ਉਗਰਾਹਾਂ ਵੱਲੋਂ ਸੰਗਰੂਰ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ

ਇੱਥੇ ਕਿਸਾਨ ਆਗੂਆਂ ਵੱਲੋਂ ਦਲਿਤ ਪਰਿਵਾਰਾਂ ਨਾਲ ਸਬੰਧਤ ਦੋ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਪੁਲੀਸ ਲਈ ਸਿਰਦਰਦੀ ਬਣ ਗਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਬਸਪਾ ਦੀ ਅਗਵਾਈ ਹੇਠ ਲੋਕਾਂ ਵਲੋਂ ਡੀਐੱਸਪੀ ਦਫ਼ਤਰ ਅੱਗੇ ਧਰਨਾ ਦੇ ਕੇ ਮਨਜੀਤ ਸਿੰਘ ਘਰਾਚੋਂ ਹੋਰਾਂ ਖ਼ਿਲਾਫ਼ ਦਰਜ ਕੇਸ ਵਿਚ ਧਾਰਾ 307 ਜੋੜਨ ਦੀ ਮੰਗ ਕੀਤੀ ਗਈ ਸੀ ਅਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਰਾਂ ਦੀ ਜ਼ਿਲ੍ਹਾ ਇਕਾਈ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇ ਬਲਾਕ ਆਗੂਆਂ ਮਨਜੀਤ ਸਿੰਘ ਘਰਾਚੋਂ ਅਤੇ ਜਗਤਾਰ ਸਿੰਘ ਲੱਡੀ ਖ਼ਿਲਾਫ਼ ਦਰਜ ਕੇਸ ’ਚੋਂ ਐੱਸਸੀ/ਐੱਸਟੀ ਐਕਟ ਦੀ ਧਾਰਾ ਨਾ ਹਟਾਈ ਗਈ ਤਾਂ ਜਥੇਬੰਦੀ ਵਲੋਂ 17 ਜੂਨ ਤੋਂ ਸੰਗਰੂਰ ’ਚ ਪੱਕਾ ਮੋਰਚਾ ਲਗਾਇਆ ਜਾਵੇਗਾ। ਦੂਜੇ ਪਾਸੇ ਬਸਪਾ ਤੇ ਹੋਰ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ 17 ਜੂਨ ਤੱਕ ਦਰਜ ਕੇਸ ’ਚ ਧਾਰਾ 307 ਨਾ ਲਗਾਈ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।

ਅੱਜ ਭਾਕਿਯੂ ਏਕਤਾ ਉਗਰਾਹਾਂ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਮਗਰੋਂ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਵਲੋਂ ਇਸ ਮਾਮਲੇ ਨੂੰ ਸਾਜ਼ਿਸ਼ ਤਹਿਤ ਦਲਿਤ ਮਜ਼ਦੂਰਾਂ ਅਤੇ ਕਿਸਾਨਾਂ ਵਿਚਕਾਰ ਟਕਰਾਅ ਦਾ ਮਸਲਾ ਬਣਾਇਆ ਜਾ ਰਿਹਾ ਹੈ ਜਦੋਂ ਕਿ ਇਹ ਮਸਲਾ ‘ਲੁਟੇਰਾ ਗਰੋਹ’ ਅਤੇ ਕਿਸਾਨਾਂ ਵਿਚਕਾਰ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਦੇ ਲੜਕੇ ਰਾਜਵੀਰ ਸਿੰਘ ’ਤੇ ਲੁੱਟ-ਖੋਹ ਦੇ ਇਰਾਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ’ਚ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਇਸ ਮਗਰੋਂ ਦੋ ਹਮਲਾਵਰਾਂ ਨੂੰ ਮਨਜੀਤ ਸਿੰਘ ਘਰਾਚੋਂ ਤੇ ਹੋਰ ਆਗੂਆਂ ਨੇ ਕਾਬੂ ਕਰ ਲਿਆ। ਮੌਕੇ ’ਤੇ ਇਹ ਰੌਲਾ ਪੈ ਗਿਆ ਕਿ ਇਨ੍ਹਾਂ ਨੇ ਮਨਜੀਤ ਸਿੰਘ ਘਰਾਚੋਂ ਦਾ ਮੁੰਡਾ ਮਾਰ ਦਿੱਤਾ ਹੈ। ਇਹ ਗੱਲ ਕੋਈ ਵੀ ਪਿਤਾ ਬਰਦਾਸ਼ਤ ਨਹੀਂ ਕਰ ਸਕਦਾ ਜਿਸ ਕਾਰਨ ਰੋਹ ਵਿਚ ਆਏ ਮਨਜੀਤ ਸਿੰਘ ਨੇ ਹਮਲਾਵਰਾਂ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦੇ ਦੋਸ਼ਾਂ ਦੀ ਧਾਰਾ ਤਹਿਤ ਮਨਜੀਤ ਸਿੰਘ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਪਰ ਪੁਲੀਸ ਪ੍ਰਸ਼ਾਸਨ ਵਲੋਂ ਸਾਜ਼ਿਸ਼ ਤਹਿਤ ਕੇਸ ਵਿਚ ਐੱਸਸੀ/ਐੱਸਟੀ ਐਕਟ ਦੀ ਧਾਰਾ ਲਗਾ ਦਿੱਤੀ ਜੋ ਕਿ ਗਲਤ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਦਰਸ਼ਨ ਸਿੰਘ ਚੰਗਾਲੀਵਾਲਾ, ਬਹਾਲ ਸਿੰਘ ਢੀਂਡਸਾ, ਜਸਵੰਤ ਸਿੰਘ ਤੋਲਾਵਾਲ, ਧਰਮਿੰਦਰ ਸਿੰਘ ਪਿਸ਼ੌਰ, ਹਰਪਾਲ ਸਿੰਘ ਪੇਧਨੀ, ਹਰਜੀਤ ਗਿਸੰਘ ਮਹਿਲਾਂ ਤੇ ਰਿੰਕੂ ਸਿੰਘ ਮੂਨਕ ਆਦਿ ਮੌਜੂਦ ਸਨ।

ਸਾਂਝਾ ਕਰੋ