June 29, 2024

ਦਿੱਲੀ NCR ‘ਚ ਬਾਰਸ਼ ਨੇ ਤੋੜਿਆ 88 ਸਾਲ ਦਾ ਰਿਕਾਰਡ

ਮੌਨਸੂਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਦਿੱਲੀ ਵਿਚ ਲਗਾਤਾਰ ਤਿੰਨ ਘੰਟੇ ਮੀਂਹ ਪਿਆ, ਜੋ ਪਿਛਲੇ 88 ਸਾਲਾਂ ਵਿਚ ਇਸ ਮਹੀਨੇ ਦੀ ਸੱਭ ਤੋਂ ਵੱਧ ਬਾਰਸ਼ ਹੈ ਅਤੇ ਰਾਸ਼ਟਰੀ ਰਾਜਧਾਨੀ ਵਿਚ ਮੀਂਹ ਨਾਲ ਸਬੰਧਤ ਹਾਦਸਿਆਂ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸੇ ਪਾਣੀ ਵਿਚ ਡੁੱਬ ਗਏ। ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਇਕ ਹਿੱਸਾ ਪਾਰਕ ਕੀਤੀਆਂ ਕਾਰਾਂ ‘ਤੇ ਡਿੱਗ ਗਿਆ, ਜਿਸ ਨਾਲ ਇਕ ਕੈਬ ਡਰਾਈਵਰ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਜਹਾਜ਼ਾਂ ਦਾ ਸੰਚਾਲਨ ਮੁਅੱਤਲ ਕਰਨਾ ਪਿਆ। ਰੋਹਿਣੀ ਦੇ ਪ੍ਰੇਮ ਨਗਰ ਇਲਾਕੇ ‘ਚ ਬਿਜਲੀ ਦਾ ਕਰੰਟ ਲੱਗਣ ਨਾਲ 39 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ ਨਿਊ ਉਸਮਾਨਪੁਰ ਇਲਾਕੇ ‘ਚ ਬਰਸਾਤੀ ਪਾਣੀ ‘ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਉੱਤਰ-ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ ਖੇਤਰ ਵਿਚ ਇਕ ਅੰਡਰਪਾਸ ਵਿਚ ਜਮ੍ਹਾਂ ਹੋਏ ਮੀਂਹ ਦੇ ਪਾਣੀ ਵਿਚ ਡੁੱਬਣ ਨਾਲ ਇਕ 20 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵਸੰਤ ਵਿਹਾਰ ਵਿਚ ਇਕ ਉਸਾਰੀ ਅਧੀਨ ਕੰਧ ਡਿੱਗਣ ਨਾਲ ਤਿੰਨ ਮਜ਼ਦੂਰ ਮਲਬੇ ਹੇਠ ਦੱਬ ਗਏ। ਬਚਾਅ ਕਾਰਜ ਸ਼ਾਮ ਤਕ ਜਾਰੀ ਰਿਹਾ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਉਨ੍ਹਾਂ ਦੇ ਬਚਣ ਦੀਆਂ ਉਮੀਦਾਂ ਮੱਧਮ ਹੁੰਦੀਆਂ ਗਈਆਂ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਸ਼ਹਿਰ ਵਿਚ 1936 ਤੋਂ ਬਾਅਦ ਪਿਛਲੇ 88 ਸਾਲਾਂ ਵਿਚ ਜੂਨ ਵਿਚ ਸੱਭ ਤੋਂ ਵੱਧ ਬਾਰਸ਼ ਦਰਜ ਕੀਤੀ ਗਈ ਹੈ, ਅਤੇ 1901 ਤੋਂ 2024 ਦੀ ਮਿਆਦ ਵਿਚ ਦੂਜੀ ਸੱਭ ਤੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ। ਮੌਨਸੂਨ ਦੀ ਪਹਿਲੀ ਬਾਰਸ਼ ਨੇ ਲੁਟੀਅਨਜ਼ ਦਿੱਲੀ ਸਮੇਤ ਦਿੱਲੀ ਦੇ ਵੱਖ-ਵੱਖ ਪੌਸ਼ ਇਲਾਕਿਆਂ ਵਿਚ ਪਾਣੀ ਭਰ ਦਿਤਾ, ਜਿਥੇ ਕਈ ਮੰਤਰੀ ਅਤੇ ਸੰਸਦ ਮੈਂਬਰ ਰਹਿੰਦੇ ਹਨ। ਭਾਰੀ ਮੀਂਹ ਤੋਂ ਬਾਅਦ ਪਾਣੀ ਭਰ ਜਾਣ ਕਾਰਨ ਸੰਸਦ ਮੈਂਬਰਾਂ ਨੂੰ ਸੰਸਦ ਤਕ ਪਹੁੰਚਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ ਦਿੱਲੀ ਦੇ ਜਲ ਮੰਤਰੀ ਆਤਿਸ਼ੀ, ਕਾਂਗਰਸ ਦੇ ਸ਼ਸ਼ੀ ਥਰੂਰ ਅਤੇ ਮਨੀਸ਼ ਤਿਵਾੜੀ ਅਤੇ ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਸਮੇਤ ਕਈ ਸੰਸਦ ਮੈਂਬਰਾਂ ਦੇ ਬੰਗਲੇ ਪਾਣੀ ਵਿਚ ਡੁੱਬ ਗਏ।

ਦਿੱਲੀ NCR ‘ਚ ਬਾਰਸ਼ ਨੇ ਤੋੜਿਆ 88 ਸਾਲ ਦਾ ਰਿਕਾਰਡ Read More »

NTA ਨੇ ਤਿੰਨ ਮਹੱਤਵਪੂਰਨ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਕੀਤਾ ਐਲਾਨ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ ਰਾਤ ਨੂੰ UGC-NET ਸਮੇਤ ਰੱਦ ਅਤੇ ਮੁਲਤਵੀ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ। ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਉਨ੍ਹਾਂ ਦੇ ਆਯੋਜਨ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਕੀਤਾ ਗਿਆ ਸੀ। UGC-NET ਦੀ ਪ੍ਰੀਖਿਆ 18 ਜੂਨ ਨੂੰ ਹੋਈ ਸੀ ਪਰ ਇਕ ਦਿਨ ਬਾਅਦ ਰੱਦ ਕਰ ਦਿਤੀ ਗਈ। ਇਹ ਪ੍ਰੀਖਿਆ ਹੁਣ 21 ਅਗਸਤ ਤੋਂ 4 ਸਤੰਬਰ ਤਕ ਨਵੇਂ ਸਿਰੇ ਤੋਂ ਲਈ ਜਾਵੇਗੀ। ਸਿੱਖਿਆ ਮੰਤਰਾਲੇ ਨੂੰ ਇਮਤਿਹਾਨ ਦੀ ਇਕਸਾਰਤਾ ਨਾਲ ਸਮਝੌਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿਤੀ ਗਈ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਪ੍ਰਸ਼ਨ ਪੱਤਰ ਡਾਰਕਨੈੱਟ ‘ਤੇ ਲੀਕ ਹੋਇਆ ਸੀ ਅਤੇ ਟੈਲੀਗ੍ਰਾਮ ਐਪ ‘ਤੇ ਜਨਤਕ ਕੀਤਾ ਗਿਆ ਸੀ। CSIR UGC-NET ਨੂੰ ਸਾਵਧਾਨੀ ਦੇ ਤੌਰ ‘ਤੇ ਮੁਲਤਵੀ ਕਰ ਦਿਤਾ ਗਿਆ ਸੀ। ਹੁਣ ਇਹ ਪ੍ਰੀਖਿਆਵਾਂ 25 ਜੁਲਾਈ ਤੋਂ 27 ਜੁਲਾਈ ਤਕ ਹੋਣਗੀਆਂ। ਆਈਆਈਟੀ, ਐਨਆਈਟੀ, ਆਰਆਈਈ ਅਤੇ ਸਰਕਾਰੀ ਕਾਲਜਾਂ ਦੇ ਨਾਲ-ਨਾਲ ਚੋਣਵੇਂ ਕੇਂਦਰੀ ਅਤੇ ਰਾਜ ਯੂਨੀਵਰਸਿਟੀਆਂ ਜਾਂ ਸੰਸਥਾਵਾਂ ਵਿਚ ਚਾਰ ਸਾਲਾ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ਆਈਟੀਈਪੀ) ਵਿਚ ਦਾਖਲੇ ਲਈ ਨੈਸ਼ਨਲ ਕਾਮਨ ਐਂਟਰੈਂਸ ਟੈਸਟ (ਐਨਸੀਈਟੀ) ਹੁਣ 10 ਜੁਲਾਈ ਨੂੰ ਹੋਵੇਗਾ। ਇਹ ਪ੍ਰੀਖਿਆ ਪਹਿਲਾਂ 12 ਜੂਨ ਨੂੰ ਹੋਣੀ ਸੀ ਪਰ ਇਸ ਨੂੰ ਨਿਰਧਾਰਤ ਸਮੇਂ ਤੋਂ ਕੁੱਝ ਘੰਟੇ ਪਹਿਲਾਂ ਮੁਲਤਵੀ ਕਰ ਦਿਤਾ ਗਿਆ ਸੀ। ਉਧਰ ਇਮਤਿਹਾਨ ਸੁਧਾਰਾਂ ’ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਹਿੱਸੇਦਾਰਾਂ ਤੋਂ 7 ਜੁਲਾਈ ਤਕ ਸੁਝਾਅ ਅਤੇ ਪ੍ਰਤੀਕਿਰਆਵਾਂ ਮੰਗੀਆਂ ਹਨ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਇਮਤਿਹਾਨ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਇਸਰੋ ਦੇ ਸਾਬਕਾ ਮੁਖੀ ਆਰ. ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੀ ਇਕ ਕਮੇਟੀ ਨੂੰ ਇਮਤਿਹਾਨ ਪ੍ਰਕਿਰਿਆ ’ਚ ਸੁਧਾਰ ਦੀ ਸਿਫਾਰਸ਼ ਕਰਨ, ਡਾਟਾ ਸੁਰੱਖਿਆ ਲਈ ਪ੍ਰੋਟੋਕੋਲ ਦਾ ਵਿਸਥਾਰ ਕਰਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਦੇ ਢਾਂਚੇ ਅਤੇ ਕੰਮਕਾਜ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ। ਸਿੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕਮੇਟੀ 27 ਜੂਨ ਤੋਂ 7 ਜੁਲਾਈ, 2024 ਤਕ ਹਿੱਸੇਦਾਰਾਂ, ਖਾਸ ਤੌਰ ’ਤੇ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਸੁਝਾਅ ਅਤੇ ਵਿਚਾਰ ਮੰਗ ਰਹੀ ਹੈ। ਐਮ.ਓ.ਵੀ. ਮੰਚ ਦੀ ਵਰਤੋਂ ਕਰ ਕੇ ਵੀ ਸੁਝਾਅ ਦਿਤੇ ਜਾ ਸਕਦੇ ਹਨ।’’ ਮੈਡੀਕਲ ਦਾਖਲਾ ਇਮਤਿਹਾਨ ਨੀਟ ਅਤੇ ਯੂ.ਜੀ.ਸੀ.-ਨੈੱਟ ਇਮਤਿਹਾਨ ’ਚ ਕਥਿਤ ਬੇਨਿਯਮੀਆਂ ਦੇ ਮੁੱਦੇ ’ਤੇ ਕੇਂਦਰ ਨੇ ਪਿਛਲੇ ਹਫਤੇ ਪਾਰਦਰਸ਼ੀ ਢੰਗ ਨਾਲ ਸੁਚਾਰੂ ਅਤੇ ਨਿਰਪੱਖ ਰੂਪ ’ਚ ਇਮਤਿਹਾਨ ਕਰਵਾਉਣ ਲਈ ਐਨ.ਟੀ.ਏ. ਰਾਹੀਂ ਕਮੇਟੀ ਦਾ ਗਠਨ ਕੀਤਾ ਸੀ।

NTA ਨੇ ਤਿੰਨ ਮਹੱਤਵਪੂਰਨ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਕੀਤਾ ਐਲਾਨ Read More »

ਟਰੰਪ ਤੇ ਬਾਇਡਨ ਦੀ ਬਹਿਸ

ਜੋਅ ਬਾਇਡਨ 81 ਸਾਲਾਂ ਦੇ ਹਨ, ਉਨ੍ਹਾਂ ਦਾ ਮੁਕਾਬਲਾ ਕਰ ਰਹੇ ਡੋਨਾਲਡ ਟਰੰਪ 78 ਵਰ੍ਹਿਆਂ ਦੇ ਹਨ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਇਨ੍ਹਾਂ ਦੋ ਉਮੀਦਵਾਰਾਂ ਦਰਮਿਆਨ ਹੋਈ ਪਹਿਲੀ ਬਹਿਸ ’ਚ ਉਮਰ ਦਾ ਇਹ ਫ਼ਰਕ ਕੁਝ ਜਿ਼ਆਦਾ ਹੀ ਜਾਪਿਆ ਹੈ। ਰਾਸ਼ਟਰਪਤੀ ਬਾਇਡਨ ਲਈ ਸਭ ਤੋਂ ਮਹੱਤਵਪੂਰਨ ਕੰਮ ਸੀ ਕਿ ਉਹ ਆਪਣੀ ਸਭ ਤੋਂ ਵੱਡੀ ਕਮਜ਼ੋਰੀ- ਵਡੇਰੀ ਉਮਰ ਦੇ ਮੱਦੇਨਜ਼ਰ ਅਹੁਦੇ ਲਈ ਲੋੜੀਂਦੀ ਸਮਰੱਥਾ ਸਬੰਧੀ ਜਨਤਾ ਦੇ ਖ਼ਦਸ਼ਿਆਂ ਨੂੰ ਦੂਰ ਕਰਦੇ। ਉਹ ਇਸ ਵਿੱਚ ਨਾਕਾਮ ਹੋ ਗਏ ਹਨ, ਉਹ ਵੀ ਬੁਰੀ ਤਰ੍ਹਾਂ। ਟਰੰਪ ਦੂਜੇ ਕਾਰਜਕਾਲ ਲਈ ਆਪਣਾ ਕੇਸ ਮਜ਼ਬੂਤੀ ਨਾਲ ਰੱਖ ਗਏ ਹਨ ਤੇ ਉਨ੍ਹਾਂ ਨੂੰ ਬਹੁਤੇ ਵਿਰੋਧ ਦਾ ਸਾਹਮਣਾ ਵੀ ਨਹੀਂ ਕਰਨਾ ਪਿਆ। ਬਾਇਡਨ ਬਹਿਸ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੰਦਿਆਂ ਚੀਜ਼ਾਂ ਭੁੱਲਦੇ ਤੇ ਬੁੜਬੁੜਾਉਂਦੇ ਹੋਏ ਨਜ਼ਰ ਆਏ। ਇੱਕ ਅਜਿਹੇ ਉਮੀਦਵਾਰ ਵਜੋਂ ਜੋ ਲਗਾਤਾਰ ਬਾਇਡਨ ਨੂੰ ਉਨ੍ਹਾਂ ਦੀ ਉਮਰ ’ਤੇ ਨਿਸ਼ਾਨਾ ਬਣਾਉਂਦੇ ਰਹੇ ਹਨ, ਟਰੰਪ ਨੇ ਸੰਜਮ ਧਾਰਿਆ। ਅਜਿਹਾ ਜਾਪਦਾ ਸੀ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਆਪਣੇ ਪਾਲੇ ’ਚ ਹੀ ਗੋਲ ਕਰਨ ਦੇਣਾ ਚਾਹੁੰਦੇ ਹਨ। ਇੱਕ ਨੁਕਤੇ ’ਤੇ ਜਦੋਂ ਬਾਇਡਨ ਸਰਹੱਦੀ ਸੁਰੱਖਿਆ ’ਤੇ ਆਪਣੇ ਕਦਮਾਂ ਦਾ ਬਚਾਅ ਕਰਦਿਆਂ ਬੋਲਣ ਵੇਲੇ ਢਲਦੇ ਜਿਹੇ ਦਿਸੇ ਤਾਂ ਟਰੰਪ ਨੇ ਕਿਹਾ, ‘ਮੈਨੂੰ ਬਿਲਕੁਲ ਸਮਝ ਨਹੀਂ ਆਇਆ ਕਿ ਉਨ੍ਹਾਂ ਵਾਕ ਦੇ ਅੰਤ ’ਚ ਕੀ ਕਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਵੀ ਪਤਾ ਹੋਵੇਗਾ ਕਿ ਉਨ੍ਹਾਂ ਕੀ ਕਿਹਾ ਹੈ।’ ਡੈਮੋਕਰੈਟਾਂ ਲਈ ਇਹ ਝਟਕੇ ਤੋਂ ਘੱਟ ਨਹੀਂ ਜਿਹੜੇ ਬਾਇਡਨ ਤੋਂ ਆਸ ਕਰ ਰਹੇ ਹਨ ਕਿ ਉਹ ਵੋਟਰਾਂ ਨੂੰ ਡੋਨਾਲਡ ਦੇ ਰਾਸ਼ਟਰਪਤੀ ਕਾਰਜਕਾਲ ਦੀ ਅਰਾਜਕ ਸਥਿਤੀ ਦਾ ਚੇਤਾ ਕਰਵਾ ਕੇ ਇਸ ਚੋਣ ਨੂੰ ਉਸ (ਟਰੰਪ) ਖਿ਼ਲਾਫ਼ ਰਾਇਸ਼ੁਮਾਰੀ ਵਜੋਂ ਪਲਟ ਦੇਣਗੇ। ਅਜਿਹਾ ਪਹਿਲੀ ਵਾਰ ਹੈ ਕਿ ਮੌਜੂਦਾ ਅਮਰੀਕੀ ਰਾਸ਼ਟਰਪਤੀ ਅਤੇ ਉਸ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਆਗੂ ਵਿਚਾਲੇ ਬਹਿਸ ਹੋ ਰਹੀ ਹੈ। ਸਮੀਖਿਅਕਾਂ ਮੁਤਾਬਿਕ ਚਾਰ ਸਾਲ ਪਹਿਲਾਂ ਇਨ੍ਹਾਂ ਵਿਚਾਲੇ ਹੋਈ ਅਜਿਹੀ ਹੀ ਬਹਿਸ ਅਤੇ ਹੁਣ ਹੋਏ ਸਵਾਲਾਂ ਜਵਾਬਾਂ ਵਿਚਾਲੇ ਕਾਫ਼ੀ ਅੰਤਰ ਹੈ। ਉਸ ਸਮੇਂ ਬਾਇਡਨ ਨੇ ਟਰੰਪ ਦੇ ਰਿਕਾਰਡ ਨੂੰ ਬਾਰੀਕੀ ਨਾਲ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਸੀ ਤੇ ਦੇਸ਼ ਨੂੰ ਵੱਖਰਾ ਨਜ਼ਰੀਆ ਦੇ ਕੇ ਉਮੀਦ ਬੰਨ੍ਹੀ ਸੀ। ਇਸ ਵਾਰ ਉਹ ਆਪਣੇ ਰਿਪਬਲਿਕਨ ਮੁਕਾਬਲੇਬਾਜ਼ ਨੂੰ ਜਿ਼ਆਦਾ ਘੇਰਨ ’ਚ ਅਯੋਗ ਸਾਬਿਤ ਹੋਏ ਹਾਲਾਂਕਿ ਟਰੰਪ ਦੇ ਕਈ ਕਥਨ ਤੱਥਾਂ ਤੋਂ ਦੂਰ ਸਨ। ਰਾਸ਼ਟਰਪਤੀ ਦਾ ਖ਼ਰਾਬ ਪ੍ਰਦਰਸ਼ਨ ਯਕੀਨਨ ਤੌਰ ’ਤੇ ਪਾਰਟੀ ’ਚ ਅੰਦਰਖਾਤੇ ਹਲਚਲ ਪੈਦਾ ਕਰੇਗਾ। ਮਾਮੂਲੀ ਵਿਰੋਧ ਨਾਲ ਬਾਇਡਨ ਨੂੰ ਦੂਜੀ ਨਾਮਜ਼ਦਗੀ ਸੌਂਪੇ ਜਾਣ ਦੇ ਮੁੱਦੇ ’ਤੇ ਡੈਮੋਕਰੈਟ ਆਗੂ ਇੱਕ-ਦੂਜੇ ’ਤੇ ਵੀ ਨਿਸ਼ਾਨਾ ਸੇਧ ਸਕਦੇ ਹਨ। ਉਨ੍ਹਾਂ ਨੂੰ ਨਾਮਜ਼ਦਗੀ ਦੇਣ ਦੇ ਫ਼ੈਸਲੇ ਉੱਤੇ ਸਵਾਲ ਉੱਠ ਸਕਦੇ ਹਨ। ਕੁਝ ਇਹ ਵੀ ਸੋਚ ਰਹੇ ਹੋਣਗੇ ਕਿ ਉਨ੍ਹਾਂ ਨੂੰ ਹੋਰ ਉਮੀਦਵਾਰ ਕਿਵੇਂ ਮਿਲ ਸਕਦਾ ਹੈ। ਸਤੰਬਰ ਵਿੱਚ ਦੂਜੀ ਬਹਿਸ ਤੋਂ ਪਹਿਲਾਂ ਸਥਿਤੀ ਨੂੰ ਸੰਭਾਲਣ ਲਈ ਬਾਇਡਨ ਦੀ ਪ੍ਰਚਾਰ ਟੀਮ ਕੋਲ ਦੋ ਮਹੀਨੇ ਬਾਕੀ ਹਨ। ਫਿਲਹਾਲ ਤਾਂ ਜਿ਼ਆਦਾ ਲੋਕ ਰਾਸ਼ਟਰਪਤੀ ਵਜੋਂ ਟਰੰਪ ਬਾਰੇ ਚਰਚਾ ਕਰਨ ਦੀ ਥਾਂ ਬਹਿਸ ਵਿੱਚ ਬਾਇਡਨ ਦੀ ਕਾਰਗੁਜ਼ਾਰੀ ਬਾਰੇ ਵੱਧ ਗੱਲ ਕਰ ਰਹੇ ਹਨ।

ਟਰੰਪ ਤੇ ਬਾਇਡਨ ਦੀ ਬਹਿਸ Read More »