ਰਾਹਦਾਰੀ ਦਾ ਤਰਲਾ/ਰਾਜ ਕੌਰ ਕਮਾਲਪੁਰ

ਕਈ ਸਾਲਾਂ ਪਿੱਛੋਂ ਵਿਦੇਸ਼ ਤੋਂ ਪਰਤੀ ਤਾਂ ਉਹ ਪੇਕੇ ਹੀ ਆਈ; ਸਹੁਰਿਆਂ ਦਾ ਸਾਰਾ ਪਰਿਵਾਰ ਤਾਂ ਵੱਖ-ਵੱਖ ਮੁਲਕਾਂ ਵਿੱਚ ਬੈਠਾ ਸੀ। ਉਸ ਦੇ ਪੋਤਾ ਹੋਇਆ ਸੀ। ਇਸੇ ਕਰ ਕੇ ਉਸ ਨੇ ਸਹੁਰੇ ਘਰ ਲੱਡੂ ਵੰਡਣੇ ਸਨ। ਨਾਲ ਘਰ-ਬਾਰ ਦੇਖਣ ਲਈ ਗੇੜਾ ਮਾਰਨਾ ਸੀ। ਪਿੱਛੋਂ ਘਰ ਦੀ ਸੰਭਾਲ ਲਈ ਦੋ ਨੌਕਰ ਰੱਖ ਕੇ ਗਏ ਸਨ ਜਿਹੜੇ ਕਈ ਪੀੜ੍ਹੀਆਂ ਤੋਂ ਉਸ ਪਰਿਵਾਰ ਨਾਲ ਚੱਲ ਰਹੇ ਸਨ। ਉਹ ਪਿੱਛੋਂ ਘਰ ਦੀ ਸਾਫ਼-ਸਫ਼ਾਈ ਦਾ ਵੀ ਖਿ਼ਆਲ ਰੱਖਦੇ ਤੇ ਇੱਕ ਜਣਾ ਰਾਤ ਨੂੰ ਘਰ ਦੀ ਰਾਖੀ ਲਈ ਉੱਥੇ ਸੌਂਦਾ ਸੀ। ਉਸ ਨੇ ਸੱਤਿਆ (ਆਪਣੀ ਕੰਮ ਵਾਲੀ) ਨੂੰ ਆਪਣੇ ਆਉਣ ਬਾਰੇ ਫੋਨ ਕਰ ਦਿੱਤਾ ਸੀ ਤਾਂ ਕਿ ਦਰ ਦਰਵਾਜ਼ੇ ਖੋਲ੍ਹ ਕੇ ਰੱਖਣ। ਉਹ ਆਪਣੇ ਨਾਲ 10-12 ਸੂਟ ਤੇ ਤਕਰੀਬਨ ਕੁਇੰਟਲ ਲੱਡੂ ਵੰਡਣ ਲਈ ਲੈ ਗਈ ਸੀ। ਨਾਲ ਹੀ ਆਪਣੀਆਂ ਦੋਵੇਂ ਭੈਣਾਂ ਨੂੰ ਵੀ ਲੈ ਗਈ।

ਪਿੰਡ ਤੋਂ ਥੋੜ੍ਹੀ ਦੂਰ ਪਹਿਲਾਂ ਹੀ ਉਸ ਦਾ ਦਿਲ ਘਬਰਾਉਣ ਲੱਗ ਪਿਆ। ਸ਼ਾਇਦ ਉਹ ਸੋਚ ਰਹੀ ਸੀ ਕਿ ਖਾਲੀ ਪਏ ਘਰ ਵਿੱਚ ਕਿੰਝ ਜਾਵੇਗੀ। ਘਬਰਾਹਟ ਕਾਰਨ ਵਾਰੀ-ਵਾਰੀ ਪਾਣੀ ਵੀ ਪੀ ਰਹੀ ਸੀ। ਜਿਉਂ ਹੀ ਉਹ ਘਰ ਗਏ ਤਾਂ ਖੁੱਲ੍ਹਾ ਗੇਟ ਦੇਖ ਕੇ ਉਸ ਨੂੰ ਤਸੱਲੀ ਜਿਹੀ ਮਿਲੀ। ਸੱਤਿਆ ਅਤੇ ਭਜਨੇ ਨੇ ਉਸ ਨੂੰ ‘ਜੀ ਆਇਆਂ’ ਕਿਹਾ। ਉਨ੍ਹਾਂ ਆਉਣ ਸਾਰ ਘਰ ਦੇ ਚਾਰੇ ਪਾਸੇ ਨਿਗਾਹ ਮਾਰੀ… ਭਾਵੇਂ ਖਾਲੀ ਪਿਆ ਘਰ ਭਾਂ-ਭਾਂ ਕਰ ਰਿਹਾ ਸੀ। ਇੱਕ ਵਾਰੀ ਤਾਂ ਘਰ ਅੰਦਰ ਵੜ ਕੇ ਉਸ ਦਾ ਮਨ ਭਰ ਆਇਆ। ਉਸ ਦੀ ਸੱਸ ਜਿਹੜੀ ਆਉਂਦਿਆਂ ਹੀ ਰਾਹਦਾਰੀ (ਡਿਓਢੀ) ਵਿੱਚ ਬੈਠੀ ਖ਼ੁਸ਼ ਹੋ ਕੇ ਮਿਲਦੀ ਸੀ… ਉਹ ਵੀ ਕਿਸੇ ਹੋਰ ਦੁਨੀਆ ਦੀ ਵਾਸੀ ਹੋ ਗਈ ਸੀ। ਵਰਾਂਡੇ ਵਿੱਚ ਪਏ ਤਖਤਪੋਸ਼ ’ਤੇ ਉਸ ਨੇ ਮਠਿਆਈ ਤੇ ਸੂਟ ਰੱਖ ਦਿੱਤੇ। ਸੱਤਿਆ ਝੱਟ ਮੰਜਾ ਚੁੱਕ ਲਿਆਈ, ਦੋ ਕੁ ਕੁਰਸੀਆਂ ਵੀ। ਰਾਹਦਾਰੀ ਵਿੱਚ ਬਹੁਤ ਹਵਾ ਲੱਗ ਰਹੀ ਸੀ। ਪਤਾ ਲੱਗਣ ’ਤੇ ਗੁਆਂਢ ਦੀਆਂ ਔਰਤਾਂ ਸ਼ਿਕੰਜਵੀ ਦਾ ਜੱਗ ਭਰ ਲਿਆਈਆਂ ਹਾਲਾਂਕਿ ਠੰਢਾ ਪਾਣੀ ਉਹ ਆਪਣੇ ਨਾਲ ਵੀ ਲਿਆਈਆਂ ਸਨ। ਫਿਰ ਦੋ ਹੋਰ ਮੰਜੇ ਕੱਢ ਲਿਆਈਆਂ। ਇੰਨੇ ਨੂੰ ਗੁਆਂਢ ’ਚੋਂ ਮੀਆਂ-ਬੀਵੀ ਮਿਲਣ ਆਏ, ਨਾਲ ਠੰਢੇ ਲਿਆਏ। ਦੇਖਦਿਆਂ-ਦੇਖਦਿਆਂ ਉੱਥੇ ਮਿਲਣ ਵਾਲਿਆਂ ਦਾ ਤਾਂਤਾ ਲੱਗ ਗਿਆ। ਰਾਹਦਾਰੀ ਮੰਜਿਆਂ ਤੇ ਕੁਰਸੀਆਂ ਨਾਲ ਭਰ ਗਈ। ਕੋਈ ਚਾਹ ਦੇ ਜੱਗ ਭਰ ਲਿਆਇਆ। ਸਾਰਿਆਂ ਨੇ ਰਲ ਕੇ ਲੱਡੂ ਖਾਧੇ। ਲਾਗਣ ਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ। ਵਧਾਈਆਂ ਦੇਣ ਵਾਲਿਆਂ ਨਾਲ ਘਰ ਭਰ ਗਿਆ।

ਇੰਨੇ ਨੂੰ ਗੁਆਂਢ ’ਚੋਂ ਸੁਨੇਹਾ ਆ ਗਿਆ ਕਿ ਰੋਟੀ ਤਿਆਰ ਹੈ। ਉਹ ਤਿੰਨੇ ਭੈਣਾਂ ਰੋਟੀ ਖਾਣ ਚਲੀਆਂ ਗਈਆਂ। ਕੁਝ ਚਿਰ ਪਿੱਛੋਂ ਹੋਰ ਗੁਆਂਢਣ ਦੁੱਧ ’ਚ ਪੱਤੀ ਪਾ ਲਿਆਈ। ਸਾਰਿਆਂ ਨੇ ਰਲ ਕੇ ਪੀਤੀ। ਹੁਣ ਉਹ ਨਾਲ-ਨਾਲ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰ ਰਹੀਆਂ ਸਨ। ਕਿਵੇਂ ਕਦੇ ਦਸ-ਦਸ ਜੀਅ ’ਕੱਠੇ ਰਹਿੰਦੇ ਸਨ। ਨਾਲ ਹੁਣ ਵਾਲੇ ਸਮੇਂ ਨੂੰ ਕੋਸ ਰਹੀਆਂ ਸਨ, “ਹੁਣ ਤਾਂ ਭੈਣੇ ਇੱਥੇ ਬੱਸ ਆਪਣੇ ਵਾਲੀ ਪੀੜ੍ਹੀ ਰਹਿ ਗਈ। ਕਿਸੇ ਵੀ ਘਰ ਵਿੱਚ ਨੌਜਵਾਨ ਮੁੰਡਾ ਜਾਂ ਕੁੜੀ ਨਹੀਂ। ਬਥੇਰਾ ਕਹਿਨੇ ਆਂ, ਬਈ ਇੱਥੇ ਤਾਂ ਘਰ-ਜ਼ਮੀਨਾਂ ਵਰਤਣ ਬਿਨਾਂ ਖਾਲੀ ਪਈਆਂ ਨੇ ਤੇ ਤੁਸੀਂ ਬਿਗਾਨੇ ਮੁਲਕਾਂ ਵਿੱਚ ਦਿਹਾੜੀਆਂ ਕਰਨ ਤੁਰ ਪਏ। ਪਤਾ ਨਹੀਂ ਕਦੋਂ ਮੋੜੇ ਪਾਉਣਗੇ! ਬਜ਼ੁਰਗਾਂ ਦਾ ਉੱਥੇ ਜਾ ਕੇ ਜੀਅ ਨਹੀਂ ਲੱਗਦਾ। ਜਵਾਕ ਆਪੋ-ਆਪਣੇ ਕੰਮੀਂ ਲੱਗੇ ਥੱਕ-ਟੁੱਟ ਕੇ ਘਰ ਆਉਂਦੇ ਨੇ। ਉੱਥੇ ਤਾਂ ਗੱਲ ਕਰਨ ਵਾਲਾ ਵੀ ਕੋਈ ਨਹੀਂ। ਘੁੱਗ ਵੱਸਦਾ ਪੰਜਾਬ ਖਾਲੀ ਹੋ ਰਿਹਾ ਹੈ। ਹੁਣ ਦੇ ਜਵਾਕਾਂ ਨੂੰ ਤਾਂ ਆਪਣੀਆਂ ਜ਼ਮੀਨਾਂ ਦੀ ਵੀ ਪਛਾਣ ਨਹੀਂ।

ਉਹ ਸਾਰੇ ਅੰਦਰੇ-ਅੰਦਰ ਜਵਾਕਾਂ ਦੇ ਵਿਛੋੜੇ ਦੇ ਦਰਦ ਨਾਲ ਭਰੇ ਪਏ ਸਨ। ਉਹੀ ਭਾਂ-ਭਾਂ ਕਰਦਾ ਘਰ ਹੁਣ ਮੰਜਿਆਂ ਤੇ ਬੰਦਿਆਂ ਨਾਲ ਭਰ ਗਿਆ। ਇੱਕ ਵਾਰੀ ਤਾਂ ਸਾਰੇ ਰੌਣਕ ਲੱਗ ਗਈ। ਰਾਹਦਾਰੀ ਬਾਰੇ ਸਾਰਿਆਂ ਦੀ ਇੱਕੋ ਰਾਇ ਸੀ ਕਿ “ਜਿੰਨੀ ਹਵਾ ਤੁਹਾਡੀ ਰਾਹਦਾਰੀ ਵਿੱਚੋਂ ਆਉਂਦੀ ਏ… ਉਹੋ ਜਿਹੀ ਰਾਹਦਾਰੀ ਪਿੰਡ ’ਚ ਕਿਸੇ ਦੇ ਨਹੀਂ। ਕਦੇ ਇੱਥੇ ਰੌਣਕਾਂ ਲੱਗਦੀਆਂ ਸੀ। ਪੂਰੀ ਗਲੀ ਦੀਆਂ ਔਰਤਾਂ ਇੱਥੇ ਆ ਕੇ ਬੈਠਦੀਆਂ। ਹੁਣ ਇਹੀ ਰਾਹਦਾਰੀ ਬੰਦਿਆਂ ਨੂੰ ਤਰਸ ਰਹੀ ਏ। ਸਾਡੇ ਤੋਂ ਤਾਂ ਹੁਣ ਤੁਹਾਡੇ ਖਾਲੀ ਪਏ ਘਰ ਅੱਗੋਂ ਵੀ ਨਹੀਂ ਲੰਘਿਆ ਜਾਂਦਾ।” “ਆਹੋ ਭਾਈ! ਬੰਦਿਆਂ ਦੀ ਹੀ ਮਾਇਆ ਹੈ। ਜਦੋਂ ਜਵਾਕ ਇੱਥੇ ਰਹਿੰਦੇ ਹੀ ਨਹੀਂ…! ਦਸਵੀਂ ਜਾਂ ਬਾਰ੍ਹਵੀਂ ਕਰਦੇ ਨੇ… ਬੱਸ ਬਾਹਰ ਨੂੰ ਭੱਜ ਜਾਂਦੇ ਨੇ।” ਕਿਸੇ ਦੂਜੇ ਨੇ ਕਿਹਾ, “ਜਵਾਕਾਂ ਦਾ ਵੀ ਕੀ ਦੋਸ਼ ਐ, ਦੋਸ਼ ਤਾਂ ਸਰਕਾਰਾਂ ਦਾ ਏ। ਏਨਾ ਪੜ੍ਹ ਕੇ ਵੀ ਜਦ ਉਹ ਆਪਣੀ ਰੋਟੀ ਦੇ ਸਿਰੇ ਨਹੀਂ ਲੱਗਦੇ ਤਾਂ ਜਾਣਗੇ ਹੀ। ਉੱਥੇ ਉਨ੍ਹਾਂ ਨੂੰ ਰੁਜ਼ਗਾਰ ਤਾਂ ਮਿਲਦੈ। ਇਹੋ ਜਿਹੀਆਂ ਗੱਲਾਂ ਕਰਦਿਆਂ, ਦੁੱਖ-ਸੁੱਖ ਫੋਲਦਿਆਂ, ਖਾਲੀ ਪਏ ਘਰਾਂ ਦਾ ਰੁਦਨ ਕਰਦਿਆਂ ਹੁਣ ਵਿਛੜਨ ਦਾ ਵੇਲਾ ਆ ਗਿਆ ਸੀ। ਜਦੋਂ ਘਰ ਨੂੰ ਜਿੰਦਰਾ ਲਾ ਕੇ ਤੁਰਨ ਲੱਗੇ ਤਾਂ ਪੂਰੇ ਘਰ ਵਿੱਚ ਫਿਰ ਉਹੀ ਸੰਨਾਟਾ ਛਾ ਗਿਆ। ਉਹ ਸੱਤਿਆ ਨੂੰ ਜੱਫੀ ਪਾ ਕੇ ਮਿਲੀ। ਸੱਤਿਆ ਨੇ ਵੀ ਅੱਖਾਂ ਭਰ ਲਈਆਂ। ਰਾਹਦਾਰੀ ਵੀ ਰਸਤਾ ਰੋਕਦੀ ਲੱਗੀ। ਜਿਵੇਂ ਕਹਿ ਰਹੀ ਹੋਵੇ- ਨਾ ਜਾਉ!… ਮੇਰੀ ਸ਼ਾਨ ਤੁਹਾਡੇ ਨਾਲ ਈ ਐ। ਉਸ ਤੋਂ ਮੁੜ ਕੇ ਘਰ ਵੱਲ ਝਾਕਿਆ ਨਾ ਗਿਆ। ਬੱਸ ਦਿਲ ’ਤੇ ਪੱਥਰ ਰੱਖ ਕੇ ਭਾਂ-ਭਾਂ ਕਰਦੀ ਰਾਹਦਾਰੀ ਛੱਡ ਕੇ ਅੱਖਾਂ ਪੂੰਝਦੀ ਕਾਰ ਵਿੱਚ ਬੈਠ ਗਈ।

ਸਾਂਝਾ ਕਰੋ