ਪਾਕਿਸਤਾਨ ਨੇ ਹੁਣ ਕੰਟਰੋਲ ਰੇਖਾ ‘ਤੇ ਚਲਾਈਆਂ ਗੋਲੀਆਂ; ਭਾਰਤ ਨੇ ਦਿੱਤਾ ਢੁੱਕਵਾਂ ਜਵਾਬ

ਜੰਮੂ, 25 ਅਪ੍ਰੈਲ – ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਵਧਦੇ ਤਣਾਅ ਦਰਮਿਆਨ ਪਾਕਿਸਤਾਨ ਨੇ ਸ਼ੁੱਕਰਵਾਰ ਵੱਡੇ ਤੜਕੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਕਈ ਥਾਵਾਂ ’ਤੇ ਗੋਲੀਬੰਦੀ ਦੀ ਉਲੰਘਣਾ ਕੀਤਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਸਰਹੱਦ ਦੇ ਇਸ ਪਾਸੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਲਈ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ, ਰਾਜੌਰੀ ਅਤੇ ਪੁਣਛ ਸੈਕਟਰ ਵਿੱਚ ਵੀ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ। ਖੁਫੀਆ ਸੂਤਰਾਂ ਨੇ ਦੱਸਿਆ, ‘‘ਪਾਕਿਸਤਾਨ ਵੱਲੋਂ ਐਲਓਸੀ ’ਤੇ ਕੁਝ ਥਾਵਾਂ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਸੀ। ਪਾਕਿਸਤਾਨ ਦੀ ਇਸ ਹਿਮਾਕਤ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ। ਇਸ ਦੌਰਾਨ ਸਾਡੇ ਪਾਸੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।’’ ਪਹਿਲਗਾਮ ਦੇ ਟੂਰਿਸਟ ਰਿਜ਼ੋਰਟ ’ਤੇ ਅਤਿਵਾਦੀਆਂ ਵੱਲੋਂ ਕੀਤੇ ਗਏ ਭਿਆਨਕ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਰਿਹਾ ਹੈ।

ਬਾਂਦੀਪੋਰਾ ’ਚ ਮੁਕਾਬਲੇ ਦੌਰਾਨ ਦੋ ਪੁਲੀਸ ਕਰਮੀ ਜ਼ਖ਼ਮੀ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਸੁਰੱਖਿਆ ਬਲਾਂ ਦੇ ਦੋ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਂਦੀਪੋਰਾ ਜ਼ਿਲ੍ਹੇ ਦੇ ਕੁਲਨਾਰ ਬਾਜ਼ੀਪੋਰਾ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਵਿੱਢੀ ਸੀ। ਉਨ੍ਹਾਂ ਕਿਹਾ ਕਿ ਇਕ ਥਾਂ ਲੁਕੇ ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਮੁਕਾਬਲੇ ਵਿਚ ਬਦਲ ਗਈ।

ਸਾਂਝਾ ਕਰੋ

ਪੜ੍ਹੋ