ਜਲੰਧਰ ਵਿੱਚ ਕਿਰਾਏ ਦੇ ਮਕਾਨ ’ਚੋਂ ਚੱਲੇਗੀ ਪੰਜਾਬ ਸਰਕਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਦੀਪ ਸਿੰਘ ਨਗਰ ਇਲਾਕੇ ਵਿੱਚ ਕਿਰਾਏ ’ਤੇ ਮਕਾਨ ਲੈ ਲਿਆ ਹੈ। ਉਹ ਇੱਥੋਂ ਪਾਰਟੀ ਅਤੇ ਸਰਕਾਰ ਦੀਆਂ ਮਾਝੇ ਤੇ ਦੋਆਬੇ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਗੇ। ਮੁੱਖ ਮੰਤਰੀ ਮਾਨ ਹਫ਼ਤੇ ਵਿਚ ਘੱਟੋ-ਘੱਟ 3 ਦਿਨ ਜਲੰਧਰ ਵਿਚ ਰਹਿਣਗੇ ਤਾਂ ਜੋ ਪਾਰਟੀ ਵਰਕਰਾਂ ਨਾਲ ਨਿਯਮਤ ਤੌਰ ’ਤੇ ਸੰਪਰਕ ਬਣਾ ਕੇ ਸੁਚੱਜਾ ਪ੍ਰਬੰਧ ਯਕੀਨੀ ਬਣਾਇਆ ਜਾ ਸਕੇ।

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਦੇ ਫੇਸਬੁੱਕ ਅਕਾਊਂਟ ’ਤੇ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਪੋਸਟ ਦੇ ਅਖੀਰ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਨਤਾ ਦੀ ਸੇਵਾ ਪ੍ਰਤੀ ਅਜਿਹਾ ਸਮਰਪਣ ਅਤੇ ਧਿਆਨ ਹੀ ‘ਆਪ’ ਨੂੰ ਦੂਜੀਆਂ ਪਾਰਟੀਆਂ ਨਾਲੋਂ ਵੱਖਰਾ ਬਣਾਉਂਦਾ ਹੈ। ਇਸ ਦੀ ਪੂਰੀ ਦੇਖ-ਰੇਖ ਮੁੱਖ ਮੰਤਰੀ ਦੇ ਓਐੱਸਡੀ ਬਲਤੇਜ ਪੰਨੂ, ਰਾਜਬੀਰ ਸਿੰਘ ਘੁੰਮਣ ਅਤੇ ਸੁਖਵੀਰ ਸਿੰਘ ਕਰਨਗੇ। ਇਸ ਬਾਰੇ ਹੋਰ ਵੇਰਵੇ ਜਲਦੀ ਸਾਂਝੀ ਕਰਨ ਬਾਰੇ ਵੀ ਕਿਹਾ ਗਿਆ ਹੈ।

ਆਉਂਦੇ ਦਿਨੀਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਸਮੇਤ ਹੋਰ ਚਾਰ ਜ਼ਿਮਨੀ ਚੋਣਾਂ ਹੋਣੀਆਂ ਹਨ। ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਉਪ ਚੋਣਾਂ ਵਿੱਚ ‘ਆਪ’ ਜਿੱਤ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਦੀਪ ਨਗਰ ਵਿੱਚ ਕਿਰਾਏ ’ਤੇ ਲਏ ਗਏ ਮਕਾਨ ਵਿੱਚ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਧੀ ਨਿਆਮਤ ਅਤੇ ਭੈਣ ਮਨਪ੍ਰੀਤ ਕੌਰ ਵੀ ਨਾਲ ਰਹਿਣਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਜਲੰਧਰ ਵਰਗੇ ਸ਼ਹਿਰ ਵਿੱਚ ਕਿਰਾਏ ’ਤੇ ਰਹਿਣਗੇ ਤੇ ਪੰਜਾਬ ਸਰਕਾਰ ਦਾ ਸਾਰਾ ਕੰਮਕਾਜ ਕੁਝ ਚੋਣਵੇਂ ਦਿਨਾਂ ’ਚ ਇੱਥੋਂ ਕਰਨਗੇ। ਪੰਜਾਬ ਵਿੱਚ ‘ਆਪ’ ਨੂੰ ਮਿਲੀ ਹਾਰ ਤੋਂ ਬਾਅਦ ਸਰਕਾਰ ਵਿੱਚ ਵੱਡੇ ਪੱਧਰ ’ਤੇ ਤਬਦੀਲੀਆਂ ਦੀ ਚਰਚਾ ਜ਼ੋਰਾਂ ’ਤੇ ਹੈ। ਹਾਲਾਂਕਿ ਮੁੱਖ ਮੰਤਰੀ ਕੈਂਪ ਨੇ ਪੰਜਾਬ ਮੰਤਰੀ ਮੰਡਲ ਵਿੱਚ ਤਬਦੀਲੀ ਹੋਣ ਦੀਆਂ ਖ਼ਬਰਾਂ ਨਕਾਰ ਦਿੱਤੀਆਂ ਹਨ।

ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣਾ ‘ਆਪ’ ਲਈ ਵੱਡੀ ਚੁਣੌਤੀ ਬਣ ਗਿਆ ਹੈ। ਇਸ ਹਲਕੇ ਵਿੱਚ ਰਣਨੀਤੀ ਬਣਾਉਣ ਦੀ ਕਮਾਂਡ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਹਾਲ ਹੀ ਵਿੱਚ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ‘ਆਪ’ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਿਰਫ਼ 15,629 ਵੋਟਾਂ ਮਿਲੀਆਂ ਸਨ ਜਦ ਕਿ ਕਾਂਗਰਸ ਨੂੰ 44,394 ਅਤੇ ਭਾਜਪਾ ਨੂੰ 42,837 ਵੋਟਾਂ ਮਿਲੀਆਂ ਸਨ। ਕਾਂਗਰਸ 1,557 ਵੋਟਾਂ ਨਾਲ ਭਾਜਪਾ ਤੋਂ ਅੱਗੇ ਰਹੀ ਸੀ ਪਰ ਉਹ ‘ਆਪ’ ਤੋਂ 28 ਹਾਜ਼ਾਰ 765 ਵੋਟਾਂ ਨਾਲ ਅੱਗੇ ਸੀ। ਇੰਨੇ ਵੱਡੇ ਫਰਕ ਨੂੰ ਸਰ ਕਰਨਾ ਔਖਾ ਹੋਵੇਗਾ।

ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪਰ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਵਿਅਕਤੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਅਸਟੇਟ ਅਫ਼ਸਰ, ਜਲੰਧਰ ਵਿਕਾਸ ਅਥਾਰਟੀ (ਜੇਡੀਏ) ਜਲੰਧਰ, ਜੋ ਹਲਕੇ ਦੇ ਰਿਟਰਨਿੰਗ ਅਫ਼ਸਰ ਹਨ, ਕੋਲ ਜਨਤਕ ਛੁੱਟੀ ਨੂੰ ਛੱਡ ਕੇ 21 ਜੂਨ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਭਰੇ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 26 ਜੂਨ ਹੈ ਜਦ ਕਿ ਵੋਟਾਂ 10 ਜੁਲਾਈ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ। ਡਿਪਟੀ ਕਮਿਸ਼ਰ ਨੇ ਦੱਸਿਆ ਕਿ 15 ਜੂਨ ਨੂੰ ਤੀਜਾ ਸ਼ਨਿੱਚਰਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਤਹਿਤ ਛੁੱਟੀ ਨਹੀਂ ਹੈ, ਇਸ ਲਈ ਉਸ ਦਿਨ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਕੋਲ ਦਾਖ਼ਲ ਕੀਤੇ ਜਾ ਸਕਦੇ ਹਨ।

ਸਾਂਝਾ ਕਰੋ