
ਗੁਰਦਾਸਪੁਰ, 19 ਅਪ੍ਰੈਲ – ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਰਾਜ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਚੇਰੀ ਸਿੱਖਿਆ ਹਾਸਲ ਕਰਕੇ ਵਿਦਿਆਰਥੀ ਉੱਚ ਆਹੁਦਿਆਂ ਤੇ ਪਹੁੰਚ ਸਕਣ। ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਸਿੱਖਿਆ ਕ੍ਰਾਂਤੀ ਅਧੀਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਚਾਰ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਹਰਦੋਛੰਨੀ, ਸਰਕਾਰੌ ਪ੍ਰਾਇਮਰੀ ਸਕੂਲ ਚੱਗੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਹਰਦਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢਕਾਲਾ `ਚ 29 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਦੇਣ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜ ਰਹੀ ਹੈ ਤਾਂ ਜੋ ਉਹ ਚੰਗੀ ਮੁਹਾਰਤ ਹਾਸਲ ਕਰਕੇ ਵਿਦਿਆਰਥੀਆਂ ਨੂੰ ਵਧੀਆਂ ਸਿੱਖਿਆ ਮੁਹੱਈਆ ਕਰਵਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਲਈ ਪਹਿਲਾਂ ਤੋਂ ਤੈਅ ਕੋਟੇ ਨੂੰ 50 ਫੀਸਦੀ ਤੋਂ 75 ਫੀਸਦੀ ਕਰਕੇ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ ਜਿਸ ਦਾ ਅਧਿਆਪਕ ਵਰਗ ਨੂੰ ਵੱਡਾ ਲਾਭ ਮਿਲੇਗਾ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ।