ਮਾਂ ਬੋੱਲੀ ਪੰਜਾਬੀ ਸਾਡੀ,
ਕੱਖੋਂ ਹੌਲੀ ਹੁੰਦੀ ਜਾਵੇ,
ਆਪਣੀ ਹੋਂਦ ਬਚਾਉਣ ਦੀ ਖ਼ਾਤਰ,
ਹਰ ਦਿਨ ਲੈਂਦੀ ਹੌਕੇ ਹਾਵੇ।
ਪੰਜਾਬ ਪੰਜਾਬੀਅਤ ਦਾ ਹਰ ਨਾਹਰਾ,
ਖੋਖਲਾ ਅਤੇ ਬੇ ਮਤਲਬ ਜਾਪੇ,
ਭੁੱਖ ਨੰਗ ਦਾ ਦੈਂਤ ਜਦ ਸਾਡੇ,
ਹਰ ਜਵਾਨ ਨੂੰ ਖਾਂਦਾ ਜਾਪੇ।
ਚੰਗੀ ਰੋਟੀ ਖਾਣ ਦੀ ਖਾਤਰ,
ਹਰ ਪੰਜਾਬੀ ਦੁਨੀਆ ਵਿੱਚ ਭਟਕੇ,
ਵਸਦੇ ਘਰ ਦੇ ਕੇ ਗੈਰਾਂ ਹੱਥ,
ਹਿੰਦੀਆਂ ਦੇ ਲਈ ਖੋਲ੍ਹੇ ਰਸਤੇ।
ਮਾਂ ਬੋੱਲੀ ਦੇ ਪਹਿਰੇਦਾਰ ਜਦੋਂ,
ਪੰਜਾਬੀ ਬੋਲਣ ਵਿੱਚ ਹੇਠੀ ਸਮਝਣ,
ਹੋਰ ਕਿਹੜੇ ਸਪੂਤ ਨਿੱਤਰਨਗੇ,
ਜੋ ਰੋਕਣਗੇ ਐਸੀ ਗਰਕਣ।
ਬੋੱਲੀ ਦੀ ਡਾਕਟਰੀ ਕਰਨੇ ਵਾਲੇ,
ਖ਼ੁਦ ਪੰਜਾਬੀ ਲਿਖਣੀ ਭੁੱਲ ਗਏ,
ਆਪਣੀਆਂ ਪ੍ਰਾਪਤੀਆਂ ਠੁੰਮਣ ਲਈ,
ਅੰਗਰੇਜ਼ੀਆਂ ਉੱਤੇ ਖ਼ੁਦ ਹੀ ਡੁੱਲ੍ਹ ਗਏ।
ਰਸਾਲੇ, ਅਖਬਾਰਾਂ, ਸੰਚਾਰ ਦੇ ਸਾਧਨ,
ਲਿਖਣ, ਬੋਲਣ ਗ਼ਲਤ ਪੰਜਾਬੀ,
ਚੰਗੀ ਸਲਾਹ ਤੇ ਤਿੜ ਫਿੜ ਕਰਦੇ,
ਗਲ਼ ਪੈਣ ਦੀ ਕਰਨ ਸ਼ਤਾਬੀ।
ਫੋਕੀਆਂ ਆਕੜਾਂ ਫੋਕੇ ਨਾਹਰੇ,
ਮਾਂ ਬੋੱਲੀ ਦਾ ਘਾਣ ਕਰਨਗੇ,
ਜਾਨਸ਼ੀਨ ਸਾਡੇ ਵਿਰਸੇ ਦੀ,
ਕਿਹੜੀ ਗੱਲ ਦਾ ਮਾਣ ਕਰਨਗੇ?
ਕਰ ਲਓ ਹਿੰਮਤ ਜਾਂ ਕੋਈ ਹੀਲਾ,
ਸਹਿਕਦੀ ਮਾਂ ਮੂੰਹ ਪਾਣੀ ਪਾਓ,
ਸੰਜੀਦਾ ਸਿਰ ਜ਼ਰਾ ਜੋੜ ਕੇ ਬੈਠੋ,
ਮੌਤ ਦਾ ਕੋਈ ਲੱਭ ਲਓ ਉਪਾਓ।
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ