February 25, 2025

ਕਲਾ ਦੀ ਬੇਕਦਰੀ

ਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੜਕ ਚੌੜੀ ਕਰਨ ਅਤੇ ਪਾਰਕਿੰਗ ਦੇ ਵਿਸਤਾਰ ਲਈ ਰੌਕ ਗਾਰਡਨ ਦੀ ਕੰਧ ਦੇ ਇੱਕ ਹਿੱਸੇ ਨੂੰ ਤੋੜਨ ਲਈ ਦਿੱਤਾ ਆਦੇਸ਼, ਬੁਨਿਆਦੀ ਉਸਾਰੀ ਅਤੇ ਵਿਰਾਸਤੀ ਸਾਂਭ-ਸੰਭਾਲ ’ਚ ਸੰਤੁਲਨ ਬਣਾਈ ਰੱਖਣ ਦੀ ਜ਼ਰੂਰਤ ਬਾਰੇ ਗੰਭੀਰ ਖ਼ਦਸ਼ੇ ਖੜ੍ਹੇ ਕਰਦਾ ਹੈ। ਯੂਟੀ ਪ੍ਰਸ਼ਾਸਨ ਦੇ ਫ਼ੈਸਲੇ ’ਤੇ ਕੀਤੇ ਅਮਲ ਨੇ ਨਾ ਕੇਵਲ ਨੇਕ ਚੰਦ ਦੀ ਕਲਾਤਮਕ ਵਿਰਾਸਤ ਦੇ ਇੱਕ ਹਿੱਸੇ ਨੂੰ ਮਿਟਾ ਦਿੱਤਾ ਹੈ ਬਲਕਿ ਤਕਲੀਫ਼ਦੇਹ ਮਿਸਾਲ ਵੀ ਕਾਇਮ ਕੀਤੀ ਹੈ ਕਿ ਭਾਰਤ ‘ਵਿਕਾਸ’ ਦੇ ਨਾਂ ਉੱਤੇ ਕਿਵੇਂ ਆਪਣੀ ਸੱਭਿਆਚਾਰਕ ਤੇ ਵਣ ਵਿਰਾਸਤ ਨੂੰ ਵਰਤ ਰਿਹਾ ਹੈ। ਦਹਾਕਿਆਂ ਤੱਕ ਰੌਕ ਗਾਰਡਨ ਮਨੁੱਖੀ ਲਿਆਕਤ, ਕਚਰੇ ਨੂੰ ਕਰਾਮਾਤੀ ਦਿੱਖ ਦੇਣ ਦੇ ਉੱਦਮਾਂ ਦਾ ਗਵਾਹ ਰਿਹਾ ਹੈ; ਹਾਲਾਂਕਿ ਇਸ ਨੂੰ ਵਿਅੰਗਪੂਰਨ ਬੇਇਨਸਾਫ਼ੀ ਵਜੋਂ ਹੀ ਬਿਆਨਿਆ ਜਾ ਸਕਦਾ ਹੈ ਕਿ ਇਸ ਕਲਾਤਮਕ ਤੇ ਮੁੱਲਵਾਨ ਰਚਨਾ ਦੇ ਇੱਕ ਹਿੱਸੇ ਨੂੰ ਲੁੱਕ ਪਾਉਣ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਵਰਤੋਂ ਲਈ ਢਾਹਿਆ ਜਾ ਰਿਹਾ ਹੈ। ਇਹ ਦਾਅਵਾ ਕਿ ਢਾਹੀ ਗਈ ਕੰਧ ਨੇਕ ਚੰਦ ਵੱਲੋਂ ਸਿਰਜੇ ਅਸਲ ਢਾਂਚੇ ਦਾ ਹਿੱਸਾ ਨਹੀਂ ਸੀ, ਦੇ ਨਾਲ ਇਹ ਭੰਨ੍ਹ-ਤੋੜ ਸਹੀ ਨਹੀਂ ਹੋ ਜਾਂਦੀ। ਕਿਸੇ ਥਾਂ ਦਾ ਮਹੱਤਵ ਮਹਿਜ਼ ਇਸ ਦੀ ਯੋਜਨਾਬੰਦੀ ਦੇ ਖ਼ਾਕੇ ਨਾਲ ਜੁਡਿ਼ਆ ਨਹੀਂ ਹੁੰਦਾ, ਬਲਕਿ ਲੋਕ ਇਸ ਨਾਲ ਸੱਭਿਆਚਾਰਕ ਤੇ ਭਾਵਨਾਤਮਕ ਤੌਰ ’ਤੇ ਕਿੰਨਾ ਜੁੜੇ ਹੋਏ ਹਨ, ਇਹ ਅਹਿਮੀਅਤ ਰੱਖਦਾ ਹੈ। ਰੌਕ ਗਾਰਡਨ ਵਰਗੀ ਵਿਰਾਸਤ ਨਾਲ ਸ਼ਹਿਰ ਦੇ ਹੀ ਨਹੀਂ ਬਲਕਿ ਪੂਰੇ ਖੇਤਰ ਦੇ ਲੋਕ ਭਾਵਨਾਤਮਕ ਤੌਰ ’ਤੇ ਡੂੰਘੇ ਜੁੜੇ ਹੋਏ ਹਨ। ਇਹ ਸ਼ਹਿਰ ਦੀ ਸਥਾਪਨਾ ਤੋਂ ਬਾਅਦ ਦਹਾਕਿਆਂ ਬੱਧੀ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਰਿਹਾ ਹੈ। ਇਸ ਤਰ੍ਹਾਂ ਦੀ ਕਾਰਵਾਈ ਨਾਲ ਸ਼ਹਿਰ ਵਾਸੀਆਂ ਨੂੰ ਠੇਸ ਪਹੁੰਚਣੀ ਸੁਭਾਵਿਕ ਹੈ। ਕੰਧ ਢਾਹੁਣ ਲਈ ਦਿੱਤਾ ਜਾ ਰਿਹਾ ਤਰਕ ਕਈ ਪੱਧਰਾਂ ’ਤੇ ਦੋਸ਼ਪੂਰਨ ਹੈ। ਪਹਿਲਾ, ਹਾਈ ਕੋਰਟ ਦੇ ਆਲੇ-ਦੁਆਲੇ ਟਰੈਫਿਕ ਜਾਮ ਜ਼ਿਆਦਾਤਰ ਮਾੜੇ ਇੰਤਜ਼ਾਮਾਂ ਕਰ ਕੇ ਲੱਗਦੇ ਹਨ, ਨਾ ਕਿ ਰੌਕ ਗਾਰਡਨ ਦੀ ਮੌਜੂਦਗੀ ਕਰ ਕੇ। ਹੰਢਣਸਾਰ ਬਦਲਾਂ, ਜਿਵੇਂ ਬਿਹਤਰ ਜਨਤਕ ਟਰਾਂਸਪੋਰਟ ਤੇ ਸ਼ਟਲ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਾਈ ਕੋਰਟ ਵੱਲੋਂ ਕੇਸ ਸੂਚੀਆਂ ਦਾ ਢਾਂਚਾਗਤ ਨਵੀਨੀਕਰਨ ਰੋਜ਼ਾਨਾ ਅਦਾਲਤ ਆਉਣ ਵਾਲਿਆਂ ਦੀ ਗਿਣਤੀ ਘਟਾ ਸਕਦਾ ਹੈ, ਜੋ ਆਵਾਜਾਈ ਸਮੱਸਿਆ ਦਾ ਢੁੱਕਵਾਂ ਹੱਲ ਹੈ। ਦੂਜਾ, ਪ੍ਰਸ਼ਾਸਨ ਵੱਲੋਂ ਕੰਧ ਨੂੰ ‘ਕਿਤੇ ਹੋਰ ਸਥਾਪਿਤ’ ਕਰਨ ਅਤੇ ਦਰੱਖਤ ਮੁੜ ਲਾਉਣ ਦਾ ਕੀਤਾ ਵਾਅਦਾ ਚੌਗਿਰਦੇ ਦੇ ਹੋਏ ਨੁਕਸਾਨ ਦੀ ਪੂਰਤੀ ਨਹੀਂ ਕਰਦਾ। ਚੰਡੀਗੜ੍ਹ ਦਾ ਪ੍ਰਸਿੱਧ ਦਰੱਖਤਾਂ ਦੀ ਕਤਾਰ ਵਾਲਾ ਭੂ-ਦ੍ਰਿਸ਼ ਪਹਿਲਾਂ ਹੀ ਘਿਰਿਆ ਹੋਇਆ ਹੈ; ਸੜਕ ਚੌੜੀ ਕਰਨ ਲਈ ਸਦੀ ਪੁਰਾਣੇ ਦਰੱਖਤਾਂ ਨੂੰ ਪੁੱਟਣਾ ਹੁਣ ਇਸ ਦੇ ਚੌਗਿਰਦੇ ਦੇ ਸੰਤੁਲਨ ਨੂੰ ਹੋਰ ਵਿਗਾੜੇਗਾ।

ਕਲਾ ਦੀ ਬੇਕਦਰੀ Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨੇ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ

ਚੰਡੀਗੜ੍ਹ, 25 ਫਰਵਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਆਪਣੇ ‘ਐਕਸ’ ਖਾਤੇ ’ਤੇ ਸੂਚੀ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਹਲਕਿਆਂ ਵਿੱਚ ਕੰਮ ਕਰਨ ਵਾਲੇ ਪਾਰਟੀ ਦੇ ਵਾਲੰਟੀਅਰਾਂ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਨਵੇਂ ਨਿਯੁਕਤ ਕੀਤੇ ਚੇਅਰਮੈਨਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਇਸ ਦੇ ਨਾਲ ਹੀ ਉਮੀਦ ਜਤਾਈ ਕਿ ਪਾਰਟੀ ਦੇ ਵਾਲੰਟੀਅਰ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹੋਰ ਵਾਲੰਟੀਅਰਾਂ ਨੂੰ ਵੀ ਸੰਗਠਨ ’ਚ ਜ਼ਿੰਮੇਵਾਰੀਆਂ ਮਿਲਣਗੀਆਂ ਅਤੇ ਸਰਕਾਰ ’ਚ ਅਹੁਦੇ ਮਿਲਣਗੇ। ਮੁੱਖ ਮੰਤਰੀ ਵੱਲੋਂ ਜਾਰੀ ਸੂਚੀ ਅਨੁਸਾਰ ਮਾਰਕੀਟ ਕਮੇਟੀ ਅਟਾਰੀ ਦਾ ਚੇਅਰਮੈਨ ਸੀਮਾ ਸੋਢੀ, ਬਰਨਾਲਾ ਦਾ ਪਰਮਿੰਦਰ ਭੰਗੂ, ਭਦੌੜ ਦਾ ਗੁਰਪ੍ਰੀਤ ਸਿੰਘ, ਮਹਿਲ ਕਲਾਂ ਦਾ ਸੁਖਵਿੰਦਰ ਦਾਸ, ਬਠਿੰਡਾ ਦਾ ਬਲਜੀਤ ਬੱਲੀ, ਭਗਤਾ ਭਾਈ ਕੇ ਦਾ ਬੇਅੰਤ ਸਿੰਘ ਧਾਲੀਵਾਲ, ਭੁੱਚੋ ਦਾ ਸੁਰਿੰਦਰ ਬਿੱਟੂ, ਮੌੜ ਦਾ ਬਲਵਿੰਦਰ, ਰਾਮਪੁਰਾ ਫੂਲ ਦਾ ਦਰਸ਼ਨ ਸਿੰਘ ਸੋਹੀ, ਸੰਗਤ ਦਾ ਲਖਵੀਰ ਸਿੰਘ, ਨਥਾਣਾ ਦਾ ਜਗਜੀਤ ਜੱਗੀ, ਬੱਸੀ ਪਠਾਣਾਂ ਦਾ ਮਨਪ੍ਰੀਤ ਸਿੰਘ ਸੋਮਲ, ਮੰਡੀ ਗੋਬਿੰਦਗੜ੍ਹ ਦਾ ਜਗਜੀਤ ਸਿੰਘ ਚੱਠਾ, ਅਬੋਹਰ ਦਾ ਉਪਕਾਰ, ਫਿਰੋਜ਼ਪੁਰ ਕੈਂਟ ਦਾ ਬੇਅੰਤ ਸਿੰਘ ਹਕੂਮਤ ਵਾਲਾ, ਗੁਰੂ ਹਰ ਸਹਾਏ ਦਾ ਸੁਸ਼ੀਲ ਰਾਣੀ, ਮੱਖੂ ਦਾ ਕੈਪਟਨ ਨਛੱਤਰ ਸਿੰਘ, ਤਲਵੰਡੀ ਭਾਈ ਦਾ ਹਰਪ੍ਰੀਤ ਕਲਸੀ, ਜ਼ੀਰਾ ਦਾ ਇਕਬਾਲ ਢਿੱਲੋਂ ਅਤੇ ਮਾਰਕੀਟ ਕਮੇਟੀ ਦੀਨਾਨਗਰ ਦਾ ਚੇਅਰਮੈਨ ਬਲਜੀਤ ਸਿੰਘ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਮਾਰਕੀਟ ਕਮੇਟੀ ਬਟਾਲਾ ਦਾ ਚੇਅਰਮੈਨ ਮਾਨਿਕ ਮਹਿਤਾ, ਗੜ੍ਹਸ਼ੰਕਰ ਦਾ ਬਲਦੀਪ ਸਿੰਘ ਸੈਣੀ, ਜਲੰਧਰ ਸਿਟੀ ਦਾ ਗੁਰਪਾਲ ਸਿੰਘ, ਨਕੋਦਰ ਦਾ ਕਰਨੈਲ ਰਾਮ ਬਾਲੂ, ਲੁਧਿਆਣਾ ਦਾ ਗੁਰਜੀਤ ਗਿੱਲ, ਜਗਰਾਉਂ ਦਾ ਬਲਦੇਵ ਸਿੰਘ, ਖੰਨਾ ਦਾ ਜਗਤਾਰ ਸਿੰਘ ਗਿੱਲ, ਰਾਏਕੋਟ ਦਾ ਗੁਰਮਿੰਦਰ ਸਿੰਘ ਤੂਰ, ਸਾਹਨੇਵਾਲ ਦਾ ਹੇਮਰਾਜ, ਭਿੱਖੀ ਦਾ ਵਰਿੰਦਰ ਸੋਨੀ, ਬਦਨੀ ਕਲਾਂ ਦਾ ਪਰਮਜੀਤ ਸਿੰਘ ਬੁੱਟਰ, ਧਰਮਕੋਟ ਦਾ ਗੁਰਤਾਰ ਸਿੰਘ ਸੰਧੂ, ਮੁਹਾਲੀ ਦਾ ਗੋਵਿੰਦਰ ਮਿੱਤਲ, ਡੇਰਾਬੱਸੀ ਦਾ ਕੁਲਦੀਪ ਸਿੰਘ, ਪਟਿਆਲਾ ਦਾ ਅਸ਼ੋਕ ਸਿਰਸਵਾਲ, ਡਕਾਲਾ ਦਾ ਹਨੀ ਮਾਲਾ, ਘਨੌਰ ਦਾ ਜਰਨੈਲ ਮਨੂ, ਨਾਭਾ ਦਾ ਗੁਰਦੀਪ ਸਿੰਘ ਟਿਵਾਣਾ, ਰਾਜਪੁਰਾ ਦਾ ਦੀਪਕ ਸੂਦ, ਸਮਾਣਾ ਦਾ ਬਲਕਾਰ ਸਿੰਘ ਗੱਜੂਮਾਜਰਾ, ਭਵਾਨੀਗੜ੍ਹ ਦਾ ਜਗਸੀਰ ਸਿੰਘ, ਦਿੜ੍ਹਬਾ ਦਾ ਜਸਵੀਰ ਕੌਰ ਸ਼ੇਰਗਿੱਲ, ਮਾਲੇਰਕੋਟਲਾ ਦਾ ਜ਼ਾਫਰ ਅਲੀ, ਅਮਰਗੜ੍ਹ ਦਾ ਹਰਪ੍ਰੀਤ ਸਿੰਘ ਨਾਂਗਲ, ਤਰਨ ਤਾਰਨ ਦਾ ਕੁਲਦੀਪ ਸਿੰਘ ਰੰਧਾਵਾ, ਖਡੂਰ ਸਾਹਿਬ ਦਾ ਅਮਰਿੰਦਰ ਸਿੰਘ, ਖੇਮਕਰਨ ਦਾ ਭਗਵੰਤ ਸਿੰਘ ਅਤੇ ਗੁਰਪਰਿੰਦਰ ਸਿੰਘ ਨੂੰ ਮਾਰਕੀਟ ਕਮੇਟੀ ਪੱਟੀ ਦਾ ਚੇਅਰਮੈਨ ਲਗਾਇਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨੇ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ Read More »

ਅਦਾਕਾਰਾ ਰੰਜਨਾ ਨਾਚਿਆਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ

25, ਫਰਵਰੀ – ਅਦਾਕਾਰੀ ਤੋਂ ਰਾਜਨੀਤੀ ਵਿੱਚ ਆਉਣ ਵਾਲੀ ਦੱਖਣ ਦੀ ਅਦਾਕਾਰਾ ਰੰਜਨਾ ਨਾਚਿਆਰ ਨੇ ਮੰਗਲਵਾਰ ਨੂੰ ਭਾਜਪਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਅਸਤੀਫ਼ੇ ਦਾ ਕਾਰਨ ਤਿੰਨ ਭਾਸ਼ਾਈ ਨੀਤੀ ਲਾਗੂ ਕਰਨਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ, ਉਹ ਤਾਮਿਲਨਾਡੂ ਰਾਜ ਦੀ ਅਣਦੇਖੀ ਤੋਂ ਵੀ ਨਾਰਾਜ਼ ਹਨ।

ਅਦਾਕਾਰਾ ਰੰਜਨਾ ਨਾਚਿਆਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ Read More »

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ

ਨਵੀਂ ਦਿੱਲੀ, 25 ਫਰਵਰੀ – 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਅਦਾਲਤ ਅੱਜ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਆਪਣਾ ਫ਼ੈਸਲਾ ਸੁਣਾਵੇਗੀ । ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ 12 ਫ਼ਰਵਰੀ ਨੂੰ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ। ਇਹ ਮਾਮਲਾ 1 ਨਵੰਬਰ, 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਸਿੱਖ ਨਾਗਰਿਕਾਂ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਹੈ। ਇਸ ਸਮੇਂ ਦੌਰਾਨ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਸ਼ੁਰੂ ਵਿੱਚ, ਇਸ ਮਾਮਲੇ ਸਬੰਧੀ ਪੰਜਾਬੀ ਬਾਗ ਥਾਣੇ ਵਿੱਚ ਐਫ਼ਆਈਆਰ ਦਰਜ ਕੀਤੀ ਗਈ ਸੀ। ਬਾਅਦ ਵਿੱਚ ਜਸਟਿਸ ਜੀ.ਪੀ. ਮਾਥੁਰ ਦੀ ਸਿਫ਼ਾਰਸ਼ ‘ਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਚਾਰਜਸ਼ੀਟ ਦਾਇਰ ਕੀਤੀ।

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ Read More »

ਜਰਮਨੀ ਚੋਣਾਂ ’ਚ ਅੱਗੇ ਰਹੇ ਫਰੈਡਰਿਕ ਮਰਜ਼ ਵੱਲੋਂ ਟਰੰਪ ਨੂੰ ਫਤਿਹ ਬੁਲਾਉਣ ਦਾ ਸੱਦਾ

ਬਰਲਿਨ, 25 ਫਰਵਰੀ – ਜਰਮਨੀ ਦੀਆਂ ਆਮ ਚੋਣਾਂ ਵਿੱਚ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ, ਪਰ ਕੰਜ਼ਰਵੇਟਿਵ ਆਪੋਜ਼ੀਸ਼ਨ ਆਗੂ ਫਰੈਡਰਿਕ ਮਰਜ਼ ਦੀ ਕ੍ਰਿਸਚੀਅਨ ਡੈਮੋਕਰੇਟਿਕ ਯੂਨੀਅਨ (ਸੀ ਡੀ ਯੂ) ਦਾ ਗੱਠਜੋੜ 630 ਵਿੱਚੋਂ ਸਭ ਤੋਂ ਵੱਧ 208 ਸੀਟਾਂ ਜਿੱਤਣ ਵਿੱਚ ਸਫਲ ਰਿਹਾ। ਉਸ ਨੂੰ 28.5 ਫੀਸਦੀ ਵੋਟਾਂ ਮਿਲੀਆਂ। ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਦੀ ਸੈਂਟਰ ਲੈੱਫਟ ਸੋਸ਼ਲ ਡੈਮੋਕਰੇਟਸ ਪਾਰਟੀ (ਐੱਸ ਡੀ ਪੀ) ਨੂੰ ਸੰਸਦੀ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾ ਦੀ ਪਾਰਟੀ ਤੀਜੇ ਸਥਾਨ ’ਤੇ ਰਹੀ। ਉਸ ਨੇ ਸਿਰਫ 16.5 ਫੀਸਦੀ ਵੋਟਾਂ ਨਾਲ 121 ਸੀਟਾਂ ਜਿੱਤੀਆਂ ਹਨ। ਅੱਤ ਕੱਟੜਪੰਥੀ ਅਲਟਰਨੇਟਿਵ ਫਾਰ ਜਰਮਨੀ (ਏ ਐੱਫ ਡੀ) ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਵਿੱਚ ਆਪਣੀ ਹਮਾਇਤ ਦੁੱਗਣੀ ਕੀਤੀ ਹੈ। ਉਸ ਨੇ 20.8 ਫੀਸਦੀ ਵੋਟਾਂ ਨਾਲ 151 ਸੀਟਾਂ ਜਿੱਤ ਲਈਆਂ। ਦੂਜੀ ਸੰਸਾਰ ਜੰਗ ਤੋਂ ਬਾਅਦ ਕਿਸੇ ਕੱਟੜਪੰਥੀ ਪਾਰਟੀ ਨੇ ਏਨੀਆਂ ਸੀਟਾਂ ਜਿੱਤੀਆਂ ਹਨ। ਇਹ 2021 ਨਾਲੋਂ ਲਗਭਗ ਦੁੱਗਣੀਆਂ ਹਨ। ਬਹੁਮਤ ਲਈ 316 ਸੀਟਾਂ ਦੀ ਲੋੜ ਹੈ ਤੇ ਗੱਠਜੋੜ ਸਰਕਾਰ ਹੀ ਬਣੇਗੀ। ਚਾਂਸਲਰ (ਪ੍ਰਧਾਨ ਮੰਤਰੀ) ਦੇ ਅਹੁਦੇ ਲਈ ਉਮੀਦਵਾਰ ਐਲਿਸ ਵੀਡੇਲ ਦੀ ਏ ਐੱਫ ਡੀ ਦੇ ਆਗੂ ਟੀਨੋ ਕਰੂਪਾਲਾ ਨੇ ਸੀ ਡੀ ਯੂ ਨਾਲ ਗੱਠਜੋੜ ਦੀ ਪੇਸ਼ਕਸ਼ ਕੀਤੀ ਹੈ, ਪਰ ਮਰਜ਼ ਨੇ ਉਸ ਨਾਲ ਗੱਠਜੋੜ ਤੋਂ ਸਾਫ ਨਾਂਹ ਕਰ ਦਿੱਤੀ ਹੈ। ਟਰੰਪ ਦੇ ਸਲਾਹਕਾਰ ਐਲਨ ਮਸਕ ਨੇ ਏ ਐੱਫ ਡੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ, ਪਰ ਉਹ ਸਰਕਾਰ ਬਣਾਉਣ ਦੇ ਨੇੜੇ ਨਹੀਂ ਪੁੱਜੀ। ਗਰੀਨ ਪਾਰਟੀ ਨੂੰ 12 ਫੀਸਦੀ, ਫਰੀ ਡੈਮੋਕਰੇਟਿਕ ਪਾਰਟੀ (ਐੱਫ ਡੀ ਪੀ) ਨੂੰ 5 ਫੀਸਦੀ (ਸੰਸਦ ਵਿੱਚ ਦਾਖਲੇ ਲਈ ਘੱਟੋ-ਘੱਟ ਫੀਸਦੀ, ਇਸ ਤੋਂ ਘੱਟ ਫੀਸਦੀ ਵਾਲੀ ਪਾਰਟੀ ਸੰਸਦ ਮੈਂਬਰੀ ਲਈ ਗਿਣੀ ਨਹੀਂ ਜਾਂਦੀ), ਖੱਬੀ ਪਾਰਟੀ ਡੀ ਲਿੰਕੇ ਨੂੰ 9 ਫੀਸਦੀ ਅਤੇ ਬੀ ਐੱਸ ਡਬਲਿਊ (ਸਹਰਾ ਵਾਗੇਨਕਨੇਚ ਨਾਲੋਂ ਟੁੱਟੀ ਖੱਬੀ ਪਾਰਟੀ) ਨੂੰ 5 ਫੀਸਦੀ ਵੋਟਾਂ ਮਿਲੀਆਂ ਹਨ। ਖੱਬੀਆਂ ਪਾਰਟੀਆਂ ਨੇ ਵੀ ਪੁਜ਼ੀਸ਼ਨ ਕਾਫੀ ਸੁਧਾਰੀ ਹੈ। ਬਰਲਿਨ ਵਿੱਚ ਤਾਂ ਖੱਬੇ-ਪੱਖੀ ਨੰਬਰ ਇੱਕ ’ਤੇ ਰਹੇ ਹਨ। ਚਾਂਸਲਰ ਓਲਫ ਸ਼ੁਲਜ਼ ਨੇ ਲੋਕਾਂ ਦੇ ਫਤਵੇ ਨੂੰ ‘ਕੌੜਾ ਚੋਣ ਨਤੀਜਾ’ ਦੱਸਦਿਆਂ ਆਪਣੀ ਪਾਰਟੀ ਸੈਂਟਰ-ਲੈੱਫਟ ਸੋਸ਼ਲ ਡੈਮੋਕਰੇਟਸ ਲਈ ਹਾਰ ਮੰਨ ਲਈ। ਉਨ੍ਹਾ ਦੀ ਪਾਰਟੀ ਆਲਮੀ ਜੰਗ ਤੋਂ ਬਾਅਦ ਸੰਸਦੀ ਚੋਣਾਂ ਵਿੱਚ ਸਭ ਤੋਂ ਮਾੜੇ ਨਤੀਜੇ ਨਾਲ ਤੀਜੇ ਸਥਾਨ ’ਤੇ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਨਤੀਜਿਆਂ ਦਾ ਦਿਨ ਜਰਮਨੀ ਤੇ ਅਮਰੀਕਾ ਦੋਹਾਂ ਲਈ ਸ਼ਾਨਦਾਰ ਹੈ। ਅਮਰੀਕਾ ਦੀ ਤਰ੍ਹਾਂ ਜਰਮਨੀ ਦੇ ਲੋਕ ਵੀ ਐਨਰਜੀ ਤੇ ਇਮੀਗ੍ਰੇਸ਼ਨ ’ਤੇ ਸਰਕਾਰ ਦੀਆਂ ਬੇਤੁਕੀਆਂ ਨੀਤੀਆਂ ’ਤੋਂ ਤੰਗ ਆ ਚੁੱਕੇ ਸਨ। ਮਰਜ਼ ਨੇ ਕਿਹਾ ਹੈ ਕਿ ਉਹ ਈਸਟਰ ਤੱਕ ਗੱਠਜੋੜ ਸਰਕਾਰ ਬਣਾਉਣ ਦੀ ਉਮੀਦ ਕਰਦੇ ਹਨ, ਪਰ ਇਹ ਬਹੁਤ ਚੁਣੌਤੀਪੂਰਨ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਜਰਮਨੀ ਵਿੱਚ ਸੰਸਦੀ ਚੋਣਾਂ ਨਿਰਧਾਰਤ ਸਮੇਂ ਤੋਂ ਸੱਤ ਮਹੀਨੇ ਪਹਿਲਾਂ ਹੋਈਆਂ ਹਨ, ਕਿਉਂਕਿ ਸ਼ੁਲਜ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨਵੰਬਰ ਵਿੱਚ ਡਿੱਗ ਗਈ ਸੀ। ਜਰਮਨੀ 27 ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਨਾਟੋ ਦਾ ਇੱਕ ਪ੍ਰਮੁੱਖ ਮੈਂਬਰ ਹੈ। ਇਹ ਅਮਰੀਕਾ ਤੋਂ ਬਾਅਦ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਰਿਹਾ ਹੈ। ਮਰਜ਼ ਨੇ ਚੋਣ ਨਤੀਜਿਆਂ ਦੇ ਰੁਝਾਨਾਂ ਮਗਰੋਂ ਆਪਣੇ ਹਮਾਇਤੀਆਂ ਨੂੰ ਕਿਹਾ, ‘ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ। ਮੈਂ ਇਸ ਕੰਮ ਦੇ ਪੈਮਾਨੇ ਤੋਂ ਵੀ ਜਾਣੂ ਹਾਂ, ਜੋ ਹੁਣ ਸਾਡੇ ਸਾਹਮਣੇ ਹੈ। ਮੈਂ ਇਸ ਨੂੰ ਬਹੁਤ ਸਤਿਕਾਰ ਨਾਲ ਲੈਂਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਇਹ ਆਸਾਨ ਨਹੀਂ ਹੋਵੇਗਾ। ਮਰਜ਼ ਨੇ ਅਹਿਮ ਬਿਆਨ ਵਿੱਚ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਯੂਰਪ ਦੀ ਪ੍ਰਵਾਹ ਨਹੀਂ ਕਰ ਰਿਹਾ ਅਤੇ ਰੂਸ ਨਾਲ ਆੜੀ ਪਾ ਰਿਹਾ ਹੈ। ਉਨ੍ਹਾ ਖਬਰਦਾਰ ਕੀਤਾ ਕਿ ਯੂਰਪ ਨੂੰ ਨਾਟੋ ਦਾ ਬਦਲ ਲੱਭਣ ਲਈ ਆਪਣੀ ਰੱਖਿਆ ਤੇ ਸਮਰਥਾਵਾਂ ਨੂੰ ਮਹੀਨਿਆਂ ਵਿੱਚ ਹੀ ਮਜ਼ਬੂਤ ਕਰਨਾ ਪਵੇਗਾ। (ਦਰਅਸਲ ਯੂਰਪ 1945 ਤੋਂ ਅਮਰੀਕੀ ਸੁਰੱਖਿਆ ਗਰੰਟੀਆਂ ’ਤੇ ਚਲਦਿਆਂ ਆਇਆ ਹੈ ਤੇ ਹੁਣ ਮਹਿਸੂਸ ਕਰ ਰਿਹਾ ਹੈ ਕਿ ਟਰੰਪ ਦਾ ਅਮਰੀਕਾ ਉਸ ਦੀ ਪ੍ਰਵਾਹ ਨਹੀਂ ਕਰ ਰਿਹਾ।) ਮਰਜ਼ ਨੇ ਕਿਹਾਮੇਰੀ ਪਹਿਲੀ ਤਰਜੀਹ ਯੂਰਪ ਨੂੰ ਛੇਤੀ ਤੋਂ ਛੇਤੀ ਮਜ਼ਬੂਤ ਬਣਾਉਣ ਦੀ ਹੋਵੇਗੀ, ਤਾਂ ਜੋ ਅਸੀਂ ਅਮਰੀਕਾ ਤੋਂ ਆਜ਼ਾਦ ਹੋ ਸਕੀਏ।

ਜਰਮਨੀ ਚੋਣਾਂ ’ਚ ਅੱਗੇ ਰਹੇ ਫਰੈਡਰਿਕ ਮਰਜ਼ ਵੱਲੋਂ ਟਰੰਪ ਨੂੰ ਫਤਿਹ ਬੁਲਾਉਣ ਦਾ ਸੱਦਾ Read More »

“ਰਕੋਸਾ ਦੀ ਤੀਸਰੀ ਸਾਲਾਨਾ ਐੇਲੁਮਨੀ ਮੀਟ”

ਫਗਵਾੜਾ, 25 ਫਰਵਰੀ ( ਏ.ਡੀ.ਪੀ. ਨਿਊਜ਼) ਰਾਮਗੜੀਆ ਕਾਲਜ ਓਲਡ ਸਟੂਡੈਂਟਸ ਐੇਸੋਸੀਏਸ਼ਨ(ਰਕੋਸਾ) ਦੀ ਤੀਸਰੀ ਸਾਲਾਨਾ ਐੇਲੁਮਨੀ ਮੀਟ ਇਕ ਸਥਾਨਕ ਹੋਟਲ ਵਿਚ ਹੋਈ।ਇਸ ਦੀ ਪ੍ਰਧਾਨਗੀ ਬਲਬੀਰ ਸਿੰਘ ਸੂਦਨ,ਆਈ.ਏ.ਐੱਸ., ਸੇਵਾ-ਮੁਕਤ ਗ੍ਰਹਿ ਸਕੱਤਰ, ਪੰਜਾਬ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਰਕੋਸਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ ਨੇ ਕੀਤੀ। ਇਸ ਮਿੱਤਰ-ਮਿਲਣੀ ਨੂੰ ਸੰਬੋਧਨ ਕਰਦਿਆਂ ਰਕੋਸਾ ਦੇ ਪ੍ਰਧਾਨ ਬਲਬੀਰ ਸਿੰਘ ਸੂਦਨ ਨੇ ਕਿਹਾ ਕਿ ਰਕੋਸਾ ਦੋ ਮੁੱਖ ਮੰਤਵਾਂ ਉਪਰ ਕੰਮ ਕਰਦੀ ਹੈ,ਜਿਹਨਾਂ ਵਿਚ ਕਾਲਜ ਦੇ ਪੁਰਾਣੇ ਸਾਥੀਆਂ ਨਾਲ ਮੇਲ-ਮਿਲਾਪ ਕਰਕੇ ਆਪਣੇ ਵਿਦਿਆਰਥੀ ਜੀਵਨ ਦੇ ਸੁਨਹਿਰੀ ਪਲਾਂ ਨੂੰ ਮੁੜ ਤੋਂ ਜੀਊਣਾ ਅਤੇ ਕਾਲਜ ਦੇ ਵਿਕਾਸ ਅਤੇ ਮੌਜੂਦਾ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਕਰਨ ਹਿਤ ਆਪਣਾ ਯੋਗਦਾਨ ਪਾਉਣਾ ਸ਼ਾਮਿਲ ਹਨ। ਇਸ ਮੌਕੇ ਰਕੋਸਾ ਦੀ ਕਾਰਜਕਰਨੀ ਦੀ ਮੀਟਿੰਗ ਵਿਚ ਕਾਲਜ ਦੇ 10 ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਦਿਤੇ ਜਾਣ ਦੇ ਫੈਸਲੇ ਬਾਰੇ ਵੀ ਦਸਿਆ ਗਿਆ।ਪ੍ਰਧਾਨ ਨੇ ਰਕੋਸਾ ਦੀ ਮੈਂਬਰਸ਼ਿਪ ਵਧਾਉਣ ਉਪਰ ਵੀ ਜ਼ੋਰ ਦਿਤਾ। ਰਕੋਸਾ ਵਲੋਂ ਕੁਸ਼ਤੀ ਦੇ ਸਾਬਕਾ ਕੌਮਾਂਤਰੀ ਕੋਚ ਪੀ.ਆਰ.ਸੋਂਧੀ,ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਉੱਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਅਤੇ ਕਾਲਜ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਤੀਰਥ ਸਿੰਘ ਸੰਧੂ ਨੂੰ ਲੋਈ ਅਤੇ ਮਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ।ਪ੍ਰੋ.ਸੰਧੂ ਦਾ ਸਨਮਾਨ ਉਹਨਾਂ ਦੇ ਬਦੇਸ਼ ਵਿਚ ਹੋਣ ਕਾਰਨ ਸਰਬਜੀਤ ਸਿੰਘ ਭੱਟੀ ਨੇ ਲਿਆ। ਬਲਬੀਰ ਸੂਦਨ ਅਤੇ ਸਰਬਜੀਤ ਭੱਟੀ ਤੋਂ ਇਲਾਵਾ ਇਸ ਐਲੁਮਨੀ ਮੀਟ ਵਿਚ ਸਤਪਾਲ ਸੇਠੀ,ਜਗਦੀਸ਼ ਮਹੇ,ਪ੍ਰੋ. ਜਸਵੰਤ ਸਿੰਘ ਗੰਡਮ,ਪ੍ਰੋ. ਅਸ਼ੋਕ ਚੱਢਾ,ਡਾ.ਧਰਮਜੀਤ ਸਿੰਘ ਪਰਮਾਰ,ਪੀ.ਆਰ.ਸੋਂਧੀ,ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ,ਮਲਕੀਅਤ ਸਿੰਘ ਰਘਬੋਤਰਾ,ਦਲਵਿੰਦਰ ਸਿੰਘ ਜੱਸਲ,ਮਨੋਜ ਕੁਮਾਰ ਮਿੱਢਾ, ਪ੍ਰੇਮ ਪਾਲ ਪੱਬੀ,ਮੁਖਿੰਦਰ ਸਿੰਘ,ਗਿਆਨ ਸਿੰਘ,ਸ਼ੇਸ਼ ਪਾਲ,ਓਮ ਪ੍ਰਕਾਸ਼ ਸ਼ਰਮਾ,ਡਾ.ਸੁਰਿੰਦਰ ਸੁਮਨ,ਗੁਰਨਾਮ ਸਿੰਘ,ਰਾਮ ਲੁਭਾਇਆ,ਦਿਆਲ ਸਿੰਘ ਰਾਣਾ,ਪ੍ਰਿੰਸੀਪਲ ਮਨਜੀਤ ਸਿੰਘ ਸ਼ਾਮਿਲ ਸਨ।    

“ਰਕੋਸਾ ਦੀ ਤੀਸਰੀ ਸਾਲਾਨਾ ਐੇਲੁਮਨੀ ਮੀਟ” Read More »

ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

*ਸਕੂਲ ਮੈਗਜੀਨ ‘ਤਮੰਨਾ’ ਲੋਕ ਅਰਪਣ *ਰੂਬਰੂ ਅਤੇ ਸਨਮਾਨ ਸਮਾਗਮ ਪਟਿਆਲਾ, 25 ਫਰਵਰੀ – ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਵਿਖੇ ਸਮਾਗਮ ਵਿਚ ਸਕੂਲ ਮੈਗਜੀਨ ‘ਤਮੰਨਾ’ ਭਾਗ ਤੀਜਾ ਰੀਲੀਜ਼ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ‘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਸ੍ਰੀ ਜਿਤਵੇਸ਼ ਕੁਮਾਰ.ਪ੍ਰਿੰਸੀਪਲ ਸ੍ਰੀ ਗੁਰਮੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ ਹਾਜ਼ਰ ਰਹੇ। ਇਸ ਤੋਂ ਇਲਾਵਾ ਪਿੰਡ ਦੀ ਸਮੁੱਚੀ ਪੰਚਾਇਤ,ਐਸ ਐਮ ਸੀ ਕਮੇਟੀ, ਪਿੰਡ ਦੇ ਪਤਵੰਤੇ ਅਤੇ ਸਹਿਯੋਗੀ ਸੱਜਣਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ ਵੀ  ਇਸ ਸਮਾਗਮ ਵਿੱਚ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਦੁਆਰਾ ਸ਼ਬਦ ਗਾਇਨ ਤੋਂ ਹੋਈ । ਫਿਰ ਸ੍ਰੀ ਲੀਲਾ ਰਾਮ ਜੀ ਦੁਆਰਾ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਕੂਲ ਮੁਖੀ ਸ੍ਰੀ ਮਨਦੀਪ ਸਿੰਘ ਦੁਆਰਾ ਵਿਚਾਰ ਅਤੇ ਮੈਗਜੀਨ ਬਾਰੇ ਵੀ ਰਾਇ ਸਾਂਝੀ ਕੀਤੀ। ਉਸ ਤੋਂ ਬਾਅਦ’ਤਮੰਨਾ’ ਮੈਗਜ਼ੀਨ ਦੇ ਮੁੱਖ ਸੰਪਾਦਕ ਅਜ਼ੀਜ਼ ਸਰੋਏ ਵੱਲੋਂ ਮੈਗਜ਼ੀਨ ਬਾਰੇ ਕੁਝ ਗੱਲਾਂ ਕੀਤੀਆਂ ਗਈਆਂ ਅਤੇ ਮੈਗਜੀਨ ਦੀਆਂ ਬਾਰੇ ਜਾਣਕਾਰੀ ਦਿੱਤੀ। ਉਪਰੰਤ ਫਿਰ ਉਚੇਚੇ ਤੌਰ ਤੇ ਪਹੁੰਚੇ ਵਿਸ਼ੇਸ਼ ਮਹਿਮਾਨਾ ਵੱਲੋਂ ਬੱਚਿਆਂ ਨੂੰ ਕੀਮਤੀ ਵਿਚਾਰ ਅਤੇ ਗੱਲਾਂ ਦੱਸੀਆਂ ਗਈਆਂ ਅਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਉਹਨਾਂ ਵੱਲੋਂ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ। ਅੰਤ ਵਿੱਚ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਮੈਗਜ਼ੀਨ ਦੀ ਮਹੱਤਤਾ ਉੱਪਰ ਚਰਚਾ ਕੀਤੀ ਗਈ ਉਹਨਾਂ ਨੇ ਬੱਚਿਆਂ ਨਾਲ ਬਾਲ ਸਾਹਿਤ ਵਾਰਤਾ ਕਰਦਿਆਂ ਰੂਬਰੂ ਸਮਾਗਮ  ਰਚਾਇਆ। ਉਪਰੰਤ ਸਕੂਲ ਮੈਗਜ਼ੀਨ ਤਮੰਨਾ ਨੂੰ ਡਿਜੀਟਲ ਫੌਰਮ ਅਤੇ ਹਾਰਡ ਕਾਪੀ ਦੀ ਸ਼ਕਲ ਵਿਚ ਰਿਲੀਜ਼ ਕੀਤਾ ਗਿਆ। ਅੰਤ ਵਿੱਚ ਸ੍ਰੀ ਪਰਮਿੰਦਰ ਸਿੰਘ ਕਟੌਦੀਆ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਕੂਲ ਦੇ ਸਾਰੇ ਅਧਿਆਪਕਾਂ ਦਾ ਇਸ ਵਿੱਚ ਭਰਪੂਰ ਯੋਗਦਾਨ ਰਿਹਾ। ਇਹ ਇੱਕ ਯਾਦਗਾਰੀ ਸਮਾਗਮ ਰਿਹਾ।

ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ Read More »

ਮਾਂ ਬੋੱਲੀ ਲਈ ਹਾੜ੍ਹੇ/ਰਵਿੰਦਰ ਸਿੰਘ ਕੁੰਦਰਾ

ਮਾਂ ਬੋੱਲੀ ਪੰਜਾਬੀ ਸਾਡੀ, ਕੱਖੋਂ ਹੌਲੀ ਹੁੰਦੀ ਜਾਵੇ, ਆਪਣੀ ਹੋਂਦ ਬਚਾਉਣ ਦੀ ਖ਼ਾਤਰ, ਹਰ ਦਿਨ ਲੈਂਦੀ ਹੌਕੇ ਹਾਵੇ। ਪੰਜਾਬ ਪੰਜਾਬੀਅਤ ਦਾ ਹਰ ਨਾਹਰਾ, ਖੋਖਲਾ ਅਤੇ ਬੇ ਮਤਲਬ ਜਾਪੇ, ਭੁੱਖ ਨੰਗ ਦਾ ਦੈਂਤ ਜਦ ਸਾਡੇ, ਹਰ ਜਵਾਨ ਨੂੰ ਖਾਂਦਾ ਜਾਪੇ। ਚੰਗੀ ਰੋਟੀ ਖਾਣ ਦੀ ਖਾਤਰ, ਹਰ ਪੰਜਾਬੀ ਦੁਨੀਆ ਵਿੱਚ ਭਟਕੇ, ਵਸਦੇ ਘਰ ਦੇ ਕੇ ਗੈਰਾਂ ਹੱਥ, ਹਿੰਦੀਆਂ ਦੇ ਲਈ ਖੋਲ੍ਹੇ ਰਸਤੇ। ਮਾਂ ਬੋੱਲੀ ਦੇ ਪਹਿਰੇਦਾਰ ਜਦੋਂ, ਪੰਜਾਬੀ ਬੋਲਣ ਵਿੱਚ ਹੇਠੀ ਸਮਝਣ, ਹੋਰ ਕਿਹੜੇ ਸਪੂਤ ਨਿੱਤਰਨਗੇ, ਜੋ ਰੋਕਣਗੇ ਐਸੀ ਗਰਕਣ। ਬੋੱਲੀ ਦੀ ਡਾਕਟਰੀ ਕਰਨੇ ਵਾਲੇ, ਖ਼ੁਦ ਪੰਜਾਬੀ ਲਿਖਣੀ ਭੁੱਲ ਗਏ, ਆਪਣੀਆਂ ਪ੍ਰਾਪਤੀਆਂ ਠੁੰਮਣ ਲਈ, ਅੰਗਰੇਜ਼ੀਆਂ ਉੱਤੇ ਖ਼ੁਦ ਹੀ ਡੁੱਲ੍ਹ ਗਏ। ਰਸਾਲੇ, ਅਖਬਾਰਾਂ, ਸੰਚਾਰ ਦੇ ਸਾਧਨ, ਲਿਖਣ, ਬੋਲਣ ਗ਼ਲਤ ਪੰਜਾਬੀ, ਚੰਗੀ ਸਲਾਹ ਤੇ ਤਿੜ ਫਿੜ ਕਰਦੇ, ਗਲ਼ ਪੈਣ ਦੀ ਕਰਨ ਸ਼ਤਾਬੀ। ਫੋਕੀਆਂ ਆਕੜਾਂ ਫੋਕੇ ਨਾਹਰੇ, ਮਾਂ ਬੋੱਲੀ ਦਾ ਘਾਣ ਕਰਨਗੇ, ਜਾਨਸ਼ੀਨ ਸਾਡੇ ਵਿਰਸੇ ਦੀ, ਕਿਹੜੀ ਗੱਲ ਦਾ ਮਾਣ ਕਰਨਗੇ? ਕਰ ਲਓ ਹਿੰਮਤ ਜਾਂ ਕੋਈ ਹੀਲਾ, ਸਹਿਕਦੀ ਮਾਂ ਮੂੰਹ ਪਾਣੀ ਪਾਓ, ਸੰਜੀਦਾ ਸਿਰ ਜ਼ਰਾ ਜੋੜ ਕੇ ਬੈਠੋ, ਮੌਤ ਦਾ ਕੋਈ ਲੱਭ ਲਓ ਉਪਾਓ। ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਮਾਂ ਬੋੱਲੀ ਲਈ ਹਾੜ੍ਹੇ/ਰਵਿੰਦਰ ਸਿੰਘ ਕੁੰਦਰਾ Read More »

ਹਿਟਲਰੀਆਂ ਦੀ ਹਾਰ

ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਉਤਸ਼ਾਹਤ ਜਰਮਨੀ ਦੇ ਹਿਟਲਰੀ ਵਿਚਾਰਧਾਰਾ ਨੂੰ ਪ੍ਰਣਾਏ ਦੱਖਣਪੰਥੀ ਜਰਮਨੀ ਨੂੰ ਜਿੱਤ ਲੈਣ ਲਈ ਪੂਰੇ ਆਸਵੰਦ ਸਨ। ਟਰੰਪ ਦੇ ਸਲਾਹਕਾਰ ਅਰਬਪਤੀ ਐਲਨ ਮਸਕ ਨੇ ਜਰਮਨ ਚੋਣਾਂ ਵਿੱਚ ਦੱਖਣਪੰਥੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ (ਏ ਐੱਫ ਡੀ) ਦੀ ਜਿੱਤ ਲਈ ਪੂਰਾ ਟਿੱਲ ਲਾਇਆ ਸੀ। ਬੀਤੇ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ (ਸੀ ਡੀ ਯੂ) ਤੇ ਕ੍ਰਿਸਚੀਅਨ ਸੋਸ਼ਲ ਯੂਨੀਅਨ (ਸੀ ਐੱਸ ਯੂ) ਗੱਠਜੋੜ ਨੇ ਏ ਐੱਫ ਡੀ ਨੂੰ ਮਾਤ ਦੇ ਕੇ ਜਿੱਤ ਪ੍ਰਾਪਤ ਕਰ ਲਈ ਹੈ। ਸੀ ਡੀ ਯੂ ਤੇ ਸੀ ਐੱਸ ਯੂ ਗੱਠਜੋੜ ਨੇ 28.6 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰਕੇ 208 ਸੀਟਾਂ ਉੱਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਗੱਠਜੋੜ ਦੇ ਆਗੂ ਫਰੈਡਰਿਕ ਮਰਜ਼ ਦੇ ਜਰਮਨੀ ਦਾ ਅਗਲਾ ਚਾਂਸਲਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਹਿਟਲਰ ਦੀ ਪੈਰੋਕਾਰ ਏ ਐੱਫ ਡੀ ਨੇ 20.8 ਫ਼ੀਸਦੀ ਵੋਟਾਂ ਨਾਲ 152 ਸੀਟਾਂ ਹਾਸਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਦੱਖਣਪੰਥੀ ਜਰਮਨੀ ਵਿੱਚ ਲੋਕਤੰਤਰ ਲਈ ਕਿੱਡਾ ਵੱਡਾ ਖ਼ਤਰਾ ਬਣ ਚੁੱਕੇ ਹਨ। ਇਨ੍ਹਾਂ ਚੋਣਾਂ ਵਿੱਚ ਖੱਬੇ-ਪੱਖੀਆਂ ਨੇ ਆਪਣੀ ਕਾਰਗੁਜ਼ਾਰੀ ਬੇਹਤਰ ਕਰਦਿਆਂ 8.8 ਫ਼ੀਸਦੀ ਵੋਟਾਂ ਹਾਸਲ ਕਰਕੇ 64 ਸੀਟਾਂ ਜਿੱਤ ਲਈਆਂ ਹਨ। ਖੱਬੇ-ਪੱਖੀਆਂ ਨੇ ਬਹੁਤੀਆਂ ਸੀਟਾਂ ਰਾਜਧਾਨੀ ਬਰਲਿਨ ਵਿੱਚ ਜਿੱਤੀਆਂ ਹਨ, ਜਿੱਥੇ ਇਨ੍ਹਾਂ 19.9 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ। ਕੇਂਦਰ ਦੀ ਸੱਤਾ ਵਿੱਚ ਆ ਰਹੀ ਸੀ ਡੀ ਯੂ ਬਰਲਿਨ ਵਿੱਚ 18.3 ਫ਼ੀਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ ਉੱਤੇ ਰਹੀ ਹੈ। ਸੱਤਾ ਹਾਸਲ ਕਰ ਰਹੇ ਫਰੈਡਰਿਕ ਮਰਜ਼ ਨੂੰ ਸਾਂਝੀ ਸਰਕਾਰ ਦੀ ਅਗਵਾਈ ਕਰਨੀ ਪਵੇਗੀ, ਕਿਉਂਕਿ ਉਸ ਦਾ ਗੱਠਜੋੜ ਲੋੜੀਂਦੀਆਂ 316 ਸੀਟਾਂ ਹਾਸਲ ਨਹੀਂ ਕਰ ਸਕਿਆ। ਦੱਖਣਪੰਥੀ ਏ ਐੱਫ ਡੀ ਨੇ ਪੂਰਬੀ ਜਰਮਨੀ ਦੇ 5 ਰਾਜਾਂ ਵਿੱਚ ਸਭ ਤੋਂ ਵੱਧ 34 ਫ਼ੀਸਦੀ ਵੋਟਾਂ ਹਾਸਲ ਕੀਤੀਆਂ, 1990 ਤੋਂ ਪਹਿਲਾਂ ਜਿਸ ਨੂੰ ‘ਕਮਿਊਨਿਸਟ ਜਰਮਨੀ’ ਕਿਹਾ ਜਾਂਦਾ ਸੀ। ਫਰੈਡਰਿਕ ਮਰਜ਼ ਨੇ ਚੋਣਾਂ ਦੇ ਪੂਰੇ ਨਤੀਜੇ ਆਉਣ ਤੋਂ ਪਹਿਲਾਂ ਹੀ ਅਜਿਹਾ ਬਿਆਨ ਦਿੱਤਾ, ਜਿਹੜਾ ਟਰੰਪ ਨੂੰ ਦੁਖੀ ਕਰਨ ਵਾਲਾ ਹੈ। ਮਰਜ਼ ਨੇ ਕਿਹਾ ਕਿ ਟਰੰਪ ਯੂਰਪ ਦੀ ਪ੍ਰਵਾਹ ਨਹੀਂ ਕਰਦਾ, ਇਸ ਲਈ ਯੂਰਪ ਨੂੰ ਤੁਰੰਤ ਆਪਣੀ ਰੱਖਿਆ ਮਜ਼ਬੂਤ ਕਰਨੀ ਚਾਹੀਦੀ ਹੈ। ਯੂਰਪ ਨੂੰ ਨਾਟੋ ਦਾ ਬਦਲ ਲੱਭਣਾ ਪਵੇਗਾ ਅਤੇ ਇਹ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ। ਜੇਕਰ ਮਰਜ਼ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਆਪਣੇ ਬਿਆਨ ਉੱਤੇ ਅਮਲ ਕਰਦੇ ਹਨ ਤਾਂ ਇਹ ਯੂਰਪ ਨੂੰ ਨਵੀਂ ਦਿਸ਼ਾ ਵਿੱਚ ਲੈ ਜਾਵੇਗਾ। ਭਵਿੱਖੀ ਚਾਂਸਲਰ ਨੇ ਕਿਹਾ ਹੈ ਕਿ ਮੇਰੀ ਸਰਬਉੱਚ ਪਹਿਲ ਹੋਵੇਗੀ ਕਿ ਯੂਰਪ ਨੂੰ ਛੇਤੀ ਤੋਂ ਛੇਤੀ ਮਜ਼ਬੂਤ ਕੀਤਾ ਜਾਵੇ, ਤਾਂ ਕਿ ਕਦਮ-ਦਰ-ਕਦਮ ਅਸੀਂ ਅਮਰੀਕਾ ਤੋਂ ਅਜ਼ਾਦੀ ਹਾਸਲ ਕਰ ਸਕੀਏ। ਟਰੰਪ ਦੇ ਹਾਲੀਆ ਬਿਆਨਾਂ ਤੋਂ ਸਪੱਸ਼ਟ ਹੈ ਕਿ ਅਮਰੀਕਾ ਨੂੰ ਯੂਰਪ ਦੀ ਕੋਈ ਫਿਕਰ ਨਹੀਂ। ਉਸ ਨੇ ਅੱਗੇ ਕਿਹਾ, ‘‘ਮੈਂ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਕਿ ਅਸੀਂ ਜੂਨ ਦੇ ਅੰਤ ਵਿੱਚ ਨਾਟੋ ਸਿਖਰ ਸੰਮੇਲਨ ਵੱਲ ਕਿਵੇਂ ਵਧ ਰਹੇ ਹਾਂ। ਕੀ ਅਸੀਂ ਹਾਲੇ ਵੀ ਨਾਟੋ ਦੇ ਮੌਜੂਦਾ ਸਰੂਪ ਬਾਰੇ ਗੱਲ ਕਰਾਂਗੇ ਜਾਂ ਅਸੀਂ ਅਜ਼ਾਦ ਯੂਰਪੀ ਰੱਖਿਆ ਸਿਸਟਮ ਸਥਾਪਤ ਕਰਨ ਬਾਰੇ ਵਿਚਾਰ ਕਰਾਂਗੇ।’’ਅਮਰੀਕੀ ਰਾਸ਼ਟਰਪਤੀ ਦੇ ਯੂਰਪ ਤੇ ਯੂਕਰੇਨ ਵਿਰੁੱਧ ਦਿੱਤੇ ਬਿਆਨ ਦੇ ਜਵਾਬ ਵਿੱਚ ਮਰਜ਼ ਨੇ ਕਿਹਾ, ‘‘ਫਰਾਂਸ, ਬਰਤਾਨੀਆ ਤੇ ਜਰਮਨੀ ਵਿੱਚ ਪ੍ਰਮਾਣੂ ਸਹਿਯੋਗ ਦਾ ਪਤਾ ਲਾਉਣ ਦਾ ਸਮਾਂ ਆ ਗਿਆ ਹੈ, ਤਾਂ ਜੋ ਅਮਰੀਕਾ ਦੇ ਪ੍ਰਮਾਣੂ ਪ੍ਰਭਾਵ ਨੂੰ ਬਦਲਿਆ ਜਾ ਸਕੇ।

ਹਿਟਲਰੀਆਂ ਦੀ ਹਾਰ Read More »

ਮਾਲਵਾ ਕਾਲਜ਼ ਬੌਂਦਲੀ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦਾ ਆਪਣੀ ਮਾਂ ਬੋਲੀ ਪੰਜਾਬੀ ਲਈ ਮੋਹ ਅਤੇ ਸਮਰਪਣ

ਸਮਰਾਲਾ, 25 ਫਰਵਰੀ – ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜ਼ਾਂ ਦੇ ਉਨ੍ਹਾਂ ਵਿਦਿਆਰਥੀਆਂ ਦੀ, ਜਿਹੜੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਯਤਨਸ਼ੀਲ ਹਨ, ਖੋਜ਼ ਕਰਨ ਅਤੇ ਫੇਰ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਗਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜੇ ਤੇ ਇਸ ਲੜੀ ਦਾ ਨੌਵਾਂ ਸਮਾਗਮ ਮਾਲਵਾ ਕਾਲਜ ਬੌਂਦਲੀ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ, ਭਾਈਚਾਰੇ ਦੀ ਟੀਮ ਵੱਲੋਂ ਸਤਿਕਾਰ ਲਈ 6 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ। ਛੇਆਂ ਵਿੱਚੋਂ ਇੱਕ ਸੀ ਜਸ਼ਨਪ੍ਰੀਤ ਕੌਰ। ਸਖ਼ਤ ਮਿਹਨਤ ਕਰਕੇ ਇਸ ਵਿਦਿਆਰਥਣ ਨੇ ਪੰਜਾਬੀ ਦੇ ਅੱਖ਼ਰਾਂ ਨੂੰ ਮੋਤੀਆਂ ਵਾਂਗ ਚਿਣਨ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਦੇਖੋ ਉਸਦੀ ਕਲਾ ਦਾ ਨਮੂਨਾ। ਇਸ ਵਿਦਿਆਰਥਣ ਦੀ ਕਲਾ ਨੂੰ ਸਨਮਾਨਿਤ ਕਰਦਿਆਂ ਭਾਈਚਾਰੇ ਦੀ ਟੀਮ ਨੂੰ ਮਹਿਸੂਸ ਹੋਇਆ ਕਿ ਉਸਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।

ਮਾਲਵਾ ਕਾਲਜ਼ ਬੌਂਦਲੀ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦਾ ਆਪਣੀ ਮਾਂ ਬੋਲੀ ਪੰਜਾਬੀ ਲਈ ਮੋਹ ਅਤੇ ਸਮਰਪਣ Read More »