ਨੈੱਟਫਲਿਕਸ ਦੇ ਬਾਈਕਾਟ ਤੇ ਫ਼ਿਲਮ ‘ਮਹਾਰਾਜ’ ਉੱਤੇ ਪਾਬੰਦੀ ਦੀ ਮੰਗ

ਸਨਾਤਨ ਧਰਮ ਦੇ ਕਥਿਤ ਅਪਮਾਨ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਜ਼ (ਵਰਤੋਂਕਾਰ) ਦੇ ਇੱਕ ਵਰਗ ਨੇ ਅੱਜ ਬੌਲੀਵੁੱਡ ਫ਼ਿਲਮ ‘ਮਹਾਰਾਜ’ ਉੱਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ। ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਦੀ ਇਹ ਪਹਿਲੀ ਫ਼ਿਲਮ ਹੈ ਜੋ ਨੈੱਟਫਲਿਕਸ ’ਤੇ 14 ਜੂੁਨ ਨੂੰ ਰਿਲੀਜ਼ ਹੋਣੀ ਹੈ। ਸੋਸ਼ਲ ਮੀਡੀਆ ਯੂੁਜ਼ਰਜ਼ ਨੇ ਐਕਸ ’ਤੇ ਪੋਸਟਾਂ ਵਿੱਚ ‘ਬਾਈਕਾਟ ਨੈੱਟਫਲਿਕਸ’, ‘ਬੈਨ ਮਹਾਰਾਜ ਫ਼ਿਲਮ’ ਅਤੇ ‘ਆਮਿਰ ਖ਼ਾਨ’ ਆਦਿ ਲਿਖ ਕੇ ਫ਼ਿਲਮ ਦਾ ਵਿਰੋਧ ਕੀਤਾ ਹੈ।

‘ਮਹਾਰਾਜ’ ਦੇ ਨਿਰਮਾਤਾਵਾਂ ਮੁਤਾਬਕ ਇਹ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੀ ਇੱਕ ਡਰਾਮਾ ਫ਼ਿਲਮ ਹੈ ਅਤੇ 1862 ਦੇ ਮਹਾਰਾਜ ਲਾਈਬਲ ਕੇਸ ’ਤੇ ਆਧਾਰਿਤ ਹੈ। ਵਾਈਆਰਐੱਫ ਐਂਟਰਟੇਨਰ ਦੇ ਬੈਨਰ ਹੇਠ ਬਣੀ ਇਸ ਫ਼ਿਲਮ ’ਚ ਕਰਸਨਦਾਸ ਮੁਲਜੀ ਦਾ ਕਿਰਦਾਰ ਪੇਸ਼ ਕੀਤਾ ਗਿਆ ਹੈ ਜਿਹੜਾ ਇੱਕ ਪੱਤਰਕਾਰ ਅਤੇ ਸਮਾਜ ਸੁਧਾਰਕ ਹੈ। ਉਹ ਔਰਤਾਂ ਦੇ ਹੱਕਾਂ ਅਤੇ ਸਮਾਜ ਸੁਧਾਰਾਂ ਦੀ ਵਕਾਲਤ ਕਰਦਾ ਹੈ। ਵਿਵਾਦ ਪੈਦਾ ਹੋਣ ਕਾਰਨ ਨਿਰਮਾਤਾਵਾਂ ਵੱਲੋਂ ਬਿਨਾਂ ਕਿਸੇ ਪ੍ਰਮੋਸ਼ਨ ਜਾਂ ਟਰੇਲਰ ਤੋਂ ਫ਼ਿਲਮ ਨੂੰ ਸਿੱਧੀ ਓਟੀਟੀ ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਵਿਸ਼ਵ ਹਿੰਦੂੁ ਪਰਿਸ਼ਦ ਨੇਤਾ ਸਾਧਵੀ ਪ੍ਰਾਚੀ ਵੀ ‘ਮਹਾਰਾਜ’ ਉੱਤੇ ਪਾਬੰਦੀ ਦੀ ਮੰਗ ਕਰਨ ਵਾਲਿਆਂ ’ਚ ਸ਼ਾਮਲ ਹੈ।

ਸਾਂਝਾ ਕਰੋ