
ਬਠਿੰਡਾ, 4 ਅਪ੍ਰੈਲ – ਬਰਖ਼ਾਸਤ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਮੁੜ ਬਠਿੰਡਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਅਦਾਲਤ ਨੇ ਪੁਲਿਸ ਨੂੰ ਮਹਿਲਾ ਦਾ ਮੁੜ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਇਸ ਦੇ ਨਾਲ ਹੀ ਮਹਿਲਾ ਦੇ ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਜਲਦੀ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰੇਗੀ। ਪੁਲਿਸ ਵਲੋਂ ਮਹਿਲਾ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਐਂਟੀ ਨਾਰਕੋਟਿਕ ਟਾਸਕ ਫ਼ੋਰਸ (ANTF) ਨੇ ਮਾਨਸਾ ਪੁਲਿਸ ਲਾਈਨ ‘ਚ ਤਾਇਨਾਤ ਇਕ ਬਰਖ਼ਾਸਤ ਮਹਿਲਾ ਪੁਲਿਸ ਕਾਂਸਟੇਬਲ ਨੂੰ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਬਰਖ਼ਾਸਤ ਮਹਿਲਾ ਕਾਂਸਟੇਬਲ ਦੀ ਪਹਿਚਾਣ ਅਮਨਦੀਪ ਕੌਰ, ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਪੁਲਿਸ ਨੇ ਬੀਤੇ ਦਿਨ ਸਖ਼ਤ ਕਾਰਵਾਈ ਕਰਦਿਆਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨਸ਼ਿਆਂ ਸਬੰਧੀ ਕੇਸ ’ਚ ਸ਼ਾਮਲ ਹੋਣ ਕਾਰਨ ਬਰਖ਼ਾਸਤ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਉਕਤ ਬਰਖ਼ਾਸਤ ਮਹਿਲਾ ਕਾਂਸਟੇਬਲ ਇੰਸਟਾਗ੍ਰਾਮ ‘ਤੇ ਵੀ ਬਹੁਤ ਮਸ਼ਹੂਰ ਹੈ, ਉਸ ਦੀਆਂ ਨਿੱਤ ਨਵੀਆਂ-ਨਵੀਆਂ ਰੀਲਾਂ ਇੰਸਟਾਗ੍ਰਾਮ ਉੱਤੇ ਦੇਖਣ ਨੂੰ ਮਿਲਦੀਆਂ ਹਨ।