March 26, 2025

ਸਾਂਝ ਦੇ ਪੁਲ

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਇੱਕ ਦੂਜੇ ਦੇ ਸੂਬੇ ਵਿੱਚ ਬੱਸ ਸੇਵਾ ਮੁਲਤਵੀ ਕਰਨ ਦਾ ਫ਼ੈਸਲਾ ਦੋਵਾਂ ਰਾਜਾਂ ਲਈ ਵੱਡਾ ਝਟਕਾ ਹੈ। ਜਿਸ ਵਿਵਾਦ ਕਾਰਨ ਇਹ ਸਭ ਕੁਝ ਹੋਇਆ ਹੈ, ਉਹ ਵਾਕਈ ਬੇਲੋੜਾ ਸੀ। ਕੁਝ ਦਿਨ ਪਹਿਲਾਂ ਪੰਜਾਬ ਦੇ ਕੁਝ ਖੇਤਰਾਂ ਵਿੱਚ ਹਿਮਾਚਲ ਦੀਆਂ ਬੱਸਾਂ ਨੂੰ ਘੇਰ ਕੇ ਉਨ੍ਹਾਂ ’ਤੇ ਕਈ ਭੜਕਾਊ ਨਾਅਰੇ ਲਿਖ ਦਿੱਤੇ ਗਏ ਸਨ ਤਾਂ ਮਨਾਲੀ ਵਿੱਚ ਪੰਜਾਬ ਦੇ ਵਾਹਨਾਂ ਦਾ ਦਾਖ਼ਲਾ ਰੋਕ ਦੇਣ ਤੋਂ ਭੜਕਿਆ ਵਿਵਾਦ ਵੱਡਾ ਰੂਪ ਧਾਰਨ ਕਰ ਗਿਆ। ਇਸ ਸਬੰਧ ਵਿੱਚ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਪੰਜਾਬ ਦੇ ਕਈ ਰੂਟਾਂ ’ਤੇ ਆਪਣੀ ਬੱਸ ਸੇਵਾ ਰੋਕ ਦੇਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਕੱਲ੍ਹ ਪੰਜਾਬ ਰੋਡਵੇਜ਼ ਤੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੇ ਵੀ ਹਿਮਾਚਲ ਦੇ ਬਹੁਤ ਸਾਰੇ ਰੂਟਾਂ ’ਤੇ ਆਪਣੀਆਂ ਸੇਵਾਵਾਂ ਰੋਕਣ ਦਾ ਫ਼ੈਸਲਾ ਕੀਤਾ ਹੈ। ਦੋਵੇਂ ਸੂਬਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਬੱਸ ਸੇਵਾ ਰੋਕਣ ਨਾਲ ਲੋਕਾਂ ਨੂੰ ਹੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਜਵਾਲਾਜੀ ਅਤੇ ਚਿੰਤਪੁਰਨੀ ਮੰਦਿਰਾਂ ਲਈ ਜਾਣ ਵਾਲੇ ਸ਼ਰਧਾਲੂਆਂ ਅਤੇ ਰੋਜ਼ ਸਫ਼ਰ ਕਰਨ ਵਾਲੇ ਲੋਕਾਂ ਤੇ ਸੈਲਾਨੀਆਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ ਅਤੇ ਪ੍ਰਾਈਵੇਟ ਟਰਾਂਸਪੋਰਟਰ ਇਸ ਹਾਲਾਤ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ। ਹਾਲਾਤ ਦਾ ਤਕਾਜ਼ਾ ਹੈ ਕਿ ਦੋਵੇਂ ਧਿਰਾਂ ਆਪਸੀ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾਉਣ ਨਾ ਕਿ ਭੜਕਾਊ ਕਾਰਵਾਈਆਂ ਕਰ ਕੇ ਪਾੜੇ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਨ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ 20 ਰੂਟਾਂ ’ਤੇ ਆਪਣੀਆਂ ਬੱਸ ਸੇਵਾਵਾਂ ਰੋਕ ਦਿੱਤੀਆਂ ਹਨ ਅਤੇ ਪੰਜਾਬ ਦੇ ਅੱਡਿਆਂ ਵਿੱਚ ਰਾਤਰੀ ਠਹਿਰਾਓ ਬੰਦ ਕਰ ਦਿੱਤਾ ਹੈ। ਗਨੀਮਤ ਇਹ ਹੈ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵਿਚਕਾਰ ਗੱਲਬਾਤ ਹੋਈ ਹੈ ਅਤੇ ਦੋਵਾਂ ਸੂਬਿਆਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਆਪਸੀ ਸੰਪਰਕ ਵਿੱਚ ਹਨ। ਬਹਰਹਾਲ, ਕੁਝ ਹੋਰ ਸਰਗਰਮ ਕਦਮ ਵੀ ਪੁੱਟਣ ਦੀ ਲੋੜ ਹੈ। ਦੋਵਾਂ ਸੂਬਿਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਅਜਿਹੇ ਲੋਕਾਂ ਨੂੰ ਨੱਥ ਪਾਉਣ ਦੀ ਲੋੜ ਹੈ ਜਿਨ੍ਹਾਂ ਦੀਆਂ ਭੜਕਾਊ ਕਾਰਵਾਈਆਂ ਨਾਲ ਲੋਕਾਂ ਦੇ ਆਪਸੀ ਭਾਈਚਾਰੇ ਅਤੇ ਸਮਾਜਿਕ ਵਿਵਸਥਾ ਨੂੰ ਸੱਟ ਵੱਜਣ ਦਾ ਖ਼ਤਰਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ ਕਈ ਅਨਸਰ ਦੇਖੇ ਗਏ ਹਨ ਜੋ ਉੱਥੇ ਘੁੰਮਣ ਗਏ ਪੰਜਾਬੀਆਂ ਨਾਲ ਖਾਹਮਖਾਹ ਉਲਝਦੇ ਹਨ ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਹਨ। ਦਰਅਸਲ, ਕਈ ਸੂਬਿਆਂ ਵਿੱਚ ਘੱਟਗਿਣਤੀਆਂ ਵਿਰੋਧੀ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਸ਼ਾਂਤਮਈ ਸੂਬਾ ਗਿਣਿਆ ਜਾਂਦਾ ਰਿਹਾ ਹੈ ਪਰ ਹੁਣ ਉੱਥੇ ਵੀ ਅਜਿਹੇ ਅਨਸਰ ਸਿਰ ਚੁੱਕ ਰਹੇ ਹਨ। ਹਿਮਾਚਲ ਸਰਕਾਰ ਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕੁਝ ਲੋਕ ਭੜਕਾਊ ਸਰਗਰਮੀਆਂ ਰਾਹੀਂ ਸੁਰਖ਼ੀਆਂ ਵਿੱਚ ਆਉਣ ਲਈ ਅਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ।

ਸਾਂਝ ਦੇ ਪੁਲ Read More »

ਸਿੱਖਿਆ ਦੇ ਬਜਟ ’ਚ 12 ਫ਼ੀ ਸਦੀ ਕੀਤਾ ਵਾਧਾ

ਚੰਡੀਗੜ੍ਹ, 26 ਮਾਰਚ – ਅੱਜ ਪੰਜਾਬ ਦੇ ਲਈ ਖਾਸ ਦਿਨ ਹੈ। ਪੰਜਾਬ ਦਾ 2025-26 ਦਾ ਨਵਾਂ ਬਜਟ 26 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰਨਗੇ। ਇਹ ਬਜਟ ਇਸ ਵਾਰ ਵੀ ਪਿਛਲੇ ਬਜਟਾਂ ਵਾਂਗ ਟੈਕਸ ਮੁਕਤ ਹੋਏਗਾ। ਅੱਜ ਹਰ ਕਿਸੇ ਦੀਆਂ ਨਜ਼ਰ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਉੱਤੇ ਹੋਏਗੀ। ਪੰਜਾਬ ਵਾਸੀਆਂ ਨੂੰ ਮਿਲ ਸਕਦੀਆਂ ਕੁੱਝ ਰਾਹਤਾਂ ਇਸ ਵਿਚ ਲੋਕਾਂ ਨੂੰ ਕੁੱਝ ਰਾਹਤਾਂ ਵੀ ਮਿਲ ਸਕਦੀਆਂ ਹਨ। ਇਹ ਬਜਟ ਇਸ ਵਾਰ 2 ਲੱਖ 15 ਹਜ਼ਾਰ ਕਰੋੜ ਦਾ ਹੋਵੇਗਾ ਜਦਕਿ ਪਿਛਲੇ ਬਜਟ 2 ਲੱਖ 4 ਹਜ਼ਾਰ ਕਰੋੜ ਦਾ ਸੀ। ਪੇਸ਼ ਕੀਤਾ ਜਾਣ ਵਾਲਾ ਬਜਟ ਖੇਤੀ, ਉਦਯੋਗ, ਰੁਜ਼ਗਾਰ ਤੇ ਕੇਂਦਰਤ ਹੋਵੇਗਾ। ਕਈ ਨਵੀਆਂ ਸਕੀਮਾਂ ਦਾ ਐਲਾਨ ਵੀ ਹੋ ਸਕਦਾ ਹੈ। 26 ਮਾਰਚ ਨੂੰ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾ ਸਵੇਰੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕੈਬਨਿਟ ਮੀਟਿੰਗ ਵੀ ਰੱਖੀ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਬੁੱਧਵਾਰ ਨੂੰ 2025-26 ਲਈ ਬਜਟ ਪੇਸ਼ ਕਰਨਗੇ। ਸਾਲ 2025-26 ਲਈ ਬਜਟ ਪ੍ਰਸਤਾਵ ਜ਼ਰੀਏ ‘AAP’ ਸਰਕਾਰ ਸੂਬੇ ਦੀ ਵਿੱਤੀ ਮਜ਼ਬੂਤੀ ਨੂੰ ਦਰਸਾਏਗੀ। ਇਸ ਨੂੰ ਸਰਕਾਰ ਆਪਣੀ 3 ਵਰ੍ਹਿਆਂ ਦੀ ਕਾਰਗੁਜ਼ਾਰੀ ਵਜੋਂ ਪੇਸ਼ ਕਰੇਗੀ।

ਸਿੱਖਿਆ ਦੇ ਬਜਟ ’ਚ 12 ਫ਼ੀ ਸਦੀ ਕੀਤਾ ਵਾਧਾ Read More »

ਭਾਕਿਯੂ ਏਕਤਾ ਡਕੌਂਦਾ ਦੀ ਮੀਟਿੰਗ ‘ਚ 28 ਮਾਰਚ ਦੇ ਜ਼ਿਲ੍ਹਾ ਪੱਧਰੀ ਧਰਨਿਆਂ ਦੀਆਂ ਤਿਆਰੀਆਂ

ਭਵਾਨੀਗੜ੍ਹ, 26 ਮਾਰਚ  – ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਜਿਲਾ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਅਤੇ ਜਿਲ੍ਹਾ ਕਮੇਟੀ ਮੈਂਬਰ ਬੁੱਧ ਸਿੰਘ ਵੀ ਸ਼ਾਮਿਲ ਸਨ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਹਰਕਤਾਂ ਦੇ ਮੱਦੇਨਜ਼ਰ 28 ਮਾਰਚ ਨੂੰ ਜ਼ਿਲ੍ਹਾ ਪੱਧਰੀ ਡੀਸੀ ਦਫਤਰਾਂ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਧਰਨੇ ਦਿੱਤੇ ਜਾਣਗੇ। ਮੀਟਿੰਗ ਵਿੱਚ ਸ਼ੰਭੂ ਬੈਰੀਅਰ ਅਤੇ ਖਨੌਰੀ ਬਾਰਡਰ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੂੰ ਗਿਰਫਤਾਰ ਕਰਕੇ ਜੇਲਾਂ ਵਿੱਚ ਸੁੱਟਣਾ, ਮੋਰਚੇ ਵਿੱਚ ਬੈਠੇ ਕਿਸਾਨਾਂ ਉੱਪਰ ਤਸ਼ੱਦਦ ਕਰਨਾ, ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਭੰਨ ਤੋੜ ਕਰਨਾ, ਕਿਸਾਨਾਂ ਦਾ ਸਮਾਨ ਚੋਰੀ ਕਰਨਾ, ਗਿਰਫ਼ਤਾਰ ਕਿਸਾਨਾਂ ਨੂੰ ਰਿਹਾ ਨਾ ਕਰਨਾ ਵਰਗੀਆਂ ਪੰਜਾਬ ਸਰਕਾਰ ਦੀਆਂ ਘਨੌਣੀਆਂ ਹਰਕਤਾਂ ਦੀ ਨਿਖੇਦੀ ਕੀਤੀ ਗਈ। ਮੀਟਿੰਗ ਵਿੱਚ ਸ਼ਾਮਿਲ ਕਿਸਾਨ ਨਛੱਤਰ ਸਿੰਘ ਝਨੇੜੀ, ਮੱਖਣ ਸਿੰਘ ਅਕਬਰਪੁਰ, ਹਾਕਮ ਸਿੰਘ ਨਦਾਮਪਰ, ਮੁਖਤਿਆਰ ਸਿੰਘ ਬਲਿਆਲ, ਕੇਵਲ ਸਿੰਘ ਮਾਝੀ, ਗੁਰਜੀਤ ਸਿੰਘ ਝਨੇੜੀ, ਗੁਰਮੇਲ ਸਿੰਘ ਭੜੋ, ਟਹਿਲ ਸਿੰਘ ਫੰਮਣਵਾਲ, ਕੁਲਵਿੰਦਰ ਸਿੰਘ ਭਵਾਨੀਗੜ੍ਹ ਆਦਿ ਕਿਸਾਨ ਸ਼ਾਮਿਲ ਹੋਏ।

ਭਾਕਿਯੂ ਏਕਤਾ ਡਕੌਂਦਾ ਦੀ ਮੀਟਿੰਗ ‘ਚ 28 ਮਾਰਚ ਦੇ ਜ਼ਿਲ੍ਹਾ ਪੱਧਰੀ ਧਰਨਿਆਂ ਦੀਆਂ ਤਿਆਰੀਆਂ Read More »

ਦੱਖਣੀ ਕੋਰੀਆ ਦੇ ਜੰਗਲਾਂ ’ਚ ਅੱਗ ਦੀ ਚਪੇਟ ‘ਚ ਆਏ 18 ਲੋਕ

ਦੱਖਣੀ ਕੋਰੀਆ, 26 ਮਾਰਚ – ਦੱਖਣੀ ਕੋਰੀਆ ਵਿੱਚ ਖ਼ੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਦੌਰਾਨ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਐਂਡੋਂਗ ਅਤੇ ਹੋਰ ਦੱਖਣੀ ਸ਼ਹਿਰਾਂ ਅਤੇ ਕਸਬਿਆਂ ਦੇ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦਾ ਆਦੇਸ਼ ਦਿੱਤਾ। ਦੂਜੇ ਪਾਸੇ, ਅੱਗ ਬੁਝਾਊ ਅਮਲੇ ਤੇਜ਼ ਹਵਾਵਾਂ ਕਾਰਨ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਅੱਗ ਕਾਰਨ 43,000 ਏਕੜ ਤੋਂ ਵੱਧ ਜ਼ਮੀਨ ਸੜ ਕੇ ਸੁਆਹ ਹੋ ਗਈ ਹੈ ਅਤੇ ਸੈਂਕੜੇ ਢਾਂਚੇ ਸੜ ਕੇ ਸੁਆਹ ਹੋ ਗਏ ਹਨ, ਜਿਨ੍ਹਾਂ ਵਿੱਚ 1,300 ਸਾਲ ਪੁਰਾਣਾ ਬੋਧੀ ਮੱਠ ਵੀ ਸ਼ਾਮਲ ਹੈ। ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਅਨੁਸਾਰ ਐਂਡੋਂਗ, ਇਸਦੇ ਗੁਆਂਢੀ ਕਸਬਿਆਂ ਉਇਸਿਓਂਗ ਅਤੇ ਸੈਨਸੇਓਂਗ ਅਤੇ ਉਲਸਾਨ ਸ਼ਹਿਰ ਵਿੱਚ 5,500 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਖੇਤਰ ਅੱਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਦੱਖਣੀ ਕੋਰੀਆ ਦੇ ਜੰਗਲਾਂ ’ਚ ਅੱਗ ਦੀ ਚਪੇਟ ‘ਚ ਆਏ 18 ਲੋਕ Read More »

ਭਾਰਤ ’ਚ ਸੁਰੱਖਿਅਤ ਨਹੀਂ ਘੱਟ ਗਿਣਤੀ ਭਾਈਚਾਰਾ

ਨਵੀਂ ਦਿੱਲੀ, 26 ਮਾਰਚ – ਭਾਰਤ ’ਤੇ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਅਤਿਆਚਾਰ ਦਾ ਦੋਸ਼ ਲਗਾਉਂਦੇ ਹੋਏ ਅਮਰੀਕੀ ਅੰਤਰਰਾਸ਼ਟਰੀ ਧਾਰਮਕ ਆਜ਼ਾਦੀ ਕਮਿਸ਼ਨ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਭਾਰਤ ਦੀ ਵਿਦੇਸ਼ੀ ਖੁਫ਼ੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ’ਤੇ ਅਮਰੀਕਾ ਵਿੱਚ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਦੋਸ਼ ਲਾਇਆ ਕਿ ਗਰਮਖ਼ਿਆਲੀਆਂ ਦੇ ਕਤਲ ਵਿੱਚ ਰਾਅ ਦੀ ਭੂਮਿਕਾ ਹੈ। ਅਮਰੀਕੀ ਕਮਿਸ਼ਨ ਦੀ ਰਿਪੋਰਟ ’ਚ ਭਾਰਤ ਵਿੱਚ ਧਾਰਮਕ ਆਜ਼ਾਦੀ ਬਾਰੇ ਸਵਾਲ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 2024 ਵਿੱਚ ਭਾਰਤ ਵਿੱਚ ਧਾਰਮਕ ਘੱਟ ਗਿਣਤੀਆਂ ਵਿਰੁੱਧ ਹਮਲੇ ਅਤੇ ਵਿਤਕਰੇ ਵਧੇ ਹਨ। ਰਿਪੋਰਟ ਵਿੱਚ ਇਸ ਗੱਲ ਦਾ ਵੀ ਦੋਸ਼ ਲਾਇਆ ਗਿਆਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਸਾਲ ਦੀਆਂ ਚੋਣਾਂ ’ਚ ਮੁਸਲਮਾਨਾਂ ਅਤੇ ਹੋਰ ਧਾਰਮਕ ਘੱਟ ਗਿਣਤੀਆਂ ਵਿਰੁੱਧ ਨਫ਼ਰਤੀ ਬਿਆਨਬਾਜ਼ੀ ਕੀਤੀ ਅਤੇ ਅਫ਼ਵਾਹਾਂ ਫੈਲਾਈਆਂ। ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਨੂੰ ਧਾਰਮਕ ਆਜ਼ਾਦੀ ਦੀ ਰੱਖਿਆ ਕਰਨ ਅਤੇ ਧਾਰਮਕ ਸ਼ੋਸ਼ਣ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ। ਕਮਿਸ਼ਨ ਨੇ ਖ਼ਾਸ ਤੌਰ ’ਤੇ ਭਾਰਤੀ ਨਾਗਰਿਕਤਾ ਕਾਨੂੰਨ ’ਤੇ ਵੀ ਸਵਾਲ ਉਠਾਏ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਬੁਨਿਆਦੀ ਤੌਰ ’ਤੇ ਪੱਖਪਾਤੀ ਦੱਸਿਆ ਹੈ। ਇਸ ਤੋਂ ਇਲਾਵਾ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦੀ ਵੀ ਆਲੋਚਨਾ ਕੀਤੀ ਗਈ। ਭਾਰਤ ਸਿੱਖ ਵੱਖਵਾਦੀਆਂ ਨੂੰ ਸੁਰੱਖਿਆ ਲਈ ਖ਼ਤਰਾ ਮੰਨਦਾ ਹੈ ਅਤੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਦਾ ਹੈ। ਮੰਗਲਵਾਰ ਨੂੰ ਜਾਰੀ ਇੱਕ ਰਿਪੋਰਟ ਵਿੱਚ, ਅਮਰੀਕੀ ਕਮਿਸ਼ਨ ਨੇ ਕਿਹਾ, ‘‘2024 ਤੋਂ ਭਾਰਤ ਵਿੱਚ ਧਾਰਮਕ ਆਜ਼ਾਦੀ ਦੀ ਸਥਿਤੀ ਹੋਰ ਵਿਗੜਦੀ ਜਾ ਰਹੀ ਹੈ ਕਿਉਂਕਿ ਧਾਰਮਕ ਘੱਟ ਗਿਣਤੀਆਂ ਵਿਰੁੱਧ ਹਮਲੇ ਅਤੇ ਵਿਤਕਰੇ ਵੱਧ ਰਹੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2023 ਤੋਂ ਭਾਰਤ ਵਿੱਚ ਸਿੱਖ ਵੱਖਵਾਦੀਆਂ ਵਿਰੁੱਧ ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤ ਦੀਆਂ ਕਥਿਤ ਕਾਰਵਾਈਆਂ ਨੇ ਦੁਵੱਲੇ ਸਬੰਧਾਂ ਵਿੱਚ ਇੱਕ ਨਵਾਂ ਤਣਾਅ ਪੈਦਾ ਕਰ ਦਿੱਤਾ ਹੈ। ਅਮਰੀਕਾ ਨੇ ਭਾਰਤੀ ਖੁਫ਼ੀਆ ਅਧਿਕਾਰੀ ਵਿਕਾਸ ਯਾਦਵ ਵਿਰੁਧ ਇੱਕ ਅਸਫ਼ਲ ਸਾਜ਼ਿਸ਼ ਨੂੰ ਲੈ ਕੇ ਦੋਸ਼ ਲਗਾਏ ਹਨ, ਜਿਦੋਂ ਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਭਾਰਤ ’ਚ ਘੱਟ ਗਿਣਤੀਆਂ ਸੁਰੱਖਿਅਤ ਹਨ : ਰਿਜੀਜੂ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਹਨ ਅਤੇ ਇਸ ਦੇ ਉਲਟ ਝੂਠੇ ਦਾਅਵਿਆਂ ਦਾ ਖੰਡਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਰਾਸ਼ਟਰ ਨਿਰਮਾਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੇ ਰਹਿਣਗੇ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ (ਐਨਸੀਐਮ) ਦੁਆਰਾ ਆਯੋਜਿਤ ਰਾਜ ਘੱਟ ਗਿਣਤੀ ਕਮਿਸ਼ਨਾਂ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ, ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਭਾਰਤ ਨੂੰ ਵਿਕਸਤ ਭਾਰਤ ਬਣਾਉਣ ਦਾ ਸੱਦਾ ਦਿੱਤਾ ਹੈ।

ਭਾਰਤ ’ਚ ਸੁਰੱਖਿਅਤ ਨਹੀਂ ਘੱਟ ਗਿਣਤੀ ਭਾਈਚਾਰਾ Read More »

ਨੈਨੀ ਝੀਲ ਸੁੱਕ ਚੱਲੀ!

ਨੈਨੀਤਾਲ ਦੀ ਨੈਨੀ ਝੀਲ ਉੱਤਰਾਖੰਡ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਹੈ। ਇਹ ਨੈਨੀਤਾਲ ਸ਼ਹਿਰ ਦੇ ਵਿਚਕਾਰ ਸਥਿਤ ਹੈ ਤੇ ਅਦਭੁੱਤ ਕੁਦਰਤੀ ਸੁੰਦਰਤਾ ਦੇ ਕਾਰਨ ਦੁਨੀਆ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀ ਆਈ ਹੈ। ਮਿੱਠੇ ਪਾਣੀ ਦੀ ਇਹ ਝੀਲ ਹਰੀਆਂ-ਭਰੀਆਂ ਪਹਾੜੀਆਂ ਨਾਲ ਘਿਰੀ ਹੋਈ ਹੈ। ਇਸ ਦਾ ਆਕਾਰ ਅੱਧੇ ਚੰਨ ਵਰਗਾ ਹੈ ਅਤੇ ਇਹ ਲਗਭਗ ਡੇਢ ਕਿੱਲੋਮੀਟਰ ਲੰਮੀ, 500 ਮੀਟਰ ਚੌੜੀ ਤੇ 27 ਮੀਟਰ ਡੂੰਘੀ ਹੈ। ਗਰਮੀਆਂ ਵਿੱਚ ਸੈਲਾਨੀ ਇੱਥੇ ਵੱਡੀ ਗਿਣਤੀ ’ਚ ਪੁੱਜਦੇ ਹਨ। ਇਸ ਵਾਰ ਗਰਮੀਆਂ ਤੋਂ ਪਹਿਲਾਂ ਝੀਲ ਬਾਰੇ ਆਈ ਇਸ ਖਬਰ ਨੇ ਕੁਦਰਤ ਪ੍ਰੇਮੀਆਂ ਦਾ ਦਿਲ ਦੁਖਾਇਆ ਹੈ ਕਿ ਇਸ ਦਾ ਜਲ-ਪੱਧਰ ਪੰਜ ਸਾਲ ਦੇ ਸਭ ਤੋਂ ਹੇਠਲੇ ਪੱਧਰ ਯਾਨਿ ਕਿ 4.7 ਫੁੱਟ ਤੱਕ ਡਿੱਗ ਗਿਆ ਹੈ। 2020 ਵਿੱਚ ਇਹ 6 ਫੁੱਟ 10 ਇੰਚ, 2021 ਵਿੱਚ 5 ਫੁੱਟ 4 ਇੰਚ, 2022 ਵਿੱਚ 7 ਫੁੱਟ 9 ਇੰਚ, 2023 ਵਿੱਚ 4 ਫੁੱਟ 8 ਇੰਚ, 2024 ਵਿੱਚ 4 ਫੁੱਟ 9 ਇੰਚ ਸੀ। ਘੱਟ ਮੀਂਹ ਤੇ ਘੱਟ ਬਰਫਬਾਰੀ ਕਾਰਨ ਝੀਲ ਦੀ ਹੋਂਦ ਨੂੰ ਖਤਰਾ ਵਧਦਾ ਜਾ ਰਿਹਾ ਹੈ। ਅਜੇ ਤਾਂ ਗਰਮੀਆਂ ਸ਼ੁਰੂ ਹੀ ਹੋਈਆਂ ਹਨ, ਭਰ ਗਰਮੀਆਂ ਵਿੱਚ ਇਸ ਦੀ ਹੋਣ ਵਾਲੀ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਿਛਲੇ ਸਾਲ ਮਾਨਸੂਨ ਦੌਰਾਨ ਝੀਲ ਦਾ ਪੱਧਰ 12 ਫੁੱਟ ਤੱਕ ਪੁੱਜ ਗਿਆ ਸੀ ਤੇ ਪਾਣੀ ਦੀ ਨਿਕਾਸੀ ਕਰਨੀ ਪਈ ਸੀ, ਪਰ ਇਸ ਸਾਲ ਬਹੁਤ ਘੱਟ ਮੀਂਹ ਤੇ ਬਰਫਬਾਰੀ ਨੇ ਝੀਲ ਨੂੰ ਸੁੱਕਣ ਕੰਢੇ ਪਹੁੰਚਾ ਦਿੱਤਾ ਹੈ। ਇਸ ਵਾਰ ਨੈਨੀਤਾਲ ਵਿੱਚ ਸਰਦੀਆਂ ਵਿੱਚ ਸਿਰਫ 9 ਦਸੰਬਰ ਤੇ 12 ਜਨਵਰੀ ਨੂੰ ਹੀ ਬਰਫ ਦੇਖਣ ਨੂੰ ਮਿਲੀ, ਜੋ ਕਿ ਝੀਲ ਦੇ ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਲਈ ਕਾਫੀ ਨਹੀਂ ਸੀ। ਆਮ ਤੌਰ ’ਤੇ ਜਨਵਰੀ ਤੇ ਫਰਵਰੀ ਵਿੱਚ ਝੀਲ ਦੇ ਪਾਣੀ ਦਾ ਪੱਧਰ 5 ਫੁੱਟ ਤੋਂ ਉੱਪਰ ਰਹਿੰਦਾ ਹੈ, ਪਰ ਇਸ ਵਾਰ ਇਹ 4.7 ਫੁੱਟ ਤੱਕ ਡਿੱਗ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਪਾਣੀ ਦਾ ਪੱਧਰ ਇਸੇ ਰਫਤਾਰ ਨਾਲ ਡਿੱਗਦਾ ਰਿਹਾ ਤਾਂ ਮਈ-ਜੂਨ ਤੋਂ ਪਹਿਲਾਂ ਹੀ ਝੀਲ ਪੂਰੀ ਤਰ੍ਹਾਂ ਸੁੱਕ ਸਕਦੀ ਹੈ। ਉੱਘੇ ਪਰਿਆਵਰਣਵਾਦੀ ਯਸ਼ਪਾਲ ਮੁਤਾਬਕ ਇਸ ਸਥਿਤੀ ਲਈ ਸਿਰਫ ਮੀਂਹ ਦੀ ਕਮੀ ਹੀ ਜ਼ਿੰਮੇਵਾਰ ਨਹੀਂ, ਸਗੋਂ ਝੀਲ ਦੇ ਜਲਗ੍ਰਹਿਣ ਖੇਤਰ ਵਿੱਚ ਵਧ ਰਹੀਆਂ ਨਾਜਾਇਜ਼ ਉਸਾਰੀਆਂ, ਜੰਗਲਾਂ ਦੀ ਕਟਾਈ ਤੇ ਕੁਦਰਤੀ ਜਲ-ਭੰਡਾਰ ਖੇਤਰਾਂ ਦਾ ਕੰਕਰੀਟੀਕਰਨ ਇਸ ਦੇ ਵੱਡੇ ਕਾਰਨ ਹਨ। ਇਸ ਤੋਂ ਇਲਾਵਾ ਬਲੂਤ ਦੇ ਦਰੱਖਤਾਂ ਦੀ ਅੰਨੇ੍ਹਵਾਹ ਕਟਾਈ ਵੀ ਇੱਕ ਕਾਰਨ ਹੈ। ਬਲੂਤ ਦਾ ਦਰੱਖਤ ਪਾਣੀ ਨੂੰ ਜਜ਼ਬ ਕਰਨ ਲਈ ਜਾਣਿਆ ਜਾਂਦਾ ਹੈ। ਨੈਨੀ ਝੀਲ ਨੈਨੀਤਾਲ ਦੀ ਜੀਵਨ ਰੇਖਾ ਹੈ। ਇਹ ਪੀਣ ਵਾਲਾ ਪਾਣੀ ਤਾਂ ਮੁਹੱਈਆ ਕਰਾਉਦੀ ਹੀ ਹੈ, ਸ਼ਹਿਰ ਦੇ ਹੋਟਲ ਵੀ ਇੱਥੇ ਆਉਣ ਵਾਲੇ ਸੈਲਾਨੀਆਂ ਦੇ ਆਸਰੇ ਚਲਦੇ ਹਨ। ਪਾਣੀ ਦੀ ਕਮੀ ਕਾਰਨ ਜੇ ਸੈਲਾਨੀਆਂ ਨੂੰ ਪੀਣ ਤੇ ਨਹਾਉਣ ਲਈ ਪਾਣੀ ਨਾ ਮਿਲਿਆ ਤਾਂ ਉਹ ਇੱਥੇ ਕਿਉ ਆਉਣਗੇ। ਪ੍ਰਸ਼ਾਸਨ ਕਹਿ ਰਿਹਾ ਹੈ ਕਿ ਉਹ ਝੀਲ ਵਿੱਚ ਪਾਣੀ ਲਿਆਉਣ ਦੇ ਜਤਨ ਕਰ ਰਿਹਾ ਹੈ, ਪਰ ਲਗਦਾ ਨਹੀਂ ਕਿ ਉਹ ਕੁਝ ਖਾਸ ਕਰ ਸਕੇਗਾ।

ਨੈਨੀ ਝੀਲ ਸੁੱਕ ਚੱਲੀ! Read More »

ਬੁੱਧ ਬਾਣ/ਸਾਡੀ ਰੀਸ ਕੌਣ ਕਰ ਲਊ/ਬੁੱਧ ਸਿੰਘ ਨੀਲੋਂ

  ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਫ਼ੁਕਰੇ ਗੀਤਕਾਰਾਂ ਤੇ ਗਾਇਕਾਂ ਨੇ ਪੰਜਾਬ ਦੀ ਉਹ ਤਸਵੀਰ ਪੇਸ਼ ਕੀਤੀ ਜਿਹੜੀ ਹੈ ਹੀ ਨਹੀਂ ਸੀ। ਪੰਜਾਬ ਦੀ ਮੁੰਡੀਰ ਉਹਨਾਂ ਦੇ ਮਗਰ ਲੱਗੀ ਰਹੀ। ਅਸੀਂ ਉਹਨਾਂ ਗਾਇਕਾਂ ਨੂੰ ਆਪਣੇ ਧੀਆਂ ਪੁੱਤਰਾਂ ਤੇ ਸੱਭਿਆਚਾਰਕ ਮੇਲਿਆਂ ਉੱਤੇ ਲੱਖਾਂ ਰੁਪਏ ਦੇ ਕੇ ਸਨਮਾਨਿਤ ਕਰਦੇ ਰਹੇ। 1990 ਤੋਂ ਬਾਅਦ ਤਾਂ ਸਟੇਟ ਨੇ ਇਸ ਲੱਚਰ ਗਾਇਕੀ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮ ਵਿੱਡੀ। ਥਾਂ ਥਾਂ ਉੱਤੇ ਸੱਭਿਆਚਾਰ ਦੇ ਨਾਂਅ ਉੱਤੇ ਗੰਦ ਪਾਇਆ ਗਿਆ। ਇਸ ਅਖੌਤੀ ਪੰਜਾਬੀ ਸੱਭਿਆਚਾਰ ਦੀ ਸੇਵਾ ਦੇ ਨਾਮ ਹੇਠ ਬਹੁਤੇ ਖੱਟੀਆਂ ਖੱਟ ਗਏ। ਪੰਜਾਬ ਦੇ ਲੋਕਾਂ ਦੇ ਇਹੋ ਜਿਹੇ ਫੁਕਰੇ ਨਾਇਕ ਬਣ ਗਏ। ਜਿਹਨਾਂ ਨੂੰ ਇਸ ਸਾਜ਼ਿਸ਼ ਦਾ ਪਤਾ ਸੀ, ਉਹ ਚੁੱਪ ਕਰਕੇ ਤਮਾਸ਼ਾ ਤੱਕਦੇ ਰਹੇ। ਹੁਣ ਵੀ ਬਹੁਤੇ ਪੰਜਾਬੀ ਤਮਾਸ਼ਬੀਨ ਬਣੇ ਹੋਏ ਹਨ। ਕੁੱਝ ਆਗੂਆਂ ਨੇ ਇਹ ਤਮਾਸ਼ਾ ਕਰਕੇ ਦੋਂਵੇਂ ਪਾਸਿਓਂ ਮੋਂਟੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਪਿਛਲੇ ਦਿਨੀਂ ਜੋ ਕੁੱਝ ਵਾਪਰਿਆ ਹੈ ਤੇ ਭਵਿੱਖ ਵਿੱਚ ਹੋਰ ਭਿਆਨਕ ਵਾਪਰਨਾ ਹੈ, ਇਸ ਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ। ਪੰਜਾਬ ਦੇ ਲੋਕਾਂ ਨੂੰ ਪਹਿਲੇ ਕਿਸਾਨ ਅੰਦੋਲਨ ਦੀਆਂ ਗੱਲਾਂ ਚੇਤੇ ਨਹੀਂ ਰਹੀਆਂ। ਉਹ ਫੇਰ ਇਹਨਾਂ ਮਦਾਰੀਆਂ ਦੇ ਮਗਰ ਲੱਗ ਤੁਰ ਪਏ। ਇਹਨਾਂ ਨੇ ਅਰਦਾਸ ਤੇ ਮਰਜੀਵੜਿਆਂ ਦੇ ਇਤਿਹਾਸ ਨੂੰ ਕਲੰਕਿਤ ਕਰਨਾ ਸ਼ੁਰੂ ਕੀਤਾ। ਦੂਜੇ ਨੇ ਮਰਨ ਵਰਤ ਸ਼ੁਰੂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ। ਮੀਡੀਆ ਦਿਨ ਗਿਣਦਾ ਰਿਹਾ ਤੇ ਲੋਕਾਂ ਦਾ ਧਿਆਨ ਭਟਾਉਂਦਾ ਰਿਹਾ। ਹੁਣ ਫੇਰ ਇਹ ਡਰਾਮਾ ਜਾਰੀ ਹੈ, ਮਰਜੀਵੜੇ ਦਾ ਪਤਾ ਨਹੀਂ ਉਹ ਕਿੱਥੇ ਹੈ। ਇਸੇ ਕਰਕੇ ਜੈਜ਼ੀ ਬੀ ਗਾਉਂਦਾ ਹੈ। ਸਾਡੀ ਰੀਸ ਕੌਣ ਕਰ ਲਊ। ਹੁਣ ਤਾਂ ਮੰਨਣਾ ਪਵੇਗਾ ਕਿ ਇਹਨਾਂ ਦੀ ਰੀਸ ਕੋਈ ਨਹੀਂ ਕਰ ਸਕਦਾ। ਪੰਜਾਬ ਦੇ ਮਾਣਮੱਤੇ ਵਿਰਸੇ ਅਤੇ ਇਤਿਹਾਸ ਨੂੰ ਕਲੰਕਿਤ ਕਰਨ ਵਾਲੇ ਕੁੱਝ ਕੁ ਲੋਕਾਂ ਨੇ ਸਾਰੇ ਪੰਜਾਬ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਭਾਰਤੀ ਸਟੇਟ ਇਸ ਦਾ ਫਾਇਦਾ ਉਠਾ ਕੇ ਆਪਣੀਆਂ ਚੰਮ ਦੀਆਂ ਚਲਾਈਆਂ ਤੇ ਚਲਾ ਰਹੇ ਹਨ। ਅਸੀਂ ਕੇਵਲ ਗੱਲਾਂ ਬਾਤਾਂ ਕਰਨ ਰਹਿ ਗਏ। ਕੋਈ ਇਹਨਾਂ ਗੱਲਾਂ ਦਾ ਜਵਾਬ ਦਿਓ। ਰੁੱਖਾਂ ਤੇ ਕੁੱਖਾਂ ਦੇ ਕਾਤਲ ਪੰਜਾਬੀ! ਧੀਆਂ ਤੇ ਪੋਤਿਆਂ ਦੇ ਕਾਤਲ ਪੰਜਾਬੀ! ਰਿਸ਼ਤਿਆਂ ਨਾਤਿਆਂ ਦੇ ਕਾਤਲ ਪੰਜਾਬੀ! ਆਪਣੇ ਪੈਰ ਕੁਹਾੜਾ ਮਾਰਨ ਵਾਲੇ ਪੰਜਾਬੀ ! ਕਿਰਤ ਨੂੰ ਪਿੱਠ ਵਿਖਾ ਕੇ ਮੁਫ਼ਤ ਦਾ ਛਕਣ ਵਾਲੇ ਪੰਜਾਬੀ! ਮਰਿਆਂ ਦੀਆਂ ਪੈਨਸ਼ਨਾਂ ਖਾਣ ਵਾਲੇ ਪੰਜਾਬੀ! ਡਰ ਗਿਆਂ ਨੂੰ ਡਰਾਉਣ ਵਾਲੇ ਪੰਜਾਬੀ! ਸੱਤਾ ਦੇ ਇਸ਼ਾਰਿਆਂ ਉਤੇ ਨੱਚਣ ਵਾਲੇ ਪੰਜਾਬੀ! ਅਜੇ ਵੀ ਸੂਰਮੇ ਕਹਾਉਂਦੇ ਆਂ। ਧਰਤੀ ਨੂੰ ਅੱਗਾਂ ਲਾਉਣ ਵਾਲੇ, ਜੀਵ ਜੰਤ ਮਚਾਉਣ ਵਾਲੇ, ਪਾਣੀ ਮੁਕਾਉਣ ਵਾਲੇ ਅਣਖੀ ਯੋਧੇ। ਭਲਾ ਦੱਸ ! ਸਾਡੀ ਰੀਸ ਕੌਣ ਕਰ ਸਕਦਾ ਹੈ? ਅਸੀਂ ਇੱਕ ਵੱਖਰੀ ਕੌਮ ਆਂ। ਨਾ ਤਖ਼ਤ ਤੇ ਨਾ ਤਾਜ, ਬਣੇ ਆ ਮਹਾਰਾਜ। ਸਾਡੀ ਰੀਸ ਕੌਣ ਕਰ ਲਊ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ! ਕਿਉਂ ਕੋਈ ਝੂਠ ਐ ? ਹਰ ਮਨੁੱਖ ਦੀ ਇਹ ਦਿਲੀ ਭਾਵਨਾ ਹੁੰਦੀ ਹੈ ਕਿ ਹੀਰ ਜ਼ਰੂਰ ਜੰਮੇ, ਪਰ ਜੰਮੇ ਕਿਸੇ ਹੋਰ ਦੇ, ਉਹ ਇਸ ਕਰਕੇ ਕਿ ਉਹ ਆਪ ਰਾਂਝਾ ਬਣਕੇ, ਉਸ ਦੇ ਹੱਥਾਂ ਦੀ ਚੂਰੀ ਖਾਵੇ। ਉਸ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਹੀਰ ਦੇ ਬਾਪ ਦੀਆਂ ਮੱਝਾਂ ਕੋਈ ਹੋਰ ਚਾਰੇ, ਪਰ ਬੇਲਿਆਂ ਵਿੱਚ ਬੰਸਰੀ, ਉਹ ਹੀਰ ਦੇ ਪੱਟ ਉੱਤੇ ਸਿਰ ਰੱਖ ਕੇ ਆਪ ਵਜਾਏ। ਮਨੁੱਖ ਦੇ ਅੰਦਰ ਇਛਾਵਾਂ ਤਾਂ ਬਹੁਤ ਹੁੰਦੀਆਂ ਹਨ ਪਰ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਮਨੁੱਖ ਸੋਚਦਾ ਕੁੱਝ ਹੈ ਤੇ ਵਾਪਰਦਾ ਕੁੱਝ ਹੋਰ ਹੈ, ਇਸੇ ਕਰਕੇ ਉਹ ਉਦਾਸ ਹੁੰਦਾ ਹੈ। ਉਦਾਸ ਹੋਇਆ ਮਨੁੱਖ ਆਪਣੀ ਉਦਾਸੀ ਸ਼ਬਦਾਂ ਰਾਹੀਂ ਦੂਰ ਕਰਦਾ ਹੈ। ਉਹ ਆਪਣੀ ਮਹਿਬੂਬ ਦੇ ਨਾਂ ਖ਼ਤ ਲਿਖਦਾ, ਗ਼ਜ਼ਲਾਂ ਲਿਖਦਾ, ਕਵਿਤਾਵਾਂ ਲਿਖਦਾ, ਕਹਾਣੀਆਂ, ਨਾਵਲ ਵਗੈਰਾ…। ਪਰ ਆਮ ਆਦਮੀ ਬੇਚਾਰਾ ਕੀ ਕਰੇ ? ਉਹ ਇੱਕ ਗ਼ਮ ਵਿਚੋਂ ਨਿਕਲਦਾ ਹੈ, ਝੱਟ ਦੂਜੇ ਵਿੱਚ ਫਸ ਪੈਂਦਾ ਹੈ। ਹਰ ‘ਹੀਰ’ ਦਾ ਇੱਕ ‘ਰਾਂਝਾ’ ਹੁੰਦਾ ਹੈ ਤੇ ਹਰ ਰਾਂਝੇ ਦੀ ਇੱਕ ਹੀਰ ਹੁੰਦੀ ਹੈ। ਇਸ਼ਕ ਹਕੀਕੀ ਤੇ ਮਜਾਜ਼ੀ ਹੁੰਦਾ ਹੈ।’ ਇਸ਼ਕ ਹਕੀਕੀ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ। ਬਹੁ-ਗਿਣਤੀ ਤਾਂ ‘ਇਸ਼ਕ ਮਜਾਜ਼ੀ’ ਕਰਦੀ ਹੈ ਪਰ ਗੱਲਾਂ ‘ਇਸ਼ਕ ਹਕੀਕੀ’ ਦੀਆਂ ਕਰਦੀ ਹੈ। ਪਰ ਅੱਜ-ਕੱਲ੍ਹ ਸਾਰਾ ਸੰਸਾਰ ਵਿਗਿਆਨਕ ਤਕਨੀਕ ਦੇ ਰਾਹੀਂ ਪਿੰਡ ਬਣ ਗਿਆ ਹੈ। ਹੁਣ ਤੁਸੀਂ ਆਪਣੇ ਘਰ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਬੇਲੇ ਵਿੱਚ ਬੈਠੀ ਕਿਸੇ ਹੀਰ ਨੂੰ ਤਲਾਸ਼ ਸਕਦੇ ਹੋ ਪਰ ਤੁਹਾਡੇ ਕੋਲ ਤਲਾਸ਼ ਕਰਨ ਦੀ ਜਾਚ ਹੋਣ ਚਾਹੀਦੀ ਹੈ। ਹੁਣ ਤੁਹਾਨੂੰ ਬੰਸਰੀ ਦੀ ਲੋੜ ਨਹੀਂ ਹੈ, ਨਾ ਚੂਰੀ ਦੀ। ਅੱਜ-ਕੱਲ੍ਹ ਤੁਸੀਂ ਬੰਸਰੀ ਨਾਲ ਹੀਰ ਨੂੰ ਨਹੀਂ ਕੀਲ ਸਕਦੇ, ਅੱਜ-ਕੱਲ੍ਹ ਤਾਂ ਮੋਬਾਇਲ ਦੀ ਰਿੰਗ ਟੋਨ ਹੀ ਹੀਰ ਲਈ ਬੰਸਰੀ ਹੈ। ਇਸੇ ਕਰਕੇ ਟੁੱਟਗੀ ਤੜੱਕ ਕਰਕੇ ਦੀਆਂ ਗੱਲਾਂ ਸੱਥਾਂ ਤੋਂ ਅਦਾਲਤਾਂ ਤੱਕ ਪੁਜ ਰਹੀਆਂ ਹਨ। ਵਿਆਹ ਹੁੰਦੇ ਹਨ, ਕੁੱਝ ਸਮਿਆਂ ਬਾਅਦ ਤਲਾਕ। ਚੂਰੀ ਬਣਾਉਣੀ ਤਾਂ ਇਨ੍ਹਾਂ ਹੀਰਾਂ ਨੂੰ ਆਉਂਦੀ ਨਹੀਂ ਤੇ ਨਾ ਹੀ ਅੱਜ-ਕੱਲ੍ਹ ਦੇ ਰਾਂਝੇ ਚੂਰੀ ਖਾਣਾ ਪਸੰਦ ਕਰਦੇ ਹਨ। ਫਾਸਟ-ਫੂਡ ਨੇ ਇਨ੍ਹਾਂ ਚੂਰੀਆਂ ਦੀ ਥਾਂ ਲੈ ਲਈ ਹੈ। ਲੋੜ ਤਾਂ ਹੁਣ ਸ਼ਬਦਾਂ, ਉਤਮ ਸੁਪਨਿਆਂ,ਉਤਮ ਗੱਲਾਂ ਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਰਾਹੀਂ ਆਪਣੀ ਹੀਰ ਦਾ ਢਿੱਡ ਭਰ ਸਕੋ। ਅੱਜ-ਕੱਲ੍ਹ ਦੀਆਂ ਹੀਰਾਂ ਨੂੰ ਭੁੱਖ ਵੀ ਘੱਟ ਲੱਗਦੀ ਹੈ। ਹੁਣ ਦੀਆਂ ਹੀਰਾਂ ਅੰਦਰ ‘ਸੇਕ’ ਕਦੇ ਵੱਧ ਰਿਹਾ ਹੈ, ‘ਕੱਦ’ ਘੱਟ ਰਿਹਾ ਹੈ। ਦੂਜੇ ਪਾਸੇ ਰਾਂਝਿਆਂ ਅੰਦਰ ਲਲਕ ਵੱਧ ਰਹੀ ਹੈ ਤੇ ਤਾਕਤ ਘੱਟ ਰਹੀ ਹੈ। ਇਸੇ ਕਰਕੇ ਹੁਣ ਰਾਂਝੇ ਹੀਰਾਂ ਮਗਰ ਨਹੀਂ, ਬਲਕਿ ਹੀਰਾਂ ਰਾਂਝਿਆਂ ਮਗਰ ਭੱਜਦੀਆਂ ਫਿਰਦੀਆਂ ਹਨ। ਉਨ੍ਹਾਂ ਦੀ ਹਾਲਤ ਉਸ ਮਛੇਰੇ ਵਰਗੀ ਹੁੰਦੀ ਹੈ, ਜਿਸ ਨੂੰ ਸਮੁੰਦਰ ਵਿੱਚ ਫਿਰਦੀਆਂ ਮੱਛੀਆਂ ਤਾਂ ਬਹੁਤ ਦਿਖਦੀਆਂ ਹਨ ਪਰ ਜਾਲ ਵਿਚ ਨਹੀਂ ਫਸਦੀਆਂ। ਇਹ ਫਸਣ ਤੇ ਨਿਕਲਣ ਦਾ ਅਜਿਹਾ ਚੱਕਰ ਹੈ, ਜਿਸ ਵਿੱਚ ਸਾਰੀ ਜ਼ਿੰਦਗੀ ਰਾਂਝੇ ਤੇ ਹੀਰਾਂ ਉਲਝੇ ਰਹਿੰਦੇ ਹਨ। ਉਨ੍ਹਾਂ ਦੀ ਹਾਲਤ ਉਹ ਚੱਕਰਵਿਊ ਵਿੱਚ ਫਸੇ ਮਨੁੱਖ ਵਰਗੀ ਹੁੰਦੀ ਹੈ, ਜਿਹੜਾ ਨਿਕਲਣਾ ਤਾਂ ਬਾਹਰ ਮੈਦਾਨ ਵਿੱਚ ਚਾਹੁੰਦਾ ਹੈ, ਪਰ ਫਸ ਕਿਸੇ ਹੋਰ ਥਾਂ ਜਾਂਦਾ ਹੈ। ਫਸਣਾ-ਨਿਕਲਣਾ ਜ਼ਿੰਦਗੀ ਦਾ ਅਜਿਹਾ ਚੱਕਰ ਹੈ, ਜਿਸ ਦੁਆਲੇ ਸਾਰੀ ਸ੍ਰਿਸ਼ਟੀ ਘੁੰਮਦੀ ਹੈ। ਜਿਵੇਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਬਸ ਉਵੇਂ ਹੀ ਰਾਂਝਾ ਹੀਰ ਦੁਆਲੇ ਤੇ ਹੀਰ ਰਾਂਝੇ ਦੁਆਲੇ ਘੁੰਮਦੀ ਰਹਿੰਦੀ ਹੈ। ਸਮਾਂ ਪੈਣ ਨਾਲ ਥਾਵਾਂ, ਰਾਝੇ ਹੀਰਾਂ ਦੇ ਰੂਪ ਬਦਲ ਜਾਂਦੇ ਹਨ ਪਰ ਉਹ ਭਟਕਣਾ ਵਿੱਚ ਉਵੇਂ ਫਸੇ ਰਹਿੰਦੇ ਹਨ, ਜਿਵੇਂ ਉਨਾ ਦੇ ਪੁਰਖੇ ਫਸੇ ਸੀ। ਕਈ ਵਾਰ ਇਹ ਹੁੰਦਾ ਹੈ ਕਿ ਅਸੀਂ ਘੁੰਮ ਤਾਂ ਸ਼ਹਿਰ ਵਿੱਚ ਇੱਕ ਅਜਿਹੇ ਭੀੜ-ਭੱੜਕੇ ਵਾਲੇ ਬਾਜ਼ਾਰ ਵਿੱਚ ਹੁੰਦੇ ਹਾਂ ਪਰ ਸਾਡਾ ਮਨ ਕਿਸੇ ਦੀ ਤਲਾਸ਼ ਵਿੱਚ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ। ਇਹ ਤਲਾਸ਼ ਹੀ ਹੈ ਜਿਹੜੀ ਹਰ ਮਨੁੱਖ ਨੂੰ ਭਜਾਈ ਫਿਰਦੀ ਹੈ। ਇਸ ਤਲਾਸ਼ ਵਿੱਚ ਮਨੁੱਖ ਇੱਧਰ-ਉਧਰ ਭਟਕਦਾ ਹੈ। ਉਸਨੂੰ ਕਿਧਰੇ ਸਕੂਨ ਨਹੀਂ ਮਿਲਦਾ, ਜੇ ਕਿਤੇ ਠੰਢੀ ਥਾਂ ਹੇਠ ਬਹਿ ਕੇ ਕਿਸੇ ਸੰਗ ‘ਆਈਸ ਕਰੀਮ’ ਖਾ ਲੈਂਦਾ ਹੈ, ਤਾਂ ਉਸ ਅੰਦਰ ਇੱਕ ਤਲਾਸ਼ ਉਭਰ ਆਉਂਦੀ ਹੈ, ਅਸਲ ਵਿੱਚ ਜਿੰਨੀਆਂ ਵੀ ਠੰਢੀਆਂ ਚੀਜ਼ਾਂ ਹੁੰਦੀਆਂ ਹਨ, ਉਨ੍ਹਾਂ ਅੰਦਰ ਗਰਮੀ, ਸੇਕ, ਤਪਸ਼, ਊਰਜਾ ਵਧੇਰੇ ਹੁੰਦੀ ਹੈ। ਕਈ ਵਾਰ ਅਸੀਂ ਗਰਮ ਥਾਂ ਉਤੇ

ਬੁੱਧ ਬਾਣ/ਸਾਡੀ ਰੀਸ ਕੌਣ ਕਰ ਲਊ/ਬੁੱਧ ਸਿੰਘ ਨੀਲੋਂ Read More »

ਘਰਾਂ ਚੋਂ ਕੂੜਾ ਨਾ ਚੁੱਕਣਾ ਕਾਰਪੋਰੇਸ਼ਨ ਦੀ ਲਾਪਰਵਾਹੀ : ਨਾਗਰਿਕ ਚੇਤਨਾ ਮੰਚ ਬਠਿੰਡਾ

ਬਠਿੰਡਾ, 26 ਮਾਰਚ – ਨਾਗਰਿਕ ਚੇਤਨਾ ਮੰਚ ਨੇ ਬਠਿੰਡੇ ਸ਼ਹਿਰ ਦੀਆਂ ਗਲੀਆਂ ਵਿੱਚ ਥਾਂ ਥਾਂ ਜਮਾ ਹੋਏ ਪਏ ਕਚਰੇ ਅਤੇ ਕੂੜੇ ਪ੍ਰਤੀ ਅਵੇਸਲੀ ਹੋਈ ਨਗਰ ਕਾਰਪੋਰੇਸ਼ਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਦੇ ਮਾੜੇ ਅਸਰਾਂ ਤੋਂ ਬਚਾਇਆ ਜਾ ਸਕੇ l ਲੋਕਾਂ ਨੇ ਆਨਲਾਈਨ ਪੋਰਟਲ ਤੇ ਵੀ ਸ਼ਿਕਾਇਤ ਦਰਜ ਕਰਾਈ ਹੈ। ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਕੂੜਾ ਚੁੱਕਣ ਵਾਲੇ ਕਈ ਟਿੱਪਰ ਖਰਾਬ ਖੜੇ ਹਨ ਤੇ ਲੋਕ ਆਪਣੇ ਘਰਾਂ ਦਾ ਕੂੜਾ ਖਾਲੀ ਪਲਾਟਾਂ ਵਿੱਚ ਸੁੱਟਣ ਲਈ ਮਜਬੂਰ ਹੋ ਰਹੇ ਹਨ।ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਮਿਉਂਸਪਲ ਕੂੜਾ ਸ਼ਹਿਰ ਦੀਆਂ ਜ਼ਿਆਦਾਤਰ ਬਸਤੀਆਂ,ਇੱਥੋਂ ਤੱਕ ਕਿ ਪੌਸ਼ ਏਰੀਆ ਵਿੱਚ ਵੀ ਖਾਲੀ ਪਲਾਟਾਂ ਤੇ ਗਲੀਆਂ ਚ ਭਰਿਆ ਹੋਇਆ ਹੈ, ਗ਼ਰੀਨ ਸਿਟੀ ਨੂੰ ਜਾਂਦੀ ਰੋਡ ਤੇ ਤਾਂ ਬੇਹਦ ਕੂੜੇ ਦੇ ਖਤਰਨਾਕ ਢੇਰ ਲੱਗੇ ਹੋਏ ਹਨ। ਗ਼ਰੀਨ ਸਿਟੀ ਨਿਵਾਸੀ ਡਾ,ਗੁਰਮੇਲ ਸਿੰਘ ਸ਼ੇਰਗਿੱਲ ਨੇ ਫੋਟੋ ਭੇਜੀਆਂ ਹਨ,ਜੋ ਬਹੁਤ ਖਤਰਨਾਕ ਹਨ l ਇਸ ਨਾਲ ਮਨੁੱਖੀ ਸਿਹਤ ‘ਤੇ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਹੈ l ਹਵਾ ਅਤੇ ਪਾਣੀ ਦੂਸ਼ਿਤ ਹੋ ਰਹੇ ਹਨ,ਬਦਬੂ ਫੈਲ ਰਹੀ ਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ l ਇਹ ਕੀੜੇ-ਮਕੌੜਿਆਂ ਤੇ ਮੱਖੀ ਮੱਛਰਾਂ ਨੂੰ ਆਕਰਸ਼ਿਤ ਕਰਦਾ ਹੈ l ਅਵਾਰਾ ਕੁੱਤੇ ਅਤੇ ਡੰਗਰ ਕੂੜੇ ਨੂੰ ਖਲਾਰ ਦਿੰਦੇ ਹਨ ਅਤੇ ਇਹ ਲੋਕਾਂ ਦੇ ਪੈਰਾਂ ਤੇ ਵਹੀਕਲਾਂ ਨਾਲ ਚਿਪਕ ਕੇ ਦੂਰ ਤੱਕ ਖਿੰਡ ਰਿਹਾ ਹੈ l ਬੀਬੀ ਵਾਲਾ ਰੋਡ ਗਲੀ ਨੰਬਰ ਤਿੰਨ ਦੇ ਪਾਰਕ ਨੰਬਰ 39 ਦੇ ਨੇੜਲੇ ਵਸਨੀਕਾਂ ਦਾ ਕਹਿਣਾ ਹੈ ਕਿ ਪਾਰਕ ਦੇ ਨੇੜਲੇ ਕੂੜੇ ਦੇ ਢੇਰ ਕੋਲ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਰੇੜੀਆਂ ਲਾਗੇ ਖੜਦੀਆਂ ਹੋਣ ਕਰਕੇ ਕਈ ਜ਼ਹਿਰੀਲੇ ਰਸਾਇਣਾਂ ਦੇ ਜੋਖਮਾਂ ਨੂੰ ਸਿਰਜ ਸਕਦਾ ਹੈ l ਡਾਇਰੀਆ,ਪੀਲੀਆ,ਪੇਚਿਸ,ਟਾਈਫਾਈਡ ਆਦਿ ਬਿਮਾਰੀਆਂ ਨਾਲ ਪੀੜਿਤ ਕਈ ਵਿਅਕਤੀ ਡਾਕਟਰਾਂ ਕੋਲ ਜਾਣ ਲਈ ਮਜਬੂਰ ਹਨ l ਕੂੜੇ ਵਾਲੇ ਖੇਤਰਾਂ ਵਿਚ ਰਹਿਣਾ ਮਾਨਸਿਕ ਤਣਾਅ ਕਾਰਨ ਬਣਿਆ ਹੋਇਆ ਹੈ l ਲੋਕ ਪਾਰਕਾਂ ਦੀ ਇਸ ਕੂੜੇ ਕਾਰਨ ਦੂਸ਼ਿਤ ਹੋਈ ਹਵਾ ਵਿੱਚ ਸੈਰ ਕਰਨ ਤੋਂ ਕਤਰਾਉਣ ਲੱਗੇ ਹਨ l ਕੂੜੇ ਦੇ ਨਿਪਟਾਰੇ ਨੂੰ ਯਕੀਨੀ ਬਣਾਉਣਾ ਮਿਊਸਪਲ ਕਾਰਪੋਰੇਸ਼ਨ ਦੀ ਡਿਊਟੀ ਹੈ ਕਿਉਂਕਿ ਲੋਕ ਤੋਂ ਲਗਾਤਾਰ ਕੂੜਾ ਇਕੱਠਾ ਕਰਨ ਦੇ ਬਿੱਲ ਉਗਰਾਹੇ ਜਾਂਦੇ ਹਨ l ਮਿਉਂਸਪਲ ਕੌਂਸਲਰ ਤੇ ਡਿਪਟੀ ਮੇਅਰਾਂ ਦੇ ਘਰਾਂ ਤੋਂ ਕੂੜਾ ਤਾਂ ਕਾਰਪੋਰੇਸ਼ਨ ਦੀਆਂ ਗੱਡੀਆਂ ਲੈ ਜਾਂਦੀਆਂ ਹਨ,ਪਰ ਬਾਕੀ ਲੋਕਾਂ ਵੱਲ ਅਵੇਸਲਾਪਣ ਜਾਰੀ ਹੈ।

ਘਰਾਂ ਚੋਂ ਕੂੜਾ ਨਾ ਚੁੱਕਣਾ ਕਾਰਪੋਰੇਸ਼ਨ ਦੀ ਲਾਪਰਵਾਹੀ : ਨਾਗਰਿਕ ਚੇਤਨਾ ਮੰਚ ਬਠਿੰਡਾ Read More »