ਠੋਕਰਾਂ ਖਾਣ ਦੇ ਫਾਇਦੇ/ਬੁੱਧ ਸਿੰਘ ਨੀਲੋਂ

ਜ਼ਿੰਦਗੀ ਦੇ ਵਿੱਚ ਕੋਈ ਰਸਤਾ ਸਿੱਧਾ ਮੰਜ਼ਿਲ ਵੱਲ ਨਹੀਂ ਜਾਂਦਾ। ਹਰ ਰਸਤੇ ਦੇ ਵਿੱਚ ਬੜੇ ਟੋਏ ਤੇ ਪਹਾੜ ਹੁੰਦੇ ਹਨ। ਇਹਨਾਂ ਨੂੰ ਪਾਰ ਕਰਨ ਦੇ ਲਈ ਹਿੱਮਤ, ਹੌਸਲਾ, ਸਬਰ, ਸੰਤੋਖ, ਨਿਮਰਤਾ, ਸਾਦਗੀ, ਹਲੀਮੀ ਤੇ ਲਗਨ ਦੀ ਲੋੜ ਹੁੰਦੀ ਹੈ। ਇਸ ਦੇ ਵਿੱਚ ਕੋਈ ਵੀ ਰਸਤਾ ਵਿੱਚ ਵਿਚਾਲੇ ਦਾ ਨਹੀਂ ਹੁੰਦਾ। ਇਹ ਤਾਂ ਕੱਛੂਕੁੰਮੇ ਤੇ ਸਹੇ ਦੌੜ ਵਰਗਾ ਹੁੰਦਾ ਹੈ। ਅਸੀਂ ਕੱਛੂਕੁੰਮੇ ਘੱਟ ਤੇ ਸਹੇ ਵਧੇਰੇ ਹਾਂ। ਇਸੇ ਕਰਕੇ ਅਸੀਂ ਸਮਾਜਕ ਜੰਗਲ ਦੀਆਂ ਝਾੜੀਆਂ ਤੇ ਝਾਫਿਆਂ ਦੇ ਵਿੱਚ ਫਸ ਜਾਂਦੇ ਹਾਂ। ਝਾੜੀਆਂ ਦੇ ਵਿੱਚ ਫਸੀ ਸਾਰੀ ਜ਼ਿੰਦਗੀ ਫੇਰ ਦਿਨ ਕਟੀ ਕਰਨ ਲਈ ਮਜਬੂਰ ਹੋ ਕੇ ਰਹਿ ਜਾਂਦੀ ਹੈ। ਪਰ ਕੁੱਝ ਅਜਿਹੇ ਵੀ ਹੁੰਦੇ ਹਨ ਜਿਹੜੇ ਇਹਨਾਂ ਝਾੜੀਆਂ ਨੂੰ ਝਾੜ ਕੇ ਬਾਲਣ ਬਣਾ ਕੇ ਫੂਕ ਦੇਂਦੇ ਹਨ। ਜ਼ਿੰਦਗੀ ਦੇ ਵਿੱਚ ਡੋਬਣ ਤੇ ਦਲਦਲ ਵਿੱਚ ਧੱਕਾ ਦੇਣ ਵਾਲੇ ਬਹੁਤੇ ਆਪਣੇ ਹੀ ਹੁੰਦੇ ਹਨ। ਸਿਆਣੇ ਕਹਿੰਦੇ ਹਨ ਕਿ ਸ਼ਰੀਕ ਸਿਹਰਾ ਬੰਨ੍ਹ ਕੇ ਨਹੀਂ ਆਉਂਦਾ ਪਰ ਉਹ ਹੋਰ ਕੋਈ ਮੌਕਾ ਨਹੀਂ ਛੱਡਦਾ। ਜ਼ਿੰਦਗੀ ਦੇ ਭਵ ਸਾਗਰ ਦੇ ਵਿੱਚ ਡੁੱਬ ਦੇ ਉਹ ਹਨ ਜਿਹੜੇ ਤੈਰਨਾ ਛੱਡ ਦੇਂਦੇ ਹਨ। ਉਹਨਾਂ ਨੂੰ ਪਾਣੀ ਆਪਣੇ ਆਪ ਹੀ ਅਣ ਪਛਾਣੀਆਂ ਝੀਲਾਂ ਨਦੀਆਂ ਨਾਲਿਆਂ ਤੇ ਖੇਤਾਂ ਵਿੱਚ ਲੈਣ ਜਾਂਦਾ ਹੈ।

ਜਿਥੇ ਉਹ ਮਿੱਟੀ ਦੇ ਬਾਵੇ ਬਣ ਕਿ ਰਹਿ ਜਾਂਦੇ ਹਨ। ਇਹਨਾਂ ਮਿੱਟੀ ਦੇ ਬਾਵਿਆਂ ਨੂੰ ਸਮਾਂ ਝਾਮੇਂ ਬਣਾ ਲੈਂਦਾ ਹੈ, ਉਹ ਆਪਣੀ ਸਫਾਈ ਲਈ ਇਹਨਾਂ ਨੂੰ ਵਰਤਦਾ ਹੈ। ਇਹ ਮਿੱਟੀ ਦੋ ਮੋਰ ਬਣ ਕੇ ਦੁਸ਼ਵਾਰੀਆਂ ਦੇ ਮੀਂਹ ਝੱਖੜ ਵਿੱਚ ਖੁਰਦੇ ਤੇ ਝੂਰਦੇ ਰਹਿੰਦੇ ਹਨ। ਉਹਨਾਂ ਦੇ ਵਿੱਚ ਕੁੱਝ ਕੁ ਹੁੰਦੇ ਹਨ ਜਿਹੜੇ ਇਹ ਸੋਚਦੇ ਹਨ ਕਿ ਮੈਨੂੰ ਆਪਣਿਆਂ ਨੇ ਪਾਣੀ ਦੇ ਵਿੱਚ ਧੱਕਾ ਮਾਰਿਆ ਸੀ ਕਿ ਡੁੱਬ ਜਾਵੇਗਾ ਪਰ ਮੈਂ ਤੈਰਨਾ ਸਿੱਖ ਗਿਆ, ਆਪਣੀ ਸਿਆਣਪ ਨਾਲ ਕੰਢੇ ਜਾ ਲੱਗਿਆ ਆਂ। ਹੁਣ ਉਹ ਪਛਤਾਉਂਦੇ ਹੀ ਨਹੀਂ, ਤੜਪਦੇ ਹਨ ਕਿ ਇਸ ਨੇ ਤਾਂ ਜਿਉਣਾ ਵੀ ਸਿੱਖ ਲਿਆ ਹੈ। ਮੈਂ ਜਿੱਤ ਦੀ ਖੁਸ਼ੀ ਵਿੱਚ ਧੌਣ ਨੂੰ ਉੱਚੀ ਕਰਕੇ ਜਦ ਉਹਨਾਂ ਦੇ ਕੋਲੋਂ ਦੀ ਲੰਘਦਾ ਹਾਂ ਤਾਂ ਉਹ ਖੁਦ ਸ਼ਰਮ ਨਾਲ ਝੁਕ ਕੇ ਸਿਜਦਾ ਕਰਦੇ ਹਨ। ਪਰ ਇਹੋ ਜਿਹੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਵਕਤ ਠੋਕਰਾਂ ਇਸ ਲਈ ਮਾਰਦਾ ਹੈ ਕਿ ਰਸਤਿਆਂ ਦੇ ਮੀਲ ਪੱਥਰ ਬਣ ਕੇ ਮੰਜ਼ਿਲ ਦਾ ਰਾਹ ਤੇ ਰਸਤਾ ਦੱਸਣ। ਮੈਂਨੂੰ ਇਹਨਾਂ ਠੋਕਰਾਂ ਨੇ ਜਿਉਣਾ ਸਿਖਾਇਆ ਹੈ।

ਜੇ ਮੈਨੂੰ ਠੋਕਰਾਂ ਨਾ ਵੱਜਦੀਆਂ ਤੇ ਮੈਨੂੰ ਧੱਕੇ ਨਾਲ ਪੈਂਦੇ ਤਾਂ ਮੈਂ ਵੀ ਜਿਉਂਦੇ ਜੀ ਮਰ ਜਾਣਾ ਸੀ। ਜਾਂ ਚਾਰ ਦੀਵਾਰੀ ਦੇ ਪਿੰਜਰੇ ਵਿੱਚ ਆਪਣੇ ਹੀ ਆਪ ਮਰ ਜਾਣਾ ਸੀ। ਐ ਜ਼ਿੰਦਗੀ ਤੂੰ ਚੰਗਾ ਕੀਤਾ, ਮੈਨੂੰ ਜਿਉਣਾ ਆ ਗਿਆ ਹੈ। ਹੁਣ ਮੈਂ ਅਤੀਤ ਦੇ ਉਹਨਾਂ ਕਾਲੇ ਪੰਨਿਆਂ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਹੈ। ਉਹਨਾਂ ਦੀ ਸਵਾਹ ਮੈਂ ਡੂੰਘੇ ਟੋਏ ਵਿੱਚ ਦਬਾਅ ਦਿੱਤੀ ਹੈ। ਤਾਂ ਇਸ ਧੂੜ ਮਿੱਟੀ ਦੇ ਵਿੱਚ ਗਲ ਜਾਵੇ। ਇਹ ਕਦੇ ਦਿਖਾਈ ਨਾ ਦੇਵੇ। ਐ ਜ਼ਿੰਦਗੀ ਤੂੰ ਕਿੰਨੀ ਬਦਲ ਗਈ ਹੈ, ਜਿਵੇਂ ਹੁੰਮਸ ਭਰੇ ਹੋਏ ਵਾਤਾਵਰਨ ਤੋਂ ਬਾਅਦ ਠੰਢੀਆਂ ਹਵਾਵਾਂ ਦੇ ਬੁੱਲ੍ਹੇ ਆਉਣ ਤੇ ਮੌਸਮ ਬਦਲ ਜਾਵੇ। ਮੈਂ ਬਦਲ ਗਿਆ ਹਾਂ ਤੇ ਬਦਲ ਰਿਹਾ ਹਾਂ। ਹੁਣ ਮੈਂ ਅੱਗੇ ਵੱਲ ਜਾ ਰਿਹਾ ਹਾਂ, ਬਹੁਤ ਦੂਰ ਛੱਡ ਆਇਆ ਹਾਂ ਉਹਨਾਂ ਦੁੱਖਾਂ ਤੇ ਦਰਦਾਂ ਨੂੰ ਜੋਂ ਰੋਜ਼ ਮੇਰੇ ਅੰਦਰਲੇ ਨੂੰ ਭੋਰ ਭੋਰ ਖਾ ਰਹੇ ਸੀ। ਤੇਰਾ ਸੁਣਾਇਆ ਕੁਲਵੰਤ ਨੀਲੋਂ ਦਾ ਇਹ ਸ਼ੇਅਰ ਚੇਤੇ ਆਉਂਦਾ ਹੈ। ਤੂੰ ਠੋਕਰਾਂ ਚੋਂ ਠੋਸ ਇਰਾਦੇ ਨੂੰ ਜਨਮ ਦੇ, ਸੌ ਵਾਰ ਆਖਿਆ ਕਿ ਹਾਉਕਾ ਨਹੀਂ ਭਰੀਦਾ। ਪਤਾ ਨਹੀਂ ਕਿਉਂ ਖਿਆਲ ਕਿ ਮੈਂ ਇਹ ਕੁੱਝ ਡਾਇਰੀ ਦੇ ਪੰਨਿਆਂ ਵਿੱਚ ਉਤਾਰ ਦਿਆਂ ਤਾਂ ਕੋਈ ਇਸ ਡਾਇਰੀ ਨੂੰ ਪੜ੍ਹ ਕੇ ਕੋਈ ਜ਼ਿੰਦਗੀ ਦੇ ਵਿੱਚ ਠੋਕਰ ਨਾ ਖਾਵੇ। ਉਸਨੂੰ ਜਿਉਣਾ ਆ ਜਾਵੇ।

ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਅੰਤਰ-ਯੂਨੀਵਰਸਿਟੀ
ਸਰਹੰਦ ਨਹਿਰ, ਨੀਲੋਂ ਕਲਾਂ (ਲੁਧਿਆਣਾ)

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...