ਜੀ-7 ਆਗੂ ਰੂਸੀ ਸੰਪਤੀਆਂ ਨਾਲ ਯੂਕਰੇਨ ਦੀ ਮਦਦ ਲਈ ਤਿਆਰ

ਜੀ-7 ਮੁਲਕਾਂ ਦੇ ਸਿਖਰ ਸੰਮੇਲਨ ’ਚ ਆਗੂ ਅਮਰੀਕੀ ਤਜਵੀਜ਼ ’ਤੇ ਰਾਜ਼ੀ ਹੋ ਗਏ ਹਨ ਕਿ ਜ਼ਬਤ ਕੀਤੀਆਂ ਗਈਆਂ ਰੂਸੀ ਸੰਪਤੀਆਂ ਤੋਂ ਹਾਸਲ 50 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰਕਮ ਯੂਕਰੇਨ ਨੂੰ ਦਿੱਤੀ ਜਾਵੇ। ਯੂਰੋਪ ’ਚ ਸਿਆਸੀ ਹਾਲਾਤ ਭਾਵੇਂ ਬਦਲ ਰਹੇ ਹਨ ਪਰ ਜੀ-7 ਦੀ ਮੀਟਿੰਗ ਦੌਰਾਨ ਯੂਕਰੇਨ ਨੂੰ ਡਟ ਕੇ ਹਮਾਇਤ ਦੇਣ ਦਾ ਅਹਿਦ ਲਿਆ ਗਿਆ। ਉਂਜ ਇਹ ਸਹਾਇਤਾ ਦੇਣ ਲਈ ਕਾਨੂੰਨੀ ਨੁਕਤੇ ਤੋਂ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਆਉਂਦੇ ਸਮੇਂ ’ਚ ਰੂਸ-ਯੂਕਰੇਨ ਜੰਗ ਖ਼ਤਮ ਹੋ ਗਈ ਤਾਂ ਫਿਰ ਜ਼ਬਤ ਸੰਪਤੀਆਂ ਮੋੜਨੀਆਂ ਪੈ ਸਕਦੀਆਂ ਹਨ। ਉਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ 24.2 ਕਰੋੜ ਪੌਂਡ ਦੀ ਸਹਾਇਤਾ ਯੂਕਰੇਨ ਨੂੰ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਵੀ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਰੂਸ ਖ਼ਿਲਾਫ਼ ਪਾਬੰਦੀਆਂ ਦਾ ਘੇਰਾ ਵਧਾ ਦਿੱਤਾ ਹੈ।

ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਆਲੀਸ਼ਾਨ ਰਿਜ਼ੌਰਟ ’ਚ ਜੀ-7 ਮੁਲਕਾਂ ਦੇ ਮੁਖੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਸ ਮੀਟਿੰਗ ਰਾਹੀਂ ਆਲਮੀ ਦੱਖਣ ਨਾਲ ਵਾਰਤਾ ਅਤੇ ਏਕਤਾ ਦੇ ਪ੍ਰਗਟਾਵੇ ਦਾ ਸੁਨੇਹਾ ਦੇਣਾ ਚਾਹੁੰਦੀ ਹੈ। ਉਨ੍ਹਾਂ ਜੀ-7 ਦੀ ਤੁਲਨਾ ਪ੍ਰਾਚੀਨ ਜੈਤੂਨ ਦੇ ਦਰੱਖਤਾਂ ਨਾਲ ਕੀਤੀ ਜੋ ਪੁਗਲੀਆ ਖੇਤਰ ਦਾ ਪ੍ਰਤੀਕ ਹਨ ਜਿਸ ਦਾ ਮਤਲਬ ਹੈ,‘ਠੋਸ ਜੜ੍ਹਾਂ ਅਤੇ ਸ਼ਾਖਾਵਾਂ ਭਵਿੱਖ ਵੱਲ ਇਸ਼ਾਰਾ ਕਰਦੀਆਂ ਹਨ।’ ਪੋਪ ਫਰਾਂਸਿਸ ਜੀ-7 ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਪੋਪ ਬਣਨਗੇ। ਉਹ ਸ਼ੁੱਕਰਵਾਰ ਨੂੰ ਮਸਨੂਈ ਬੌਧਿਕਤਾ (ਏਆਈ) ਦੇ ਵਾਅਦਿਆਂ ਅਤੇ ਖਤਰਿਆਂ ਸਬੰਧੀ ਵਿਸ਼ੇ ’ਤੇ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਵੱਲੋਂ ਰੂਸ-ਯੂਕਰੇਨ ਅਤੇ ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਜੰਗ ਦੇ ਖ਼ਾਤਮੇ ਲਈ ਨਵੇਂ ਸਿਰੇ ਤੋਂ ਅਪੀਲ ਕੀਤੇ ਜਾਣ ਦੀ ਸੰਭਾਵਨਾ ਹੈ।

ਇਟਲੀ, ਜੋ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਨੇ ਕਈ ਅਫ਼ਰੀਕੀ ਆਗੂਆਂ ਅਲਜੀਰੀਆ ਦੇ ਰਾਸ਼ਟਰਪਤੀ ਅਬਦੇਲਮਾਦਜਿਦ ਟੇਬੂਨ, ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਅਤੇ ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੂੰ ਸੱਦੇ ਭੇਜੇ ਹਨ। ਹੋਰ ਮਹਿਮਾਨਾਂ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਸ ਇਨਾਸੀਓ ਲੂਲਾ ਡਾ ਸਿਲਵਾ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ ਸ਼ਾਮਲ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਚੋਣਾਂ ਦਾ ਸਾਹਮਣਾ ਕਰਨਗੇ ਤਾਂ ਜੀ-7 ’ਤੇ ਦਬਾਅ ਹੈ ਕਿ ਉਹ ਕੁਝ ਪੁਖ਼ਤਾ ਕਦਮ ਚੁੱਕ ਸਕੇ।

ਸਾਂਝਾ ਕਰੋ