ਬੁੱਧ ਬੋਲ, ਕੋਈ ਲਤੀਫਾ ਬੋਲ । ਲਤੀਫਿਆਂ ਦਾ ਅੰਦਰਲਾ ਸੱਚ/ਬੁੱਧ ਸਿੰਘ ਨੀਲੋਂ

ਗੱਲ ਲਤੀਫ਼ੇ ਤੋਂ ਸ਼ੁਰੂ ਕਰਦੇ ਹਾਂ…
ਬੱਚਾ ਆਪਣੇ ਦਾਦਾ ਜੀ ਨੂੰ ਲਤੀਫ਼ਾ ਸੁਣਾ ਰਿਹਾ ਹੈ।
‘ਇਕ ਵਾਰ ਇਕ ਕੀੜੀ ਸਕੂਟਰ ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਹੁੰਦੀ ਹੈ। ਕੁਝ ਜ਼ਰੂਰੀ ਕੰਮ ਸੀ। ਏਨੇ ਨੂੰ ਅੱਗੇ ਇਕ ਹਾਥੀ ਕੀੜੀ ਤੋਂ ਲਿਫ਼ਟ ਮੰਗ ਕੇ ਪਿੱਛੇ ਬੈਠ ਜਾਂਦਾ ਹੈ। ਸਕੂਟਰ ਤੇਜ਼ ਰਫ਼ਤਾਰ ਜਾ ਰਿਹਾ ਹੁੰਦਾ ਹੈ ਕਿ ਅੱਗੋਂ ਆਉਣ ਵਾਲੀ ਦੂਜੀ ਕੀੜੀ ਨਾਲ ਉਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ। ਤਿੰਨੋਂ ਹਸਪਤਾਲ ਪਹੁੰਚਾ ਦਿੱਤੇ ਜਾਂਦੇ ਹਨ। ਬੱਚਾ ਰੁਕ ਕੇ ਪੁੱਛਦਾ ਹੈ ।
‘ਦੱਸੋ ਦਾਦਾ ਜੀ ਹਸਪਤਾਲ ਵਿਚ ਹਾਥੀ ਨੂੰ ਦੋਨੋਂ ਕੀੜੀਆਂ ਦੇ ਵਿਚਕਾਰ ਵਾਲਾ ਬੈੱਡ ਕਿਉਂ ਦਿੱਤਾ ਜਾਂਦਾ ਹੈ’?
ਦਾਦਾ “ਬੱਚੇ ਮੈਨੂੰ ਤੇ ਪਤਾ ਨਹੀਂ।”
ਬੱਚਾ- “ਓ ਹੋ, ਬੁੱਧੂ ਕਿਉਂਕਿ ਹਾਥੀ ਦਾ ਜ਼ਿਆਦਾ ਖੂਨ ਵਹਿ ਜਾਣ ਕਰਕੇ ਦੋਨੋਂ ਕੀੜੀਆਂ ਦਾ ਖੂਨ ਉਸ ਨੂੰ ਲਗਾਉਣ ਲਈ।” ਬੱਚਾ ਉੱਚੀ-ਉੱਚੀ ਹੱਸਦਾ ਹੈ।
ਹੁਣ ਜਦੋਂ ਸੂਬੇ ਦੇ ਸਿਰ ਕਰਜ਼ੇ ਦੀ ਪੰਡ ਇੱਕ ਲੱਖ ਕਰੋੜ ਤੱਕ ਪੁੱਜ ਗਈ ਹੈ ਤਾਂ ਸਾਨੂੰ ਆਪਣੀ ਤੰਦਰੁਸਤੀ ਦੇ ਲਈ ਲਤੀਫ਼ਿਆਂ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਜ਼ਿੰਦਗੀ ਵਿਚੋਂ ‘ਹਾਸਾ’ ਤਾਂ ਖੰਭ ਲਾ ਕੇ ਉੱਡ ਗਿਆ ਹੈ। ਲੋਕ ਰੋਂਦੇ ਵੀ ਨਹੀਂ। ਪਰ ਜਿਹੜੇ ਰੋਂਦੇ ਹਨ, ਉਨਾਂ ਦੀ ਕੋਈ ਆਵਾਜ਼ ਨਹੀਂ ਸੁਣਦਾ।
ਪਤੇ ਦੀਆਂ ਗੱਲਾਂ ਕਰਨ ਵਾਲੇ ਤਾਂ ਬਿਰਧ ਆਸ਼ਰਮਾਂ ਵਿਚ ਤਾੜੇ ਹੋਏ ਹਨ, ਜਾਂ ਫਿਰ ਬਹੁਤੇ ਕੀਰਤਪੁਰ ‘ਚ ਜਲ ਪ੍ਰਵਾਹ ਹੋ ਗਏ ਹਨ, ਬਾਕੀ ਬਚਦਿਆਂ ਦਾ ਹਾਲ ਵੀ ਲਤੀਫ਼ੇ ਵਰਗਾ ਹੀ ਹੋ ਗਿਆ ਹੈ।
ਲਓ ਮੁਹਾਲਜ਼ਾ ਫਰਮਾਓ।
“ਇੰਦਰਾ ਗਾਂਧੀ ਮੌਕੇ ਉਸ ਦੇ ਵੱਡੇ ਮੁੰਡੇ ਸੰਜੇ ਦੀ ਬੜੀ ਚੜ•ਾਈ ਸੀ। ਉਸ ਨੇ ਅਬਾਦੀ ਉੱਤੇ ਰੋਕ ਲਈ ਨਸਬੰਦੀ ਕਰਵਾਉਣ ਦੀ ਮੁਹਿੰਮ ਵਿੱਢੀ। ਇਸੇ ਦੌਰਾਨ ਪਾਕਿਸਤਾਨ ‘ਚ ਇਕ ਮੀਆਂ ਜੀ ਦੇ ਘਰ ਬੱਚਾ ਹੋਇਆ। ਖੁਸ਼ੀਆਂ ਸਾਂਝੀਆਂ ਕਰਨ ਲਈ ਸਲਾਹਾਂ ਹੋਣ ਲੱਗੀਆਂ। ਕਿਹੜੇ ਡੇਰੇ ਦੇ ਖੁਸਰੇ ਬੁਲਾਏ ਜਾਣ? ਕੋਈ ਕੁਝ ਕਹੇ, ਕੋਈ ਕੁਝ। ਜਦ ਨੂੰ ਇਕ ਸੱਜਣ ਆਖਣ ਲੱਗਾ-
“ਖੁਸਰਿਆਂ ਦਾ ਕੀ ਹੈ? ਭਾਵੇਂ ਭਾਰਤ ਵਿਚੋਂ ਲਿਆਓ, ਹੁਣ ਸਾਰੇ ਭਾਰਤੀ ਖੁਸਰੇ ਹੀ ਤਾਂ ਹਨ।”
ਭਾਵੇਂ ਇਹ ਲਤੀਫ਼ਾ ਅੱਜ ਤੋਂ ਕਈ ਦਹਾਕੇ ਪਹਿਲਾਂ ਦਾ ਹੈ, ਉਦੋਂ ਜਿੰਨੀ ਇਸ ਦੀ ਸਾਰਥਿਕਤਾ ਸੀ, ਉਹ ਉਸ ਨਾਲੋਂ ਅੱਜ ਵਧੇਰੇ ਹੈ। ਦੇਸ਼ ਵਿਚਲੇ ਸੂਬਿਆਂ ਵਿਚ ਕਿੰਨੇ ਵੱਡੇ-ਵੱਡੇ ਸਕੈਂਡਲ ਹੋ ਰਹੇ ਹਨ। ਸਾਰੇ ਹੀ ਭਾਰਤੀ ਗਾਂਧੀ ਦੇ ‘ਤਿੰਨ ਬਾਂਦਰ’ ਬਣੇ ਬੈਠੇ ਹਨ। ਇਸ ਸਮੇਂ ਕਿਸੇ ਦੀ ਹਿੰਮਤ ਨਹੀਂ ਕਿ ਉਹ ਕੁਝ ਬੋਲ ਸਕੇ। ਜਿਹੜਾ ਵੀ ਬੋਲਣ ਦੀ ਜੁਰਅਤ ਕਰਦਾ ਹੈ, ਉਸ ਨੂੰ ਹੀ ਧੁਰ ਦੀ ਗੱਡੀ ਚਾੜ੍ਹ ਦਿੱਤਾ ਜਾਂਦਾ ਹੈ। ਇਹ ਹਾਲ ਦੇਸ਼ ਅੰਦਰ ਦਫ਼ਤਰਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰਨਾਂ ਅਦਾਰਿਆਂ ਵਿਚ ਵੀ ਵਧ ਰਿਹਾ ਹੈ। ਇਸ ਹਾਲਤ ਵਿਚ ਅਜੋਕਾ ਮਨੁੱਖ ਕਿਉਂ ਬਾਂਦਰ ਗਿਆ ਹੈ? ਇਸ ਦਾ ਸਮਾਜਕ ਤੇ ਮਨੋਵਿਗਿਆਨਿਕ ਕੀ ਕਾਰਨ ਹਨ? ਇਨ੍ਹਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇਕ ਵਾਰ ਪੰਜਾਬੀ ਯੂਨੀਵਰਸਿਟੀ ਵਿਚ ਕੁੱਝ ਅਧਿਆਪਕ ਰੱਖਣੇ ਸਨ। ਸਲੈਕਸ਼ਨ ਕਮੇਟੀ ਦੇ ਮੁਖੀ ਨੇ ਸਾਡੇ ਪਿੰਡ ਵਾਲੇ ਮੁਰਾਰੀ ਲਾਲ ਵਾਲੀ ਗੱਲ ਕਰ ਦਿੱਤੀ। ਹੋਇਆ ਇੰਝ ਪੰਚਾਇਤ ਚੋਣਾਂ ਸਨ। ਪਿੰਡ ਵਿਚ ਸਰਬ ਸੰਮਤੀ ਲਈ ਇਕੱਠ ਕੀਤਾ। ਇਕੱਠ ਦੌਰਾਨ ਮੁਰਾਰੀ ਲਾਲ ਨੇ ਸਭ ਨੂੰ ਆਪਣਾ ਫੈਸਲਾ ਸੁਣਾ ਕੇ ਨਿਰ-ਉਤਰ ਕਰ ਦਿਤਾ। ਮੁਰਾਰੀ ਲਾਲ ਕਹਿੰਦਾ – ਪਿੰਡ ਵਾਲਿਉ ਆਪਾਂ ਸਰਬ ਸੰਮਤੀ ਲਈ ਜੁੜੇ ਹਾਂ, ਬਸ ਇਹੋ ਹੀ ਗੱਲ ਉਸ ਯੂਨੀਵਰਸਿਟੀ ਵਿਚ ਹੋ ਗਈ। ਮੁਖੀ ਕਹਿੰਦਾ – “ਇਕ ਅਧਿਆਪਕ ਮੇਰੀ ਪਤਨੀ ਤੇ ਦੂਜਾ ਮੇਰਾ ਹੋਣਹਾਰ ਵਿਦਿਆਰਥੀ, ਜਿਸ ਨੂੰ ਦੁਨੀਆਂ ਭਰ ਦੇ ਲਤੀਫ਼ੇ ਆਉਂਦੇ ਹਨ। ਵਿਭਾਗ ਵਿਚ ਇਹੋ ਜਿਹੇ ਮਰਾਸੀਆਂ ਦੀ ਬੜੀ ਲੋੜ ਹੈ? ਬਾਕੀ ਤੁਸੀਂ ਜਿਸ ਨੂੰ ਮਰਜ਼ੀ ਚੁਣੋ।”
ਖੈਰ ਇਸ ਤਰਾਂ ਦੇ ਮਸਖਰੇ ਜਦੋਂ ਉਚੇਰੀ ਸਿੱਖਿਆ ਦੇ ਅਦਾਰਿਆਂ ਵਿਚ ਆਉਣਗੇ ਤਾਂ ਉਹੀ ਕੁਝ ਹੋਵੇਗਾ। ਜਿਹੜਾ ਮੁਕਤਸਰ ਵਿਚ ਇਕ ਅਕਾਲੀ ਸਰਪੰਚ ਨੇ ਕੀਤਾ ਸੀ। ਉਥੇ ਵੱਡੇ ਬਾਦਲ ਸਾਹਿਬ ਆਏ ਸਨ। ਬੇਰੁਜ਼ਗਾਰ ਅਧਿਆਪਕਾਂ ਨੇ ਘਿਰਾਓ ਕਰ ਲਿਆ ਤਾਂ ਇਕ ਅਕਾਲੀ ਸਰਪੰਚ ਨੇ ਅਧਿਆਪਕ ਬੀਬੀ ਦੇ ਮੁੰਹ ‘ਤੇ ਚਪੇੜ ਜੜ ਦਿੱਤੀ। ਇਸ ਦਾ ਮੀਡੀਏ ਵਿਚ ਚੰਗਾ ਖੌਰੂ ਪਿਆ। ਜਦ ਨੂੰ ਇਸ ਤੋਂ ਵੱਡੀ ਘਟਨਾ ਕੋਈ ਹੋਰ ਵਾਪਰ ਗਈ। ਲੋਕ ਪਹਿਲੀ ਨੂੰ ਭੁੱਲ ਭੁਲਾ ਜਾਂਦੇ ਹਨ । ਬਸ ਇਹੋ ਜਿਹਾ ਹੀ ਕੁਝ ਉਸ ਅਦਾਰੇ ਵਿਚ ਹੋਇਆ, ਜਿਥੇ ਇਕ ਅਧਿਆਪਕ ਨੇ ਵਿਦਿਆਰਥੀ ਦੇ ਕੰਨ ਉੱਤੇ ਜੜ ਦਿੱਤਾ ਸੀ ਹੁਣ ਇਥੇ ਵੀ ਮੁਕਤਸਰ ਵਾਲੀ ਘਟਨਾ ਵਾਂਗ ਉਹ ਕੁਝ ਹੋਵੇਗਾ। ਜੋ ਕੁਝ ਸਾਡੇ ਛੋਟੇ ਬਾਦਲ ਨੇ ਕੀਤਾ, ਉਨਾਂ ਵੀ ਬਸ ਇਹੋ ਹੀ ਕੀਤਾ ਹੈ ਕਿ ਸਕੱਤਰੇਤ ਵਿਚ ਹੋ ਰਹੇ ਘਪਲਿਆਂ ਨਾਲੋਂ ਪਹਿਲਾਂ ਜਿਲਾ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਦਾ ਹੁਕਮ ਸੁਣਾਇਆ ਸੀ। ਹੁਣ ਨੱਥ ਪਾਉਣ ਵਾਲੇ, ਤੇ ਜਿਹਨਾਂ ਨੇ ਨੱਥ ਪਾਉਣੀ ਹੈ, ਉਹ ਸਾਰੇ ਇਕ ਦੂਜੇ ਦੇ ਨਾਲ ਇੰਝ ਰਲੇ ਹੋਏ ਹਨ, ਜਿਵੇਂ ਮੀਂਹ ਵਿਚ ਸਾਰੇ ਸ਼ਹਿਰ ਦਾ ‘ਗੰਦ’ ਰਲ ਜਾਂਦਾ ਹੈ। ਹੁਣ ਤੁਸੀਂ ਆਖੋਗੇ ਕਿ ਮੀਂਹ ਦੇ ਪਾਣੀ ਵਿਚ ਸ਼ਹਿਰ ਦਾ ਗੰਦ ਕਿਵੇਂ ਰਲ ਜਾਂਦਾ ਹੈ। ਉਵੇਂ ਜਿਵੇਂ ਭਾਈ ਮੋਗੇ ਵਾਲਾ ਕੈਨ ਸਾਬ• ਰਲਿਆ ਸੀ। ਬਾਕੀ ਦਿਆਂ ਦੀਆਂ ਬਾਹਾਂ ਮਰੋੜੀਆਂ ਗਈਆਂ । ਉਨਾਂ ਦੇ ਗਲਾਂ ਵਿਚ ਸਰੋਪੇ ਪਾ ਕੇ ਅਖਬਾਰਾਂ ਵਿਚ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ। ਪ੍ਰਕਾਸ਼ਿਤ ਤਾਂ ਰੋਜ਼ਾਨਾ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਵੀ ਹੋ ਰਹੀਆਂ ਹਨ – ਪਰ ਕਿਤਾਬਾਂ ਨੂੰ ਪੜ੍ਹਨ ਵਾਲੇ ਘੱਟ ਤੇ ਲਿਖਣ ਵਾਲੇ ਵਧੀ ਜਾ ਰਹੇ ਹਨ। ਜਿਸ ਕਰਕੇ ਜਿਨ੍ਹਾਂ ਦੀ ਕਿਧਰੇ ਵੀ ਕੋਈ ਪੁੱਛ ਨਹੀਂ। ਉਹ ਆਖੀ ਜਾ ਰਹੇ ਹਨ ਕਿ ਪੰਜਾਬ ਵਿਚ ਪਾਠਕ ਸੰਕਟ ਹੈ। ਪਰ ਮੁਰਾਰੀ ਲਾਲ ਆਖੀ ਜਾਂਦਾ ਹੈ ਕਿ ਪੰਜਾਬੀ ਵਿਚ ਪਾਠਕ ਸੰਕਟ ਨਹੀਂ, ਸਗੋਂ ਲੇਖਕ ਸੰਕਟ ਹੈ। ਹੁਣ ਤੁਸੀਂ ਆਖੋਗੇ ਕਿ ਲੇਖਕ ਸੰਕਟ ਕਿਵੇਂ ਹੋਇਆ? ਅਸਲ ਵਿਚ ਸਾਹਿਤ ਵਿਚ ਕੱਚਘਰੜ ਲੇਖਕ ਏਨੇ ਵਧ ਗਏ ਹਨ, ਜਿਹੜੇ ਜੋ ਮਨ ਵਿਚ ਆਇਆ, ਲਿਖੀ ਜਾ ਰਹੇ ਹਨ। ਪ੍ਰਕਾਸ਼ਕਾਂ ਨੂੰ ਪੱਲਿਓਂ ਪੈਸੇ ਦੇ ਕੇ ਕਿਤਾਬਾਂ ਛਪਾਈ ਜਾ ਰਹੇ ਹਨ। ਪਰ ਜਿਹੜੇ ਪੰਜਾਬੀ ਦੇ ਪਾਠਕ ਹਨ, ਉਨਾਂ ਦੇ ਸਾਹਮਣੇ ਇਹ ਸੰਕਟ ਬਣ ਗਿਆ ਹੈ ਕਿ ਉਹ ਕਿਸ ਲੇਖਕ ਦੀ ਕਿਤਾਬ ਖਰੀਦਣ।
ਹੁਣ ਤੁਸੀਂ ਆਖੋਗੇ ਕਿ ਸ਼ੁਰੂ ਵਿਚ ਲਤੀਫ਼ਾ ਸੁਣਾ ਕੇ ਤੁਸੀਂ ਅਰਥ ਤਾਂ ਦੱਸੇ ਨਹੀਂ। ਸੋ ਦੋਸਤੋ ਗੱਲ ਬਿਲਕੁਲ ਹੀ ਜਲੇਬੀ ਵਰਗੀ ਸਿੱਧੀ ਹੈ ਤੇ ਤੀਰ ਵਰਗੀ ਗੋਲ ਹੈ। ਹੁਣ ਸਾਡੇ ਸੂਬੇ ਤੇ ਦੇਸ਼ ਵਿਚ ਹਾਥੀ ਏਨੇ ਵਧ ਗਏ ਹਨ। ਉਹ ਲਿਫਟ ਵੀ ਕੀੜੀਆਂ ਬਣੇ ਲੋਕਾਂ ਤੋਂ ਮੰਗਦੇ ਹਨ ਤੇ ਹਾਦਸੇ ਦੌਰਾਨ ਉਨਾਂ ਦਾ ਖੂਨ ਵੀ ਚੂਸਦੇ ਹਨ।
ਪਰ ਲੋਕ ਚੁੱਪ-ਚਾਪ ਆਪਣਾ ਖੂਨ ਵੀ ਦੇ ਰਹੇ ਹਨ। ਆਪਣੀ ਕਮਾਈ ਵਿਚੋਂ ਟੈਕਸ ਵੀ – ਪਰ ਹਾਥੀਆਂ ਨੂੰ ਅਜੇ ਤੱਕ ਰੱਜ ਨਹੀਂ ਆਇਆ। ਉਹ ਮਸਤ ਚੱਲੀ ਜਾ ਰਹੇ ਹਨ। ਜਦੋਂ ਕੋਈ ਉਨਾਂ ਨੂੰ ਪੁੱਛਦਾ ਕਿ ਸਾਡੇ ਸੂਬੇ ਦੀ ਹਾਲਤ ਚਾਰੇ ਪਾਸਿਓਂ ਕਿਉਂ ਪਤਲੀ ਹੈ? ਸੂਬੇ ‘ਚ ਅਮਨ ਕਾਨੂੰਨ ਦੀ ਹਾਲਤ ਕਿਉਂ ਮਾੜੀ ਹੈ? ਗੁੰਡੇ, ਲੁਟੇਰੇ, ਸਮਗਲਰ ਕਿਉਂ ਪੁਲਿਸ ਨੂੰ ਮਾਰਨ ਤੱਕ ਪੁੱਜ ਗਏ ਹਨ?
ਤਾਂ ਆਖਦੈ ਹਨ ਕਿ “ਸਾਡੀ ਹਾਲਤ ਹੋਰਨਾਂ ਸੂਬਿਆਂ ਨਾਲੋਂ ਬੇਹਤਰ ਹੈ। ਉਹ ਕਿਹੜੇ ਸੂਬੇ ਹਨ, ਜਿਨ੍ਹਾਂ ਨਾਲੋਂ ਸਾਡੀ ਹਾਲਤ ਬੇਹਤਰ ਹੈ?”
ਇਕ ਵਾਰ ਕਿਸੇ ਦੀ ਜਨਾਨੀ ਗਹੀਰਿਆਂ ਵਿਚ ਫਿਰਦੀ ਕਿਸੇ ਨੇ ਦੇਖ ਲਈ, ਉਸ ਨੂੰ ਪੁੱਛਿਆ ਕਿ ਤੂੰ ਕੀ ਕਰਦੀ ਸੀ। ਤਾਂ ਉਹ ਬੋਲੀ “ਨੀ ਤੂੰ ਚੁੱਪ ਕਰ, ਲੋਕ ਤੇਰੇ ਬਾਰੇ ਗੱਲਾਂ ਕਰਨਗੇ ਕਿ ਤੂੰ ਉਥੇ ਕੀ ਕਰਦੀ ਸੀ?”
ਹੁਣ ਤੁਸੀਂ ਆਖੋਗੇ ਕਿ ਲੋਕ ਤਾਂ ਆਖੀ ਜਾਂਦੇ ਹਨ ਕਿ ਇਹ ਗੋਆ ‘ਚ ਚਿੰਤਨ ਨਹੀਂ ਕਰ ਕੇ ਆਏ ਸੀ। ਸਗੋਂ ਇਹ ਤਾਂ ਸਾਰਿਆਂ ਤੋਂ ‘ਵੱਟੇ ਖੱਟੇ’ ਦਾ ਹਿਸਾਬ ਪੁੱਛ ਕੇ ਮੁੜ ਆਏ ਸੀ। ਬਾਕੀ ਉਨਾਂ ਨੂੰ ਆਖ ਦਿੱਤਾ ਕਿ ਅੱਗੇ ਤਾਂ ਮਹੀਨਾ ਪਹੁੰਚਾਉਂਦੇ ਸੀ, ਹੁਣ ਤੁਸੀਂ ਸ਼ਾਮ ਤੱਕ ਉਗਰਾਹੀ ਕਰਕੇ ਭੇਜੋ। ਹੁਣ ਤੁਸੀਂ ਕਹੋਂਗੇ ਕਿ ਉਗਰਾਹੀ ਕਾਹ ਦੀ ਕਰਨੀ ਐ?
ਗੱਲ ਲਤੀਫ਼ੇ ਨਾਲ ਸ਼ੁਰੂ ਕੀਤੀ ਸੀ- ਉਸ ਦੇ ਨਾਲ ਹੀ ਖਤਮ ਕਰਦੇ ਹਾਂ – ਇਕ ਵਾਰ ਮਿਰਾਸੀ ਨੇ ਆਪਣੇ ਸਹੁਰਿਆਂ ਨੂੰ ਜਾਣਾ ਸੀ। ਉਹ ਕਿਸੇ ਜੱਟ ਨਾਲ ਸੀਰੀ ਸੀ। ਜੱਟ ਆਖੀ ਗਿਆ – ਕਿ ਆ ਤਾਂ ਤੇਰੇ ਸਹੁਰੇ ਚਾਰ ਕੋਹ ਤੇ – ਚਲੇ ਜਾਵੀਂ। ਜਦ ਨੂੰ ਸ਼ਾਮ ਹੋ ਗਈ। ਮਿਰਾਸੀ ਤਿਆਰ ਹੋ ਕੇ ਤੁਰ ਪਿਆ। ਜਦ ਸਹੁਰੇ ਪਿੰਡ ਤੋਂ ਕੀਲਾ ਕੁ ਵਾਟ ਪਿੱਛੇ ਸੀ – ਤਾਂ ਉਸ ਨੇ ਜੁੱਤੀ ਖੋਲੀ ਤੇ ਹੱਥ ਵਿਚ ਫੜ ਕੇ ਭੱਜ ਲਿਆ। ਅੱਗਿਓਂ ਉਹ ਦੇ ਸਹੁਰਿਆਂ ਜੱਟ ਮਿਲ ਗਿਆ। ਉਹ ਮਿਰਾਸੀ ਪ੍ਰਹੁਣੇ ਨੂੰ ਦੇਖ ਕੇ ਪੁੱਛਣ ਲੱਗਾ – “ਮੀਰਾ ਭੱਜਿਆ ਕਿਉਂ ਜਾਨਾ ਏਂ?
– ਮੀਰ ਬੋਲਿਆ – ‘ਮਾਲਕੋ ਲੇਟ ਕੱਢ ਰਿਹਾ ਹਾਂ । ਬਾਕੀ ਤੁਸੀਂ ਖੁਦ ਸਿਆਣੇ ਹੋ ? ਜੇ ਫੇਰ ਵੀ ਨਾ ਸਮਝ ਲੱਗੇ ਤਾਂ ਮੈਨੂੰ ਯਾਦ ਕਰ ਲੈਣਾ। ਹੁਣ ਵੀ ਤੇ ਪਹਿਲਾਂ ਵੀ ਸਾਡੇ ਚੁਟਕਲੇ ਬਣਦੇ ਸੀ ਹੁਣ ਸ਼ਰੇਆਮ ਬਜ਼ਾਰ ਦੇ ਕੁੱਟਮਾਰ ਕਰਨ ਲੱਗ ਪਏ.ਹਨ। ਸਿਆਸਤਦਾਨਾਂ ਨੇ ਪੰਜਾਬੀ ਦੀ ਦਿੱਖ ਵਗਾੜ ਕੇ ਰੱਖ ਦਿੱਤੀ ਹੈ, ਜੇ ਨਾ ਸੰਭਲੇ ਹੁਣ ਕੁੱਝ ਵੀ ਹੋ ਸਕਦਾ ਕੋਈ ਵੱਡਾ ਦਰਖ਼ਤ ਫਿਰ ਗਿਰ ਜਾਂ ਗੇਰਿਆ ਜਾ ਸਕਦੇ ਹੈ.ਸਾਨੂੰ ਸਬਕ ਸਿਖਾਉਣ ਵਾਸਤੇ। ਪੰਜਾਬੀਓ ਬੰਦੇ ਦਾ ਪੁੱਤ ਬਣ ਕੇ ਇਕਮੁੱਠਤਾ ਬਣਾਓ, ਐਵੇਂ ਹੀ ਨਾ ਇਕੱਲੇ ਇਕੱਲੇ ਕੁੱਟ ਖਾਓ।

ਬੁੱਧ ਸਿੰਘ ਨੀਲੋਂ
94643-70823

ਸਾਂਝਾ ਕਰੋ

ਪੜ੍ਹੋ