ਜਰਮਨੀ ਚੋਣਾਂ ’ਚ ਅੱਗੇ ਰਹੇ ਫਰੈਡਰਿਕ ਮਰਜ਼ ਵੱਲੋਂ ਟਰੰਪ ਨੂੰ ਫਤਿਹ ਬੁਲਾਉਣ ਦਾ ਸੱਦਾ

ਬਰਲਿਨ, 25 ਫਰਵਰੀ – ਜਰਮਨੀ ਦੀਆਂ ਆਮ ਚੋਣਾਂ ਵਿੱਚ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ, ਪਰ ਕੰਜ਼ਰਵੇਟਿਵ ਆਪੋਜ਼ੀਸ਼ਨ ਆਗੂ ਫਰੈਡਰਿਕ ਮਰਜ਼ ਦੀ ਕ੍ਰਿਸਚੀਅਨ ਡੈਮੋਕਰੇਟਿਕ ਯੂਨੀਅਨ (ਸੀ ਡੀ ਯੂ) ਦਾ ਗੱਠਜੋੜ 630 ਵਿੱਚੋਂ ਸਭ ਤੋਂ ਵੱਧ 208 ਸੀਟਾਂ ਜਿੱਤਣ ਵਿੱਚ ਸਫਲ ਰਿਹਾ। ਉਸ ਨੂੰ 28.5 ਫੀਸਦੀ ਵੋਟਾਂ ਮਿਲੀਆਂ। ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਦੀ ਸੈਂਟਰ ਲੈੱਫਟ ਸੋਸ਼ਲ ਡੈਮੋਕਰੇਟਸ ਪਾਰਟੀ (ਐੱਸ ਡੀ ਪੀ) ਨੂੰ ਸੰਸਦੀ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾ ਦੀ ਪਾਰਟੀ ਤੀਜੇ ਸਥਾਨ ’ਤੇ ਰਹੀ। ਉਸ ਨੇ ਸਿਰਫ 16.5 ਫੀਸਦੀ ਵੋਟਾਂ ਨਾਲ 121 ਸੀਟਾਂ ਜਿੱਤੀਆਂ ਹਨ। ਅੱਤ ਕੱਟੜਪੰਥੀ ਅਲਟਰਨੇਟਿਵ ਫਾਰ ਜਰਮਨੀ (ਏ ਐੱਫ ਡੀ) ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਵਿੱਚ ਆਪਣੀ ਹਮਾਇਤ ਦੁੱਗਣੀ ਕੀਤੀ ਹੈ। ਉਸ ਨੇ 20.8 ਫੀਸਦੀ ਵੋਟਾਂ ਨਾਲ 151 ਸੀਟਾਂ ਜਿੱਤ ਲਈਆਂ। ਦੂਜੀ ਸੰਸਾਰ ਜੰਗ ਤੋਂ ਬਾਅਦ ਕਿਸੇ ਕੱਟੜਪੰਥੀ ਪਾਰਟੀ ਨੇ ਏਨੀਆਂ ਸੀਟਾਂ ਜਿੱਤੀਆਂ ਹਨ।

ਇਹ 2021 ਨਾਲੋਂ ਲਗਭਗ ਦੁੱਗਣੀਆਂ ਹਨ। ਬਹੁਮਤ ਲਈ 316 ਸੀਟਾਂ ਦੀ ਲੋੜ ਹੈ ਤੇ ਗੱਠਜੋੜ ਸਰਕਾਰ ਹੀ ਬਣੇਗੀ। ਚਾਂਸਲਰ (ਪ੍ਰਧਾਨ ਮੰਤਰੀ) ਦੇ ਅਹੁਦੇ ਲਈ ਉਮੀਦਵਾਰ ਐਲਿਸ ਵੀਡੇਲ ਦੀ ਏ ਐੱਫ ਡੀ ਦੇ ਆਗੂ ਟੀਨੋ ਕਰੂਪਾਲਾ ਨੇ ਸੀ ਡੀ ਯੂ ਨਾਲ ਗੱਠਜੋੜ ਦੀ ਪੇਸ਼ਕਸ਼ ਕੀਤੀ ਹੈ, ਪਰ ਮਰਜ਼ ਨੇ ਉਸ ਨਾਲ ਗੱਠਜੋੜ ਤੋਂ ਸਾਫ ਨਾਂਹ ਕਰ ਦਿੱਤੀ ਹੈ। ਟਰੰਪ ਦੇ ਸਲਾਹਕਾਰ ਐਲਨ ਮਸਕ ਨੇ ਏ ਐੱਫ ਡੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ, ਪਰ ਉਹ ਸਰਕਾਰ ਬਣਾਉਣ ਦੇ ਨੇੜੇ ਨਹੀਂ ਪੁੱਜੀ। ਗਰੀਨ ਪਾਰਟੀ ਨੂੰ 12 ਫੀਸਦੀ, ਫਰੀ ਡੈਮੋਕਰੇਟਿਕ ਪਾਰਟੀ (ਐੱਫ ਡੀ ਪੀ) ਨੂੰ 5 ਫੀਸਦੀ (ਸੰਸਦ ਵਿੱਚ ਦਾਖਲੇ ਲਈ ਘੱਟੋ-ਘੱਟ ਫੀਸਦੀ, ਇਸ ਤੋਂ ਘੱਟ ਫੀਸਦੀ ਵਾਲੀ ਪਾਰਟੀ ਸੰਸਦ ਮੈਂਬਰੀ ਲਈ ਗਿਣੀ ਨਹੀਂ ਜਾਂਦੀ), ਖੱਬੀ ਪਾਰਟੀ ਡੀ ਲਿੰਕੇ ਨੂੰ 9 ਫੀਸਦੀ ਅਤੇ ਬੀ ਐੱਸ ਡਬਲਿਊ (ਸਹਰਾ ਵਾਗੇਨਕਨੇਚ ਨਾਲੋਂ ਟੁੱਟੀ ਖੱਬੀ ਪਾਰਟੀ) ਨੂੰ 5 ਫੀਸਦੀ ਵੋਟਾਂ ਮਿਲੀਆਂ ਹਨ।

ਖੱਬੀਆਂ ਪਾਰਟੀਆਂ ਨੇ ਵੀ ਪੁਜ਼ੀਸ਼ਨ ਕਾਫੀ ਸੁਧਾਰੀ ਹੈ। ਬਰਲਿਨ ਵਿੱਚ ਤਾਂ ਖੱਬੇ-ਪੱਖੀ ਨੰਬਰ ਇੱਕ ’ਤੇ ਰਹੇ ਹਨ। ਚਾਂਸਲਰ ਓਲਫ ਸ਼ੁਲਜ਼ ਨੇ ਲੋਕਾਂ ਦੇ ਫਤਵੇ ਨੂੰ ‘ਕੌੜਾ ਚੋਣ ਨਤੀਜਾ’ ਦੱਸਦਿਆਂ ਆਪਣੀ ਪਾਰਟੀ ਸੈਂਟਰ-ਲੈੱਫਟ ਸੋਸ਼ਲ ਡੈਮੋਕਰੇਟਸ ਲਈ ਹਾਰ ਮੰਨ ਲਈ। ਉਨ੍ਹਾ ਦੀ ਪਾਰਟੀ ਆਲਮੀ ਜੰਗ ਤੋਂ ਬਾਅਦ ਸੰਸਦੀ ਚੋਣਾਂ ਵਿੱਚ ਸਭ ਤੋਂ ਮਾੜੇ ਨਤੀਜੇ ਨਾਲ ਤੀਜੇ ਸਥਾਨ ’ਤੇ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਨਤੀਜਿਆਂ ਦਾ ਦਿਨ ਜਰਮਨੀ ਤੇ ਅਮਰੀਕਾ ਦੋਹਾਂ ਲਈ ਸ਼ਾਨਦਾਰ ਹੈ। ਅਮਰੀਕਾ ਦੀ ਤਰ੍ਹਾਂ ਜਰਮਨੀ ਦੇ ਲੋਕ ਵੀ ਐਨਰਜੀ ਤੇ ਇਮੀਗ੍ਰੇਸ਼ਨ ’ਤੇ ਸਰਕਾਰ ਦੀਆਂ ਬੇਤੁਕੀਆਂ ਨੀਤੀਆਂ ’ਤੋਂ ਤੰਗ ਆ ਚੁੱਕੇ ਸਨ। ਮਰਜ਼ ਨੇ ਕਿਹਾ ਹੈ ਕਿ ਉਹ ਈਸਟਰ ਤੱਕ ਗੱਠਜੋੜ ਸਰਕਾਰ ਬਣਾਉਣ ਦੀ ਉਮੀਦ ਕਰਦੇ ਹਨ, ਪਰ ਇਹ ਬਹੁਤ ਚੁਣੌਤੀਪੂਰਨ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਜਰਮਨੀ ਵਿੱਚ ਸੰਸਦੀ ਚੋਣਾਂ ਨਿਰਧਾਰਤ ਸਮੇਂ ਤੋਂ ਸੱਤ ਮਹੀਨੇ ਪਹਿਲਾਂ ਹੋਈਆਂ ਹਨ, ਕਿਉਂਕਿ ਸ਼ੁਲਜ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨਵੰਬਰ ਵਿੱਚ ਡਿੱਗ ਗਈ ਸੀ।

ਜਰਮਨੀ 27 ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਨਾਟੋ ਦਾ ਇੱਕ ਪ੍ਰਮੁੱਖ ਮੈਂਬਰ ਹੈ। ਇਹ ਅਮਰੀਕਾ ਤੋਂ ਬਾਅਦ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਰਿਹਾ ਹੈ। ਮਰਜ਼ ਨੇ ਚੋਣ ਨਤੀਜਿਆਂ ਦੇ ਰੁਝਾਨਾਂ ਮਗਰੋਂ ਆਪਣੇ ਹਮਾਇਤੀਆਂ ਨੂੰ ਕਿਹਾ, ‘ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ। ਮੈਂ ਇਸ ਕੰਮ ਦੇ ਪੈਮਾਨੇ ਤੋਂ ਵੀ ਜਾਣੂ ਹਾਂ, ਜੋ ਹੁਣ ਸਾਡੇ ਸਾਹਮਣੇ ਹੈ। ਮੈਂ ਇਸ ਨੂੰ ਬਹੁਤ ਸਤਿਕਾਰ ਨਾਲ ਲੈਂਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਇਹ ਆਸਾਨ ਨਹੀਂ ਹੋਵੇਗਾ। ਮਰਜ਼ ਨੇ ਅਹਿਮ ਬਿਆਨ ਵਿੱਚ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਯੂਰਪ ਦੀ ਪ੍ਰਵਾਹ ਨਹੀਂ ਕਰ ਰਿਹਾ ਅਤੇ ਰੂਸ ਨਾਲ ਆੜੀ ਪਾ ਰਿਹਾ ਹੈ। ਉਨ੍ਹਾ ਖਬਰਦਾਰ ਕੀਤਾ ਕਿ ਯੂਰਪ ਨੂੰ ਨਾਟੋ ਦਾ ਬਦਲ ਲੱਭਣ ਲਈ ਆਪਣੀ ਰੱਖਿਆ ਤੇ ਸਮਰਥਾਵਾਂ ਨੂੰ ਮਹੀਨਿਆਂ ਵਿੱਚ ਹੀ ਮਜ਼ਬੂਤ ਕਰਨਾ ਪਵੇਗਾ। (ਦਰਅਸਲ ਯੂਰਪ 1945 ਤੋਂ ਅਮਰੀਕੀ ਸੁਰੱਖਿਆ ਗਰੰਟੀਆਂ ’ਤੇ ਚਲਦਿਆਂ ਆਇਆ ਹੈ ਤੇ ਹੁਣ ਮਹਿਸੂਸ ਕਰ ਰਿਹਾ ਹੈ ਕਿ ਟਰੰਪ ਦਾ ਅਮਰੀਕਾ ਉਸ ਦੀ ਪ੍ਰਵਾਹ ਨਹੀਂ ਕਰ ਰਿਹਾ।) ਮਰਜ਼ ਨੇ ਕਿਹਾਮੇਰੀ ਪਹਿਲੀ ਤਰਜੀਹ ਯੂਰਪ ਨੂੰ ਛੇਤੀ ਤੋਂ ਛੇਤੀ ਮਜ਼ਬੂਤ ਬਣਾਉਣ ਦੀ ਹੋਵੇਗੀ, ਤਾਂ ਜੋ ਅਸੀਂ ਅਮਰੀਕਾ ਤੋਂ ਆਜ਼ਾਦ ਹੋ ਸਕੀਏ।

ਸਾਂਝਾ ਕਰੋ

ਪੜ੍ਹੋ