ਜ਼ਿੰਬਾਬਵੇ ਨੇ ਪਹਿਲੇ ਮੈਚ ’ਚ ਭਾਰਤ ਨੂੰ 13 ਦੌੜਾਂ ਨਾਲ ਹਰਾਇਆ

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਅੱਜ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੀ20 ਕੌਮਾਂਤਰੀ ਮੁਕਾਬਲੇ ਵਿੱਚ ਜ਼ਿੰਬਾਬਵੇ ਤੋਂ 13 ਦੌੜਾਂ ਨਾਲ ਹਾਰ ਗਈ। ਲੈੱਗ ਸਪਿੰਨਰ ਰਵੀ ਬਿਸ਼ਨੋਈ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਨੂੰ ਨੌਂ ਵਿਕਟਾਂ ਦੇ ਨੁਕਸਾਨ ’ਤੇ 115 ਦੌੜਾਂ ’ਤੇ ਰੋਕਿਆ ਸੀ। ਹਾਲਾਂਕਿ ਭਾਰਤੀ ਬੱਲੇਬਾਜ਼ਾਂ ਨੂੰ ਪਿੱਚ ’ਤੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਪਾਵਰ-ਪਲੇਅ ਵਿੱਚ ਚਾਰ ਵਿਕਟਾਂ ਗੁਆ ਲਈਆਂ ਅਤੇ ਪੂਰੀ ਟੀਮ 19.5 ਓਵਰਾਂ ਵਿੱਚ 102 ਦੌੜਾਂ ’ਤੇ ਸਿਮਟ ਗਈ। ਹਾਲ ਹੀ ਵਿੱਚ ਟੀ20 ਵਿਸ਼ਵ ਕੱਪ ਜਿੱਤਣ ਵਾਲੇ ਭਾਰਤ ਨੇ ਇਸ ਦੌਰੇ ’ਤੇ ਨੌਜਵਾਨ ਖਿਡਾਰੀਆਂ ਨੂੰ ਮੈਦਾਨ ’ਚ ਉਤਾਰਿਆ ਸੀ ਅਤੇ ਉਨ੍ਹਾਂ ਦੇ ਆਸਾਨੀ ਨਾਲ ਜ਼ਿੰਬਾਬਵੇ ’ਤੇ ਜਿੱਤ ਦਰਜ ਕਰਨ ਦੀ ਉਮੀਦ ਸੀ ਪਰ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਤੇਂਦਈ ਚਤਾਰਾ (16 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਕਪਤਾਨ ਸਿਕੰਦਰ ਰਜ਼ਾ (25 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਬਦੌਲਤ ਭਾਰਤ ਨੂੰ ਹਰਾ ਕੇ ਉਲਟਫੇਰ ਕੀਤਾ।

ਇਹ 2024 ਵਿੱਚ ਭਾਰਤ ਦੀ ਟੀ20 ਕੌਮਾਂਤਰੀ ਲੜੀ ’ਚ ਪਹਿਲੀ ਅਤੇ ਅੱਠ ਸਾਲਾਂ ਦੌਰਾਨ ਜ਼ਿੰਬਾਬਵੇ ਖ਼ਿਲਾਫ਼ ਭਾਰਤ ਦੀ ਪਹਿਲੀ ਹਾਰ ਹੈ। ਇਸ ਮੈਚ ਵਿੱਚ ਭਾਰਤ ਨੇ ਤਿੰਨ ਨਵੇਂ ਖਿਡਾਰੀਆਂ ਨੂੰ ਟੀਮ ’ਚ ਸ਼ਾਮਲ ਕੀਤਾ ਸੀ। ਇਨ੍ਹਾਂ ਖਿਡਾਰੀਆਂ ਵਿੱਚੋਂ ਅਭਿਸ਼ੇਕ ਸ਼ਰਮਾ ਖਾਤਾ ਵੀ ਨਹੀਂ ਖੋਲ੍ਹ ਸਕਿਆ ਅਤੇ ਪਾਰੀ ਦੇ ਪਹਿਲੇ ਹੀ ਓਵਰ ਵਿੱਚ ਬ੍ਰਾਇਨ ਬੈਨੇਟ ਦੀ ਗੇਂਦ ’ਤੇ ਡੀਪ ਸਕੁਏਅਰ ਲੈੱਗ ’ਤੇ ਵੈਲਿੰਗਟਨ ਮਸਾਕਾਡਜ਼ਾ ਹੱਥੋਂ ਕੈਚ ਆਊਟ ਹੋ ਗਿਆ। ਰਿਤੂਰਾਜ ਗਾਇਕਵਾੜ (07) ਨੇ ਨੌਂ ਗੇਂਦਾਂ ਖੇਡ ਕੇ ਇੱਕ ਚੌਕਾ ਲਗਾਇਆ। ਬਲੈਸਿੰਗ ਮੁਜ਼ਾਰਬਾਨੀ ਦੀ ਗੇਂਦ ਉਸ ਦੇ ਬੱਲੇ ਦੇ ਕਿਨਾਰੇ ਨਾਲ ਲੱਗ ਕੇ ਇਨੋਸੈਂਟ ਕਾਇਆ ਦੇ ਹੱਥਾਂ ’ਚ ਚਲੀ ਗਈ। ਚਤਾਰਾ ਨੇ ਰਿਆਨ ਪਰਾਗ (02) ਅਤੇ ਰਿੰਕੂ ਸਿੰਘ (ਜ਼ੀਰੋ) ਦੋਵਾਂ ਨੂੰ ਪੰਜਵੇਂ ਓਵਰ ’ਚ ਆਊਟ ਕੀਤਾ, ਜਿਸ ਨਾਲ ਭਾਰਤੀ ਟੀਮ ਦਾ ਸਕੋਰ ਚਾਰ ਵਿਕਟਾਂ ’ਤੇ 22 ਦੌੜਾਂ ਹੋ ਗਿਆ।

ਕਪਤਾਨ ਸ਼ੁਭਮਨ ਗਿੱਲ (31 ਦੌੜਾਂ) ਇੱਕ ਪਾਸੇ ਖੜ੍ਹਾ ਰਿਹਾ ਤੇ ਦੂਜੇ ਪਾਸੇ ਲਗਾਤਾਰ ਵਿਕਟਾਂ ਡਿੱਗਦੀਆਂ ਗਈਆਂ। ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ (06) ਦੇ 10ਵੇਂ ਅਤੇ ਕਪਤਾਨ ਗਿੱਲ ਦੇ 11ਵੇਂ ਓਵਰ ’ਚ ਆਊਟ ਹੁੰਦਿਆਂ ਹੀ ਪੂਰੇ ਓਵਰਾਂ ਤੱਕ ਟਿਕਣ ਦੀ ਉਮੀਦ ਵੀ ਖਤਮ ਹੋ ਗਈ। ਇਸ ਮਗਰੋਂ ਆਵੇਸ਼ ਖ਼ਾਨ (16 ਦੌੜਾਂ) ਅਤੇ ਵਾਸ਼ਿੰਗਟਨ ਸੁੰਦਰ (27 ਦੌੜਾਂ) ਨੇ ਅੱਠਵੀਂ ਵਿਕਟ ਲਈ 23 ਦੌੜਾਂ ਜੋੜ ਕੇ ਭਾਰਤ ਦਾ ਸਕੋਰ 84 ਦੌੜਾਂ ਤੱਕ ਪਹੁੰਚਾਇਆ। ਆਖ਼ਰੀ ਓਵਰ ਵਿੱਚ ਭਾਰਤ ਨੂੰ ਇੱਕ ਵਿਕਟ ’ਤੇ 16 ਦੌੜਾਂ ਚਾਹੀਦੀਆਂ ਸਨ ਪਰ ਵਿਕਟ ਡਿੱਗਦਿਆਂ ਹੀ ਪਾਰੀ ਸਿਮਟ ਗਈ। ਰਾਹੁਲ ਦ੍ਰਾਵਿੜ ਨੇ ਕਿਹਾ ਕਿ ਭਾਰਤੀ ਟੀਮ ਦੇ ਮੁੱਖ ਕੋਚ ਹੋਣ ਦੇ ਆਪਣੇ ਕਾਰਜਕਾਲ ਦੌਰਾਨ ਉਸ ਨੂੰ ਟੀਮ ਵਿੱਚ ਬਦਲਾਅ ਕਰਨਾ ਪਸੰਦ ਨਹੀਂ ਸੀ ਅਤੇ ਉਸ ਨੇ ਹਮੇਸ਼ਾ ਕਪਤਾਨ ਰੋਹਿਤ ਸ਼ਰਮਾ ਦੇ ਸਹਾਇਕ ਦੀ ਭੂਮਿਕਾ ਨਿਭਾਈ ਤਾਂ ਕਿ ਉਹ ਆਪਣੀ ਰਣਨੀਤੀ ਅਨੁਸਾਰ ਚੱਲ ਸਕੇ।

ਭਾਰਤ ਦੇ ਟੀ20 ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫ਼ਰੀਕਾ ’ਤੇ ਜਿੱਤ ਨਾਲ ਦ੍ਰਾਵਿੜ ਦਾ ਮੁੱਖ ਕੋਚ ਦਾ ਕਾਰਜਕਾਲ ਸਮਾਪਤ ਹੋ ਗਿਆ ਹੈ। ਦ੍ਰਾਵਿੜ ਨੇ ਬੀਸੀਸੀਆਈ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਕਿਹਾ, ‘‘ਮੈਂ ਅਸਲ ਵਿੱਚ ਅਜਿਹਾ ਵਿਅਕਤੀ ਹਾਂ, ਜਿਸ ਨੂੰ ਲਗਾਤਾਰਤਾ ਪਸੰਦ ਹੈ। ਮੈਨੂੰ ਬਹੁਤ ਵੱਧ ਛਾਂਟੀ ਅਤੇ ਬਦਲਾਅ ਕਰਨਾ ਪਸੰਦ ਨਹੀਂ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਇਸ ਨਾਲ ਅਸਥਿਰਤਾ ਪੈਦਾ ਹੁੰਦੀ ਹੈ ਅਤੇ ਬਹੁਤਾ ਚੰਗਾ ਮਾਹੌਲ ਨਹੀਂ ਬਣਦਾ।’‘ ਦ੍ਰਾਵਿੜ ਦੇ ਕੋਚ ਰਹਿੰਦਿਆਂ ਭਾਰਤ ਨੇ ਇੰਗਲੈਂਡ ਨੂੰ ਪੰਜ ਮੈਚਾਂ ਦੀ ਲੜੀ ’ਚ ਹਰਾਇਆ ਅਤੇ ਟੀਮ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜੀ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...