May 7, 2025

ਬਾਰਡਰ ਤੇ ਤਣਾਅ ਵਿਚਾਲੇ ਘਰ ਛੱਡਣ ਨੂੰ ਮਜ਼ਬੂਰ ਹੋਏ ਫਾਜਿਲਕਾ ਦੇ ਪਿੰਡਾਂ ਦੇ ਲੋਕ

7, ਮਈ – ਕਿਸੇ ਨੂੰ ਵੀ ਆਪਣਾ ਘਰ ਛੱਡਣ ਕੇ ਜਾਣਾ ਚੰਗਾ ਨਹੀਂ ਲੱਗਦਾ, ਉਹ ਵੀ ਉਸ ਵੇਲੇ ਜਦੋਂ ਪਤਾ ਨਹੀਂ ਹੈ ਕਿ ਜਦੋਂ ਵਾਪਿਸ ਆਵਾਂਗਾ ਉਦੋਂ ਘਰ ਸਹੀ ਸਲਾਮਤ ਰਹਿਣਗੇ ਜਾਂ ਨਹੀਂ…ਬਾਰਡਰ ਨੇੜਲੇ ਪਿੰਡਾਂ ਦੇ ਲੋਕਾਂ ਦਾ ਇਹੀ ਦਰਦ ਇਹੀ ਕਹਾਣੀ ਹੈ। ਜੋ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲਣ ਰਹੇ ਤਣਾਅ ਕਾਰਨ ਆਪਣੇ ਘਰ ਛੱਡਕੇ ਕਿਸੇ ਦੂਜੀ ਥਾਂ ਜਾਣ ਲਈ ਮਜ਼ਬੂਰ ਹਨ। ਪੰਜਾਬ ਦੇ ਫਾਜਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਪੱਕਾ ਚਿਸਤੀ ਤੋਂ ਤਸਵੀਰਾਂ ਆਈਆਂ ਸਾਹਮਣੇ ਜਿੱਥੇ ਲੋਕ ਆਪਣਾ ਸਮਾਨ ਬੱਚੇ ਅਤੇ ਪਸ਼ੂ ਡੰਗਰ ਲੈ ਸੁਰੱਖਿਤ ਥਾਵਾਂ ਵੱਲ ਜਾਂਦੇ ਹੋਏ ਦਿਖਾਈ ਦਿੱਤੇ। ਹਾਲਾਂਕਿ ਲੋਕਾਂ ਦਾ ਕਹਿਣਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਅਧਿਕਾਰਿਕ ਤੌਰ ਤੇ ਪਿੰਡ ਖਾਲੀ ਕਰਨ ਦੇ ਲਈ ਨਹੀਂ ਕਿਹਾ ਗਿਆ ਲੇਕਿਨ ਉਹ ਬੀਤੀਆਂ ਦੋ ਜੰਗਾਂ 65 ਅਤੇ 71 ਦੀ ਜੰਗ ਦੇ ਮੱਦੇਨਜ਼ਰ ਆਪਣਾ ਸਮਾਨ ਸੁਰੱਖਿਅਤ ਕਰ ਰਹੇ ਹਨ। ਪਾਕਿਸਤਾਨੀ ਲੁੱਟ ਕੇ ਲੈ ਗਏ ਸੀ ਸਮਾਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ 1971 ਸਮੇਂ ਉਹ ਘਰ ਛੱਡ ਕੇ ਗਏ ਸੀ ਤਾਂ ਪਿੱਛੇ ਉਹਨਾਂ ਦਾ ਸਾਰਾ ਸਮਾਨ ਪਾਕਿਸਤਾਨੀ ਲੁੱਟ ਕੇ ਲੈ ਗਏ ਸਨ। ਇਸ ਲਈ ਦੁਬਾਰਾ ਇਸ ਤਰ੍ਹਾਂ ਨਾ ਹੋਵੇ ਇਸ ਲਈ ਉਹ ਇਹਿਤਾਬ ਦੇ ਤੌਰ ਤੇ ਆਪਣੇ ਸਮਾਨ ਨੂੰ ਸੁਰੱਖਿਤ ਥਾਵਾਂ ਤੇ ਸ਼ਿਫਟ ਕਰ ਰਹੇ ਹਨ।

ਬਾਰਡਰ ਤੇ ਤਣਾਅ ਵਿਚਾਲੇ ਘਰ ਛੱਡਣ ਨੂੰ ਮਜ਼ਬੂਰ ਹੋਏ ਫਾਜਿਲਕਾ ਦੇ ਪਿੰਡਾਂ ਦੇ ਲੋਕ Read More »

BBMB ਦੀ ਪਟੀਸ਼ਨ ‘ਤੇ ਹਾਈ ਕੋਰਟ ਦਾ ਫੈਸਲਾ, ਕਿਹਾ-ਡੈਮ ਤੋਂ ਹਟਾਈ ਜਾਵੇ ਪੰਜਾਬ ਪੁਲਿਸ

ਚੰਡੀਗੜ੍ਹ, 7 ਮਈ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਅਤੇ ਲੋਹਾਂਡ ਕੰਟਰੋਲ ਰੂਮ ਵਾਟਰ ਰੈਗੂਲੇਸ਼ਨ ਦਫ਼ਤਰਾਂ ਦੀ ਦਿਨ-ਪ੍ਰਤੀ-ਦਿਨ ਦੀ ਕਾਰਵਾਈ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਜਾਂ ਦਖਲਅੰਦਾਜ਼ੀ ‘ਤੇ ਪਾਬੰਦੀ ਲਾ ਦਿੱਤੀ ਹੈ। ਕੋਰਟ ਨੇ ਸਾਫ਼ ਕਿਹਾ ਕਿ ਪੰਜਾਬ ਪੁਲਿਸ ਸੁਰੱਖਿਆ ਦੇਣ ਲਈ ਆਜ਼ਾਦ ਹੈ ਪਰ BBMB ਦੀ ਕਾਰਜਪ੍ਰਣਾਲੀ ਜਾਂ ਪਾਣੀ ਦੇ ਕੰਮਾਂ ਵਿੱਚ ਦਖਲ ਨਹੀਂ ਦੇ ਸਕਦੀ। ਕੋਰਟ ਦੇ ਆਦੇਸ਼ ਪੰਜਾਬ ਸਰਕਾਰ ਅਤੇ ਉਸਦੇ ਕਿਸੇ ਵੀ ਅਧਿਕਾਰੀ ਜਾਂ ਪੁਲਿਸ ਕਰਮਚਾਰੀ ਨੂੰ BBMB ਅਤੇ ਲੋਹਾਂਡ ਕੰਟਰੋਲ ਰੂਮ ਦੀ ਦਿਨ-ਪ੍ਰਤੀ-ਦਿਨ ਕਾਰਜਪ੍ਰਣਾਲੀ, ਓਪਰੇਸ਼ਨ ਅਤੇ ਰੈਗੂਲੇਸ਼ਨ ਵਿੱਚ ਦਖਲ ਕਰਨ ਤੋਂ ਰੋਕ ਦਿੱਤਾ ਗਿਆ ਹੈ। BBMB ਦੇ ਕੰਮ ਵਿੱਚ ਰੁਕਾਵਟ ਪਾਉਣ ਵਾਲੀ ਪੁਲਿਸ ਤਾਇਨਾਤੀ ਮਨਜ਼ੂਰ ਨਹੀਂ ਕੀਤੀ ਜਾਵੇਗੀ। ਜੇਕਰ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਹੈ, ਤਾਂ ਉਹ ਕੇਂਦਰ ਸਰਕਾਰ ਕੋਲ ਆਪਣਾ ਪੱਖ ਰੱਖ ਸਕਦੀ ਹੈ, ਨਾ ਕਿ BBMB ਦੀ ਕਾਰਜਪ੍ਰਣਾਲੀ ਵਿੱਚ ਰੁਕਾਵਟ ਪਾ ਸਕਦੀ ਹੈ।

BBMB ਦੀ ਪਟੀਸ਼ਨ ‘ਤੇ ਹਾਈ ਕੋਰਟ ਦਾ ਫੈਸਲਾ, ਕਿਹਾ-ਡੈਮ ਤੋਂ ਹਟਾਈ ਜਾਵੇ ਪੰਜਾਬ ਪੁਲਿਸ Read More »

ਪਟਿਆਲਾ ‘ਚ ਸਕੂਲੀ ਗੱਡੀ ਦੀ ਟਿੱਪਰ ਨਾਲ ਭਿਆਨਕ ਟੱਕਰ ਕਾਰਨ 6 ਵਿਦਿਆਰਥੀਆਂ ਸਮੇਤ ਡਰਾਈਵਰ ਦੀ ਮੌਤ

ਪਟਿਆਲਾ, 7 ਮਈ – ਇੱਥੇ ਪਟਿਆਲਾ-ਸਮਾਣਾ ਰੋਡ ‘ਤੇ ਸਥਿਤ ਪਿੰਡ ਢੈਂਠਲ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ 6 ਬੱਚਿਆਂ ਸਣੇ 7 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਉਨ੍ਹਾਂ ਨੂੰ ਲਿਜਾ ਰਹੀ ਇਨੋਵਾ ਕਾਰ ਦਾ ਡਰਾਈਵਰ ਵੀ ਮਾਰਿਆ ਗਿਆ ਹੈ। ਹਾਦਸੇ ਵਿਚ ਇਕ ਬੱਚਾ ਜ਼ਖ਼ਮੀ ਹੋ ਗਿਆ, ਪਰ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ 7 ਬੱਚੇ ਇੱਕ ਇਨੋਵਾ ਕਾਰ ਵਿੱਚ ਸਵਾਰ ਸਨ ਜੋ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਮਾਣਾ ਏਰੀਏ ਵਿੱਚ ਸਥਿਤ ਆਪਣੇ ਘਰਾਂ ਨੂੰ ਪਰਤ ਰਹੇ ਸਨ।ਇਸ ਦੌਰਾਨ ਪਟਿਆਲਾ ਸਮਾਣਾ ਰੋਡ ’ਤੇ ਸਥਿਤ ਪਿੰਡ ਢੈਂਠਲ ਅਤੇ ਨਸੂਪੁਰ ਦੇ ਨਜ਼ਦੀਕ ਇੱਕ ਟਿੱਪਰ ਨੇ ਇਸ ਇਨੋਵਾ ਨੂੰ ਟੱਕਰ ਮਾਰ ਦਿੱਤੀ ਜ਼ੋਰਦਾਰ ਟੱਕਰ ਤੋਂ ਬਾਅਦ ਇਨੋਵਾ ਇੱਕ ਦਰਖਤ ਨਾਲ ਜਾ ਟਕਰਾਈ। ਹਾਦਸੇ ਪਿੱਛੋਂ ਕਾਰ ਨੂੰ ਜੇਸੀਬੀ ਨਾਲ ਸਿੱਧੀ ਕਰ ਕੇ ਵਿੱਚੋਂ ਬੱਚਿਆਂ ਨੂੰ ਕੱਢਿਆ ਜਾ ਸਕਿਆ।

ਪਟਿਆਲਾ ‘ਚ ਸਕੂਲੀ ਗੱਡੀ ਦੀ ਟਿੱਪਰ ਨਾਲ ਭਿਆਨਕ ਟੱਕਰ ਕਾਰਨ 6 ਵਿਦਿਆਰਥੀਆਂ ਸਮੇਤ ਡਰਾਈਵਰ ਦੀ ਮੌਤ Read More »

ਸਰਬ ਨੌਜਵਾਨ ਸਭਾ ਵਲੋਂ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਦਾ ਉਪਰਾਲਾ ਸ਼ਲਾਘਾਯੋਗ – ਗੁਰਦਿਆਲ ਸਿੰਘ ਕੁਲਾਰ

* ਵੋਕੇਸ਼ਨਲ ਸੈਂਟਰ ਨੂੰ ਭੇਂਟ ਕੀਤਾ ਜਨਰੇਟਰਫਗਵਾੜਾ, 7 ਮਈ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਵੱਲੋਂ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਲੜਕੀਆਂ ਦੇ ਵੋਕੇਸ਼ਨਲ ਟਰੇਨਿੰਗ ਸੈਂਟਰ ਨੂੰ ਐਨ.ਆਰ.ਆਈ ਗੁਰਦਿਆਲ ਸਿੰਘ ਕੁਲਾਰ (ਯੂ.ਐਸ.ਏ.) ਵਲੋਂ ਜਰਨੇਟਰ ਭੇਟ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਰਬ ਨੌਜਵਾਨ ਸਭਾ ਵਲੋਂ ਵੁਮੈਨ ਇੰੰਪਾਵਰਮੈਂਟ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਦੇ ਕੀਤੇ ਜਾ ਰਹੇ ਉਪਰਾਲੇ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਸੈਂਟਰ ‘ਚ ਬਿਜਲੀ ਕਟੌਤੀ ਸਮੇਂ ਲੜਕੀਆਂ ਦੀ ਟ੍ਰੇਨਿੰਗ ਪ੍ਰਭਾਵਿਤ ਨਾ ਹੋਵੇ, ਇਸ ਲਈ ਉਹਨਾਂ ਨੇ ਜਨਰੇਟਰ ਭੇਂਟ ਕੀਤਾ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਐਨ.ਆਰ.ਆਈ. ਗੁਰਦਿਆਲ ਸਿੰਘ ਤੋਂ ਇਲਾਵਾ ਸਭਾ ਦੇ ਚੇਅਰਮੈਨ ਸੁਰੇਸ਼ ਮੱਲ੍ਹਣ ਅਮਰੀਕਾ, ਹੁਸਨ ਲਾਲ ਜਨਰਲ ਮੈਨੇਜਰ ਵਰਧਮਾਨ ਚੰਡੀਗੜ੍ਹ ਅਤੇ ਸਵਰਨ ਸਿੰਘ ਪ੍ਰਧਾਨ ਹਲਵਾਈ ਯੂਨੀਅਨ ਦਾ ਵੀ ਜਨਰੇਟਰ ‘ਚ ਆਰਥਕ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਜਨਰੇਟਰ ਸੈਂਟਰ ਅਤੇ ਸਭਾ ਵਲੋਂ ਕੀਤੇ ਜਾਣ ਵਾਲੇ ਸਮਾਜਕ ਭਲਾਈ ਕਾਰਜਾਂ ਲਈ ਬਹੁਤ ਲਾਹੇਵੰਦ ਬਣੇਗਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਨਾਲ ਸਭਾ ਦੀ ਸਮੁੱਚੀ ਟੀਮ ਦੀ ਹੌਸਲਾ ਅਫਜਾਈ ਹੁੰਦੀ ਹੈ ਅਤੇ ਹੋਰ ਤਨਦੇਹੀ ਨਾਲ ਸੇਵਾ ਕਾਰਜ ਕਰਨ ਦੀ ਪ੍ਰੇਰਣਾ ਮਿਲਦੀ ਹੈ। ਸਭਾ ਵਲੋਂ ਐਨ.ਆਰ.ਆਈ. ਗੁਰਦਿਆਲ ਸਿੰਘ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਵਿਜੇ ਕੁਮਾਰ, ਨਰਿੰਦਰ ਸੈਣੀ, ਗੁਰਸ਼ਰਨ ਬਾਸੀ, ਮੈਡਮ ਤਨੁ, ਮੈਡਮ ਆਸ਼ੂ ਬੱਗਾ, ਮੈਡਮ ਸਪਨਾ ਸ਼ਾਰਦਾ, ਮੈਡਮ ਨਵਜੋਤ ਕੌਰ, ਮਨਦੀਪ ਬਾਸੀ ਤੇ ਸਤਪਾਲ ਚੱਕਪ੍ਰੇਮਾ ਤੋਂ ਇਲਾਵਾ ਸੈਂਟਰ ਦੀਆਂ ਸਿੱਖਿਆਰਥਣਾਂ ਸਿਮਰਨ, ਅਮਨਪ੍ਰੀਤ, ਕੋਮਲ, ਹਰਮਨ, ਕਿਰਨ, ਮਮਤਾ, ਹਰਮੀਨ, ਅੰਜਲੀ ਕੁਮਾਰੀ, ਪ੍ਰਿਯੰਕਾ, ਨੇਹਾ, ਗਗਨਦੀਪ, ਸੰਜਨਾ, ਪਰਭਜੋਤ, ਖੁਸ਼ੀ, ਅੰਜਲੀ ਹੀਰ, ਸਵੀਟੀ, ਨੀਰਜ, ਸਨੇਹਾ, ਜਸਪ੍ਰੀਤ, ਪ੍ਰਿਆ, ਰੀਤਾ, ਨੇਹਾ, ਰਿੰਪੀ ਰਾਣੀ, ਸੁਰਜੀਤ, ਖੁਸ਼ੀ, ਰਜਨੀ, ਜਸਪ੍ਰੀਤ ਕੌਰ, ਸੀਮਾ, ਨਿਸ਼ਾ, ਜਯੋਤੀ, ਰਮਨ, ਕਮਲ, ਲਵਪ੍ਰੀਤ, ਅੰਜਨਾ, ਕੌਸ਼ਲਿਆ, ਰੋਸ਼ਨੀ, ਪਿੰਕੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਦਿਲਜੋਤ, ਅਮਨਦੀਪ, ਮਨਰਾਜ, ਕਮਲ, ਗੁਰਪ੍ਰੀਤ ਕੌਰ, ਰਮਨਦੀਪ, ਜਯੋਤੀ, ਰੇਨੁਕਾ, ਜੈਸਮੀਨ, ਲਵਲੀਨ, ਮੇਘਾ, ਬਲਜੀਤ, ਕਮਲਪ੍ਰੀਤ, ਗੁਰਪ੍ਰੀਤ, ਪ੍ਰਿਯੰਕਾ, ਕਾਜਲ, ਅਮਨਪ੍ਰੀਤ, ਅਮਨਦੀਪ, ਕਾਮਨੀ , ਭਾਵਨਾ, ਲਵਲੀਨ, ਜ਼ਸ਼ਨ, ਹਰਪ੍ਰੀਤ, ਦਿਲਜੋਤ ਆਦਿ ਹਾਜ਼ਰ ਸਨ।

ਸਰਬ ਨੌਜਵਾਨ ਸਭਾ ਵਲੋਂ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਦਾ ਉਪਰਾਲਾ ਸ਼ਲਾਘਾਯੋਗ – ਗੁਰਦਿਆਲ ਸਿੰਘ ਕੁਲਾਰ Read More »

Telegram ‘ਤੇ 200 ਲੋਕਾਂ ਨੂੰ ਇੱਕੋ ਨਾਲ ਕਰ ਸਕੋਗੇ ਵੀਡੀਓ ਕਾਲ

ਨਵੀਂ ਦਿੱਲੀ, 7 ਮਈ – ਟੈਲੀਗ੍ਰਾਮ ਨੇ ਆਪਣੇ ਯੂਜ਼ਰਸ ਦੀ ਸਹੂਲਤ ਲਈ ਇੱਕ ਸ਼ਾਨਦਾਰ ਫੀਚਰ ਲਾਂਚ ਕੀਤਾ ਹੈ। ਇਹ ਐਪ ਹੁਣ ਸਿਰਫ਼ ਮੈਸੇਜਿੰਗ ਲਈ ਹੀ ਨਹੀਂ ਸਗੋਂ ਵੀਡੀਓ ਕਾਲਸ ਲਈ ਵੀ ਲੋਕਾਂ ਦੀ ਪਸੰਦ ਬਣਨ ਜਾ ਰਹੀ ਹੈ। ਹੁਣ ਤੁਸੀਂ ਟੈਲੀਗ੍ਰਾਮ ‘ਤੇ ਇੱਕ ਵਾਰ ਵਿੱਚ 200 ਲੋਕਾਂ ਨੂੰ ਵੀਡੀਓ ਕਾਲ ਕਰ ਸਕਦੇ ਹੋ। ਤੁਸੀਂ ਉਨ੍ਹਾ ਨਾਲ ਘੰਟਿਆਂ ਬੱਧੀ ਗੱਲ ਕਰ ਸਕਦੇ ਹੋ। ਇਹ ਫੀਚਰ ਪੂਰੀ ਤਰ੍ਹਾਂ ਮੁਫਤ ਅਤੇ ਸੁਰੱਖਿਅਤ ਹੋਵੇਗਾ। ਇਹ ਐਨਕ੍ਰਿਪਟਡ ਗਰੁੱਪ ਵੀਡੀਓ ਕਾਲ ਆਫਰ ਕਰ ਰਿਹਾ ਹੈ। ਇਸ ਐਪ ਦਾ ਨਵਾਂ ਫੀਚਰ ਗੂਗਲ ਮੀਟ ਅਤੇ ਮਾਈਕ੍ਰੋਸਾਫਟ ਟੀਮਸ ਨਾਲ ਸਿੱਧਾ ਮੁਕਾਬਲਾ ਕਰ ਸਕਦਾ ਹੈ। ਗੂਗਲ ਮੀਟ ਅਤੇ ਮਾਈਕ੍ਰੋਸਾਫਟ ਪਲੇਟਫਾਰਮਸ ਦੋਵਾਂ ‘ਤੇ ਲੋਕਾਂ ਲਈ ਵੀਡੀਓ ਕਾਲ ਦੀ ਕੋਈ ਸੀਮਾ ਨਹੀਂ ਹੈ। ਨਵੇਂ ਫੀਚਰ ਵਿੱਚ ਕੀ ਹੈ ਖਾਸ? ਟੈਲੀਗ੍ਰਾਮ ਨੇ ਸਾਲ 2021 ਵਿੱਚ ਗਰੁੱਪ ਕਾਲਿੰਗ ਫੀਚਰ ਪੇਸ਼ ਕੀਤਾ ਸੀ। ਪਰ ਹੁਣ ਪਲੇਟਫਾਰਮ ਨੇ ਇਸ ਵਿੱਚ ਇੱਕ ਨਵਾਂ ਅਪਡੇਟ ਜੋੜਿਆ ਹੈ। ਹੁਣ ਇਹ ‘ਐਂਡ-ਟੂ-ਐਂਡ ਐਕ੍ਰਿਪਸ਼ਨ’ ਨਾਲ ਹੋਵੇਗਾ। ਇਸਦਾ ਸਿੱਧਾ ਮਤਲਬ ਹੈ ਕਿ ਤੁਹਾਡੀ ਗੱਲਬਾਤ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗੀ ਅਤੇ ਕੋਈ ਵੀ ਤੀਜੀ ਧਿਰ ਇਸਨੂੰ ਨਹੀਂ ਸੁਣ ਸਕੇਗੀ। ਇਸ ਵੀਡੀਓ ਕਾਲ ਸਰਵਿਸ ਦੇ ਬਹੁਤ ਸਾਰੇ ਫਾਇਦੇ ਹਨ ਜੋ ਇਸਨੂੰ ਦੂਜੇ ਪਲੇਟਫਾਰਮਸ ਨਾਲੋਂ ਬਿਹਤਰ ਬਣਾਉਂਦੇ ਹਨ। ਇਸ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਕਾਲ ਕਰਨ ਲਈ ਪਹਿਲਾਂ ਇੱਕ ਗਰੁੱਪ ਬਣਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿੱਧਾ ਕਾਲ ਸ਼ੁਰੂ ਕਰ ਸਕਦੇ ਹੋ। ਤੁਸੀਂ ਹੋਰਾਂ ਨੂੰ ਕਾਲ ਵਿੱਚ ਸ਼ਾਮਲ ਕਰਨ ਲਈ ਇੱਕ ਲਿੰਕ ਜਾਂ QR ਕੋਡ ਭੇਜ ਸਕਦੇ ਹੋ। ਤੁਸੀਂ ਗੱਲਬਾਤ ਦੌਰਾਨ ਆਡੀਓ, ਵੀਡੀਓ ਜਾਂ ਸਕ੍ਰੀਨ ਵੀ ਸ਼ੇਅਰ ਕਰ ਸਕਦੇ ਹੋ। ਕਾਲਿੰਗ ਦੌਰਾਨ ਸੇਫਟੀ? ਟੈਲੀਗ੍ਰਾਮ ‘ਤੇ ਕਾਲ ਕਰਦੇ ਸਮੇਂ ਤੁਸੀਂ ਜਾਂਚ ਕਰ ਸਕਦੇ ਹੋ ਕਿ ਕੋਈ ਖ਼ਤਰਾ ਹੈ ਜਾਂ ਨਹੀਂ। ਇਸਦੀ ਜਾਂਚ ਕਰਨ ਲਈ, ਜਦੋਂ ਤੁਸੀਂ ਕਾਲ ‘ਤੇ ਹੁੰਦੇ ਹੋ, ਤਾਂ ਸਕ੍ਰੀਨ ‘ਤੇ ਚਾਰ ਇਮੋਜੀ ਦਿਖਾਈ ਦੇਣਗੇ। ਜੋ ਵੀ ਕਾਲ ‘ਤੇ ਹੈ, ਉਹ ਆਪਸ ਵਿੱਚ ਮਿਲਾ ਕੇ ਦੇਖ ਸਕਦੇ ਹਨ। ਜੇਕਰ ਇਹ ਇਮੋਜੀ ਮੈਚ ਹੋ ਜਾਂਦੇ ਹਨ, ਤਾਂ ਤੁਹਾਡੀ ਕਾਲ 100 ਪ੍ਰਤੀਸ਼ਤ ਸੁਰੱਖਿਅਤ ਹੈ।

Telegram ‘ਤੇ 200 ਲੋਕਾਂ ਨੂੰ ਇੱਕੋ ਨਾਲ ਕਰ ਸਕੋਗੇ ਵੀਡੀਓ ਕਾਲ Read More »

Apple ਦੀ ਵੱਡੀ ਯੋਜਨਾ, ਭਵਿੱਖ ‘ਚ ਭਾਰਤ ‘ਚ ਬਣਾਏ ਜਾਣਗੇ ਸਾਰੇ ਆਈਫੋਨ

ਨਵੀਂ ਦਿੱਲੀ, 7 ਮਈ – ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਆਉਣ ਵਾਲੇ ਸਾਲ ਵਿੱਚ, ਐਪਲ ਆਪਣੇ ਸਾਰੇ ਆਈਫੋਨ ਭਾਰਤ ਵਿੱਚ ਬਣਾਏਗਾ। ਮੰਗਲਵਾਰ ਨੂੰ ਇੰਡੀਆ ਟੈਲੀਕਾਮ ਦੇ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ, ਉਨ੍ਹਾਂ ਕਿਹਾ ਕਿ ਐਪਲ ਹੁਣ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਸਾਰੇ ਆਈਫੋਨ ਭਾਰਤ ਵਿੱਚ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਦੇਸ਼ ਵਿੱਚ ਨੀਤੀਗਤ ਮਾਹੌਲ ਅਤੇ ਨਿਰਮਾਣ ਦੇ ਨਿਰੰਤਰ ਵਿਸਥਾਰ ਦੇ ਯਤਨਾਂ ਨੂੰ ਦੇਖਦੇ ਹੋਏ, ਭਾਰਤ ਵਿਸ਼ਵ ਤਕਨੀਕੀ ਕੰਪਨੀਆਂ ਲਈ ਨਿਵੇਸ਼ ਲਈ ਇੱਕ ਆਕਰਸ਼ਕ ਸਥਾਨ ਬਣ ਗਿਆ ਹੈ। ਉਪਕਰਣ ਨਿਰਮਾਣ ਕੰਪਨੀਆਂ ਆਪਣੇ ਆਰਥਿਕ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨਿਵੇਸ਼ ਕਰਨ ਦਾ ਮਤਲਬ ਹੈ ਸਸਤਾ, ਟਿਕਾਊ ਹੋਣਾ ਅਤੇ ਹਕੀਕਤ ਨੂੰ ਅਪਣਾਉਣਾ। ਉਨ੍ਹਾਂ ਕਿਹਾ ਕਿ ਪ੍ਰੋਡਕਸ਼ਨ ਲਿੰਕਡ (ਪੀ.ਐਲ.ਆਈ.) ਸਕੀਮ ਦੀ ਮਦਦ ਨਾਲ, ਦੂਰਸੰਚਾਰ ਖੇਤਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। 4000 ਕਰੋੜ ਰੁਪਏ ਦੇ ਨਿਵੇਸ਼ ਦੇ ਨਤੀਜੇ ਵਜੋਂ ਕੁੱਲ 80,000 ਕਰੋੜ ਰੁਪਏ ਦੀ ਵਿਕਰੀ, 16,000 ਕਰੋੜ ਰੁਪਏ ਦੀ ਬਰਾਮਦ, 25,000 ਲੋਕਾਂ ਲਈ ਨੌਕਰੀਆਂ ਪੈਦਾ ਹੋਈਆਂ ਹਨ। ਹਾਲ ਹੀ ਵਿੱਚ, ਐਪਲ ਦੇ ਸੀਈਓ ਟਿਮ ਕੁੱਕ ਨੇ ਕੰਪਨੀ ਦੇ ਵਿੱਤੀ ਨਤੀਜਿਆਂ ਦਾ ਐਲਾਨ ਕਰਦੇ ਹੋਏ, ਆਈਫੋਨ ਨਿਰਮਾਣ ਸਾਈਟ ਨੂੰ ਬਦਲਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ 2025 ਦੀ ਦੂਜੀ ਤਿਮਾਹੀ ਵਿੱਚ ਅਮਰੀਕਾ ਵਿੱਚ ਵੇਚੇ ਗਏ ਫੋਨ ਭਾਰਤ ਤੋਂ ਆਯਾਤ ਕੀਤੇ ਜਾਣਗੇ। ਅਮਰੀਕਾ ਦੀ ਟੈਰਿਫ ਨੀਤੀ ‘ਤੇ ਅਨਿਸ਼ਚਿਤਤਾ ਦੇ ਵਿਚਕਾਰ, ਆਈਫੋਨ, ਆਈਪੈਡ ਅਤੇ ਐਪਲ ਘੜੀਆਂ ਦਾ ਨਿਰਮਾਣ ਦੂਜੇ ਦੇਸ਼ਾਂ ਲਈ ਚੀਨ ਵਿੱਚ ਹੁੰਦਾ ਰਹੇਗਾ। ਭਾਰਤ ਵਿੱਚ ਇਸ ਸਮੇਂ ਆਈਫੋਨ ਵਿਕਰੀ 20% ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਚੀਨ ਅਮਰੀਕਾ ਨਾਲ ਟੈਰਿਫ ‘ਤੇ ਸਮਝੌਤਾ ਨਹੀਂ ਕਰਦਾ ਹੈ, ਤਾਂ ਐਪਲ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਆਪਣੇ ਸਮਾਰਟਫੋਨ ਦੇ ਪੂਰੇ ਉਤਪਾਦਨ ਨੂੰ ਭਾਰਤ ਵਿੱਚ ਤਬਦੀਲ ਕਰ ਦੇਵੇਗਾ। ਵਰਤਮਾਨ ਵਿੱਚ ਕੁੱਲ ਐਪਲ ਫੋਨਾਂ ਦਾ 20 ਪ੍ਰਤੀਸ਼ਤ ਭਾਰਤ ਵਿੱਚ ਬਣਾਇਆ ਜਾਂਦਾ ਹੈ। ਅਮਰੀਕਾ ਨੇ ਚੀਨ ‘ਤੇ 145 ਪ੍ਰਤੀਸ਼ਤ ਡਿਊਟੀ ਲਗਾਈ ਹੈ। ਅਜਿਹੀ ਸਥਿਤੀ ਵਿੱਚ ਚੀਨ ਤੋਂ ਅਮਰੀਕਾ ਐਪਲ ਫੋਨ ਭੇਜਣਾ ਬਹੁਤ ਮਹਿੰਗਾ ਸੌਦਾ ਸਾਬਤ ਹੋਵੇਗਾ। ਭਾਰਤ ਨਾਲ ਅਮਰੀਕਾ ਦਾ ਵਪਾਰ ਸਮਝੌਤਾ ਵੀ ਸਤੰਬਰ-ਅਕਤੂਬਰ ਤੱਕ ਹੋਣ ਦੀ ਸੰਭਾਵਨਾ ਹੈ।

Apple ਦੀ ਵੱਡੀ ਯੋਜਨਾ, ਭਵਿੱਖ ‘ਚ ਭਾਰਤ ‘ਚ ਬਣਾਏ ਜਾਣਗੇ ਸਾਰੇ ਆਈਫੋਨ Read More »

ਓਪਰੇਸ਼ਨ ਸਿੰਦੂਰ ਤੋਂ ਬਾਅਦ ਦੇਸ਼ ‘ਚ ਰੱਦ ਹੋਣਗੇ IPL 2025 ਦੇ ਅਗਲੇ ਸਾਰੇ ਮੈਚ

ਨਵੀਂ ਦਿੱਲੀ, 7 ਮਈ – ਭਾਰਤੀ ਫੌਜ ਨੇ ਪਾਕਿਸਤਾਨ ਦੇ 9 ਥਾਵਾਂ ‘ਤੇ ਹਵਾਈ ਹਮਲੇ ਕਰਕੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲਿਆ ਹੈ। ਆਪ੍ਰੇਸ਼ਨ ਸਿੰਦੂਰ ਵਿੱਚ 90 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ, ਅਜਿਹੀ ਸਥਿਤੀ ਵਿੱਚ IPL 2025 ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਆਈਪੀਐਲ 2025 ਦੇ ਮੈਚਾਂ ‘ਤੇ ਕੋਈ ਅਸਰ ਨਹੀਂ ਪਵੇਗਾ। IPL 2025 ਦੇ ਮੈਚਾਂ ਉੱਤੇ ਨਹੀਂ ਪਵੇਗਾ ਕੋਈ ਅਸਰ  ਨਿਊਜ਼ ਏਜੰਸੀ ਏਐਨਆਈ ਦਾ ਹਵਾਲਾ ਦਿੰਦੇ ਹੋਏ, BCCI ਦੇ ਇੱਕ ਸੂਤਰ ਨੇ ਕਿਹਾ ਹੈ ਕਿ ਪਾਕਿਸਤਾਨ ਵਿਰੁੱਧ ਭਾਰਤ ਦੀ ਫੌਜੀ ਕਾਰਵਾਈ ਦਾ IPL 2025 ਦੇ ਮੈਚਾਂ ਅਤੇ ਸ਼ਡਿਊਲ ‘ਤੇ ਕੋਈ ਅਸਰ ਨਹੀਂ ਪਵੇਗਾ। ਹੁਣ ਤੱਕ, ਮੌਜੂਦਾ ਸੀਜ਼ਨ ਦੇ ਲੀਗ ਪੜਾਅ ਵਿੱਚ 56 ਮੈਚ ਪੂਰੇ ਹੋ ਚੁੱਕੇ ਹਨ ਤੇ ਪਲੇਆਫ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ 14 ਮੈਚ ਖੇਡੇ ਜਾਣੇ ਬਾਕੀ ਹਨ। ਆਈਪੀਐਲ 2025 ਦਾ ਅਗਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਈਡਨ ਗਾਰਡਨ ਵਿਖੇ ਖੇਡਿਆ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹਾਲਾਤਾਂ ਦੇ ਅਨੁਸਾਰ ਕਈ ਤਰ੍ਹਾਂ ਦੇ ਬਦਲਾਅ ਦੇਖੇ ਗਏ ਹਨ। ਇਹ 2009 ਦੀ ਗੱਲ ਹੈ ਜਦੋਂ ਭਾਰਤ ਵਿੱਚ ਲੋਕ ਸਭਾ ਚੋਣਾਂ ਕਾਰਨ ਪਹਿਲੀ ਵਾਰ ਟੂਰਨਾਮੈਂਟ ਦੇ ਕੁਝ ਮੈਚ ਦੱਖਣੀ ਅਫਰੀਕਾ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਪਾਕਿਸਤਾਨ ਵਿੱਚ ਵੀ ਚੱਲ ਰਿਹਾ PSL ਇੱਕ ਪਾਸੇ, ਬੀਸੀਸੀਆਈ ਨੇ ਕਿਹਾ ਹੈ ਕਿ ਆਈਪੀਐਲ ਮੈਚਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਪੀਐਸਐਲ 2025 ਟੂਰਨਾਮੈਂਟ ਸਰਹੱਦ ਪਾਰ ਪਾਕਿਸਤਾਨ ਵਿੱਚ ਚੱਲ ਰਿਹਾ ਹੈ, ਜਿਸ ਦਾ ਫਾਈਨਲ 11 ਮਈ ਨੂੰ ਹੋਣ ਜਾ ਰਿਹਾ ਹੈ। ਭਾਰਤ ਵੱਲੋਂ ਕੀਤੀ ਗਈ ਫੌਜੀ ਕਾਰਵਾਈ ਤੋਂ ਬਾਅਦ ਪਾਕਿਸਤਾਨੀ ਪ੍ਰਸ਼ੰਸਕ ਵੀ ਡਰ ਗਏ ਹਨ। ਲੋਕ ਸੋਸ਼ਲ ਮੀਡੀਆ ‘ਤੇ ਪੁੱਛਦੇ ਹੋਏ ਮਿਲੇ ਕਿ ਕੀ ਪਾਕਿਸਤਾਨ ਸੁਪਰ ਲੀਗ ਦੇ ਮੈਚ ਹੋਣਗੇ ਜਾਂ ਨਹੀਂ, ਨਹੀਂ ਤਾਂ ਉਨ੍ਹਾਂ ਨੂੰ ਮੈਦਾਨ ਤੋਂ ਵਾਪਸ ਪਰਤਣਾ ਪਵੇਗਾ। ਇਸਲਾਮਾਬਾਦ ਯੂਨਾਈਟਿਡ ਅਤੇ ਕਵੇਟਾ ਗਲੈਡੀਏਟਰਜ਼ ਅੱਜ ਪੀਐਸਐਲ 2025 ਵਿੱਚ ਇੱਕ ਮੈਚ ਖੇਡਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ PSL 2025 ਦਾ ਪ੍ਰਸਾਰਣ ਭਾਰਤ ਵਿੱਚ ਪਹਿਲਾਂ ਹੀ ਬੰਦ ਹੋ ਚੁੱਕਾ ਹੈ।

ਓਪਰੇਸ਼ਨ ਸਿੰਦੂਰ ਤੋਂ ਬਾਅਦ ਦੇਸ਼ ‘ਚ ਰੱਦ ਹੋਣਗੇ IPL 2025 ਦੇ ਅਗਲੇ ਸਾਰੇ ਮੈਚ Read More »

ਨੈਸ਼ਨਲ ਹੈਰਾਲਡ ਕੇਸ ਵਿਚ ਮੀਡੀਆ ਟ੍ਰਾਇਲ/ਅਸ਼ਵਨੀ ਕੁਮਾਰ

ਨੈਸ਼ਨਲ ਹੈਰਾਲਡ ਕੇਸ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਨਾਂ ਖਿ਼ਲਾਫ਼ ਤਥਾਕਥਿਤ ਮਨੀ ਲਾਂਡਰਿੰਗ ਅਤੇ ਜਨਤਕ ਸੰਪਤੀ ਦੀ ਅਪਰਾਧਿਕ ਦੁਰਵਰਤੋਂ ਕਰਨ ਲਈ ਚਾਰਜਸ਼ੀਟ ਦਾਇਰ ਕਰਨ ਤੋਂ ਕਾਂਗਰਸ ਅਤੇ ਇਸ ਦੇ ਹਮਦਰਦਾਂ ਵਲੋਂ ਦੇਸ਼ ਵਿਆਪੀ ਰੋਸ ਮੁਜ਼ਾਹਰੇ ਕੀਤੇ ਗਏ ਹਨ। ਉਹ ਇਸ ਫ਼ੌਜਦਾਰੀ ਕੇਸ ਨੂੰ ਤੱਥਾਂ ਅਤੇ ਕਾਨੂੰਨੀ ਨੁਕਤਾ ਨਿਗਾਹ ਤੋਂ ਹੀਣਾ ਅਤੇ ਬੱਜਰ ਸਿਆਸੀ ਬਦਲਾਖੋਰੀ ਦੇ ਰੂਪ ਵਿਚ ਦੇਖਦੇ ਹਨ। ਮੁੱਖ ਵਿਰੋਧੀ ਪਾਰਟੀ ਵਲੋਂ ਕੀਤੇ ਰੋਸ ਮੁਜ਼ਾਹਰਿਆਂ ਦੀ ਪ੍ਰਤੀਕਿਰਿਆ ਵਜੋਂ ਸੱਤਾਧਾਰੀ ਪਾਰਟੀ ਨੇ ਵੀ ਇਸ ਦੇ ਖਿ਼ਲਾਫ਼ ਮੁਜ਼ਾਹਰੇ ਕੀਤੇ ਹਨ। ਭਾਜਪਾ ਦੀ ਤਰਫ਼ੋਂ ਸਾਬਕਾ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਵਿਚ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਧੋਖਾਧੜੀ ਰਾਹੀਂ ਜਨਤਕ ਸੰਪਤੀ ਦੀ ਦੁਰਵਰਤੋਂ ਕੀਤੀ ਸੀ ਅਤੇ ਹੁਣ ਉਹ ਈਡੀ ਨੂੰ ਡਰਾਉਣਾ ਚਾਹੁੰਦੇ ਹਨ। ਸਾਬਕਾ ਮੰਤਰੀ ਨੇ ਚੋਣਵੇਂ ਢੰਗ ਨਾਲ ਲੀਕ ਕੀਤੇ ਕੁਝ ਵੇਰਵਿਆਂ ਦੇ ਲਿਹਾਜ਼ ਨਾਲ ਇਸਤਗਾਸਾ ਦੇ ਕੇਸ ਦੀ ਵਜਾਹਤ ਕਰਦਿਆਂ ਸਵਾਲ ਪੁੱਛਿਆ: “ਜੇ ਹਜ਼ਾਰਾਂ ਕਰੋੜ ਰੁਪਏ ਦੀ ਜਨਤਕ ਸੰਪਤੀ ਦੀ ਦੁਰਵਰਤੋਂ ਕੀਤੀ ਗਈ ਹੈ ਤਾਂ ਤੁਸੀਂ ਰੋਸ ਕਿਉਂ ਦਿਖਾ ਰਹੇ ਹੋ ਅਤੇ ਇਸ ਨੂੰ ਬਦਲਾਖੋਰੀ ਕਿਉਂ ਕਹਿ ਰਹੇ ਹੋ?” ਰਿਪੋਰਟ ਮੁਤਾਬਿਕ ਭਾਜਪਾ ਬੁਲਾਰੇ ਨੇ ਇਹ ਵੀ ਆਖਿਆ ਕਿ ਕਿਸੇ ਨੂੰ ਵੀ ਲੁੱਟਣ ਦਾ ਲਾਇਸੈਂਸ ਨਹੀਂ ਮਿਲਿਆ ਹੋਇਆ।” ਇਕ ਹੋਰ ਕੈਬਨਿਟ ਮੰਤਰੀ ਨੇ ਜ਼ੋਰ-ਸ਼ੋਰ ਨਾਲ ਆਖਿਆ, “ਇਹ ਧੋਖਾਧੜੀ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਕਾਰੋਬਾਰ ਦਾ ਸਿੱਧ ਪੱਧਰਾ ਕੇਸ ਹੈ। ਸਾਫ਼ ਜ਼ਾਹਿਰ ਹੈ ਕਿ 8 ਮਈ ਨੂੰ ਚਾਰਜਸ਼ੀਟ ਦਾ ਨੋਟਿਸ ਲੈਣ ਮੌਕੇ ਸੁਣੇ ਜਾਣ ਦੇ ਮੌਕਾ ਅਤੇ ਕਿਸੇ ਮੁਕੱਦਮੇ ਤੋਂ ਬਿਨਾਂ ਹੀ ਮੁਲਜ਼ਮਾਂ ਨੂੰ ਮੀਡੀਆ ਰਾਹੀਂ ਭੰਡਿਆ ਗਿਆ ਹੈ। ਕੇਸ ਦੇ ਮੁਕੱਦਮੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਨੇ ਆਖਿਆ ਕਿ ‘ਕਾਰਵਾਈ ਦੌਰਾਨ ਕਿਸੇ ਵੀ ਪੜਾਅ ’ਤੇ ਸੁਣੇ ਜਾਣ ਦਾ ਹੱਕ ਵਾਜਿਬ ਮੁਕੱਦਮੇ ਵਿਚ ਜਾਨ ਪਾਉਂਦਾ ਹੈ।’ ਇਸ ਲਈ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਦੇ ਬੁਲਾਰਿਆਂ ਦਾ ਇਹ ਨਿਰਣਾ ਕੱਢ ਲੈਣਾ ਕਿ ਮੁਲਜ਼ਮਾਂ ਨੇ ਕਰੋੜਾਂ ਰੁਪਏ ਦੀ ਸੰਪਤੀ ਹਥਿਆ ਲਈ ਸੀ, ਉਦਾਰ ਲੋਕਤੰਤਰ ਅਤੇ ਸੰਵਿਧਾਨਕ ਨਿਆਂ ਦੇ ਪ੍ਰਥਮ ਅਸੂਲਾਂ ਦੀ ਅਵੱਗਿਆ ਬਣਦੀ ਹੈ। ਸਰਕਾਰ ਦੇ ਸੀਨੀਅਰ ਨੁਮਾਇੰਦਿਆਂ ਵਲੋਂ ਫੌਜਦਾਰੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਿਆਸੀ ਵਿਰੋਧੀਆਂ ਖਿ਼ਲਾਫ਼ ਅਜਿਹੀ ਤੋਹਮਤਬਾਜ਼ੀ ਨਾਲ ਉਨ੍ਹਾਂ ਖਿ਼ਲਾਫ਼ ਅਖ਼ਬਾਰਾਂ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ’ਤੇ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਕਈ ਪੱਖਾਂ ਤੋਂ ਇਨਸਾਫ਼ ਦੇ ਰਾਹ ਵਿਚ ਰੁਕਾਵਟ ਬਣ ਸਕਦੀ ਹੈ। ਭਾਜਪਾ ਵਲੋਂ ਉਸ ਸਮੇਂ ਜਦੋਂ ਅਜੇ ਮੁਕੱਦਮੇ ਦੀ ਕਾਰਵਾਈ ਸ਼ੁਰੂਆਤੀ ਪੜਾਅ ’ਤੇ ਹੈ, ਵਾਰ-ਵਾਰ ਇਹ ਦਾਅਵਾ ਕਰਨਾ ਕਿ ਮੁਲਜ਼ਮਾਂ ਨੇ ਧੋਖਾਧੜੀ, ਫਰਾਡ, ਦੁਰਵਰਤੋਂ ਅਤੇ ਕਾਲੇ ਧਨ ਨੂੰ ਸਫੇਦ ਬਣਾਉਣ ਦਾ ਕੰਮ ਕੀਤਾ ਹੈ ਤਾਂ ਇਸ ਨਾਲ ਮੁਲਜ਼ਮਾਂ ਪ੍ਰਤੀ ਵੈਰਭਾਵੀ ਜਨਤਕ ਧਾਰਨਾ ਪੈਦਾ ਕਰਨ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਨਿਆਂਇਕ ਕਾਰਵਾਈ ਦਾ ਜ਼ਿੰਮਾ ਸੌਂਪਿਆ ਗਿਆ ਹੈ, ਉਨ੍ਹਾਂ ਦਾ ਨਿਰਣਾ ਪ੍ਰਭਾਵਿਤ ਹੋ ਸਕਦਾ ਹੈ। ਸ਼ਿਕਾਇਤ ਦੇ ਚੋਣਵੇਂ ਹਿੱਸਿਆਂ ’ਤੇ ਮੀਡੀਆ ਵਿਚ ਵਿਆਪਕ ਚਰਚਾ, ਜਿਨ੍ਹਾਂ ਦਾ ਨਿਆਂਇਕ ਨੋਟਿਸ ਅਜੇ ਲਿਆ ਜਾਣਾ ਹੈ ਤੇ ਜਿਸ ਲਈ ਕੇਸ 8 ਮਈ ਤੱਕ ਮੁਲਤਵੀ ਕੀਤਾ ਗਿਆ ਹੈ, ਮੁਲਜ਼ਮਾਂ ਨੂੰ ਸੰਭਾਵੀ ਤੌਰ ’ਤੇ ਨੁਕਸਾਨ ਪਹੁੰਚਾ ਸਕਦੀ ਹੈ। ਸਰਵਉੱਚ ਅਦਾਲਤ ਦੇ ਕਈ ਫੈਸਲਿਆਂ ’ਚ ਇਸ ਦੀ ਮਨਾਹੀ ਹੈ (ਸਹਾਰਾ, 2013 ਤੇ ਮਨੂ ਸ਼ਰਮਾ, 2010) ਆਦਿ। ਮਨੂ ਸ਼ਰਮਾ ਕੇਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ, ‘…ਇਕ ਮੁਲਜ਼ਮ ਦੀ ਬੇਗੁਨਾਹੀ ਦੀ ਸੰਭਾਵਨਾ ਕਾਨੂੰਨੀ ਧਾਰਨਾ ਹੈ ਅਤੇ ਮੀਡੀਆ ਟ੍ਰਾਇਲ ਦੀ ਪ੍ਰਕਿਰਿਆ ਰਾਹੀਂ ਇਸ ਨੂੰ ਦਹਿਲੀਜ਼ ’ਤੇ ਹੀ ਖ਼ਤਮ ਨਹੀਂ ਕਰ ਦੇਣਾ ਚਾਹੀਦਾ…’ ਤੇ ਸਹਾਰਾ ਕੇਸ ਵਿਚ ਸੰਵਿਧਾਨਕ ਬੈਂਚ ਨੇ ਫੈਸਲਾ ਸੁਣਾਇਆ ਸੀ ਕਿ ‘ਪ੍ਰਤੱਖ ਇਨਸਾਫ਼ ਦੀ ਧਾਰਨਾ ਦਾ ਬੇਗੁਨਾਹੀ ਦੀ ਸੰਭਾਵਨਾ ਨਾਲ ਸੰਤੁਲਨ ਬਣਾਉਣਾ ਜ਼ਰੂਰੀ ਹੈ ਜਿਸ ਨੂੰ ਹੁਣ ਮਨੁੱਖੀ ਅਧਿਕਾਰ ਵਜੋਂ ਮਾਨਤਾ ਹਾਸਲ ਹੈ…।’ ਕੇਸ ਨਾਲ ਸਬੰਧਿਤ ਮੀਡੀਆ ਗੱਲਬਾਤ ’ਚ ਸੱਤਾਧਾਰੀ ਧਿਰ ਦੇ ਸੀਨੀਅਰ ਮੈਂਬਰਾਂ ਦੇ ਦੂਸ਼ਣਬਾਜ਼ੀ ਵਾਲੇ ਸੁਰ ਤੇ ਰੁਖ਼, ਮੁਲਜ਼ਮਾਂ ਤੋਂ ਨਿਰਪੱਖ ਸੁਣਵਾਈ ਤੇ ਸੰਭਾਵੀ ਬੇਗੁਨਾਹੀ ਸਾਬਿਤ ਕਰਨ ਦਾ ਹੱਕ ਖੋਹ ਰਹੇ ਹਨ। ਇਸ ਨਾਲ ਸਾਖ਼, ਨਿੱਜਤਾ ਤੇ ਮਰਿਆਦਾ ਦੇ ਉਨ੍ਹਾਂ ਦੇ ਬੁਨਿਆਦੀ ਅਧਿਕਾਰ ਵੀ ਪ੍ਰਭਾਵਿਤ ਹੋ ਰਹੇ ਹਨ। ਅਪਰਾਧਿਕ ਕਸੂਰ ਦੀ ਨਿਆਂਇਕ ਪੁਸ਼ਟੀ ਤੋਂ ਬਿਨਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਨਿੰਦਣ ’ਚ ਸੰਜਮ ਵਰਤਣ ਨਾਲ ਯਕੀਨੀ ਬਣੇਗਾ ਕਿ ਸਿਆਸੀ ਧਿਰਾਂ, ਜੋ ਜਮਹੂਰੀਅਤ ਦੀ ਜੀਵਨ ਰੇਖਾ ਵੀ ਹਨ, ਤੇ ਉਨ੍ਹਾਂ ਦੇ ਨੇਤਾ ਕਾਨੂੰਨ ਅਨੁਸਾਰ ਸੁਣਵਾਈ ਤੋਂ ਬਿਨਾਂ ਹੀ ਬਦਨਾਮ ਨਾ ਹੋਣ (ਧਾਰਾ 21)। ਇਸ ਨਾਲ ਸਾਰੀਆਂ ਰਾਜਨੀਤਕ ਧਿਰਾਂ ਦਾ ਸੱਤਾਧਾਰੀਆਂ ਦੀ ਬਦਲਾਖੋਰੀ ਵਾਲੀ ਬਿਰਤੀ ਤੋਂ ਬਚਾਅ ਹੋਵੇਗਾ ਤੇ ਲੋਕਤੰਤਰੀ ਵਚਨਬੱਧਤਾ ਦਾ ਮਿਆਰ ਉੱਚਾ ਹੋਵੇਗਾ। ਇਸ ਤੋਂ ਪਹਿਲਾਂ ਕਿ ਸਾਡਾ ਲੋਕਤੰਤਰ ਅੰਦਰੋ-ਅੰਦਰੀ ਬੇਕਾਰ ਤੇ ਕਮਜ਼ੋਰ ਹੋਵੇ ਅਤੇ ਰਾਸ਼ਟਰ ਦੇ ਮੂਲ ਆਦਰਸ਼ ਕੁਮਲਾਉਣ, ਨੈਸ਼ਨਲ ਹੈਰਾਲਡ ਕੇਸ ਹਰੇਕ ਨੂੰ ਬਰਾਬਰ ਇਨਸਾਫ਼ ਦੇਣ ਦੇ ਆਦਰਸ਼ ਪ੍ਰਤੀ ਸਾਡੀ ਵਚਨਬੱਧਤਾ ਦੀ ਪਰਖ਼ ਬਣਨਾ ਚਾਹੀਦਾ ਹੈ। ਇਹ ਕੇਸ ਪ੍ਰਕਿਰਿਆਤਮਕ ਇਨਸਾਫ਼ ਦੀ ਪਵਿੱਤਰਤਾ, ਨਿਆਂਇਕ ਪ੍ਰਕਿਰਿਆ ਦੀ ਅਖੰਡਤਾ ਤੇ ਨਿਰਪੱਖ ਸੁਣਵਾਈ ਰਾਹੀਂ ਸੰਵਿਧਾਨਕ ਵਾਅਦੇ ਦੀ ਪਰਖ਼ ਸਾਬਿਤ ਹੋਵੇਗਾ ਅਤੇ ਇਲਜ਼ਾਮਾਂ ਦੁਬਾਰਾ ਚੱਲਦੀ ਮੁਕੱਦਮੇਬਾਜ਼ੀ ਖਿ਼ਲਾਫ਼ ਜਾਵੇਗਾ। ਜਿਸ ਤਰ੍ਹਾਂ ਜਸਟਿਸ ਡੀਵਾਈ ਚੰਦਰਚੂੜ ਨੇ ਸਾਨੂੰ ਭੀਮਾ-ਕੋਰੇਗਾਓਂ ਕੇਸ ਵਿਚ ਆਪਣੀ ਭਾਵਪੂਰਨ ਅਸਹਿਮਤੀ ਵਿਚ ਚੇਤੇ ਕਰਾਇਆ ਸੀ ਕਿ ਮੀਡੀਆ ਅਜ਼ਮਾਇਸ਼ਾਂ ਅਸਲ ਵਿਚ, ਖਾਸ ਤੌਰ ’ਤੇ ਅਪਰਾਧਿਕ ਕੇਸਾਂ ’ਚ ਵਿਅਕਤੀ ਦੀ ਸਵਾਧੀਨਤਾ ਤੇ ਆਜ਼ਾਦੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਨੈਸ਼ਨਲ ਹੈਰਾਲਡ ਕੇਸ ਬੁਨਿਆਦੀ ਮਹੱਤਵ ਦੇ ਕਈ ਸਵਾਲ ਚੁੱਕਦਾ ਹੈ। ਅਜਿਹੇ ਦੌਰ ਵਿਚ ਜਿੱਥੇ ‘ਗੱਪਸ਼ੱਪ ਹੀ ਸਚਾਈ ਦਾ ਸਿਧਾਂਤ ਬਣ ਚੁੱਕੀ ਹੈ’, ਕੀ ਇਹ ਜ਼ਰੂਰੀ ਹੈ ਕਿ ਮੁਲਜ਼ਮ ਦਾ ਨਿਆਂਇਕ ਤੌਰ ’ਤੇ ਕਸੂਰ ਲੱਭਣ ਤੋਂ ਪਹਿਲਾਂ ਹੀ ਉਸ ਨੂੰ ਲੋਕਾਂ ’ਚ ਨਿੰਦਿਆ ਜਾਵੇ? ਕੀ ਕਿਸੇ ਦਾ ਅਪਰਾਧਿਕ ਗੁਨਾਹ ਸਾਬਿਤ ਹੋਏ ਬਿਨਾਂ ਮੀਡੀਆ ’ਚ ਉਸ ਬਾਰੇ ਬੇਲਗਾਮ ਜਨਤਕ ਚਰਚਾ ਦੀ ਇਜਾਜ਼ਤ ਹੋਣੀ ਚਾਹੀਦੀ ਹੈ? ਇਹ ਇਨਸਾਫ਼ ਤੇ ਮਰਿਆਦਾ ਦੀ ਭਾਵਨਾ ਦੇ ਉਲਟ ਹੈ। ਕੀ ਧਾਰਨਾ ਦੇ ਸਿਆਸੀ ਯੁੱਧ ਜਿੱਤਣ ਲਈ ਅਪਰਾਧਿਕ ਮੁਕੱਦਮਿਆਂ ’ਚ ਸਚਾਈ ਲੱਭਣ ਵਾਲੀ ਢੁੱਕਵੀਂ ਕਾਨੂੰਨੀ ਕਾਰਵਾਈ ਦੇ ਆਦਰਸ਼ਾਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ, ਰਾਜਨੀਤਕ ਸਹੂਲਤ ਤੇ ਸੰਵਿਧਾਨਕ ਸਿਧਾਂਤਾਂ ਵਿਚਾਲੇ ਲੈਣ-ਦੇਣ ਕਰ ਕੇ? ਉਨ੍ਹਾਂ ਮੁਲਜ਼ਮਾਂ ਲਈ ਕੀ ਉਪਾਅ ਹੈ, ਜੇ ਕੋਈ ਹੈ ਵੀ ਤਾਂ, ਜਿਹੜੇ ਸਜ਼ਾ ਮਿਲਣ ਤੋਂ ਪਹਿਲਾਂ ਹੀ ਸਾਡੇ ਅਪਰਾਧਿਕ ਨਿਆਂ ਢਾਂਚੇ ਦੀਆਂ ਦਮਨਕਾਰੀ ਨੀਤੀਆਂ ਤੇ ਸਦੀਵੀ ਮੁਕੱਦਮਿਆਂ ਦਾ ਸ਼ਿਕਾਰ ਬਣਦੇ ਹਨ। ਇਹ ਸਵਾਲ ਦੇਸ਼ ਦੀ ਜ਼ਮੀਰ ’ਚ ਬਿਲਕੁਲ ਜਿਊਂਦੇ ਰਹਿਣੇ ਚਾਹੀਦੇ ਹਨ ਅਤੇ ਤਾਕਤ ਦੀ ਵਰਤੋਂ ਕਰਦਿਆਂ ਸਭਿਅਕ ਬਣੇ ਰਹਿਣ ਲਈ ਪ੍ਰੇਰਨਾ ਦੇ ਤੌਰ ’ਤੇ ਸਾਹਮਣੇ ਆਉਣੇ ਚਾਹੀਦੇ ਹਨ। ਕੇਵਲ ਤਾਂ ਹੀ ਅਸੀਂ ਨਿਰਪੱਖ ਸਮਾਜ ਦਾ ਸੰਵਿਧਾਨਕ ਵਾਅਦਾ ਪੂਰਾ ਕਰ ਸਕਾਂਗੇ, ਜਿਸ ਵਿੱਚ ਇਨਸਾਫ਼ ਸੱਤਾਧਾਰੀਆਂ ਦਾ ਗ਼ੁਲਾਮ ਨਹੀਂ ਹੈ। ਲੋਕਤੰਤਰੀ ਤੌਰ-ਤਰੀਕੇ ਦਾ ਵੱਖਰਾ ਗੁਣ ਹੈ ਕਿ ਇਹ ਸੱਤਾ ਨੂੰ ਨਿਰਪੱਖਤਾ ਤੇ ਨਿਆਂ ਦੀ ਸਮਾਜਿਕ ਭਾਵਨਾ ਦੇ ਅਧੀਨ ਰੱਖਦਾ ਹੈ।

ਨੈਸ਼ਨਲ ਹੈਰਾਲਡ ਕੇਸ ਵਿਚ ਮੀਡੀਆ ਟ੍ਰਾਇਲ/ਅਸ਼ਵਨੀ ਕੁਮਾਰ Read More »

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 11 ਮਈ 2025 ਨੂੰ

*ਭਾਗਵਿੰਦਰ ਸਿੰਘ ਦੇਵਗਨ ਦੇ ਕਾਵਿ ਸੰਗ੍ਰਹਿ ‘ਤੇਰੇ ਜਾਣ ਤੋਂ ਬਾਅਦ’ ਦਾ ਹੋਵੇਗਾ ਲੋਕ ਅਰਪਣ ਪਟਿਆਲਾ, 7 ਮਈ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 11 ਮਈ,2025 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਅਨੁਸਾਰ ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਡਿਪਟੀ ਕਮਿਸ਼ਨਰ ਅਤੇ ਸਾਹਿਤ ਹਿਤੈਸ਼ੀ ਸ. ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ. ਹੋਣਗੇ ਅਤੇ ਪ੍ਰਧਾਨਗੀ ਉਸਤਾਦ ਗ਼ਜ਼ਲਗੋ ਅਤੇ ਸਾਹਿਤਕ ਰਿਸਾਲੇ ‘ਸੂਲ ਸੁਰਾਹੀ` ਦੇ ਸੰਪਾਦਕ ਬਲਬੀਰ ਸਿੰਘ ਸੈਣੀ (ਨੰਗਲ ਟਾਊਨਸ਼ਿੱਪ) ਕਰਨਗੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਉਘੀ ਲੇਖਿਕਾ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਟੇਟ ਐਵਾਰਡੀ ਡਾ. ਗੁਰਪ੍ਰੀਤ ਕੌਰ ਸੈਣੀ, ਐਨ.ਆਈ.ਏ.ਐਸ.ਪਟਿਆਲਾ ਦੇ ਸਾਬਕਾ ਡਾਇਰੈਕਟਰ ਡਾ.ਜੀ.ਐਸ.ਆਨੰਦ ਅਤੇ ਬਹੁਪੱਖੀ ਤੇ ਉਘੇ ਲੇਖਕ ਧਰਮ ਕੰਮੇਆਣਾ ਹੋਣਗੇ।ਇਸ ਸਮਾਗਮ ਵਿਚ ਪ੍ਰਸਿੱਧ ਲੇਖਕ ਭਾਗਵਿੰਦਰ ਸਿੰਘ ਦੇਵਗਨ ਦਾ ਕਾਵਿ ਸੰਗ੍ਰਹਿ ‘ਤੇਰੇ ਜਾਣ ਤੋਂ ਬਾਅਦ` ਦਾ ਲੋਕ ਅਰਪਣ ਕੀਤਾ ਜਾਵੇਗਾ।ਇਸ ਪੁਸਤਕ ਉਪਰ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਪੰਜਾਬੀ ਲੈਕਚਰਾਰ ਅਤੇ ਖੋਜਾਰਥਣ ਜਸਪ੍ਰੀਤ ਕੌਰ ਮੁਖ ਪੇਪਰ ਪੜ੍ਹਨਗੇ ਅਤੇ ਮਹਿੰਦਰ ਸਿੰਘ ਜੱਗੀ, ਡਾ. ਮਨਜਿੰਦਰ ਸਿੰਘ (ਖੋਜ ਅਫ਼ਸਰ ਭਾਸ਼ਾ ਵਿਭਾਗ,ਪੰਜਾਬ) ਅਤੇ ਪ੍ਰੋ. ਨਵਸੰਗੀਤ ਸਿੰਘ ਪੁਸਤਕ ਚਰਚਾ ਵਿਚ ਭਾਗ ਲੈਣਗੇ।ਇਸ ਸਮਾਗਮ ਵਿਚ ਪੁੱਜੇ ਲੇਖਕ ਵੀ ਵੰਨ ਸੁਵੰਨੀਆਂ ਰਚਨਾਵਾਂ ਸੁਣਾਉਣਗੇ ਅਤੇ ਚਰਚਾ ਵੀ ਹੋਵੇਗੀ ਅਤੇ ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 11 ਮਈ 2025 ਨੂੰ Read More »

ਭਾਰਤ-ਪਾਕਿ ਤਣਾਅ ਵਿਚਾਲੇ ਪਾਕਿਸਤਾਨੀ ਕਾਮੇਡੀਅਨ ‘ਤੇ ਭੜਕੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ

7, ਮਈ – ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਹਲਚਲ ਮੱਚੀ ਹੋਈ ਹੈ। ਇਸ ਵਿਚਾਲੇ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਦੀ ਧਮਕੀ ‘ਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਗੁੱਸੇ ਵਿੱਚ ਭੜਕ ਉੱਠੇ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਭਵਿੱਖ ਵਿੱਚ ਅਜਿਹੇ ਵਿਅਕਤੀ ਨਾਲ ਕਦੇ ਵੀ ਕੰਮ ਨਹੀਂ ਕਰਨਗੇ। ਬੀਨੂ ਢਿੱਲੋਂ ਨੇ ਇਹ ਵੀ ਕਿਹਾ ਕਿ ਇਫਤਿਖਾਰ ਠਾਕੁਰ ਨੂੰ ਹੁਣ ਪੰਜਾਬ ਨਹੀਂ ਆਉਣ ਦਿੱਤਾ ਜਾਵੇਗਾ। ਜੋ ਸਾਡੇ ਦੇਸ਼ ਦਾ ਵਿਰੋਧੀ ਹੈ, ਉਨ੍ਹਾਂ ਨੂੰ ਇੱਥੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਨਹੀਂ ਮਿਲਣਾ ਚਾਹੀਦਾ। ਦਰਅਸਲ, ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਪਾਕਿਸਤਾਨੀ ਟੀਵੀ ਚੈਨਲਾਂ ਦੇ ਇੱਕ ਪ੍ਰੋਗਰਾਮ ਵਿੱਚ ਭਾਰਤੀਆਂ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਧਮਕੀ ਦਿੱਤੀ ਸੀ। ਇਸ ਕਾਰਨ ਬੀਨੂ ਢਿੱਲੋਂ ਗੁੱਸੇ ਵਿੱਚ ਆ ਗਏ। ਪੰਜਾਬ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਬੀਨੂ ਢਿੱਲੋਂ ਨੇ ਪੰਜਾਬੀ ਫਿਲਮ ਨਿਰਮਾਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨੀ ਕਲਾਕਾਰਾਂ ਨੂੰ ਆਪਣੀਆਂ ਫਿਲਮਾਂ ਵਿੱਚ ਨਾ ਲੈਣ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਮਸ਼ਹੂਰ ਟੀਵੀ ਟਾਕ ਸ਼ੋਅ ‘ਗੱਪਸ਼ਾਪ’ ਵਿੱਚ ਨਜ਼ਰ ਆਏ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਕਿਹਾ- ਇਹ ਸੁਨੇਹਾ ਮੇਰਾ ਭਾਰਤੀਆਂ ਲਈ ਹੈ। ਠਾਕੁਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ- ਫਿਜ਼ਾਓ ਸੇ ਆਓਗੇ ਤੋਂ ਹਵਾ ਮੈਂ ਉੜਾ ਦਿਏ ਜਾਓਗੇ। ਸਮੁੰਦਰ ਕੇ ਪਾਨੀ ਸੇ ਆਓਗੇ ਤੋ ਡੁਬੋ ਦਿਏ ਜਾਓਗੇ…ਜ਼ਮੀਨੀ ਰਾਸਤੋਂ ਸੇ ਆਓਗੇ ਤੋ ਦਫਨਾ ਦਿਓ ਜਾਓਗੇ.. ਬੀਨੂ ਢਿੱਲੋਂ ਨੇ ਕਿਹਾ- ਇਫਤਿਖਾਰ ਠਾਕੁਰ ਨੇ ਜੋ ਵੀ ਬਿਆਨ ਦਿੱਤਾ ਹੈ, ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ। ਉਸਨੂੰ ਅਜਿਹਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ। ਨਾਲ ਹੀ, ਇਹ ਗੱਲ ਯਕੀਨੀ ਹੈ ਕਿ ਅਸੀਂ ਕਦੇ ਵੀ ਅਜਿਹੇ ਵਿਅਕਤੀ ਨਾਲ ਕੰਮ ਨਹੀਂ ਕਰਾਂਗੇ ਜੋ ਸਾਡੇ ਦੇਸ਼ ਬਾਰੇ ਅਜਿਹੀਆਂ ਗੱਲਾਂ ਕਹਿ ਰਿਹਾ ਹੈ। ਖਾਸ ਕਰਕੇ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੇ ਕਲਾਕਾਰ ਨਾਲ ਕੰਮ ਨਹੀਂ ਕਰਾਂਗਾ। ਬੀਨੂ ਢਿੱਲੋਂ ਨੇ ਅੱਗੇ ਕਿਹਾ- ਪਾਕਿਸਤਾਨੀ ਕਲਾਕਾਰਾਂ ਨਾਲ ਪਾਈਪਲਾਈਨ ਵਿੱਚ ਜੋ ਪ੍ਰੋਜੈਕਟ ਹਨ, ਉਹ ਵੀ ਥੀਏਟਰਾਂ ਵਿੱਚ ਨਹੀਂ ਆਉਣਗੇ ਅਤੇ ਨਾ ਹੀ ਇਨ੍ਹਾਂ ਕਲਾਕਾਰਾਂ ਨੂੰ ਪੰਜਾਬ ਆਉਣ ਦਿੱਤਾ ਜਾਵੇਗਾ। ਜੋ ਵੀ ਸਾਡੇ ਦੇਸ਼ ਦੇ ਵਿਰੁੱਧ ਹੈ, ਉਹ ਸਾਡੇ ਵਿਰੁੱਧ ਵੀ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਅਜਿਹੇ ਲੋਕਾਂ ਨੂੰ ਸਾਡੇ ਦੇਸ਼ ਵਿੱਚ ਕੰਮ ਕਰਨ ਅਤੇ ਆਪਣੀ ਅਦਾਕਾਰੀ ਦੇ ਹੁਨਰ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਬੀਨੂ ਨੇ ਅੱਗੇ ਕਿਹਾ- ਇਹ ਮੇਰੀ ਗਰੰਟੀ ਹੈ ਕਿ ਮੈਂ ਅਜਿਹੇ ਵਿਅਕਤੀ ਨਾਲ ਕੰਮ ਨਹੀਂ ਕਰਾਂਗਾ। ਬਾਕੀ ਕਲਾਕਾਰ ਜੋ ਸਮਝਦਾਰ ਹਨ, ਉਹ ਵੀ ਅਜਿਹਾ ਨਹੀਂ ਕਰਨਗੇ। ਪੰਜਾਬੀ ਫਿਲਮਾਂ ਦੇ ਨਿਰਮਾਤਾਵਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੀਆਂ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਨਾ ਲੈਣ।

ਭਾਰਤ-ਪਾਕਿ ਤਣਾਅ ਵਿਚਾਲੇ ਪਾਕਿਸਤਾਨੀ ਕਾਮੇਡੀਅਨ ‘ਤੇ ਭੜਕੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ Read More »