‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦਿਆਂ ਹੀ ਅਗਨੀਵੀਰ ਸਕੀਮ ਨੂੰ ਕੂੜੇਦਾਨ ’ਚ ਸੁੱਟਾਂਗੇ

ਰਾਹੁਲ ਗਾਂਧੀ ਨੇ ਬੁੱਧਵਾਰ ਇੱਥੇ ਚੋਣ ਰੈਲੀ ਵਿਚ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦਿਆਂ ਹੀ ਅਗਨੀਵੀਰ ਸਕੀਮ ਨੂੰ ਕੂੜੇਦਾਨ ’ਚ ਸੁੱਟ ਦਿੱਤਾ ਜਾਵੇਗਾ। ਹਰਿਆਣਾ ਤੇ ਹੋਰਨਾਂ ਰਾਜਾਂ ਦੇ ਨੌਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ। ਉਨ੍ਹਾਂ ਦੇ ਦਿਲਾਂ ਵਿਚ ਦੇਸ਼ ਭਗਤੀ ਦੀ ਭਾਵਨਾ ਹੈ, ਪਰ ਨਰਿੰਦਰ ਮੋਦੀ ਨੇ ਅਗਨੀਵੀਰ ਸਕੀਮ ਲਿਆ ਕੇ ਭਾਰਤ ਦੇ ਜਵਾਨਾਂ ਨੂੰ ਮਜ਼ਦੂਰ ਬਣਾ ਛੱਡਿਆ ਹੈ। ਮੋਦੀ ਦੀਆਂ ਨਜ਼ਰਾਂ ਵਿਚ ਦੋ ਤਰ੍ਹਾਂ ਦੇ ਸ਼ਹੀਦ ਹਨ, ਇਕ ਨਾਰਮਲ ਜਵਾਨ ਜਾਂ ਅਧਿਕਾਰੀ। ਉਨ੍ਹਾਂ ਦੇ ਪਰਵਾਰਾਂ ਨੂੰ ਪੈਨਸ਼ਨ ਤੇ ਹੋਰ ਸਾਰੇ ਲਾਭ ਮਿਲਦੇ ਹਨ। ਦੂਜੇ ਹਨ ਗਰੀਬ ਘਰਾਂ ਦੇ ਜਵਾਨ, ਜਿਨ੍ਹਾਂ ਨੂੰ ਅਗਨੀਵੀਰ ਦਾ ਨਾਂਅ ਦੇ ਦਿੱਤਾ ਹੈ। ਉਹ ਸ਼ਹੀਦ ਨਹੀਂ ਮੰਨੇ ਜਾਣਗੇ ਤੇ ਪੈਨਸ਼ਨ ਤੇ ਹੋਰ ਲਾਭ ਉਨ੍ਹਾਂ ਨੂੰ ਨਹੀਂ ਮਿਲਣਗੇ।

ਰਾਹੁਲ ਨੇ ਉਨ੍ਹਾ ਨੂੰ ਮੋਦੀ ਵੱਲੋਂ ‘ਸ਼ਹਿਜ਼ਾਦਾ’ ਕਹਿਣ ਦਾ ਜਵਾਬ ਇਹ ਕਹਿੰਦਿਆਂ ਦਿੱਤਾਮੈਂ ਰਾਜਾ ਨਹੀਂ, ਮੋਦੀ ਰਾਜਾ ਹਨ। ਮੈਂ ਰਾਜਾ ਨਹੀਂ ਬਣਨਾ ਚਾਹੰੁਦਾ। ਮੈਂ ਤੁਹਾਡਾ ਬੇਟਾ ਤੇ ਭਰਾ ਹਾਂ, ਰਾਜਾ ਨਹੀਂ। ਉਨ੍ਹਾ ਕਿਹਾ ਕਿ ਮੋਦੀ ਕਹਿੰਦੇ ਹਨ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਤਾਂ ਉਨ੍ਹਾਂ ਦੀ ਆਦਤ ਖਰਾਬ ਹੋ ਜਾਵੇਗੀ। ਕੀ ਕਰਜ਼ਾ ਮੁਆਫੀ ਸਿਰਫ ਕਿਸਾਨਾਂ ਦੀਆਂ ਆਦਤਾਂ ਖਰਾਬ ਕਰੇਗੀ, ਅਰਬਪਤੀਆਂ ਦੀਆਂ ਨਹੀਂ? ਜੇ ਕਰਜ਼ਾ ਮੁਆਫੀ ਕਿਸਾਨਾਂ ਦੀਆਂ ਆਦਤਾਂ ਖਰਾਬ ਕਰੇਗੀ ਤਾਂ ਉਹ ਇਕ ਵਾਰ ਨਹੀਂ, ਵਾਰ-ਵਾਰ ਕਰਨਗੇ। ਜੇ ਮੋਦੀ ਚੰਦ ਪੂੰਜੀਪਤੀਆਂ ਦਾ 16 ਲੱਖ ਕਰੋੜ ਮੁਆਫ ਕਰ ਸਕਦੇ ਹਨ ਤਾਂ ਕਾਂਗਰਸ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ। ਉਨ੍ਹਾ ਕਿਹਾ ਕਿ ਦੇਸ਼ ਵਿਚ ਨਰਿੰਦਰ ਮੋਦੀ ਦਾ ਅਕਸ ਨਹੀਂ ਬਚਿਆ । ਉਨ੍ਹਾ ਦੇ ਝੂਠੇ ਅਕਸ ਦਾ ਗੁਬਾਰਾ ਫਟ ਗਿਆ ਹੈ।

ਸਾਂਝਾ ਕਰੋ