ਬੇਸ਼ੱਕ ਸ਼ਰੀਂਹ ਦਾ ਰੁੱਖ ਫਲ਼ਦਾਰ ਰੁੱਖਾਂ ਵਿੱਚ ਗਿਣਿਆ ਨਹੀਂ ਜਾਂਦਾ ਪਰ ਆਪਣੀ ਅਣੋਖੀ ਦਿੱਖ ਅਤੇ ਬਹੁਗੁਣੀ ਰੁੱਖ ਹੋਣ ਕਰਕੇ ਇਸ ਬਾਰੇ ਲਿਖਣ ਤੋਂ ਇਹ ਰੁੱਖ ਅਣਗੌਲਿਆ ਵੀ ਰਹਿਣਾ ਨਹੀਂ ਚਾਹੀਦਾ। ਪ੍ਰਯਾਵਰਣ ਦੇ ਸ੍ਰੋਤ ਇਸ ਰੁੱਖ ਬਾਰੇ ਜਿੱਨੀ ਕੁ ਜਾਣ ਕਾਰੀ ਇਸ ਲੇਖਕ ਨੂੰ ਹੈ ਉਹ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਜ਼ਰੂਰ ਕਰਨੀ ਚਾਹਾਂਗਾ। ਕਿਸੇ ਵੇਲੇ ਰੇਲ ਗੱਡੀ ਜੋ ਮੁਕੇਰੀਆਂ ਤੋਂ ਜਲੰਧਰ ਤੱਕ ਆਉਂਦੀ ਸੀ।ਉਸ ਵਿੱਚ ਇੱਕ ਸੁੰਦਰ ਸਿੰਘ ਨਾਂ ਦਾ ਹਕੀਮ ਅੱਖਾਂ ਦਾ ‘ਮੁਮੀਰਾ, ਨਾਮ ਦਾ ਸੁਰਮਾ ਆਪਣੇ ਹੱਥੀਂ ਤਿਆਰ ਕਰਕੇ ਵੇਚਦਾ ਕਿਹਾ ਕਰਦਾ ਸੀ।“ ਜਿਸ ਪਿੰਡ ਵਿੱਚ ਸ਼ਰੀਹ ਦਾ ਰੁੱਖ ਹੋਵੇ ਜਨਾਬ, ਉਸ ਪਿੰਡ ਵਾਲਿਆਂ ਦੀਆਂ ਅੱਖਾਂ ਕਿਉਂ ਹੋਣ ਖਰਾਬ”, ਫਿਰ ਸੁਰਮੇ ਤੇ ਅੱਖਾਂ ਦੀ ਤੰਦਰੁਸਤੀ ਲਈ ਕੁੱਝ ਕੰਮ ਦੀਆਂ ਗੱਲਾਂ ਬਾਤਾਂ ਦਸਦਾ ਉਹ ਆਪਣੇ ਝੋਲ਼ੇ ਵਿੱਚੋਂ ਇਕ ਸੁਰਮੇ ਦੀ ਸ਼ੀਸ਼ੀ ਅਤੇ ਸ਼ੀਸ਼ੇ ਦੀ ਸਲਾਈ ਕੱਢ ਕੇ ਪਾਣੀ ਨਾਲ ਸਾਫ ਕਰੇ ਸਵਾਰੀਆਂ ਨੂੰ ਇਹ ਸੁਰਮਾ ਪਾਉਣ ਲਈ ਕਹਿੰਦਾ, ਸੁਰਮੇ ਵਾਲੀ ਸਲਾਹੀ ਸਾਫ ਕਰਨ ਲਈ ਉਹ ਪਾਣੀ ਦੀ ਭਰੀ ਸ਼ੀਸ਼ੀ ਵੀ ਉਹ ਨਾਲ ਰੱਖਦਾ ਸੀ।ਸੁਰਮਾਂ ਪਾਉਣ ਨਾਲ ਅੱਖਾਂ ਚੋਂ ਪਾਣੀ ਵਗਣ ਕਰਕੇ ਅੱਖਾਂ ਦੇ ਸ਼ੀਸ਼ੇ ਸਾਫ ਹੋਣ ਤੇ ਫਿਰ ਉਹ ਇਹ ਸੁਰਮਾ ਬਣਾਉਣ ਦਾ ਢੰਗ ਵੀ ਦਸਦਾ। ਉਹ ਕਹਿੰਦਾ ਸੱਭ ਤੋਂ ਪਹਲਾਂ ਜੋ ਚੀਜ਼ਾਂ ਉਹ ਇਸ ਕੰਮ ਲਈ ਦਸਦਾ ਉੱਨ੍ਹਾਂ ਨੂੰ ਪੀਸ ਕੇ ਕਿਸੇ ਸ਼ਰੀਂਹ ਦੇ ਰੁੱਖ ਦੇ ਤਣੇ ਵਿੱਚ ਚੌਰਸ ਛੇਕ ਕਰਕੇ ਉਸ ਬਣੇ ਛੇਕ ਵਿੱਚ ਸਵਾ ਮਹੀਨਾ ਬੰਦ ਰੱਖਣ ਤੋਂ ਬਾਅਦ ਇਹ ਅੱਖਾਂ ਲਈ ਬਹੁਤ ਕਾਰਾਮਦ ਸੁਰਮੇ ਦੇ ਬਣਾਉਣ ਬਾਰੇ ਦਸ ਕੇ ਕਹਿੰਦਾ ਲਓ ਜੀ ਇਹ ਹੁਣ ਮੁਮੀਰਾ ਕੀ ਮੁਮੀਰੇ ਦਾ ਵੀ ਬਾਪ ਬਣ ਗਿਆ। ਫਿਰ ਆਪਣੇ ਬਾਰੇ ਪੂਰਾ ਥਾਂ ਟਿਕਾਣਾ ਦੱਸ ਕੇ ਆਪਣੇ ਹੱਥੀਂ ਤਿਆਰ ਕੀਤਾ ਸੁਰਮੇ ਵਾਲੇ ਝੋਲੇ ਵਿੱਚੋਂ ਲੋੜ ਵੰਦਾਂ ਨੂੰ ਕੀਮਤ ਦੱਸਕੇ ਸੁਰਮਾ ਵੇਚਦਾ,ਬਹੁਤ ਸਾਰੀਆਂ ਸੁਰਮੇ ਸ਼ੀਸ਼ੀਆਂ ਵੇਚਦਾ ਅਗਲੇ ਸਟੇਸ਼ਨ ਤੇ ਉਤਰ ਕੇ ਦੂਸਰੇ ਡੱਬੇ ਵਿੱਚ ਚਲਾ ਜਾਂਦਾ। ਸਿਰਫ ਇਨਾ ਹੀ ਨਹੀਂ ਇਹ ਰੁੱਖ ਸਰੀਰ ਦੀਆਂ ਕਈ ਹੋਰ ਕਈ ਕਿਸਮ ਦੇ ਰੋਗਾਂ ਲਈ ਵੀ ਬਹੁਤ ਲਾਭ ਦਾਇਕ ਹੈ। ਵੈਸੇ ਵੀ ਸ਼ਰੀਂਹ ਦਾ ਰੁੱਖ ਬੜਾ ਸੰਘਣਾ ਅਤੇ ਛਾਂਦਾਰ ਰੁੱਖ ਹੈ। ਜਦੋਂ ਕਿਸੇ ਘਰ ਕੋਈ ਬਾਲ ਜਨਮ ਲੈਂਦਾ ਹੈ ਘਰ ਵਾਲੇ ਇਸ ਨੂੰ ਆਮ ਕਰਕੇ ਸ਼ੁੱਭ ਜਾਣ ਕੇ ਆਪਣੇ ਦਰਵਾਜ਼ੇ ਤੇ ਸ਼ਰੀਂਹ ਦੇ ਪੱਤੇ ਕਿਸੇ ਧਾਗੇ ਨਾਲ ਬੰਨ੍ਹ ਕੇ ਬੂਹੇ ਤੇ ਲਟਕਾਏ ਜਾਂਦੇ ਇਹ ਆਮ ਵੇਖੇ ਜਾਂਦੇ ਹਨ। ਬਹਾਰ ਆਉਣ ਤੇ ਇਸ ਰੁੱਖ ਨੂੰ ਸੁੰਦਰ ਚਿੱਟੇ ਕਰੀਮ ਰੰਗ ਦੇ ਬੜੇ ਸੁੰਦਰ ਫੁੱਲ ਲਗਦੇ ਹਨ।ਇਸ ਦੇ ਪੱਤੇ ਛੋਟੇ ਛੋਟੇ ਤੇ ਲੜੀ ਦਾਰ ਹੁੰਦੇ ਜੋ ਵੇਖਣ ਨੂੰ ਬਹੁਤ ਸੁਹਣੇ ਲਗਦੇ ਹਨ। ਫੁੱਲ ਲਗਣ ਤੋਂ ਗਿੱਠ ਡੇੜ੍ਹ ਗਿੱਠ ਲੰਮੀਆਂ ਚਪਟੀਆਂ ਹਰੀਆਂ ਫਲੀਆਂ ਨਾਲ ਜਦੋਂ ਇਹ ਰੁਖ ਭਰ ਕੇ ਸ਼ਿੰਗਾਰਿਆ ਜਾਂਦਾ ਹੈ ਤਾਂ ਇਹ ਨਜ਼ਾਰਾ ਵੀ ਵੇਖਣ ਯੋਗ ਹੁੰਦਾ ਹੈ। ਇਸ ਰੁੱਖ ਦੀ ਲੱਕੜ ਹੌਲੀ ਠੰਡੀ ਤਾਸੀਰ ਦੀ ਅਤੇ ਕਾਫੀ ਹੰਢਣਸਾਰ ਵੀ ਹੁੰਦੀ ਹੈ। ਬਹੁਤ ਸਾਰੇ ਲੱਕੜ ਦੇ ਕੰਮਾਂ ਲਈ ਵਰਤੀ ਜਾਂਦੀ ਹੈ। ਸਿਆਲ ਦੀ ਠੰਡੀ ਰੁੱਤੇ ਜਦੋ ਕਦੀ ਹਵਾ ਚਲਦੀ ਹੈ ਤਾਂ ਇਸ ਰੁੱਖ ਦੇ ਪੱਤੇ ਝੜ ਜਾਣ ਕਰਕੇ ਜਦੋਂ ਇਸ ਦੀਆਂ ਪੱਕੀਆਂ ਪੀਲੇ ਸੁਨਹਿਰੀ ਰੰਗ ਦੀਆਂ ਬੀਜਾਂ ਵਾਲੀਆਂ ਫਲੀਆਂ ਵੀ ਕੁਦਰਤ ਦੇ ਵਜਦੇ ਸਾਜ਼ ਵਿੱਚ ਇਲੌਕਿਕ ਧੁਨੀ ਵੀ ਪੈਦਾ ਕਰਦੀਆਂ ਹਨ। ਪਿੱਪਲ ਜਾਂ ਪਿੱਪਲੀ ਪੱਤਿਆਂ ਦੀ ਖੜ ਖੜ ਦੀ ਆਵਾਜ਼ ਹੁੰਦੀ ਸੁਣ ਕੇ ਤਾਂ ਕਈ ਸ਼ਾਇਰਾਂ ਨੇ ਆਪਣੇ ਗੀਤ ਲਿਖ ਕੇ ਤੇ ਕਈ ਗੀਤ ਕਾਰਾ ਨੇ ਕੁਝ ਨਾ ਕੁਝ ਲਿਖਿਆ ਹੈ।ਹਾਲਾਂ ਕਿ ਪਿੱਪਲ ਦਾ ਰੁੱਖ ਕੁੱਝ ਕੁੱਝ ਸਦਾ ਬਹਾਰ ਰੁੱਖ ਵਰਗ ਹੀ ਹੁੰਦਾ ਹੈ। ਪਰ ਸ਼ਰੀਹ ਦੇ ਰੁੱਖ ਪੱਤਝੜੀ ਰੁਖ ਦੇ ਹੋਣ ਕਰਕੇ ਇਸ ਰੁੱਖ ਨਾਲ ਬੜਾ ਧੱਕਾ ਅਤੇ ਇਸ ਨੂੰ ਨਜ਼ਰ ਅੰਦਾਜ਼ ਕਰਨ ਦਾ ਇਹ ਰੁੱਖ ਸ਼ਿਕਾਰ ਵੀ ਹੋਇਆ ਹੈ। ਮੈਂ ਦੇਸ਼ ਅਤੇ ਵਿਦੇਸ਼ ਰਹਿੰਦਿਆਂ ਇਸ ਕਿਸਮ ਦੇ ਰੁੱਖਾਂ ਦੇ ਕਈ ਜ਼ਖੀਰੇ ਅਤੇ ਪਾਰਕਾਂ ਅਤੇ ਹੋਰ ਥਾਂਵਾਂ ਵੀ ਲਾਏ ਗਏ ਵੇਖੇ ਹਨ। ਪਰ ਸਾਡੇ ਦੇਸੀ ਸ਼ਰੀਂਹ ਦੇ ਇਸ ਰੁੱਖ ਦਾ ਮੁਕਾਬਲਾ ਇਹ ਨਿੱਕੀਆਂ ਨਿੱਕੀਆਂ ਬੇ ਆਵਾਜ਼ ਫਲੀਆਂ ਵਾਲੇ ਲੰਮੇ ਲੰਮੇ ਤੇ ਇਕੈਹਰੇ ਆਕਾਰ ਵਾਲੇ ਰੁੱਖ ਨਹੀਂ ਕਰ ਸਕਦੇ।ਆਓ ਆਪਣੇ ਆਲ਼ੇ ਦੁਆਲੇ ਦਾ ਵਾਤਾ ਵਰਨ ਸਾਫ ਸੁਥਰਾ ਰੱਖਣ ਦੀ ਆਦਤ ਬਣਾਈਏ ਤੇ ਇਨ੍ਹਾਂ ਪ੍ਰਯਾਵਰਣ ਦੇ ਸ੍ਰੋਤ ਰੁੱਖਾਂ ਦੀ ਸਾਂਭ ਸੰਭਾਲ ਵਜੋਂ ਇਨ੍ਹਾਂ ਵੱਲ ਆਪਣਾ ਪੂਰਾ ਧਿਆਨ ਦਈਏ। ਨਾ ਉਹ ਤੂਤ ਸ਼ਰੀਹਾਂ ਲੱਭਣ, ਨਾ ਉਹ ਬੇਲੇ ਕਾਹੀਆਂ ਲੱਭਣ, ਨਾ ਉਹ ਰੁੱਤਾਂ ਛਾਈਆਂ ਲੱਭਣ, ਨਾਂ ਭਾਈ ਭਰਜਾਈਆਂ ਲੱਭਣ, ਘੱਟ ਹੀ ਪਕੱਦੇ, ਖੀਰਾਂ ਪੂੜੇ, ਘੱਟ ਹੀ ਪੀਂਘਾਂ ਪਾਈਆਂ ਲੱਭਣ। ਲੱਭਦਾ ਬਸ ਪ੍ਰਦੂਸਣ ਸਾਰੇ, ਨਾ ਉਹ ਸਾਫ ਸਫਾਈਆਂ ਲੱਭਣ, ਨਾ ਹੀ ਉਹ ਹਲ ਵਾਹੀਆਂ ਲੱਭਣ, ਮਾਂਵਾਂ ਵਾਂਗੋ ਪਿਆਰ ਕਰਨ ਜੋ, ਨਾ ਉਹ ਚਾਚੀਆਂ ਤਾਈਆਂ ਲੱਭਣ। ਨਾ ਉਹ ਖੱਦਰ ਨਾ ਕਪਾਹਾਂ ਨਾ ਉਹ ਲੇਫ ਤਲਾਈਆਂ ਲੱਭਣ। ਬੰਦ ਹੋ ਗਾਏ ਛੱਪੜ ਟੋਭੇ, ਘੱਟ ਹੀ ਖੱਡਾਂ ਖਾਈਆਂ ਲੱਭਣ। ਸੱਭ ਨੂ ਵੰਡਣ ਮੁਫਤ ਅਸੀਸਾਂ, ਨਾ ਉਹ ਬੁੱਢੀਆਂ ਮਾਈਆਂ ਲੱਭਣ। ਖੇਤਾਂ ਦੇ ਵਿੱਚ ਫਿਰਨ ਟ੍ਰੈਕਟਰ, ਨਾ ਉਹ ਬਲ਼ਦ ਨਾ ਗਾਈਆਂ ਲੱਭਣ, ਦੇਸ਼ ਵਿਦੇਸ਼ੀ ਤੁਰ ਗਏ ਲੋਕੀਂ, ਇਹ ਅੱਖਾਂ ਤ੍ਰਿਹਾਈਆਂ ਲੱਭਣ। ਕਈ ਵਾਰ ਮੈਂ ਇਹ ਵੀ ਸੋਚਦਾ ਹਾਂ ਕਿ ਪੰਜਾਬੀ ਸਭਿਆਚਾਰ ਵਿੱਚ ਜਿੱਥੇ ਕਈ ਫਲਦਾਰ ਅਤੇ ਛਾਂ ਦਾਰ ਰੁੱਖਾਂ ਦਾ ਜਿਵੇਂ ਅੰਬ, ਧਰੇਕ, ਨਿੰਮ ,ਟਾਹਲੀ, ਤੂਤ ,ਕਿੱਕਰ,ਫਲਾਹੀ, ,ਪਿੱਪਲ, ਪਿਪਲੀ ਬੋਹੜ ਦਾ ਜ਼ਿਕਰ ਤਾਂ ਆਮ ਆਉਂਦਾ ਹੈ, ਪਰ ਲੇਖਕਾਂ ਗੀਤਕਾਰਾਂ ਸ਼ਾਇਰਾਂ ਨੇ ਇੱਸ ਗੁਣਕਾਰੀ ਸ਼ਰੀਂਹ ਦੇ ਰੁੱਖ ਨੂੰ ਕਿਉਂ ਅੱਖੋਂ ਪ੍ਰੋਖਿਆਂ ਕੀਤਾ ਹੈ, ਇਸ ਵਿਸ਼ੇ ਤੇ ਹੀ ਕੁਝ ਪੜਚੋਲ ਕਰਦਿਆਂ ਬਿਰਹੋਂ ਦੇ ਸੁਲਤਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਿਸ ਨੂੰ ਪੰਜਾਬੀ ਦਾ ਕੀਟਸ ਵੀ ਕਿਹਾ ਜਾਂਦਾ ਹੈ।ਜਿਸ ਦੀ ਜਨਮ ਸ਼ਤਾਬਦੀ ਹੁਣੇ ਹੁਣੇ ਕਈ ਥਾਂਵਾਂ ਤੇ ਅਤੇ ਕਈਆਂ ਸੰਸਥਾਵਾਂ, ਵੈਬਸਾਈਡਾਂ, ਮੈਗਜ਼ੀਨਾਂ ਆਦਿ ਰਾਹੀ ਉਸ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ.ਦੀ ਇਸ ਨਜ਼ਮ ਨੇ ਮੇਰਾ ਇਸ ਰੁੱਖ ਪ੍ਰਤੀ ਇਹ ਗਿਲਾ ਵੀ ਦੂਰ ਕਰ ਦਿੱਤਾ ਹੈ। ਉਸ ਮਹਾਨ ਸ਼ਾਇਰ ਦੀ ਇਹ ਰਚਨਾ ਨੂੰ ਪਾਠਕਾਂ ਨਾਲ ਸਾਂਝੀ ਕਰਨ ਤੋਂ ਬਿਨਾਂ ਮੇਰਾ ਹੱਥਲਾ ਇਹ ਲੇਖ ਅਧੂਰਾ ਹੀ ਰਹੇ ਗਾ। ਉਸ ਨੂੰ ਸ਼ਰਧਾ ਵਜੋਂ ਇਸ ਰੁੱਖ ਦੇ ਸ਼ਰੀਂਹ ਦੇ ਹੀ ਕੁਝ ਨਰਮ ਸਫੇਦ ਫੁੱਲ ਕਰੀਮ ਰੰਗੇ ਕੋਮਲ ਫੁੱਲ ਉਸ ਨੂੰ ਭੇਟ ਕਰਦੇ ਹੋਏ ਇਸ ਲੇਖ ਨੂੰ ਸਮਾਪਤ ਕਰਦਾ ਹੋਇਆ ਮੁੜ ਕਿਤੇ ਕਿਸੇ ਹੋਰ ਲੇਖ ਰਾਹੀਂ ਹਾਜ਼ਿਰ ਹੋਣ ਲਈ ਪਾਠਕਾਂ ਤੋਂ ਆਗਿਆ ਲੈਂਦਾ ਹਾਂ। ਸ਼ਿਵ ਬਟਾਲਵੀ ਦੀ ਰਚਨਾ ਹੈ:- ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ, ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ, ਆਖਰੀ ਫੁੱਲ ਵੀ ਸ਼ਰੀਂਹ ਦਾ ਡਿਗ ਪਿਆ, ਖਾ ਗਿਆ ਸਰ ਸਬਜ਼ ਜੂਹਾਂ,ਸਰਦ ਪੋਹ। -ਰਵੇਲ ਸਿੰਘ ਇਟਲੀ