ਹੁਣ ਝੂਠ ਦੇ ਸਹਾਰੇ ਭਾਜਪਾ ਨੂੰ ਨਹੀਂ ਮਿਲੇਗੀ ਸੱਤਾ

ਲੋਕ ਸਭਾ ਹਲਕਾ ਸਿਰਸਾ ਤੋਂ ‘ਇੰਡੀਆ’ ਗੱਠਜੋੜ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ ’ਚ ਪ੍ਰਿਯੰਕਾ ਗਾਂਧੀ 23 ਮਈ ਨੂੰ ਸਿਰਸਾ ’ਚ ਰੋਡ ਸ਼ੋਅ ਕਰਨਗੇ। ਇਹ ਜਾਣਕਾਰੀ ਕੁਮਾਰੀ ਸ਼ੈਲਜਾ ਨੇ ਇਥੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸਿਰਸਾ ਦੇ ਵੱਖ-ਵੱਖ ਇਲਾਕੇ ’ਚ ਨੁੱਕੜ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਲੋਕ ਝੂਠ ਅਤੇ ਬਿਆਨਬਾਜ਼ੀ ਤੋਂ ਤੰਗ ਆ ਚੁੱਕੇ ਹਨ।

ਹੁਣ ਭਾਜਪਾ ਨੂੰ ਝੂਠ ਅਤੇ ਬਿਆਨਬਾਜ਼ੀ ਦੇ ਸਹਾਰੇ ਸੱਤਾ ਮਿਲਣ ਵਾਲੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਅਤੇ ਭਾਜਪਾ ਨੇ ਸਾਲ 2014 ਵਿੱਚ ਝੂਠ ਅਤੇ ਬਿਆਨਬਾਜ਼ੀ ਦੇ ਸਹਾਰੇ ਦੇਸ਼ ਦੀ ਸੱਤਾ ਹਾਸਲ ਕੀਤੀ ਸੀ। ਭਾਜਪਾ ਨੇ ਦੇਸ਼ ਅਤੇ ਸੂਬੇ ’ਚ ਆਪਣੇ ਦਸ ਸਾਲਾਂ ਦੇ ਰਾਜ ’ਚ ਲੋਕਾਂ ’ਤੇ ਡਾਢਾ ਜ਼ੁਲਮ ਢਾਇਆ ਹੈ। ਭਾਜਪਾ ਨੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡਿਆ ਹੈ। ਇਸੇ ਲਈ ਰਾਹੁਲ ਨੇ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹਣ ਲਈ ਦੇਸ਼ ਵਿੱਚ 10 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਅੱਜ ਹਰ ਵਿਅਕਤੀ ਇਨਸਾਫ਼ ਚਾਹੁੰਦਾ ਹੈ।

ਸਾਂਝਾ ਕਰੋ