NTA ਨੇ ਤਿੰਨ ਮਹੱਤਵਪੂਰਨ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਕੀਤਾ ਐਲਾਨ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁੱਕਰਵਾਰ ਰਾਤ ਨੂੰ UGC-NET ਸਮੇਤ ਰੱਦ ਅਤੇ ਮੁਲਤਵੀ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ। ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਉਨ੍ਹਾਂ ਦੇ ਆਯੋਜਨ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਕੀਤਾ ਗਿਆ ਸੀ। UGC-NET ਦੀ ਪ੍ਰੀਖਿਆ 18 ਜੂਨ ਨੂੰ ਹੋਈ ਸੀ ਪਰ ਇਕ ਦਿਨ ਬਾਅਦ ਰੱਦ ਕਰ ਦਿਤੀ ਗਈ। ਇਹ ਪ੍ਰੀਖਿਆ ਹੁਣ 21 ਅਗਸਤ ਤੋਂ 4 ਸਤੰਬਰ ਤਕ ਨਵੇਂ ਸਿਰੇ ਤੋਂ ਲਈ ਜਾਵੇਗੀ। ਸਿੱਖਿਆ ਮੰਤਰਾਲੇ ਨੂੰ ਇਮਤਿਹਾਨ ਦੀ ਇਕਸਾਰਤਾ ਨਾਲ ਸਮਝੌਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿਤੀ ਗਈ ਸੀ।

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਪ੍ਰਸ਼ਨ ਪੱਤਰ ਡਾਰਕਨੈੱਟ ‘ਤੇ ਲੀਕ ਹੋਇਆ ਸੀ ਅਤੇ ਟੈਲੀਗ੍ਰਾਮ ਐਪ ‘ਤੇ ਜਨਤਕ ਕੀਤਾ ਗਿਆ ਸੀ। CSIR UGC-NET ਨੂੰ ਸਾਵਧਾਨੀ ਦੇ ਤੌਰ ‘ਤੇ ਮੁਲਤਵੀ ਕਰ ਦਿਤਾ ਗਿਆ ਸੀ। ਹੁਣ ਇਹ ਪ੍ਰੀਖਿਆਵਾਂ 25 ਜੁਲਾਈ ਤੋਂ 27 ਜੁਲਾਈ ਤਕ ਹੋਣਗੀਆਂ। ਆਈਆਈਟੀ, ਐਨਆਈਟੀ, ਆਰਆਈਈ ਅਤੇ ਸਰਕਾਰੀ ਕਾਲਜਾਂ ਦੇ ਨਾਲ-ਨਾਲ ਚੋਣਵੇਂ ਕੇਂਦਰੀ ਅਤੇ ਰਾਜ ਯੂਨੀਵਰਸਿਟੀਆਂ ਜਾਂ ਸੰਸਥਾਵਾਂ ਵਿਚ ਚਾਰ ਸਾਲਾ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ਆਈਟੀਈਪੀ) ਵਿਚ ਦਾਖਲੇ ਲਈ ਨੈਸ਼ਨਲ ਕਾਮਨ ਐਂਟਰੈਂਸ ਟੈਸਟ (ਐਨਸੀਈਟੀ) ਹੁਣ 10 ਜੁਲਾਈ ਨੂੰ ਹੋਵੇਗਾ। ਇਹ ਪ੍ਰੀਖਿਆ ਪਹਿਲਾਂ 12 ਜੂਨ ਨੂੰ ਹੋਣੀ ਸੀ ਪਰ ਇਸ ਨੂੰ ਨਿਰਧਾਰਤ ਸਮੇਂ ਤੋਂ ਕੁੱਝ ਘੰਟੇ ਪਹਿਲਾਂ ਮੁਲਤਵੀ ਕਰ ਦਿਤਾ ਗਿਆ ਸੀ।

ਉਧਰ ਇਮਤਿਹਾਨ ਸੁਧਾਰਾਂ ’ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਹਿੱਸੇਦਾਰਾਂ ਤੋਂ 7 ਜੁਲਾਈ ਤਕ ਸੁਝਾਅ ਅਤੇ ਪ੍ਰਤੀਕਿਰਆਵਾਂ ਮੰਗੀਆਂ ਹਨ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਇਮਤਿਹਾਨ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਇਸਰੋ ਦੇ ਸਾਬਕਾ ਮੁਖੀ ਆਰ. ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੀ ਇਕ ਕਮੇਟੀ ਨੂੰ ਇਮਤਿਹਾਨ ਪ੍ਰਕਿਰਿਆ ’ਚ ਸੁਧਾਰ ਦੀ ਸਿਫਾਰਸ਼ ਕਰਨ, ਡਾਟਾ ਸੁਰੱਖਿਆ ਲਈ ਪ੍ਰੋਟੋਕੋਲ ਦਾ ਵਿਸਥਾਰ ਕਰਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਦੇ ਢਾਂਚੇ ਅਤੇ ਕੰਮਕਾਜ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਸਿੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕਮੇਟੀ 27 ਜੂਨ ਤੋਂ 7 ਜੁਲਾਈ, 2024 ਤਕ ਹਿੱਸੇਦਾਰਾਂ, ਖਾਸ ਤੌਰ ’ਤੇ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਸੁਝਾਅ ਅਤੇ ਵਿਚਾਰ ਮੰਗ ਰਹੀ ਹੈ। ਐਮ.ਓ.ਵੀ. ਮੰਚ ਦੀ ਵਰਤੋਂ ਕਰ ਕੇ ਵੀ ਸੁਝਾਅ ਦਿਤੇ ਜਾ ਸਕਦੇ ਹਨ।’’ ਮੈਡੀਕਲ ਦਾਖਲਾ ਇਮਤਿਹਾਨ ਨੀਟ ਅਤੇ ਯੂ.ਜੀ.ਸੀ.-ਨੈੱਟ ਇਮਤਿਹਾਨ ’ਚ ਕਥਿਤ ਬੇਨਿਯਮੀਆਂ ਦੇ ਮੁੱਦੇ ’ਤੇ ਕੇਂਦਰ ਨੇ ਪਿਛਲੇ ਹਫਤੇ ਪਾਰਦਰਸ਼ੀ ਢੰਗ ਨਾਲ ਸੁਚਾਰੂ ਅਤੇ ਨਿਰਪੱਖ ਰੂਪ ’ਚ ਇਮਤਿਹਾਨ ਕਰਵਾਉਣ ਲਈ ਐਨ.ਟੀ.ਏ. ਰਾਹੀਂ ਕਮੇਟੀ ਦਾ ਗਠਨ ਕੀਤਾ ਸੀ।

ਸਾਂਝਾ ਕਰੋ