ਗਰਮੀ ਕਾਰਨ ਘਟਿਆ ਮੂੰਗੀ ਦਾ ਝਾੜ ਅਤੇ ਸਬਜ਼ੀਆਂ ਵੀ ਮੁਰਝਾਈਆਂ

ਅਤਿ ਦੀ ਗਰਮੀ ਦਾ ਅਸਰ ਹੁਣ ਫ਼ਸਲਾਂ ’ਤੇ ਸਾਫ਼ ਦਿਖਾਈ ਦੇਣ ਲੱਗਿਆ ਹੈ। ਕਣਕ ਤੋਂ ਬਾਅਦ ਬੀਜੀ ਸੱਠੀ ਮੂੰਗੀ ਦਾ ਝਾੜ ਇਸ ਵਾਰ ਤਿੰਨ ਤੋਂ ਚਾਰ ਕੁਇੰਟਲ ਪ੍ਰਤੀ ਏਕੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮੱਕੀ ਦੀ ਫ਼ਸਲ ਹਾਲੇ ਵੱਢੀ ਨਹੀਂ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਦਾ ਝਾੜ ਵੀ ਘੱਟ ਹੀ ਨਿਕਲਣ ਦੇ ਆਸਾਰ ਹਨ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਖ਼ਰਬੂਜ਼ੇ ਦੀ ਫ਼ਸਲ ਵੀ ਗਰਮੀ ਦੇ ਅਸਰ ਤੋਂ ਬਚ ਨਹੀਂ ਸਕੀ, ਉਨ੍ਹਾਂ ਦੇ ਫੁੱਲ ਅਤੇ ਫਲ਼ ਵੀ ਮੁਰਝਾ ਕੇ ਡਿੱਗ ਰਹੇ ਹਨ। ਪਿੰਡ ਐਤੀਆਣਾ ਦੇ ਕਿਸਾਨ ਸਾਬਕਾ ਸਰਪੰਚ ਗੁਰਮੀਤ ਸਿੰਘ ਅਨੁਸਾਰ ਉਸ ਨੇ 50 ਏਕੜ ਵਿੱਚ ਮੂੰਗੀ ਅਤੇ ਇੰਨੀ ਹੀ ਮੱਕੀ ਬੀਜੀ ਸੀ। ਇਸ ਵਾਰ ਅਤਿ ਦੀ ਗਰਮੀ ਤੇ ਗਰਮ ਹਵਾਵਾਂ ਕਾਰਨ ਮੂੰਗੀ ਦਾ ਝਾੜ ਘਟ ਕੇ 6 ਕੁੁਇੰਟਲ ਹੀ ਰਹਿ ਗਿਆ ਹੈ, ਜਿਹੜਾ ਪਹਿਲਾਂ 9 ਕੁਇੰਟਲ ਅਸਾਨੀ ਨਾਲ ਮਿਲ ਜਾਂਦਾ ਸੀ।

ਉੱਧਰ, ਰਾਏਕੋਟ ਨੇੜਲੇ ਪਿੰਡ ਗੋਂਦਵਾਲ ਦੇ ਕਿਸਾਨ ਰਛਪਾਲ ਸਿੰਘ ਅਨੁਸਾਰ ਪਿਛਲੇ ਸਾਲ ਮੂੰਗੀ ਦੀ ਫ਼ਸਲ ਦਾ 9 ਕੁੁਇੰਟਲ ਝਾੜ ਨਿਕਲਿਆ ਸੀ, ਜਿਹੜਾ ਗਰਮੀ ਦੀ ਮਾਰ ਕਾਰਨ ਇਸ ਵਾਰ 6 ਕੁਇੰਟਲ ਹੀ ਰਹਿ ਗਿਆ ਹੈ। ਅਗਾਂਹਵਧੂ ਕਿਸਾਨ ਰਛਪਾਲ ਸਿੰਘ ਅਨੁਸਾਰ ਉਹ ਆਪਣੀ 35 ਏਕੜ ਜ਼ਮੀਨ ਵਿੱਚ ਹਰ ਸਾਲ ਮੂੰਗੀ, ਮੱਕੀ ਅਤੇ ਆਲੂ ਬੀਜਣ ਨੂੰ ਤਰਜੀਹ ਦਿੰਦਾ ਸੀ, ਪਰ ਇਸ ਵਾਰ ਮੂੰਗੀ ਨੇ ਭਾਰੀ ਨੁਕਸਾਨ ਕੀਤਾ ਹੈ। ਰਾਏਕੋਟ ਦੇ ਹੀ ਕਿਸਾਨ ਮਨਜਿੰਦਰ ਸਿੰਘ ਅਨੁਸਾਰ ਗਰਮੀ ਕਾਰਨ ਉਸ ਦੀ ਮੂੰਗੀ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ, ਇਸ ਵਾਰ ਝਾੜ ਕੇਵਲ 5 ਕੁਇੰਟਲ ਹੀ ਨਿਕਲਿਆ ਹੈ।

ਖੇਤੀ ਅਫ਼ਸਰ ਸੁਖਵਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਅਤਿ ਦੀ ਗਰਮੀ ਤੋਂ ਇਲਾਵਾ ਹੋਰ ਕਈ ਕਾਰਨਾਂ ਕਰਕੇ ਵੀ ਮੂੰਗੀ ਦੇ ਝਾੜ ’ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਕਣਕ ਦੀ ਫ਼ਸਲ ਵੱਢਣ ਤੋਂ ਬਾਅਦ ਦੇਰੀ ਨਾਲ ਮੂੰਗੀ ਬੀਜਦੇ ਹਨ ਉਸ ਦਾ ਵੀ ਅਸਰ ਪੈਂਦਾ ਹੈ ਅਤੇ ਮਾਹਿਰਾਂ ਦੀ ਸਿਫ਼ਾਰਸ਼ਾਂ ਅਨੁਸਾਰ ਖਾਦਾਂ ਅਤੇ ਨਦੀਨ-ਨਾਸ਼ਕ ਦੀ ਵਰਤੋਂ ਨਾ ਕਰਨ ਦਾ ਵੀ ਅਸਰ ਝਾੜ ’ਤੇ ਪੈਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਕਿਸਾਨਾਂ ਨਾਲ ਗੱਲਬਾਤ ਕਰਨ ’ਤੇ ਰਲਿਆ-ਮਿਲਿਆ ਪ੍ਰਤੀਕਰਮ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਨੇ ਗਰਮੀ ਕਾਰਨ ਝਾੜ ਘਟਣ ਦੀ ਸ਼ਿਕਾਇਤ ਕੀਤੀ ਹੈ, ਪਰ ਕਈ ਕਿਸਾਨਾਂ ਨੇ ਮੂੰਗੀ ਦੇ ਝਾੜ ’ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ ਹੈ।

ਸਾਂਝਾ ਕਰੋ