*ਭਾਗਵਿੰਦਰ ਸਿੰਘ ਦੇਵਗਨ ਦੇ ਕਾਵਿ ਸੰਗ੍ਰਹਿ ‘ਤੇਰੇ ਜਾਣ ਤੋਂ ਬਾਅਦ’ ਦਾ ਹੋਵੇਗਾ ਲੋਕ ਅਰਪਣ
ਪਟਿਆਲਾ, 7 ਮਈ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 11 ਮਈ,2025 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਅਨੁਸਾਰ ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਡਿਪਟੀ ਕਮਿਸ਼ਨਰ ਅਤੇ ਸਾਹਿਤ ਹਿਤੈਸ਼ੀ ਸ. ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ. ਹੋਣਗੇ ਅਤੇ ਪ੍ਰਧਾਨਗੀ ਉਸਤਾਦ ਗ਼ਜ਼ਲਗੋ ਅਤੇ ਸਾਹਿਤਕ ਰਿਸਾਲੇ ‘ਸੂਲ ਸੁਰਾਹੀ` ਦੇ ਸੰਪਾਦਕ ਬਲਬੀਰ ਸਿੰਘ ਸੈਣੀ (ਨੰਗਲ ਟਾਊਨਸ਼ਿੱਪ) ਕਰਨਗੇ।
ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਉਘੀ ਲੇਖਿਕਾ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਟੇਟ ਐਵਾਰਡੀ ਡਾ. ਗੁਰਪ੍ਰੀਤ ਕੌਰ ਸੈਣੀ, ਐਨ.ਆਈ.ਏ.ਐਸ.ਪਟਿਆਲਾ ਦੇ ਸਾਬਕਾ ਡਾਇਰੈਕਟਰ ਡਾ.ਜੀ.ਐਸ.ਆਨੰਦ ਅਤੇ ਬਹੁਪੱਖੀ ਤੇ ਉਘੇ ਲੇਖਕ ਧਰਮ ਕੰਮੇਆਣਾ ਹੋਣਗੇ।ਇਸ ਸਮਾਗਮ ਵਿਚ ਪ੍ਰਸਿੱਧ ਲੇਖਕ ਭਾਗਵਿੰਦਰ ਸਿੰਘ ਦੇਵਗਨ ਦਾ ਕਾਵਿ ਸੰਗ੍ਰਹਿ ‘ਤੇਰੇ ਜਾਣ ਤੋਂ ਬਾਅਦ` ਦਾ ਲੋਕ ਅਰਪਣ ਕੀਤਾ ਜਾਵੇਗਾ।ਇਸ ਪੁਸਤਕ ਉਪਰ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਪੰਜਾਬੀ ਲੈਕਚਰਾਰ ਅਤੇ ਖੋਜਾਰਥਣ ਜਸਪ੍ਰੀਤ ਕੌਰ ਮੁਖ ਪੇਪਰ ਪੜ੍ਹਨਗੇ ਅਤੇ ਮਹਿੰਦਰ ਸਿੰਘ ਜੱਗੀ, ਡਾ. ਮਨਜਿੰਦਰ ਸਿੰਘ (ਖੋਜ ਅਫ਼ਸਰ ਭਾਸ਼ਾ ਵਿਭਾਗ,ਪੰਜਾਬ) ਅਤੇ ਪ੍ਰੋ. ਨਵਸੰਗੀਤ ਸਿੰਘ ਪੁਸਤਕ ਚਰਚਾ ਵਿਚ ਭਾਗ ਲੈਣਗੇ।ਇਸ ਸਮਾਗਮ ਵਿਚ ਪੁੱਜੇ ਲੇਖਕ ਵੀ ਵੰਨ ਸੁਵੰਨੀਆਂ ਰਚਨਾਵਾਂ ਸੁਣਾਉਣਗੇ ਅਤੇ ਚਰਚਾ ਵੀ ਹੋਵੇਗੀ ਅਤੇ ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।