
ਇਸਲਾਮਾਬਾਦ, 25 ਅਪ੍ਰੈਲ – ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ, ਵਾਹਗਾ ਸਰਹੱਦੀ ਰਸਤਾ ਬੰਦ ਕਰਦਿਆਂ ਨਾਲ ਹੀ ਭਾਰਤ ਨਾਲ ਸਾਰੇ ਵਪਾਰ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਗੁਆਂਢੀ ਮੁਲਕ ਨੇ ਕਿਹਾ ਕਿ ਸਿੰਧ ਜਲ ਸੰਧੀ ਤਹਿਤ ਪਾਕਿਸਤਾਨ ਲਈ ਬਣਦੇ ਪਾਣੀ ਨੂੰ ਮੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ‘ਜੰਗੀ ਕਾਰਵਾਈ’ ਮੰਨਿਆ ਜਾਵੇਗਾ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਸਫ਼ਾਰਤੀ ਸਬੰਧਾਂ ਨੂੰ ਘਟਾਉਣ ਦੇ ਭਾਰਤ ਦੇ ਕਦਮ ਉਤੇ ਜਵਾਬ ਦੇਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਕੌਮੀ ਸਲਾਮਤੀ ਕਮੇਟੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤੇ ਗਏ ਹਨ।
ਇਸ ਮੀਟਿੰਗ ਵਿੱਚ ਮੁਲਕ ਦੇ ਮੁੱਖ ਮੰਤਰੀਆਂ ਅਤੇ ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਐਨਐਸਸੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਵਿਚ ਕਿਹਾ ਗਿਆ ਹੈ, “ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਇਸਦੇ ਲੋਕਾਂ ਦੀ ਸੁਰੱਖਿਆ ਲਈ ਕਿਸੇ ਵੀ ਖਤਰੇ ਦਾ ਸਾਰੇ ਖੇਤਰਾਂ ਵਿੱਚ ਸਖ਼ਤ ਜਵਾਬੀ ਉਪਾਅ ਕੀਤੇ ਜਾਣਗੇ।’’ ਇਸ ਵਿਚ ਭਾਰਤ ‘ਆਪਣੇ ਤੰਗ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ’ ਅਜਿਹੀਆਂ ਘਟਨਾਵਾਂ ’ਤੇ ਆਪਣੇ ‘ਪ੍ਰਤੀਕਿਰਿਆਸ਼ੀਲ ਇਲਜ਼ਾਮਤਰਾਸ਼ੀ ਵਾਲੇ ਅਤੇ ਸਨਕੀ’ ਢੰਗ-ਤਰੀਕਿਆਂ ਤੋਂ ਬਚਣ ਲਈ ਵੀ ਕਿਹਾ ਗਿਆ ਹੈ। ਮੀਟਿੰਗ ਵਿੱਚ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਭਾਰਤੀਆਂ ਲਈ ਸਾਰਕ ਵੀਜ਼ਾ ਛੋਟ ਯੋਜਨਾ ਤਹਿਤ ਵੀਜ਼ੇ ਮੁਅੱਤਲ ਕਰਨ ਦਾ ਫੈਸਲਾ ਵੀ ਲਿਆ ਗਿਆ। ਫ਼ੈਸਲੇ ਮੁਤਾਬਕ ਪਾਕਿਸਤਾਨ ਨੇ ਭਾਰਤ ਨਾਲ “ਸਾਰਾ ਵਪਾਰ” ਮੁਅੱਤਲ ਕਰ ਦਿੱਤਾ, ਜਿਸ ਵਿੱਚ ਤੀਜੇ ਦੇਸ਼ਾਂ ਰਾਹੀਂ ਜਾਣ ਹੋਣ ਵਾਲਾ ਵਪਾਰ ਵੀ ਸ਼ਾਮਲ ਹੈ।