
* ਲੇਖਕਾਂ, ਬੁੱਧੀਜੀਵੀਆਂ ਅਤੇ ਪੰਜਾਬੀ ਪਿਆਰਿਆਂ ਵੱਲੋਂ ਕੀਤੀ ਗਈ ਸਖ਼ਤ ਨਿਖੇਧੀ
ਫਗਵਾੜਾ, 26 ਫਰਵਰੀ ( ਏ.ਡੀ.ਪੀ. ਨਿਊਜ਼ )– ਸਕੂਲ ਸਿੱਖਿਆ ਨਾਲ ਸੰਬੰਧਿਤ ਭਾਰਤ ਸਰਕਾਰ ਦੇ ਸੀ.ਬੀ.ਐੱਸ.ਈ. ਬੋਰਡ ਵੱਲੋਂ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਸੰਬੰਧੀ ਜਾਰੀ ਕੀਤੇ ਗਏ ਇਕ ਨਵੇਂ ਸਰਕੂਲਰ ਅਨੁਸਾਰ ਸਕੂਲ ਸਿੱਖਿਆ ਵਿੱਚੋਂ ਪੰਜਾਬੀ ਵਿਸ਼ੇ ਦੀ ਪੜ੍ਹਾਈ ਹਟਾਏ ਜਾਣ ਦਾ ਪ੍ਰਸਤਾਵ ਹੈ। ਮਿਤੀ 25 ਫਰਵਰੀ 2025 ਨੂੰ ਜਾਰੀ ਕੀਤੇ ਗਏ ਡਰਾਫਟ-ਸਰਕੂਲਰ ਨੰਬਰ ਸੀ.ਬੀ.ਐੱਸ.ਈ./ਸੀ ਈ/ਐੱਸ.ਪੀ.ਪੀ ਐਸ 2025 ਅਨੁਸਾਰ ਪੰਜਾਬੀ ਭਾਸ਼ਾ ਪੜ੍ਹਨ ਸਬੰਧੀ 004 ਕੋਡ ਹਟਾ ਦਿੱਤਾ ਗਿਆ ਹੈ।
ਇਸ ਸਬੰਧੀ ਸਕੇਪ ਸਾਹਿਤਕ ਸੰਸਥਾ, ਪੰਜਾਬੀ ਵਿਰਸਾ ਟਰਸੱਟ ਦੇ ਅਹੁਦੇਦਾਰਾਂ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਰਵਿੰਦਰ ਸਿੰਘ ਚੋਟ, ਮਨੋਜ ਫਗਵਾੜਵੀ, ਕਮਲੇਸ਼ ਸੰਧੂ, ਮਾਸਟਰ ਮਨਦੀਪ ਸਿੰਘ ਅਤੇ ਮਲਕੀਅਤ ਸਿੰਘ ਰਗਬੋਤਰਾ ਸਾਬਕਾ ਪ੍ਰਧਾਨ ਮਿਊਂਸਪਲ ਕੌਂਸਲ ਫਗਵਾੜਾ ਨੇ, ਸੰਬੰਧਿਤ ਬੋਰਡ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ । ਉਹਨਾ ਕਿਹਾ ਕਿ ਪੰਜਾਬੀ ਭਾਸ਼ਾ ਦੇਸ਼ ਦੀਆਂ ਮਾਨਤਾ ਪ੍ਰਾਪਤ 22 ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਸੰਬੰਧਿਤ ਸਕੂਲਾਂ ਵਿੱਚ ਨਾ ਪੜ੍ਹਾਇਆ ਜਾਣਾ ਇਸ ਨਾਲ ਘੋਰ ਵਿਤਕਰਾ ਹੈ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਅਤੇ ਰਵਿੰਦਰ ਚੋਟ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿਚਲੇ ਕੇਂਦਰੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਯਕੀਨੀ ਬਣਾਏ। ਉਹਨਾ ਕਿਹਾ ਕਿ ਜੇਕਰ ਇਹ ਨੋਟੀਫੀਕੇਸ਼ਨ ਵਾਪਸ ਨਾ ਲਿਆ ਗਿਆ ਤਾਂ ਵੱਡੇ ਪੱਧਰ ਤੇ ਪੰਜਾਬੀ ਭਾਈਚਾਰੇ ਵੱਲੋਂ ਅੰਦੋਲਨ ਕੀਤਾ ਜਾਵੇਗਾ।