ਵ ਕੱਪ ਵਰਗੀ ਹੀ ਰਹੀ ਹੈ, ਜਿਥੇ ਉਹ ਫ਼ਾਈਨਲ ’ਚ ਪਹੁੰਚਿਆ ਸੀ ਪਰ ਖਿਤਾਬੀ ਮੁਕਾਬਲੇ ’ਚ ਆਸਟਰੇਲੀਆ ਦਾ ਬਿਹਤਰ ਪ੍ਰਦਰਸ਼ਨ ਰਿਹਾ ਸੀ। ਭਾਰਤ ਇਥੇ ਹੁਣ ਤਕ ਦੀ ਬਿਹਤਰੀਨ ਟੀਮ ਵੀ ਰਹੀ ਹੈ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਸ ਵਾਰ ਆਸਟਰੇਲੀਆ ਦੀ ਚੁਨੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਆਈ.ਸੀ.ਸੀ. ਟੂਰਨਾਮੈਂਟਾਂ ’ਚ ਦਖਣੀ ਅਫ਼ਰੀਕਾ ਦੀ ਇਕੋ-ਇਕ ਜਿੱਤ 1998 ਦੀ ਚੈਂਪੀਅਨਜ਼ ਟਰਾਫ਼ੀ ’ਚ ਆਈ ਸੀ (ਉਸ ਸਮੇਂ ਇਸ ਨੂੰ ਆਈ.ਸੀ.ਸੀ. ਨਾਕ-ਆਊਟ ਟਰਾਫ਼ੀ ਦਾ ਨਾਮ ਦਿਤਾ ਗਿਆ ਸੀ)। ਆਈ.ਪੀ.ਐਲ. ਖਿਤਾਬ ਨੂੰ ਅਪਣੀ ਹੁਣ ਤਕ ਦੀ ਸੱਭ ਤੋਂ ਵੱਡੀ ਪ੍ਰਾਪਤੀ ਕਹਿਣ ਵਾਲੇ ਉਨ੍ਹਾਂ ਦੇ ਕੁੱਝ ਖਿਡਾਰੀਆਂ ਲਈ ਵਿਸ਼ਵ ਕੱਪ ਟਰਾਫ਼ੀ ਸੱਭ ਤੋਂ ਵੱਡਾ ਇਨਾਮ ਹੋਵੇਗਾ।

ਗੁਆਨਾ ’ਚ ਸੈਮੀਫਾਈਨਲ ਦੌਰਾਨ ਇੰਗਲੈਂਡ ’ਤੇ ਭਾਰਤ ਦੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਦੀ ਟੀਮ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਹੋਵੇਗੀ। ਕਪਤਾਨ ਰੋਹਿਤ ਸ਼ਰਮਾ ਦੇ 57 ਦੌੜਾਂ ਦੇ ਅਰਧ ਸੈਂਕੜੇ ਅਤੇ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਦੀ ਫਿਰਕੀ ਦੇ ਜਾਲ ਦੀ ਮਦਦ ਨਾਲ ਭਾਰਤ ਨੇ ਵੀਰਵਾਰ ਨੂੰ ਇਥੇ ਮੀਂਹ ਨਾਲ ਪ੍ਰਭਾਵਤ ਦੂਜੇ ਸੈਮੀਫ਼ਾਈਨਲ ’ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ’ਚ ਜਗ੍ਹਾ ਬਣਾ ਲਈ। ਭਾਰਤ ਦੀ ਟੀਮ ਦੀ ਬਣਤਰ ਕੈਰੇਬੀਆਈ ਦੇਸ਼ਾਂ ਦੀਆਂ ਪਿਚਾਂ ਦੇ ਅਨੁਸਾਰ ਹੈ। ਟੀਮ ਪਿਛਲੇ ਸਾਲ 19 ਨਵੰਬਰ ਨੂੰ ਅਹਿਮਦਾਬਾਦ ’ਚ ਇਕ ਲੱਖ ਦਰਸ਼ਕਾਂ ਦੇ ਸਾਹਮਣੇ ਆਸਟਰੇਲੀਆ ਵਿਰੁਧ ਵਨਡੇ ਵਿਸ਼ਵ ਕੱਪ ਫ਼ਾਈਨਲ ਦੀ ਨਿਰਾਸ਼ਾ ਨੂੰ ਪਿੱਛੇ ਛੱਡਣ ਲਈ ਬੇਤਾਬ ਹੈ।

ਸਾਂਝਾ ਕਰੋ