
ਨਵੀਂ ਦਿੱਲੀ, 26 ਫਰਵਰੀ – ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਇੱਕ ਬਿਆਨ ਦਿੱਤਾ। ਉਹ ਮੌਜੂਦਾ ਚੈਂਪੀਅਨਜ਼ ਟਰਾਫੀ ਵਿੱਚ ਆਪਣੇ ਦੇਸ਼ ਦੀ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਤੋਂ ਨਾਰਾਜ਼ ਹੈ। ਕਰਾਚੀ ਵਿੱਚ ਨਿਊਜ਼ੀਲੈਂਡ ਤੇ ਦੁਬਈ ਵਿੱਚ ਭਾਰਤ ਤੋਂ ਵੱਡੀ ਹਾਰ ਤੋਂ ਬਾਅਦ ਮੇਜ਼ਬਾਨ ਪਾਕਿਸਤਾਨ ਅੱਠ ਟੀਮਾਂ ਦੀ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣੀ। ਅਜਿਹੇ ਵਿੱਚ ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਨੇ ਆਪਣੀ ਭੈਣ ਅਲੀਮਾ ਨਾਲ ਗੱਲ ਕਰਦੇ ਹੋਏ ਭਾਰਤ ਖ਼ਿਲਾਫ਼ ਮੈਚ ਹਾਰਨ ‘ਤੇ ਦੁੱਖ ਪ੍ਰਗਟ ਕੀਤਾ।
ਇਮਰਾਨ ਖਾਨ ਨੇ ਜੇਲ੍ਹ ਤੋਂ ਹੀ ਪਾਕਿਸਤਾਨ ਟੀਮ ਦੀ ਲਗਾਈ ਕਲਾਸ
ਦਰਅਸਲ ਅਲੀਮਾ ਨੇ ਅਡੇਲੀਆ ਜੇਲ੍ਹ ਰਾਵਲਵਿੰਡੀ ਬਾਹਰ ਦੱਸਿਆ ਕਿ 1992 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਦੀ ਕਪਤਾਨੀ ਕਰਨ ਵਾਲੇ ਇਮਰਾਨ ਨੇ ਪੀਸੀਬੀ ਚੇਅਰਮੈਨ ਮੋਹਸਿਨ ਨਕਵੀ ਦੀ ਕ੍ਰਿਕਟ ਯੋਗਤਾ ‘ਤੇ ਸਵਾਲ ਉਠਾਏ। ਉਸ ਨੇ ਕਿਹਾ ਕਿ ਪੀਟੀਆਈ (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਦੇ ਸੰਸਥਾਪਕ ਨੇ ਭਾਰਤ ਖ਼ਿਲਾਫ਼ ਹਾਰ ‘ਤੇ ਦੁੱਖ ਪ੍ਰਗਟ ਕੀਤਾ ਹੈ।
ਉਸ ਨੇ ਕਿਹਾ ਕਿ ਇਮਰਾਨ ਨੇ ਕਿਹਾ ਕਿ ਜਦੋਂ ਫੈਸਲੇ ਲੈਣ ਦਾ ਅਧਿਕਾਰ ਆਪਣੇ ਪਸੰਦੀਦਾ ਲੋਕਾਂ ਨੂੰ ਦਿੱਤਾ ਜਾਂਦਾ ਹੈ ਤਾਂ ਕ੍ਰਿਕਟ ਦਾ ਅੰਤ ਵਿੱਚ ਸਤਿਆਨਾਸ਼ ਹੀ ਹੋਵੇਗਾ। ਅਲੀਮਾ ਨੇ ਦੱਸਿਆ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਨੇ ਵੀ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਦੇਖਿਆ ਸੀ।ਸਾਬਕਾ ਪੀਸੀਬੀ ਚੇਅਰਮੈਨ ਨਜਮ ਸੇਠੀ ਨੇ ਪਾਕਿਸਤਾਨ ਕ੍ਰਿਕਟ ਦੇ ਮਾੜੇ ਪ੍ਰਦਰਸ਼ਨ ਲਈ ਅਸਿੱਧੇ ਤੌਰ ‘ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। X ‘ਤੇ ਇੱਕ ਪੋਸਟ ਵਿੱਚ ਸੇਠੀ ਜਿਨ੍ਹਾਂ ਦਾ PCB ਵਿੱਚ ਆਖਰੀ ਕਾਰਜਕਾਲ ਦਸੰਬਰ 2022 ਤੋਂ ਜੂਨ 2023 ਤੱਕ ਸੀ, ਉਸ ਨੇ ਕਿਹਾ ਕਿ ਰਾਸ਼ਟਰੀ ਟੀਮ ਦੇ ਪ੍ਰਦਰਸ਼ਨ ‘ਤੇ ਦੇਸ਼ ਦਾ ਗੁੱਸਾ ਜਾਇਜ਼ ਸੀ। ਚੈਂਪੀਅਨਜ਼ ਟਰਾਫੀ ਦੇ ਮੇਜ਼ਬਾਨ ਪਾਕਿਸਤਾਨ ਲਗਾਤਾਰ ਹਾਰਾਂ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।