ਯੂਥ ਸਿਟੀਜ਼ਨ ਕੌਂਸਲ ਨੇ ਪਾਕਿਸਤਾਨ ਦਾ ਪੁਤਲਾ ਫੂਕਿਆ

ਯੂਥ ਸਿਟੀਜ਼ਨ ਕੌਂਸਲ ਪੰਜਾਬ ਦੇ ਸੂਬਾ ਪ੍ਰਧਾਨ ਡਾ. ਰਮਨ ਘਈ ਅਤੇ ਜ਼ਿਲ੍ਹਾ ਪ੍ਰਧਾਨ ਡਾ. ਪੰਕਜ ਸ਼ਰਮਾ ਨੇ ਜੰਮੂ-ਕਸ਼ਮੀਰ ਵਿਚ ਇਕ ਯਾਤਰੀ ਬੱਸ ’ਤੇ ਹੋਏ ਅਤਿਵਾਦੀ ਹਮਲੇ ਦੀ ਸਖਤ ਨਿੰਦਾ ਕਰਦਿਆਂ ਪਾਕਿਸਤਾਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਸਖਤੀ ਨਾਲ ਨਿਪਟਿਆ ਜਾਵੇ। ਇਸ ਮੌਕੇ ਸਰਕਾਰੀ ਕਾਲਜ ਚੌਕ ’ਚ ਰੋਸ ਪ੍ਰਦਰਸ਼ਨ ਕਰਕੇ ਪਾਕਿਸਤਾਨ ਦਾ ਪੁਤਲਾ ਫ਼ੂਕਿਆ ਗਿਆ ਤੇ ਪਾਕਿਸਤਾਨ ਅਤੇ ਅਤਿਵਾਦ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਡਾ. ਘਈ ਨੇ ਕਿਹਾ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਵਿਸ਼ਵ ਵਿਚ ਭਾਰਤ ਦੀ ਅਰਥ ਵਿਵਸਥਾ ਅਤੇ ਭਾਰਤ ਦਾ ਮਾਣ ਸਨਮਾਨ ਤੇਜ਼ੀ ਨਾਲ ਵਧ ਰਿਹਾ ਹੈ, ਜੋ ਪਾਕਿਸਤਾਨ ਤੋਂ ਬਰਦਾਸ਼ਤ ਨਹੀਂ ਹੋ ਰਿਹਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣਬੁੱਝ ਕੇ ਭਾਰਤ ਨੂੰ ਕਮਜ਼ੋਰ ਕਰਨ ਲਈ ਜੰਮੂ-ਕਸ਼ਮੀਰ ਅਤੇ ਭਾਰਤ ਦੇ ਹੋਰਾਂ ਹਿੱਸਿਆਂ ਵਿਚ ਅਤਿਵਾਦੀ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਲੋਂ ਤੀਜੀ ਵਾਰ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕਣ ਮੌਕੇ ਜੰਮੂ-ਕਸ਼ਮੀਰ ਵਿਚ ਇਕ ਯਾਤਰੀ ਬੱਸ ’ਤੇ ਹਮਲਾ ਅਤੇ ਇਸ ਉਪਰੰਤ ਹੋਰਨਾਂ ਥਾਵਾਂ ’ਤੇ ਵੀ ਭਾਰਤੀ ਸੈਨਾ ਤੇ ਸੁਰੱਖਿਆ ਬਲਾਂ ’ਤੇ ਹਮਲੇ ਹੋਣੇ ਬੇਹੱਦ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਖਾਤਮੇ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਕਜੁੱਟ ਹੋ ਕੇ ਭਾਰਤ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਡਾ. ਰਾਜ ਕੁਮਾਰ ਸੈਣੀ, ਮਨੋਜ ਸ਼ਰਮਾ, ਡਾ. ਵਸ਼ਿਸ਼ਟ ਕੁਮਾਰ, ਨੀਰਜ ਸ਼ਰਮਾ, ਕਪਿਲ ਅਗਰਵਾਲ, ਗੌਰਵ ਸ਼ਰਮਾ, ਰਮਨੀਸ਼ ਘਈ, ਅਸ਼ਵਨੀ ਸ਼ਰਮਾ ਛੋਟਾ ਅਦਿ ਮੌਜੂਦ ਸਨ।

ਸਾਂਝਾ ਕਰੋ