ਅਮਰੀਕੀ ਅਦਾਲਤ ਵਲੋਂ ਐਲਨ ਮਸਕ ਨੂੰ ਵੱਡਾ ਝਟਕਾ, ਹੁਣ ਨਹੀਂ ਮਿਲੇਗਾ ਮਨਚਾਹਿਆ ਸੈਲਰੀ ਪੈਕੇਜ

ਨਵੀਂ ਦਿੱਲੀ, 3 ਦਸੰਬਰ – ਅਮਰੀਕੀ ਅਰਬਪਤੀ ਤੇ ਵਾਹਨ ਨਿਰਮਾਤਾ ਕੰਪਨੀ ਟੇਸਲਾ ਦੇ ਮਾਲਕ ਐਲਨ ਮਸਕ ਨੂੰ ਵੱਡਾ ਝਟਕਾ ਲੱਗਾ ਹੈ। ਅਮਰੀਕੀ ਅਦਾਲਤ ਨੇ ਮਸਕ ਦੇ 55.8 ਬਿਲੀਅਨ ਡਾਲਰ ਦੇ ਤਨਖਾਹ ਪੈਕੇਜ ਨੂੰ ਰੱਦ ਕਰਨ ਦੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਡੇਲਾਵੇਅਰ ਕੋਰਟ ‘ਚ ਜੱਜ Kathaleen McCormick ਨੇ ਵੀ ਐਲਨ ਮਸਕ ਦੇ ਪੈਕੇਜ ਨੂੰ ਵਧਾਉਣ ਲਈ ਟੇਸਲਾ ਸ਼ੇਅਰਧਾਰਕਾਂ ਦੀ ਵੋਟਿੰਗ ਦੇ ਜੂਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਪਾਇਆ ਕਿ ਟੇਸਲਾ ਨੇ ਦਸਤਾਵੇਜ਼ਾਂ ‘ਚ ‘ਗੁੰਮਰਾਹਕੁੰਨ ਜਾਣਕਾਰੀ’ ਦਿੱਤੀ ਸੀ। ਜੱਜ ਨੇ ਆਪਣੇ ਫੈਸਲੇ ‘ਚ ਇਹ ਵੀ ਕਿਹਾ ਕਿ ਮਸਕ ਦੀ ਪ੍ਰਸਤਾਵਿਤ ਤਨਖਾਹ ਬਹੁਤ ਜ਼ਿਆਦਾ ਹੈ ਤੇ ਇਹ ਸ਼ੇਅਰਧਾਰਕਾਂ ਦੇ ਹਿੱਤ ‘ਚ ਨਹੀਂ ਹੈ।

ਅਦਾਲਤ ਨੇ ਆਪਣੇ ਫੈਸਲੇ ‘ਚ ਕੀ ਕਿਹਾ?

ਅਦਾਲਤ ਨੇ ਇਸ ਸਾਲ ਜਨਵਰੀ ‘ਚ ਐਲਨ ਮਸਕ ਦੀ ਪ੍ਰਸਤਾਵਿਤ ਤਨਖਾਹ ਨੂੰ ਰੱਦ ਕਰ ਦਿੱਤਾ ਸੀ। ਹੁਣ ਅਦਾਲਤ ਨੇ ਆਪਣਾ ਫੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। ਜੱਜ ਮੈਕਕਾਰਮਿਕ ਨੇ ਫੈਸਲੇ ‘ਚ ਕਿਹਾ, ‘ਟੇਸਲਾ ਨੇ ਐਲਨ ਮਸਕ ਨੂੰ ਤਨਖਾਹ ਪੈਕੇਜ ਦੇਣ ਲਈ ਸ਼ੇਅਰਧਾਰਕਾਂ ਨੂੰ ਜਿਹਰੇ ਦਸਤਾਵੇਜ਼ ਪੇਸ਼ ਕੀਤੇ ਹਨ, ਉਨ੍ਹਾਂ ਵਿਚ ਖਾਮੀਆਂ ਹਨ। ਟੇਸਲਾ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ‘ਚ ਕਾਫ਼ੀ ਰਚਨਾਤਮਕਤਾ ਦਿਖਾਈ ਹੈ, ਪਰ ਉਨ੍ਹਾਂ ਦੇ ਸਿਧਾਂਤ ਸਥਾਪਤ ਕਾਨੂੰਨਾਂ ਦੇ ਉਲਟ ਚੱਲਦੇ ਹਨ। ਅਜਿਹੀ ਸਥਿਤੀ ‘ਚ ਸੋਧ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਾਂਦਾ ਹੈ।

ਐਲਨ ਮਸਕ ਦੀ ਕੀ ਪ੍ਰਤੀਕਿਰਿਆ ਹੈ?

ਐਲਨ ਮਸਕ ਨੇ ਅਦਾਲਤ ਦੇ ਫੈਸਲੇ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰਨਗੇ। ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ‘ਇਕ ਕੰਪਨੀ ਦੇ ਫੈਸਲਿਆਂ ਨੂੰ ਸ਼ੇਅਰਧਾਰਕਾਂ ਦੀਆਂ ਵੋਟਾਂ ਰਾਹੀਂ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ, ਜੱਜਾਂ ਵੱਲੋਂ ਨਹੀਂ। ਟੇਸਲਾ ਨੇ ਵੀ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਐਕਸ ‘ਤੇ ਲਿਖਿਆ, ‘ਡੇਲਾਵੇਅਰ ਦੇ ਇਕ ਜੱਜ ਨੇ ਟੇਸਲਾ ਦਾ ਮਾਲਿਕਾਨਾ ਹੱਕ ਰੱਖਣ ਵਾਲੇ ਸ਼ੇਅਰਧਾਰਕਾਂ ਦੇ ਬਹੁਮਤ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਨੂੰ ਦੋ ਵਾਰ ਐਲਨ ਮਸਕ ਨੂੰ ਉਹ ਰਕਮ ਭੁਗਤਾਨ ਕਰਨ ਲਈ ਵੋਟ ਦਿੱਤਾ, ਜਿਸ ਦੇ ਉਹ ਹੱਕਦਾਰ ਹਨ। ਟੇਸਲਾ ਦਾ ਕਹਿਣਾ ਹੈ ਕਿ ਅਦਾਲਤ ਦਾ ਫੈਸਲਾ ਗਲਤ ਹੈ ਤੇ ਅਸੀਂ ਇਸਦੇ ਖਿਲਾਫ ਅਪੀਲ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਸ ਫੈਸਲੇ ਨੂੰ ਪਲਟਿਆ ਨਹੀਂ ਜਾਂਦਾ ਹੈ ਤਾਂ ਇਸ ਦਾ ਮਤਲਬ ਹੋਵੇਗਾ ਕਿ ਕੰਪਨੀਆਂ ਨੂੰ ਉਨ੍ਹਾਂ ਦੇ ਅਸਲ ਮਾਲਕ ਦੇ ਬਜਾਏ ਜੱਜ ਚਲਾਉਂਦੇ ਹਨ।

ਕੀ ਹੈ ਸੈਲਰੀ ਪੈਕੇਜ ਦਾ ਪੂਰਾ ਮਾਮਲਾ?

ਦਰਅਸਲ, ਮਸਕ ਨੂੰ 2018 ‘ਚ $55.8 ਬਿਲੀਅਨ ਦਾ ਮੁਆਵਜ਼ਾ ਪੈਕੇਜ ਦਿੱਤਾ ਗਿਆ ਸੀ। ਟੇਸਲਾ ਨੇ ਕਿਹਾ ਕਿ ਐਲਨ ਮਸਕ ਨੇ ਕੰਪਨੀ ਨੂੰ ਵਧਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਉਹ ਇਸ ਪੈਕੇਜ ਦੇ ਹੱਕਦਾਰ ਹਨ। ਪਰ, ਟੇਸਲਾ ਦੇ ਸ਼ੇਅਰ ਧਾਰਕ ਰਿਚਰਡ ਟੋਰਨੇਟਾ ਨੇ ਇਕ ਮੁਕੱਦਮਾ ਦਾਇਰ ਕਰ ਕੇ ਦਾਅਵਾ ਕੀਤਾ ਕਿ ਇਹ ਪੈਕੇਜ ਖੁਦ ਮਸਕ ਨੇ ਤੈਅ ਕੀਤਾ ਹੈ ਜਿਸ ਨੂੰ ਬੋਰਡ ਨੇ ਮੰਜ਼ੂਰ ਵੀ ਕਰ ਲਿਆ। ਟੋਰਨੇਟਾ ਨੇ ਮਸਕ ‘ਤੇ “ਅਨੁਚਿਤ ਲਾਭ” ਲੈਣ ਦਾ ਦੋਸ਼ ਲਗਾਇਆ ਤੇ ਅਦਾਲਤ ਨੂੰ ਤਨਖਾਹ ਪੈਕੇਜ ਨੂੰ ਰੱਦ ਕਰਨ ਲਈ ਕਿਹਾ। ਮਸਕ ਨੇ 2022 ਦੇ ਮੁਕੱਦਮੇ ‘ਚ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਟੇਸਲਾ ਦੇ ਨਿਵੇਸ਼ਕ ਦੁਨੀਆ ‘ਚ ਸਭ ਤੋਂ ਬੁੱਧੀਮਾਨ ਹਨ ਤੇ ਉਨ੍ਹਾਂ ਦੀ ਅਗਵਾਈ ‘ਤੇ ਭਰੋਸਾ ਕਰਦੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਟੇਸਲਾ ਨੇ ਮਾਡਲ 3 ਦੀ ਸਫਲਤਾ ਦੇ ਕਾਰਨ ਹੀ ਆਟੋਮੋਬਾਈਲ ਉਦਯੋਗ ‘ਚ ਆਪਣੀ ਪਛਾਣ ਬਣਾਈ ਹੈ।

ਸਾਂਝਾ ਕਰੋ

ਪੜ੍ਹੋ