
ਚੰਡੀਗੜ੍ਹ, 25 ਅਪ੍ਰੈਲ – 22 ਅਪ੍ਰੈਲ 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿਥੇ ਭਾਰਤ ਸਰਕਾਰ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਪਾਕਿਸਤਾਨ ‘ਤੇ ਲਾ ਦਿੱਤੀਆਂ ਹਨ, ਉਥੇ ਹੀ ਇਸ ਵਿਚਾਲੇ ਵੱਡੀ ਰਾਹਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਦਰਅਸਲ ਇਹਨਾਂ ਪਾਬੰਦੀਆਂ ਵਿਚਾਲੇ ਕਰਤਾਰਪੁਰ ਲਾਂਘਾ ਭਾਰਤੀ ਸ਼ਰਧਾਲੂਆਂ ਲਈ ਖੁੱਲ੍ਹਾ ਰੱਖਣ ਦੀ ਅਨੁਮਤੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਵੀਜ਼ਾ-ਮੁਕਤ ਸਰਹੱਦੀ ਲਾਂਘਾ ਅਤੇ ਧਾਰਮਿਕ ਲਾਂਘਾ ਹੈ ਜੋ ਪਾਕਿਸਤਾਨ ਦੇ ਕਰਤਾਰਪੁਰ ’ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ’ਚ ਸਥਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ’ਚ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਟਾਰੀ ਵਿਖੇ ਏਕੀਕ੍ਰਿਤ ਚੈੱਕ ਪੋਸਟ ਦੇ ਬੰਦ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਖੁੱਲ੍ਹਾ ਹੈ।
ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸ਼ਰਾਰਤੀ ਤੱਤ
ਇਸ ਸਬੰਧੀ ਗੱਲ ਕਰਦਿਆਂ ਸ਼ਰਧਾਲੂਆਂ ਨੇ ਕਿਹਾ ਕਿ ਇਹ ਜੋ ਹਮਲਾ ਹੋਇਆ ਹੈ ਬੇਹੱਦ ਨਿੰਦਣਯੋਗ ਹੈ ਪਰ ਇਸ ਵਿੱਚ ਹਰ ਇੱਕ ਨੂੰ ਦੋਸ਼ੀ ਵੀ ਨਹੀਂ ਕਿਹਾ ਜਾ ਸਕਦਾ। ਕੁਝ ਸ਼ਰਾਰਤੀ ਤੱਤ ਹਨ ਜੋ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਨਿਊਜ਼ ਏਜੰਸੀ ANI ਨਾਲ ਗੱਲ ਕਰਦੇ ਹੋਏ ਸਿੱਖ ਸ਼ਰਧਾਲੂ ਨੇ ਕਿਹਾ, “ਜੋ ਹੋਇਆ (ਅੱਤਵਾਦੀ ਹਮਲਾ) ਸੱਚਮੁੱਚ ਗਲਤ ਸੀ… ਮੈਂ ਕਰਤਾਰਪੁਰ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾ ਰਿਹਾ ਹਾਂ.. ਉਨ੍ਹਾਂ (ਅੱਤਵਾਦੀਆਂ) ਨੇ ਨਫ਼ਰਤ ਫੈਲਾਉਣ ਲਈ ਹਿੰਦੂ ਭਰਾਵਾਂ ਨੂੰ ਨਿਸ਼ਾਨਾ ਬਣਾਇਆ। ਇੱਕ ਵਾਰ ਅੱਤਵਾਦੀਆਂ ਨੂੰ ਫੜ ਲਿਆ ਜਾਵੇ, ਤਾਂ ਸਭ ਕੁਝ ਸਪੱਸ਼ਟ ਹੋ ਜਾਵੇਗਾ।”
ਪਾਕਿਸਤਾਨ ਦੇ ਕਰਤਾਰਪੁਰ ਵਿੱਚ ਸਥਿਤ ਗੁਰਦੁਆਰਾ ਸਾਹਿਬ
ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਇੱਕ ਵੀਜ਼ਾ-ਮੁਕਤ ਸਰਹੱਦੀ ਲਾਂਘਾ ਅਤੇ ਧਾਰਮਿਕ ਲਾਂਘਾ ਹੈ ਜੋ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ, ਭਾਰਤ ਦੇ ਗੁਰਦਾਸਪੁਰ ਵਿੱਚ ਸਥਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। ਇਹ ਭਾਰਤੀ ਸ਼ਰਧਾਲੂਆਂ ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (OCI) ਕਾਰਡ ਧਾਰਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਤੋਂ 4.7 ਕਿਲੋਮੀਟਰ ਦੂਰ ਸਥਿਤ ਕਰਤਾਰਪੁਰ ਵਿੱਚ ਪਵਿੱਤਰ ਸਿੱਖ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦੀ ਆਗਿਆ ਦਿੰਦਾ ਹੈ। ਇਹ 2019 ਵਿੱਚ ਕਾਰਜਸ਼ੀਲ ਹੋਇਆ ਹੈ।