ਨਵੀਂ ਪਾਰਟੀ ਦਾ ਜਨਮ

ਭਾਰਤ ਦੀ ਆਮ ਆਦਮੀ ਪਾਰਟੀ (ਆਪ) ਦੀ ਤਰਜ਼ ’ਤੇ ਪਾਕਿਸਤਾਨ ਵਿੱਚ ਵੀ ਇੱਕ ਨਵੀਂ ਰਾਜਸੀ ਧਿਰ ਨੇ ਜਨਮ ਲਿਆ ਹੈ ਜਿਸ ਦਾ ਨਾਮ ‘ਅਵਾਮ ਪਾਕਿਸਤਾਨ’ ਰੱਖਿਆ ਗਿਆ ਹੈ। ਇਸ ਦਾ ਨਾਅਰਾ ਹੈ: ‘ਬਦਲੇਂਗੇ ਨਿਜ਼ਾਮ’। ‘ਆਪ’ ਦੀ ਪੈਦਾਇਸ਼ ਦੇ ਦਿਨਾਂ ਤੋਂ ਉਲਟ ਇਹ ਪਾਰਟੀ ਕਿਸੇ ਅੰਦੋਲਨ ਜਾਂ ਅਵਾਮੀ ਤਨਜ਼ੀਮ ਵਿੱਚੋਂ ਨਹੀਂ ਜਨਮੀ ਬਲਕਿ ਇਹ ਮੁੱਖ ਤੌਰ ’ਤੇ ਉਨ੍ਹਾਂ ਸਿਆਸਤਦਾਨਾਂ ਨੇ ਖੜ੍ਹੀ ਕੀਤੀ ਹੈ ਜੋ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਜਾਂ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨਾਲ ਸਬੰਧਿਤ ਸਨ ਅਤੇ ਜੋ ਇਹ ਮਹਿਸੂਸ ਕਰਦੇ ਆ ਰਹੇ ਸਨ ਕਿ ਉਨ੍ਹਾਂ ਵਾਲੀ ਰਾਜਸੀ ਜਮਾਤ ਉਨ੍ਹਾਂ ਨੂੰ ਉਹ ਵੁੱਕਤ ਨਹੀਂ ਸੀ ਦੇ ਰਹੀ ਜਿਸ ਦੇ ਉਹ ਹੱਕਦਾਰ ਸਨ। ‘ਅਵਾਮ ਪਾਕਿਸਤਾਨ’ ਨੇ ਭਾਵੇਂ ਰਸਮੀ ਤੌਰ ’ਤੇ 6 ਜੁਲਾਈ ਨੂੰ ਵਜੂਦ ਵਿੱਚ ਆਉਣਾ ਹੈ, ਪਰ ਇਸ ਦੀ ਸਥਾਪਨਾ ਤੇ ਚਾਰਟਰ ਦਾ ਐਲਾਨ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਇੱਕ ਮੀਡੀਆ ਕਾਨਫਰੰਸ ਦੌਰਾਨ ਸਾਬਕਾ ਵਜ਼ੀਰੇ ਆਜ਼ਮ ਸ਼ਾਹਿਦ ਖਾਕਾਨ ਅੱਬਾਸੀ ਤੇ ਸਾਬਕਾ ਵਜ਼ੀਰ-ਇ-ਖ਼ਜ਼ਾਨਾ ਮਿਫ਼ਤਾਹ ਇਸਮਾਈਲ ਨੇ ਕੀਤਾ। ਇਹ ਦੋਵੇਂ ਆਗੂ ਪਿਛਲੇ ਚਾਰ ਮਹੀਨਿਆਂ ਤੋਂ ਨਵੀਂ ਸਿਆਸੀ ਜਮਾਤ ਖੜ੍ਹੀ ਕਰਨ ਦੀਆਂ ਗੱਲਾਂ ਕਰਦੇ ਆ ਰਹੇ ਸਨ।

ਉਸ ਮੀਡੀਆ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਸ਼ਾਹਿਦ ਅੱਬਾਸੀ ‘ਅਵਾਮ ਪਾਕਿਸਤਾਨ’ ਦੀ ਇੰਤਜ਼ਾਮੀਆ ਕਮੇਟੀ ਦੇ ਕਨਵੀਨਰ ਤੇ ਮਿਫ਼ਤਾਹ ਇਸਮਾਈਲ ਕੋ-ਕਨਵੀਨਰ ਹੋਣਗੇ। ਮੀਡੀਆ ਕਾਨਫਰੰਸ ਤੋਂ ਪਹਿਲਾਂ ਸੋਸ਼ਲ ਮੀਡੀਆ ਮੰਚ ‘X’ ਉੱਤੇ ਨਸ਼ਰ ਇੱਕ ਸੁਨੇਹੇ ਰਾਹੀਂ ਦਾਅਵਾ ਕੀਤਾ ਗਿਆ ਸੀ ਕਿ ਪੀਐੱਮਐੱਲ-ਐੱਨ ਦੇ ਇੱਕ ਅਹਿਮ ਆਗੂ ਤੇ ਸਾਬਕਾ ਸੈਨੇਟਰ ਮੁਸਤਫ਼ਾ ਨਵਾਜ਼ ਖੋਖਰ ਵੀ ਨਵੀਂ ਪਾਰਟੀ ਦੇ ਸਰਕਰਦਾ ਆਗੂ ਹੋਣਗੇ, ਪਰ ਉਹ ਮੀਡੀਆ ਕਾਨਫਰੰਸ ਵਿੱਚ ਨਹੀਂ ਆਏ। ਸਿਆਸੀ ਹਲਕਿਆਂ ਮੁਤਾਬਿਕ ਖੋਖਰ ਨੇ ਅਜੇ ਤਕ ਪੀਐੱਮਐੱਲ-ਐੱਨ ਤੋਂ ਅਸਤੀਫ਼ਾ ਨਹੀਂ ਦਿੱਤਾ।

ਉਹ ਅੰਦਰਖ਼ਾਤੇ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਨਾਲ ਸੌਦੇਬਾਜ਼ੀ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀ ਗ਼ੈਰਹਾਜ਼ਰੀ ਨੂੰ ਸ਼ਾਹਿਦ ਅੱਬਾਸੀ ਤੇ ਮਿਫ਼ਤਾਹ ਦੀਆਂ ਯੋਜਨਾਵਾਂ ਤਾਰਪੀਡੋ ਕਰਨ ਦੀ ਚਾਲ ਵਜੋਂ ਦੇਖਿਆ ਜਾ ਰਿਹਾ ਹੈ। ਅਜਿਹੇ ਝਟਕੇ ਦੇ ਬਾਵਜੂਦ 17 ਮੈਂਬਰੀ ਇੰਤਜ਼ਾਮੀਆ ਕਮੇਟੀ ਵਿੱਚ ਖ਼ੈਬਰ-ਪਖ਼ਤੂਨਵਾ ਦੇ ਸਾਬਕਾ ਗਵਰਨਰ ਸਰਦਾਰ ਮਹਿਤਾਬ ਅਹਿਮਦ ਖ਼ਾਨ, ਸਾਬਕਾ ਸੈਨੇਟਰ ਜਾਵੇਦ ਅੱਬਾਸੀ, ਮੁਹਾਜਿਰ ਨੇਤਾ ਸ਼ੇਖ਼ ਸਲਾਹੂਦੀਨ, ਹਜ਼ਾਰਾ ਫ਼ਿਰਕੇ ਦੀ ਆਗੂ ਫਾਤਿਮਾ ਆਤਿਫ਼ ਤੇ ਸਿੰਧੀ ਕੌਮਪ੍ਰਸਤ ਨੇਤਾ ਅਨਵਰ ਸੂਮਰੋ ਦੀ ਸ਼ਮੂਲੀਅਤ, ਨਵੀਂ ਪਾਰਟੀ ਨੂੰ ਸੰਜੀਦਾ ਸਿਆਸਤਦਾਨਾਂ ਦੇ ਮੰਚ ਵਾਲਾ ਅਕਸ ਪ੍ਰਦਾਨ ਕਰਦੀ ਹੈ। ਇਹ ਸਾਰੇ ਲੀਡਰ, ਭ੍ਰਿਸ਼ਟਾਚਾਰੀ ਨਾ ਹੋਣ ਵਾਲੇ ਅਕਸ ਨਾਲ ਵੀ ਲੈਸ ਹਨ। ਇਨ੍ਹਾਂ ਦੀ ਹਾਜ਼ਰੀ ਕੌਮੀ ਸੇਵਾਵਾਂ ਅਤੇ ਜਨਤਕ ਜੀਵਨ ਵਿੱਚੋਂ ਭ੍ਰਿਸ਼ਟਾਚਾਰ ਘਟਾਉਣ, ਮਹਿੰਗਾਈ ਉੱਤੇ ਕਾਬੂ ਪਾਉਣ, ਗੈਸ ਤੇ ਬਿਜਲੀ ਵਰਗੇ ਊਰਜਾ ਸਾਧਨਾਂ ਦੀ ਕਿੱਲਤ ਦੂਰ ਕਰਨ, ਬੇਰੁਜ਼ਗਾਰੀ ਘਟਾਉਣ ਅਤੇ ਕੁੜੀਆਂ ਲਈ ਸਕੂਲਾਂ ਦੀ ਕਮੀ ਦੂਰ ਕਰਨ ਵਰਗੇ ਪ੍ਰੋਗਰਾਮ ਲਾਗੂ ਕਰਨ ਦੇ ਵਾਅਦਿਆਂ ਨੂੰ ਵਜ਼ਨ ਬ਼ਖ਼ਸਦੀ ਹੈ।

ਅਜਿਹੇ ਵਜ਼ਨ ਦੇ ਬਾਵਜੂਦ ਪਾਰਟੀ ਵਿੱਚ ਸ਼ਾਹਿਦ ਖਾਕਾਨ ਅੱਬਾਸੀ ਨੂੰ ਛੱਡ ਕੇ ਇੱਕ ਵੀ ਆਗੂ ਅਜਿਹਾ ਨਹੀਂ ਜੋ ਕੌਮੀ ਅਸੈਂਬਲੀ ਦੀ ਚੋਣ ਆਪਣੇ ਬਲਬੂਤੇ ਜਿੱਤ ਸਕਦਾ ਹੋਵੇ। 65 ਵਰ੍ਹਿਆਂ ਦੇ ਅੱਬਾਸੀ ਪੋਠੋਹਾਰੀ ਹਨ। ਰਾਵਲਪਿੰਡੀ ਇਲਾਕੇ ਵਿੱਚ ਉਨ੍ਹਾਂ ਦੇ ਕੁਨਬੇ ਦਾ ਅੱਛਾ-ਖ਼ਾਸਾ ਰਸੂਖ਼ ਹੈ। ਦਸੰਬਰ 2023 ਵਿੱਚ ਪੀਐੱਮਐੱਲ-ਐੱਨ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਉਹ ਇਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਨ। ਦੋ ਵਰ੍ਹੇ ਪਹਿਲਾਂ ਉਹ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਅੰਦੋਲਨ ਜਥੇਬੰਦ ਕਰਨ ਵਾਲੇ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਦੇ ਸਕੱਤਰ ਜਨਰਲ ਸਨ। ਉਹ ਅੱਠ ਵਾਰ ਕੌਮੀ ਅਸੈਂਬਲੀ ਦੀ ਚੋਣ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਦਾ ਢੰਡ-ਅੱਬਾਸੀ ਖ਼ਾਨਦਾਨ ਪਾਕਿਸਤਾਨੀ ਫ਼ੌਜ ਦੇ ਵੀ ਕਰੀਬ ਮੰਨਿਆ ਜਾਂਦਾ ਹੈ। ਖ਼ਾਸ ਤੌਰ ’ਤੇ ਉਨ੍ਹਾਂ ਦੇ ਸਹੁਰਾ ਜਨਰਲ ਮੁਹੰਮਦ ਰਿਆਜ਼ ਅੱਬਾਸੀ ਦੀ ਸ਼ਖ਼ਸੀਅਤ ਕਾਰਨ ਜੋ 1977 ਤੋਂ 1979 ਤਕ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਰਹੇ।

ਅਗਸਤ 2017 ਵਿੱਚ ਜਦੋਂ ਪੀਐੱਮਐੱਲ-ਐੱਨ ਦੇ ਮੁਖੀ, ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਕਾਰਨ ਵਜ਼ੀਰੇ ਆਜ਼ਮ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਤਾਂ ਉਨ੍ਹਾਂ ਨੇ ਸ਼ਾਹਿਦ ਅੱਬਾਸੀ ਨੂੰ ਆਪਣਾ ਜਾਂਨਸ਼ੀਨ ਨਾਮਜ਼ਦ ਕੀਤਾ ਸੀ। ਇਸ ਸਦਕਾ ਉਹ ਅਗਸਤ 2017 ਤੋਂ ਮਈ 2018 ਤਕ ਮੁਲਕ ਦੇ ਵਜ਼ੀਰੇ ਆਜ਼ਮ ਰਹੇ। ਇਸ ਤੋਂ ਪਹਿਲਾਂ ਉਹ ਨਵਾਜ਼ ਸ਼ਰੀਫ਼ ਸਰਕਾਰ ਵਿੱਚ ਪੈਟਰੋਲੀਅਮ ਤੇ ਕੁਦਰਤੀ ਵਸੀਲਿਆਂ ਬਾਰੇ ਵਜ਼ੀਰ ਰਹਿ ਚੁੱਕੇ ਸਨ। ਸੀਨੀਅਰ ਪੱਤਰਕਾਰ ਮੁਹੰਮਦ ਅਮੀਰ ਰਾਣਾ ਦਾ ਕਹਿਣਾ ਹੈ ਕਿ ਅੱਬਾਸੀ 2022 ਵਿੱਚ ਇਮਰਾਨ ਖ਼ਾਨ ਨੂੰ ਹਟਾਏ ਜਾਣ ਮਗਰੋਂ ਖ਼ੁਦ ਨੂੰ ਵਜ਼ੀਰੇ ਆਜ਼ਮ ਦੇ ਅਹੁਦੇ ਦਾ ਦਾਅਵੇਦਾਰ ਦਰਸਾਉਣ ਲੱਗੇ ਸਨ। ਇਸ ਦਾ ਨਵਾਜ਼ ਸ਼ਰੀਫ਼ ਦੇ ਭਰਾ ਸ਼ਹਿਬਾਜ਼ ਸ਼ਰੀਫ਼ ਨੇ ਬੁਰਾ ਮਨਾਇਆ ਤੇ ਪਾਰਟੀ ਸਫ਼ਾਂ ਵਿੱਚੋਂ ਉਨ੍ਹਾਂ ਦੇ ਹਮਾਇਤੀਆਂ ਨੂੰ ਛਾਂਟਣਾ ਸ਼ੁਰੂ ਕਰ ਦਿੱਤਾ। ਇਸ ਛੰਗਾਈ ਦਾ ਅੱਬਾਸੀ ਨੇ ਜਦੋਂ ਖੁੱਲ੍ਹੇਆਮ ਵਿਰੋਧ ਕੀਤਾ ਤਾਂ ਪਾਰਟੀ ਨੇ ਉਨ੍ਹਾਂ ਦੀ ਜਨਤਕ ਤੌਰ ’ਤੇ ਅਣਦੇਖੀ ਸ਼ੁਰੂ ਕਰ ਦਿੱਤੀ। ਅਜਿਹੇ ਹਾਲਾਤ ਵਿੱਚ ਅੱਬਾਸੀ ਨੂੰ ਪਾਰਟੀ ਛੱਡਣੀ ਹੀ ਪੈਣੀ ਸੀ।

ਮਿਫ਼ਤਾਹ ਇਸਮਾਈਲ ਦੀ ਸਿਆਸੀ ਤਕਦੀਰ ਅੱਬਾਸੀ ਤੋਂ ਵੱਖਰੀ ਰਹੀ। ਇੱਕ ਤਾਂ ਉਹ ਸਿੰਧ ਤੋਂ ਸਨ ਜਿਸ ਕਾਰਨ ਪੀਐੱਮਐੱਲ-ਐੱਨ ਦੇ ਪੰਜਾਬੀ ਆਗੂ ਉਨ੍ਹਾਂ ਨੂੰ ਬਣਦੀ ਵੁੱਕਤ ਦੇਣ ਲਈ ਤਿਆਰ ਨਹੀਂ ਸਨ। ਇਸ ਤੋਂ ਇਲਾਵਾ ਉਹ ਸ਼ਰੀਫ਼ ਭਰਾਵਾਂ ਜਾਂ ਖਾਕਾਨ ਅੱਬਾਸੀ ਵਾਂਗ ਧਨਾਢ ਨਹੀਂ ਸਨ। ਕਰਾਚੀ ਦੇ ਮੱਧਵਰਗੀ ਕਾਰੋਬਾਰੀ ਪਰਿਵਾਰ ਵਿੱਚ ਜਨਮੇ ਮਿਫ਼ਤਾਹ ਨੇ ਅਮਰੀਕਾ ਦੀ ਡਿਊਕਸਨ ਯੂਨੀਵਰਸਿਟੀ ਤੇ ਫਿਰ ਵਾਰਟਨ ਸਕੂਲ, ਪੈਨਸਿਲਵੇਨੀਆ ਤੋਂ ਡਿਗਰੀਆਂ ਹਾਸਿਲ ਕਰਨ ਮਗਰੋਂ ਕੌਮਾਂਤਰੀ ਸਿੱਕਾ ਫੰਡ (ਆਈਐੱਮਐੱਫ) ਵਿੱਚ ਅਰਥ ਸ਼ਾਸਤਰੀ ਵਜੋਂ ਕੰਮ ਕਰਦਿਆਂ ਚੰਗਾ ਨਾਮ ਕਮਾਇਆ ਸੀ। ਉਨ੍ਹਾਂ ਦੀ ਇਸੇ ਸਾਖ਼ ਸਦਕਾ ਸ਼ਹਿਬਾਜ਼ ਸ਼ਰੀਫ਼ ਨੇ ਆਪਣੀ ਸਰਕਾਰ ਵਿੱਚ ਉਨ੍ਹਾਂ ਨੂੰ 22 ਅਪਰੈਲ 2022 ਨੂੰ ਵਜ਼ੀਰ-ਇ-ਖ਼ਜ਼ਾਨਾ ਦਾ ਰੁਤਬਾ ਬਖ਼ਸ਼ਿਆ। ਹੁਣ ਵਾਂਗ ਉਸ ਸਮੇਂ ਵੀ ਪਾਕਿਸਤਾਨੀ ਅਰਥਚਾਰਾ ਪੂਰੀ ਤਰ੍ਹਾਂ ਡਾਵਾਂਡੋਲ ਸੀ। ਮਿਫ਼ਤਾਹ ਨੇ ਆਈਐੱਮਐੱਫ ਤੋਂ ਪਾਕਿਸਤਾਨ ਲਈ ਕਰਜ਼ਾ ਮਨਜ਼ੂਰ ਕਰਵਾਉਣ ਵਾਸਤੇ ਜੋ ਆਰਥਿਕ ਕਦਮ ਚੁੱਕੇ, ਉਹ ਆਮ ਲੋਕਾਂ ਵੱਲੋਂ ਨਾਪਸੰਦ ਕੀਤੇ ਗਏ। ਇਸ ਤੋਂ ਔਖੀ ਹੋ ਕੇ ਪੀਐੱਮਐੱਲ-ਐੱਨ ਦੀ ਨੇਤਾ ਤੇ ਨਵਾਜ਼ ਸ਼ਰੀਫ਼ ਦੀ ਸਿਆਸੀ ਜਾਂਨਸ਼ੀਨ ਮਰੀਅਮ ਨਵਾਜ਼ ਨੇ ਮਿਫ਼ਤਾਹ ਨੂੰ ਹਟਾਏ ਜਾਣ ਵਾਸਤੇ ਦਬਾਅ ਪਾਇਆ। ਲਿਹਾਜ਼ਾ, 22 ਸਤੰਬਰ 2022 ਨੂੰ ਮਿਫ਼ਤਾਹ ਨੂੰ ਪਹਿਲਾਂ ਵਜ਼ੀਰ ਦੇ ਅਹੁਦੇ ਤੋਂ ਮੁਸਤਫ਼ੀ ਹੋਣਾ ਪਿਆ ਤੇ ਫਿਰ ਤਿੰਨ ਮਹੀਨਿਆਂ ਦੇ ਅੰਦਰ ਪੀਐੱਮਐੱਲ-ਐੱਨ ਪਾਰਟੀ ਵੀ ਛੱਡਣੀ ਪਈ। ਇਸ ਸਾਰੇ ਘਟਨਾਕ੍ਰਮ ਅਤੇ ਨਵੀਂ ਪਾਰਟੀ ਦੀ ਸਥਾਪਨਾ ਬਾਰੇ ਆਪਣੇ ਦ੍ਰਿਸ਼ਟੀਕੋਣ ਦਾ ਇਜ਼ਹਾਰ ਉਨ੍ਹਾਂ ਨੇ ਇੱਕ ਹਫ਼ਤਾ ਪਹਿਲਾਂ ਅੰਗਰੇਜ਼ੀ ਅਖ਼ਬਾਰ ‘ਦਿ ਨਿਊਜ਼’ ਵਿੱਚ ਪ੍ਰਕਾਸ਼ਿਤ ਆਪਣੇ ਇੱਕ ਲੰਮੇ ਮਜ਼ਮੂਨ ਵਿੱਚ ਕੀਤਾ ਹੈ।

ਸੀਨੀਅਰ ਪੱਤਰਕਾਰ ਤੇ ਟੈਲੀਵਿਜ਼ਨ ਐਂਕਰ ਡਾ. ਫਾਰੁਖ਼ ਸਲੀਮ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਨਵੀਂ ਪਾਰਟੀ ਦਾ ਭਵਿੱਖ ਬੜਾ ਧੁੰਦਲਾ ਜਾਪਦਾ ਹੈ। ਇਸ ਵਿੱਚ ਇੱਕ ਵੀ ਆਗੂ ਅਜਿਹਾ ਨਹੀਂ ਜਿਸਦਾ ਸਿਆਸੀ ਕੱਦ ਨਵਾਜ਼ ਸ਼ਰੀਫ਼/ਸ਼ਹਿਬਾਜ਼ ਸ਼ਰੀਫ਼ ਜਾਂ ਇਮਰਾਨ ਖ਼ਾਨ ਜਾਂ ਬਿਲਾਵਲ ਭੁੱਟੋ ਦੇ ਸਿਆਸੀ ਕੱਦ ਦੇ ਨੇੜੇ ਢੁੱਕਦਾ ਹੋਵੇ। ਇਹ ਸਹੀ ਹੈ ਕਿ ਸ਼ਰੀਫ਼ ਭਰਾਵਾਂ ਦਾ ਸਿਤਾਰਾ ਹੁਣ ਪਹਿਲਾਂ ਵਰਗਾ ਬੁਲੰਦ ਨਹੀਂ। ਹਕੀਕਤ ਤਾਂ ਇਹ ਹੈ ਕਿ ਪਾਕਸਿਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਦਾ ਨੇਤਾ ਇਮਰਾਨ ਖ਼ਾਨ ਆਪਣੀਆਂ ਸਿਆਸੀ ਆਪਹੁਦਰੀਆਂ ਤੇ ਊਣਤਾਈਆਂ ਦੇ ਬਾਵਜੂਦ ਸ਼ਰੀਫ਼ ਭਰਾਵਾਂ ਨਾਲੋਂ ਕਿਤੇ ਵੱਧ ਕੱਦਾਵਰ ਹੈ। ਪੀਪੀਪੀ ਦਾ ਮੁਖੀ ਬਿਲਾਵਲ ਭੁੱਟੋ ਤਾਂ ਮਕਬੂਲੀਅਤ ਪੱਖੋਂ ਭਾਵੇਂ ਸਿਰਫ਼ ਸਿੰਧ ਤਕ ਮਹਿਦੂਦ ਹੋ ਕੇ ਰਹਿ ਗਿਆ ਹੈ; ਫਿਰ ਵੀ ਸ਼ਰੀਫ਼ ਭਰਾਵਾਂ ਜਾਂ ਇਮਰਾਨ ਦੇ ਸਿਆਸੀ ਬਦਲ ਵਾਲਾ ਉਸਦਾ ਅਕਸ ਪੂਰੀ ਤਰ੍ਹਾਂ ਖੰਡਿਤ ਨਹੀਂ ਹੋਇਆ। ਅਜਿਹੀਆਂ ਹਕੀਕਤਾਂ ਤੇ ਬਾਵਜੂਦ ਕੌਮੀ ਸਿਆਸਤ ਤਿੰਨ ਰਾਜਸੀ ਧਿਰਾਂ ਦੀ ਗ਼ੁਲਾਮ ਬਣੇ ਰਹਿਣ ਦਾ ਰੁਝਾਨ ਪਾਕਿਸਤਾਨ ਨੂੰ ਰਾਸ ਨਹੀਂ ਆ ਰਿਹਾ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਇੱਕ ਨਵੀਂ ਸਿਆਸੀ ਧਿਰ ਜਾਂ ਨਵੀਂ ਸਿਆਸੀ ਸਫ਼ਬੰਦੀ ਦੀ ਸਖ਼ਤ ਲੋੜ ਹੈ ਜੋ ਲੋਕਾਂ ਅੰਦਰ ਕੁਝ ਚੰਗਾ ਕਰ ਗੁਜ਼ਰਨ ਦੀ ਉਮੀਦ ਜਗਾ ਸਕੇ। ਸ਼ਾਹਿਦ ਖਾਕਾਨ ਅੱਬਾਸੀ ਤੇ ਮਿਫ਼ਤਾਹ ਇਸਮਾਈਲ ਨੇ ਲੋਕਾਂ ਦੇ ਇਸ ਜਜ਼ਬੇ ਨੂੰ ਸਹੀ ਪਛਾਣਿਆ ਹੈ, ਪਰ ਉਨ੍ਹਾਂ ਦੀਆਂ ਸਿਆਸੀ ਸ਼ਖ਼ਸੀਅਤਾਂ ਅਜਿਹੀਆਂ ਨਹੀਂ ਹਨ ਕਿ ਉਹ ਲੋਕ ਉਮੀਦਾਂ ’ਤੇ ਖ਼ਰੀਆਂ ਉਤਰ ਸਕਣ। ਅਜਿਹੀ ਸੂਰਤ ਵਿੱਚ ਨਵੀਂ ਸਿਆਸੀ ਧਿਰ ਕੋਈ ਸਿਆਸੀ ਚਮਤਕਾਰ ਕਰ ਸਕੇਗੀ, ਇਸ ਦੀ ਆਸ ਕਰਨੀ ਹੀ ਫ਼ਿਲਹਾਲ, ਫ਼ਜ਼ੂਲ ਜਾਪਦੀ ਹੈ।

ਸਾਂਝਾ ਕਰੋ