February 21, 2025

ਐਡਵੋਕੇਟ ਬਿੱਲ ਖਿਲਾਫ਼ ਵਕੀਲਾਂ ਦਾ ਵਿਰੋਧ ਹੋਇਆ ਤੇਜ਼, ਅਦਾਲਤਾਂ ‘ਚ ਹੜਤਾਲ ਜਾਰੀ

ਨਵੀਂ ਦਿੱਲੀ, 21 ਫਰਵਰੀ – ਪ੍ਰਸਤਾਵਿਤ ਐਡਵੋਕੇਟ ਸੋਧ ਬਿੱਲ 2025 ਦੇ ਵਿਰੋਧ ਵਿੱਚ ਵਕੀਲਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਵਕੀਲਾਂ ਨੇ ਤੀਸ ਹਜ਼ਾਰੀ ਅਦਾਲਤ ਦੇ ਬਾਹਰ ਸੜਕ ਜਾਮ ਕਰਕੇ ਸਰਕਾਰ ਨੂੰ ਆਪਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ, ਰੋਹਿਣੀ ਕੋਰਟ ਦੇ ਵਕੀਲ ਐਸੋਸੀਏਸ਼ਨ ਨੇ ਵੀ ਆਪਣੇ ਮੈਂਬਰਾਂ ਨੂੰ ਵੀਡੀਓ ਕਾਨਫਰੰਸ (ਵੀਸੀ) ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਤੋਂ ਰੋਕ ਦਿੱਤਾ ਹੈ। ਦਿੱਲੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਦੇ ਵਕੀਲ ਸੰਗਠਨਾਂ ਦੀ ਤਾਲਮੇਲ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪਿਛਲੇ ਸੋਮਵਾਰ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਹੜਤਾਲ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਜਾਰੀ ਰਹੇਗੀ। ਤਾਲਮੇਲ ਕਮੇਟੀ ਦੇ ਚੇਅਰਮੈਨ ਜਗਦੀਪ ਵਤਸ ਅਤੇ ਸਕੱਤਰ ਜਨਰਲ ਅਤੁਲ ਕੁਮਾਰ ਸ਼ਰਮਾ ਨੇ ਇੱਕ ਪ੍ਰਸਤਾਵ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਕਿਹਾ ਗਿਆ ਹੈ ਕਿ 20 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਪ੍ਰਸਤਾਵਿਤ “ਬੇਇਨਸਾਫ਼ੀ, ਅਨੁਚਿਤ ਅਤੇ ਪੱਖਪਾਤੀ ਵਕੀਲ ਸੋਧ ਬਿੱਲ, 2025” ਵਿਰੁੱਧ ਵਕੀਲਾਂ ਦੀ ਹੜਤਾਲ 21 ਅਤੇ 22 ਫਰਵਰੀ ਨੂੰ ਵੀ ਜਾਰੀ ਰਹੇਗੀ। ਕਮੇਟੀ ਦੇ ਅਧਿਕਾਰੀਆਂ ਨੇ ਬਿੱਲ ਨੂੰ ਕੁਦਰਤ ਦਾ ਕਠੋਰ ਅਤੇ ਵਕੀਲਾਂ ਦੀ ਏਕਤਾ, ਅਖੰਡਤਾ ਅਤੇ ਵੱਕਾਰ ਦੇ ਪੂਰੀ ਤਰ੍ਹਾਂ ਵਿਰੁੱਧ ਦੱਸਿਆ। ਵਕੀਲਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਰੇ ਰਾਜਾਂ ਦੀਆਂ ਬਾਰ ਕੌਂਸਲਾਂ ਅਤੇ ਵਕੀਲ ਸੰਗਠਨਾਂ ਦੀ ਖੁਦਮੁਖਤਿਆਰੀ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਵੇਗੀ। ਮਤੇ ਰਾਹੀਂ, ਵਕੀਲ ਆਗੂਆਂ ਦੀ ਕਮੇਟੀ ਨੇ ਨਿਆਂਇਕ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਅਤੇ ਇਨ੍ਹਾਂ ਦੋ ਦਿਨਾਂ ਵਿੱਚ ਲੰਬਿਤ ਮਾਮਲਿਆਂ ਵਿੱਚ ਕੋਈ ਵੀ ਪ੍ਰਤੀਕੂਲ ਹੁਕਮ ਨਾ ਪਾਸ ਕਰਨ। ਕੁਝ ਵਕੀਲ ਹੜਤਾਲ ਦੇ ਬਾਵਜੂਦ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤਾਂ ਵਿੱਚ ਹਾਜ਼ਰ ਹੋ ਰਹੇ ਸਨ, ਰੋਹਿਣੀ ਕੋਰਟ ਬਾਰ ਐਸੋਸੀਏਸ਼ਨ ਨੇ ਇੱਕ ਸਖ਼ਤ ਨੋਟਿਸ ਜਾਰੀ ਕੀਤਾ। ਸੰਗਠਨ ਨੇ ਆਪਣੇ ਮੈਂਬਰ ਵਕੀਲਾਂ ਨੂੰ ਹਦਾਇਤ ਕੀਤੀ ਕਿ ਅਦਾਲਤ ਵਿੱਚ ਕਿਸੇ ਵੀ ਮਾਮਲੇ ਵਿੱਚ ਟਾਈਪਿੰਗ, ਫੋਟੋਕਾਪੀ ਅਤੇ ਵੀਸੀ ਰਾਹੀਂ ਹਾਜ਼ਰੀ ਦਰਜ ਨਹੀਂ ਕੀਤੀ ਜਾਵੇਗੀ।

ਐਡਵੋਕੇਟ ਬਿੱਲ ਖਿਲਾਫ਼ ਵਕੀਲਾਂ ਦਾ ਵਿਰੋਧ ਹੋਇਆ ਤੇਜ਼, ਅਦਾਲਤਾਂ ‘ਚ ਹੜਤਾਲ ਜਾਰੀ Read More »

ਹੁਣ 25 ਫਰਵਰੀ ਨੂੰ ਹੋਵੇਗੀ ਸੱਜਣ ਨੂੰ ਸਜ਼ਾ, ਪੀੜ੍ਹਤ ਧਿਰ ਨੇ ਕਿਹਾ – ਦਿਓ ਫ਼ਾਂਸੀ

ਨਵੀਂ ਦਿੱਲੀ, 21 ਫਰਵਰੀ – ਜੱਜ ਕਾਵੇਰੀ ਬਵੇਜਾ ਦੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਜ਼ਾ ਉੱਤੇ  ਫੈਸਲਾ 25 ਫਰਵਰੀ ਲਈ ਰਾਖਵਾਂ ਰੱਖ ਲਿਆ ਹੈ। ਉਂਝ ਸੁਣਵਾਈ ਦੌਰਾਨ ਸ਼ਿਕਾਇਤਕਰਤਾ, ਜਿਸ ਦੇ ਪਤੀ ਤੇ ਪੁੱਤ ਦੀ ਕੁਮਾਰ ਵੱਲੋਂ ਉਕਸਾਏ ਹਜੂਮ ਨੇ ਹੱਤਿਆ ਕਰ ਦਿੱਤੀ ਸੀ, ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ (ਸੱਜਣ ਕੁਮਾਰ) ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ 1 ਨਵੰਬਰ 1984 ਨੂੰ ਹੱਤਿਆ ਕੀਤੀ ਗਈ ਸੀ। ਸ਼ੁਰੂਆਤ ਵਿਚ ਪੰਜਾਬੀ ਬਾਗ ਪੁਲੀਸ ਥਾਣੇ ਨੇ ਕੇਸ ਦਰਜ ਕੀਤਾ ਸੀ, ਪਰ ਮਗਰੋਂ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਸੰਭਾਲ ਲਈ।  ਅਦਾਲਤ ਨੇ 16 ਦਸੰਬਰ, 2021 ਨੂੰ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਸਨ। ਇਸਤਗਾਸਾ ਧਿਰ ਨੇ ਦੋਸ਼ ਲਗਾਇਆ ਹੈ ਕਿ ਘਾਤਕ ਹਥਿਆਰਾਂ ਨਾਲ ਲੈਸ ਇੱਕ ਵੱਡੇ ਹਜੂਮ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਿੱਖਾਂ ਦੀਆਂ ਜਾਇਦਾਦਾਂ ਨੂੰ ਵੱਡੇ ਪੱਧਰ ’ਤੇ ਲੁੱਟਿਆ ਤੇ ਅੱਗਜ਼ਨੀ ਕੀਤੀ।

ਹੁਣ 25 ਫਰਵਰੀ ਨੂੰ ਹੋਵੇਗੀ ਸੱਜਣ ਨੂੰ ਸਜ਼ਾ, ਪੀੜ੍ਹਤ ਧਿਰ ਨੇ ਕਿਹਾ – ਦਿਓ ਫ਼ਾਂਸੀ Read More »

ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਰਣਵੀਰ ਇਲਾਹਾਬਾਦੀਆ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

21, ਫਰਵਰੀ – ਸਮਾਜੀ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਲਈ ਫ਼ਿਕਰਮੰਦ ਰਹਿਣ ਵਾਲ਼ੇ ਪੰਡਿਤਰਾਓ ਸੀ. ਧਰੇਨਵਰ ਦੀ ਸ਼ਿਕਾਇਤ ‘ਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇੱਕ ਚਿੱਠੀ ਰਾਹੀਂ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਸਮਯ ਰੈਣਾ ਅਤੇ ਰਣਵੀਰ ਇਲਾਹਾਬਾਦੀਆ ਨੂੰ ਤਲਬ ਕਰਨ ਅਤੇ ਉਹਨਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਚੰਡੀਗੜ੍ਹ ਦੇ ਸੈਕਟਰ-46 ਵਿੱਚ ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਵਿੱਚ ਸਮਾਜ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਪੰਡਿਤਰਾਓ ਸੀ. ਧਰੇਨਾਵਰ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਹ ਚਿੱਠੀ ਲਿਖੀ ਗਈ ਹੈ। ਚਿੱਠੀ ਵਿੱਚ ਅੱਲ੍ਹੜ ਬੱਚਿਆਂ ਦੀ ਸ਼ਮੂਲੀਅਤ ਵਾਲ਼ੇ ਡਿਜੀਟਲ ਪਲੇਟਫਾਰਮ ਸ਼ੋਅ ‘ਇੰਡੀਆ’ਜ਼ ਗੌਟ ਲੇਟੈਂਟ’ ਵਿੱਚ ਅਸ਼ਲੀਲ ਭਾਸ਼ਾ ਦੀ ਵਰਤੋਂ, ਸੱਭਿਆਚਾਰਕ ਗਿਰਾਵਟ ਅਤੇ ਬੱਚਿਆਂ ਦੇ ਇਖਲਾਕ ‘ਤੇ ਪੈਣ ਵਾਲੇ ਨੁਕਸਾਨਦੇਹ ਅਸਰਾਂ ਦਾ ਜ਼ਿਕਰ ਕੀਤਾ ਗਿਆ ਹੈ। ਚਿੱਠੀ ਵਿੱਚ ਸਮਯ ਰੈਣਾ ਅਤੇ ਰਣਵੀਰ ਅਲਾਹਬਦੀਆ ਨੂੰ ਤਲਬ ਕਰਨ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਵਰਗੀ ਕਾਰਵਾਈ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਸਮਾਜਿਕ ਕਦਰਾਂ-ਕੀਮਤਾਂ ਵਿੱਚ ਆਈ ਗਿਰਾਵਟ ਤੋਂ ਫ਼ਿਕਰਮੰਦ ਪੰਡਿਤਰਾਓ ਸੀ. ਧਰੇਨਵਰ ਦੀ ਸ਼ਿਕਾਇਤ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੂੰ ਵੀ ਚਿੱਠੀ ਲਿਖ ਕੇ ਓਟੀਟੀ ਅਤੇ ਡਿਜੀਟਲ ਪਲੇਟਫਾਰਮਾਂ ‘ਤੇ ਅਪਲੋਡ ਕੀਤੀ ਜਾ ਰਹੀ ਸਮੱਗਰੀ ਨੂੰ ਨਿਯਮਤ ਕਰਨ ਲਈ ਸਖਤ ਨੀਤੀ, ਦਿਸ਼ਾ ਨਿਰਦੇਸ਼ ਜਾਂ ਕਾਨੂੰਨ ਬਣਾਉਣ ਲਈ ਕਿਹਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਚਿੱਠੀ ਵਿੱਚ ਬਾਲ ਸੁਰੱਖਿਆ ਐਕਟ ਦੇ ਮੁਤਾਬਕ ਓਟੀਟੀ ਸਮੱਗਰੀ ਦੀ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਲੋੜ ਪੈਣ ‘ਤੇ ਕਾਨੂੰਨੀ ਉਪਾਅ ਜਾਂ ਸੋਧਾਂ ਪੇਸ਼ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਰਣਵੀਰ ਇਲਾਹਾਬਾਦੀਆ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ Read More »

ਵੇਲੇ-ਵੇਲੇ ਦੀ ਗੱਲ

ਨਵੀਂ ਦਿੱਲੀ, 21 ਫਰਵਰੀ – ਬੱਸ ਟਾਈਮ ਟਾਈਮ ਦੀ ਗੱਲ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਕਦੇ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਰਹੀ। 1995 ਵਿਚ ਉਸ ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਚੋਣ ਲੜੀ ਤੇ ਜਨਰਲ ਸਕੱਤਰ ਬਣੀ, ਜਦੋਂਕਿ ਅਲਕਾ ਲਾਂਬਾ ਉਦੋਂ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਸੀ। ਰੇਖਾ ਗੁਪਤਾ, ਏ ਬੀ ਵੀ ਪੀ ਤੋਂ ਬਾਅਦ ਹੁਣ ਭਾਜਪਾ ਵਿੱਚ ਹੈ, ਜਦੋਂ ਕਿ ਅਲਕਾ ਲਾਂਬਾ ਆਪਣੇ ਵਿਦਿਆਰਥੀ ਜੀਵਨ ਦੌਰਾਨ ਕਾਂਗਰਸ ਵਿਦਿਆਰਥੀ ਸੰਗਠਨ ਨਾਲ ਜੁੜੀ ਹੋਈ ਸੀ। ਮਗਰੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਹੁਣ ਮੁੜ ਕਾਂਗਰਸ ਵਿੱਚ ਹੈ। ਅਲਕਾ ਲਾਂਬਾ ਨੇ ਇਸ ਮਹੀਨੇ ਵਿਧਾਨ ਸਭਾ ਚੋਣਾਂ ਵਿੱਚ ਕਾਲਕਾਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਆਤਿਸ਼ੀ ਖਿਲਾਫ ਚੋਣ ਲੜੀ ਸੀ, ਪਰ ਹਾਰ ਗਈ। ਅਲਕਾ ਲਾਂਬਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਰੇਖਾ ਗੁਪਤਾ ਨਾਲ ਦਿਖਾਈ ਦੇ ਰਹੀ ਹੈ। ਅਲਕਾ ਲਾਂਬਾ ਨੇ ਲਿਖਿਆਇਹ ਯਾਦਗਾਰੀ ਫੋਟੋ 1995 ਦੀ ਹੈ, ਜਦੋਂ ਮੈਂ ਅਤੇ ਰੇਖਾ ਗੁਪਤਾ ਨੇ ਇਕੱਠੇ ਸਹੁੰ ਚੁੱਕੀ ਸੀ। ਮੈਂ ਐੱਨ ਐੱਸ ਯੂ ਆਈ ਤੋਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦਾ ਅਹੁਦਾ ਜਿੱਤਿਆ ਅਤੇ ਰੇਖਾ ਨੇ ਏ ਬੀ ਵੀ ਪੀ ਵੱਲੋਂ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ। ਰੇਖਾ ਗੁਪਤਾ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਦਿੱਲੀ ਨੂੰ ਚੌਥੀ ਮਹਿਲਾ ਮੁੱਖ ਮੰਤਰੀ ਮਿਲਣ ਦੀਆਂ ਵਧਾਈਆਂ। ਅਸੀਂ ਦਿੱਲੀ ਵਾਲੇ ਉਮੀਦ ਕਰਦੇ ਹਾਂ ਕਿ ਯਮੁਨਾ ਸਾਫ਼ ਹੋਵੇਗੀ ਅਤੇ ਧੀਆਂ ਸੁਰੱਖਿਅਤ ਰਹਿਣਗੀਆਂ।

ਵੇਲੇ-ਵੇਲੇ ਦੀ ਗੱਲ Read More »

ਮਾਂ-ਬੋਲੀ ਪੰਜਾਬੀ ਅਤੇ ਅਸੀਂ/ਪਰਮਜੀਤ ਢੀਂਗਰਾ

ਪੰਜਾਬੀ ਕਦੇ ਨਹੀਂ ਮਰਦੀ, ਇਹਨੂੰ ਮਾਰਨ ਵਾਲਿਓ… ਮਰੀ ਹੋਈ ਨੂੰ ਕੌਣ ਮਾਰ ਸਕਦੈ। ਇਹ ਤਾਂ ਪੰਜਾਬੀ ਦੇ ਸ਼ੈਦਾਈ ਤੇ ਸਿਰਫਿਰੇ ਐਵੇਂ ਰੌਲਾ ਪਾ ਰਹੇ ਨੇ; ਅਖੇ, ਪੰਜਾਬੀ ਨੂੰ ਬਚਾਉਣ ਦੀ ਲੋੜ ਐ। ਜਦੋਂ ਆਪਣਿਆਂ ਨੇ ਮਾਰ ਹੀ ਛੱਡੀ ਤਾਂ ਹੁਣ ਬਚਾਉਣ ਦੇ ਕਿਉਂ ਹੀਲੇ ਕਰਦੇ ਓ। ਕਿਉਂ ਹਾਲ ਪਾਹਰਿਆ ਕਰ ਕੇ ਅਸਮਾਨ ਸਿਰ ’ਤੇ ਚੁੱਕੀ ਫਿਰਦੇ ਓ। ਵੋਟਾਂ ਵੇਲੇ ਤੁਸਾਂ ਕਦੇ ਪੁੱਛਿਆ- ‘ਭਾਈ ਵੋਟਾਂ ਮੰਗਣ ਵਾਲਿਓ! ਦੱਸੋ ਤੁਸਾਂ ਪੰਜਾਬੀ ਬਚਾਈ ਕਿ ਮਾਰੀ? ਕਿੱਥੇ ਐ ਪੰਜਾਬੀ?’ ਤੁਹਾਨੂੰ ਤਾਂ ਉਦੋਂ ਵੀ ਪਤਾ ਨਹੀਂ ਲੱਗਾ ਜਦੋਂ ਪੰਜਾਬ ਵਿਚ ਧੜਾ-ਧੜ ਅੰਗਰੇਜ਼ੀ ਸਕੂਲ ਖੁੱਲ੍ਹ ਰਹੇ ਸਨ ਤੇ ਤੁਸੀਂ ਬੜੇ ਖੁਸ਼ ਹੋ ਰਹੇ ਸਓ ਕਿ ਹੁਣ ਤੁਹਾਡੇ ਬੱਚੇ ਵੀ ਅੰਗਰੇਜ਼ੀ ਸਕੂਲਾਂ ਵਿਚ ਪੜ੍ਹ ਕੇ ਅਫਸਰ ਬਣਨਗੇ। ਕੀ ਉਦੋਂ ਤੁਹਾਨੂੰ ਪੰਜਾਬੀ ਵੱਢ ਰਹੀ ਸੀ। ਜਦੋਂ ਤੋਤਾ ਸਿੰਘੀ ਅੰਗਰੇਜ਼ੀ ਨੇ ਖੰਭ ਫੈਲਾਏ ਸਨ ਤਾਂ ਤੁਸੀਂ ਉਹਦੇ ਪ੍ਰਸ਼ੰਸਕ ਬਣ ਗਏ ਸਓ। ਜਦੋਂ ਮਹਿਲਾਂ ਵਾਲੇ ਰਾਜੇ ਨੇ ਅੰਗਰੇਜ਼ੀ ਦਾ ਰਾਗ ਅਲਾਪਿਆ ਤਾਂ ਤੁਸੀਂ ਮਾਣ ਮਹਿਸੂਸ ਕਰ ਰਹੇ ਸਓ। ਹੁਣ ਜਦੋਂ ਸਿੱਖਿਆ ਦੇ ਅੱਡਿਆਂ ’ਤੇ ਤੁਹਾਡੇ ਬੱਚਿਆਂ ਨੂੰ ਪੰਜਾਬੀ ਬੋਲਣ ’ਤੇ ਚਪੇੜੇ ਮਾਰੇ ਜਾਂਦੇ ਨੇ, ਕੰਨ ਲਾਲ ਕੀਤੇ ਜਾਂਦੇ ਨੇ, ਜੁਰਮਾਨੇ ਕੀਤੇ ਜਾਂਦੇ ਨੇ ਤੇ ਬੋਲਣ ਦੀ ਪਾਬੰਦੀ ਲਈ ਫਰਮਾਨ ਜਾਰੀ ਕੀਤੇ ਜਾਂਦੇ ਨੇ ਤਾਂ ਤੁਸੀਂ ਕੰਨ ਵਲੇਟੀ ਸੁੱਤੇ ਰਹਿੰਦੇ ਹੋ। ਫਿਰ ਦੁਖੀ ਹੋਣ ਦਾ ਕੀ ਫਾਇਦਾ? ਉਨ੍ਹਾਂ ਕਿਹੜਾ ਤੁਹਾਨੂੰ ਸੱਦਾ ਭੇਜਿਆ ਸੀ ਕਿ ਉਨ੍ਹਾਂ ਦੇ ਸਕੂਲ ਈ ਬੱਚੇ ਭੇਜੋ। ਉਦੋਂ ਤਾਂ ਤੁਸੀਂ ਸਾਰਾ ਪੈਸਾ-ਟਕਾ ਲਾ ਕੇ ਇਨ੍ਹਾਂ ਦੁਕਾਨਾਂ ਦਾ ਕਾਰੋਬਾਰ ਚਮਕਾ ਦਿੱਤਾ ਤੇ ਹੁਣ ਕਹਿੰਦੇ ਹੋ- ਪੰਜਾਬੀ ਮਰ ਰਹੀ ਐ। ਕਿੰਨਾ ਸਿਤਮ ਐ… ਪਹਿਲਾਂ ਮਾਰ ਦਿਓ, ਫਿਰ ਬਚਾਉਣ ਦਾ ਰੌਲਾ ਪਾ ਦਿਓ। ਤੁਹਾਡੀਆਂ ਹੇਜਲੀਆਂ ਸਰਕਾਰਾਂ ਨੇ ਪੰਜਾਬੀ ਮਾਰੀ ਐ। ਕੀ ਤੁਸਾਂ ਕਦੇ ਲੋਕਾਂ ਦੀ ਅਦਾਲਤ ਵਿਚ ਉਨ੍ਹਾਂ ਨੂੰ ਮੁਜਰਮਾਂ ਦੇ ਕਟਿਹਰੇ ਵਿਚ ਖੜ੍ਹਾ ਕੀਤਾ? ਉਹ ਤਾਂ ਕਦੇ ਤੁਹਾਡੀਆਂ ਪੰਥਕ ਸਰਕਾਰਾਂ ਸਨ ਤੇ ਕਦੇ ਖੱਦਰਧਾਰੀਆਂ ਦੀਆਂ ਕੌਮੀ ਸਰਕਾਰਾਂ। ਤੁਸਾਂ ਤਾਂ ਭਲਿਓ ਬਦਲਾਅ ਵੀ ਦੇਖ ਲਿਆ। ਪੰਜਾਬੀ ਤਾਂ ਹੁਣ ਧੂਹ-ਧਾਹ ਕੇ ਮੁਰਦਖਾਨੇ ਲਿਜਾਣ ਲਈ ਤਿਆਰ ਹੈ। ਸਰਕਾਰੀ ਸਕੂਲਾਂ ’ਚ ਜਾ ਕੇ ਦੇਖ ਲਓ, ਜੇ ਪੰਜਾਬੀ ਦੀ ਹੋਰ ਦੁਰਗਤੀ ਦੇਖਣੀ ਐ ਤਾਂ। ਉਹਦੀਆਂ ਸ਼ਰੀਕਣੀਆਂ ਈ ਉਹਨੂੰ ਦਬੱਲੀ ਬੈਠੀਆਂ ਨੇ, ਤੁਸੀਂ ਜਸ਼ਨ ਮਨਾ ਰਹੇ ਹੋ। ਸਕੂਲ ਕਮਰਿਆਂ, ਡੈੱਸਕਾਂ, ਡ੍ਰੈੱਸਾਂ ਨਾਲ ਨਹੀਂ ਹੁੰਦੇ ਤੇ ਨਾ ਹਮਕੀ-ਤੁਮਕੀ ਕਰਨ ਨਾਲ ਹੁੰਦੇ ਨੇ। ਸਕੂਲ ਸਜਦੇ ਨੇ ਅਧਿਆਪਕਾਂ ਨਾਲ ਤੇ ਉਹ ਵਿਚਾਰੇ ਤਾਂ ਟੈਂਕੀਆਂ ’ਤੇ ਚੜ੍ਹੇ ਹੋਏ ਨੇ, ਕਦੇ ਵੱਡੇ ਸਾਹਿਬ ਦੇ ਘਰ ਅੱਗੇ ਡਾਂਗਾਂ ਖਾ ਰਹੇ ਹੁੰਦੇ ਨੇ। ਦੱਸੋ ਜੇ ਤੁਹਾਡੇ ਬੱਚੇ ਮਾਂ ਬੋਲੀ ਪੜ੍ਹ ਨਹੀਂ ਸਕਦੇ ਤਾਂ ਸਕੂਲਾਂ ਨੂੰ ਕੀ ਕਰੋਗੇ? ਦਫ਼ਤਰਾਂ, ਕਚਹਿਰੀਆਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੰਜਾਬੀ ਨੂੰ ਖੂੰਜੇ ਲਾਉਣ ਵਿਚ ਕੀ ਕੋਈ ਕਸਰ ਬਾਕੀ ਰਹਿ ਗਈ ਹੈ? ਤੁਹਾਡੀ ਭਾਸ਼ਾ ਦੇ ਨਾਂ ’ਤੇ ਬਣੀ ਯੂਨੀਵਰਸਿਟੀ ਲਈ ਮੁਖੀ ਨਹੀਂ ਲੱਭ ਰਿਹਾ। ਉਹਦੀ ਵਿੱਤੀ ਹਾਲਤ ਮੰਗਤਿਆਂ ਵਾਲੀ ਹੋਈ ਪਈ ਐ; ਤੇ ਫਿਰ ਤੁਸੀਂ ਰੌਲਾ ਪਾਈ ਜਾਂਦੇ ਓ ਕਿ ਪੰਜਾਬੀ ਕਿਵੇਂ ਬਚੇਗੀ। ਯੂਨੀਵਰਸਿਟੀ ਪਾਠ ਪੁਸਤਕ ਬੋਰਡ ਦਾ ਭੋਗ ਪਾਉਣ ਵਾਲੇ ਕੌਣ ਸਨ, ਤੁਸਾਂ ਕਦੇ ਪੁੱਛਿਆ? ਇਹ ਪੰਜਾਬੀ ਨੂੰ ਬਚਾਉਣ ਲਈ ਹੀ ਖੋਲ੍ਹਿਆ ਗਿਆ ਸੀ ਪਰ ਇਹਦਾ ਭੋਗ ਪਾ ਕੇ ਇਸ ਨੂੰ ਗੋਦਾਮ ਵਿਚ ਤਾਲੇਬੰਦ ਕਰ ਦਿਤਾ ਗਿਆ। ਤੁਹਾਡੇ ਕੰਨਾਂ ’ਤੇ ਜੂੰ ਨਹੀਂ ਸਰਕੀ। ਗੋਦਾਮ ਵਿਚ ਪਈਆਂ ਤੁਹਾਡੀਆਂ ਕਿਤਾਬਾਂ ਨੂੰ ਸਿਓਂਕ ਖਾ ਗਈ। ਤੁਹਾਡੇ ਗਿਆਨ ਨੂੰ ਵੀ ਸਿਓਂਕ ਲੱਗ ਗਈ ਪਰ ਤੁਸੀਂ ਫਿਰ ਵੀ ਹੋਸ਼ ਵਿਚ ਨਹੀਂ ਆਏ। ਤੁਹਾਡੇ ਦੁਸ਼ਮਣ ਤਾਂ ਖੁਸ਼ ਹਨ ਕਿ ਇਸ ਨੂੰ ਇੰਝ ਹੀ ਦਬੱਲਣਾ ਹੈ। ਤੁਸੀਂ ਰੌਲਾ ਪਾਈ ਜਾਓ; ਇਹ ਫਰੀਦ, ਨਾਨਕ, ਬੁੱਲ੍ਹੇ, ਵਾਰਿਸ, ਸ਼ਿਵ ਕੁਮਾਰ ਦੀ ਬੋਲੀ ਐ ਪਰ ਉਹ ਤਾਂ ਇਹਨੂੰ ਸਿੱਖਾਂ ਸਿਰ ਮੜ੍ਹਨ ਲਈ ਤਿਆਰ ਬੈਠੇ ਨੇ। ਤੁਹਾਡਾ ਭਾਸ਼ਾ ਵਿਭਾਗ ਗਰਾਂਟਾਂ ਨੂੰ ਤਰਸ ਰਿਹਾ ਹੈ। ਖੋਜ ਲਈ ਫੰਡਾਂ ਦੀ ਤੋਟ ਐ। ਪੰਜਾਬ ਇੰਨਾ ਗਰੀਬ ਤਾਂ ਕਦੇ ਨਹੀਂ ਰਿਹਾ। ਸਦਾ ਗੁਰੂਆਂ ਦੀ ਰਹਿਮਤ ਰਹੀ ਐ। ਆਖਿ਼ਰ ਉਹ ਕੌਣ ਸਨ ਜਿਹੜੇ ਤੁਹਾਡੇ ਖਜ਼ਾਨੇ ਲੁੱਟ ਕੇ ਖਾ ਗਏ? ਕੀ ਤੁਸਾਂ ਕਦੇ ਨਹੀਂ ਸੋਚਿਆ। ਉਨ੍ਹਾਂ ਦੇ ਖਜ਼ਾਨਿਆਂ ’ਤੇ ਨਜ਼ਰ ਮਾਰਨ ਦੀ ਤੁਹਾਡੇ ਕੋਲ ਵਿਹਲ ਹੀ ਕਿਥੇ! ਤੁਹਾਡੀ ਵੋਟ ਤਾਂ ਉਨ੍ਹਾਂ ਲਈ ਦਾਰੂ ਅਤੇ ਚੰਦ ਸਿੱਕਿਆਂ ਦੀ ਮਾਰ ਐ, ਤੇ ਤੁਸੀਂ ਉਨ੍ਹਾਂ ਕੋਲੋਂ ਪੰਜਾਬੀ ਦੀ ਭਲਾਈ ਭਾਲਦੇ ਓ। ਉਹ ਤਾਂ ਤੁਹਾਡੀ ਭਾਸ਼ਾ ਦੇ ਸਭ ਤੋਂ ਵੱਡੇ ਚੋਬਦਾਰ (ਦੁਸ਼ਮਣ) ਬਣੇ ਹੋਏ ਨੇ। ਖੇਤੀਬਾੜੀ ਯੂਨੀਵਰਸਿਟੀ ਨੇ ਤੁਹਾਡੇ ਖੇਤਾਂ ਵਿਚ ਹਰੀ ਕ੍ਰਾਂਤੀ ਬੀਜ ਦਿੱਤੀ ਪਰ ਨਾਲ ਹੀ ਜ਼ਹਿਰਾਂ ਘੋਲ ਕੇ ਤੁਹਾਨੂੰ ਜ਼ਹਿਰੀਲੇ ਅਤੇ ਮਾਰੂ ਰੋਗਾਂ ਦਾ ਸ਼ਿਕਾਰ ਬਣਾ ਦਿੱਤਾ। ਤੁਹਾਡੀ ਮਿੱਟੀ, ਪਾਣੀ, ਹਵਾ, ਬੋਲੀ ਤੇ ਸੋਚ ਜ਼ਹਿਰੀਲੀ ਹੋ ਗਈ। ਨਸ਼ੇ ਤੁਹਾਡੀ ਜਵਾਨੀ ਖਾ ਗਏ ਪਰ ਤੁਸੀਂ ਪਛਾਣ ਹੀ ਨਹੀਂ ਸਕੇ ਕਿ ਨਸ਼ੇ ਦੇ ਵਪਾਰੀ ਤਾਂ ਤੁਹਾਡੀ ਧਰਤੀ ਵਿਚੋਂ ਉੱਗੇ ਨੇ। ਹੁਣ ਤਾਂ ਗੁਰੂ ਦੀਆਂ ਬੇਅਦਬੀਆਂ ਕਰਨ ਵਾਲੇ ਵੀ ਦਨਦਨਾਉਂਦੇ ਫਿਰਦੇ। ਕੀ ਤੁਸੀਂ ਉਨ੍ਹਾਂ ਨੂੰ ਸਵਾਲ ਪੁੱਛੋਗੇ ਜਿਨ੍ਹਾਂ ਨੇ ਗੁਰੂ ਦੀ ਫਸੀਲ ਤੋਂ ਸੁਣਾਏ ਦੋਸ਼ਾਂ ਨੂੰ ਸਿਰ ਝੁਕਾ ਕੇ ਮੰਨਿਆ ਤੇ ਬਾਹਰ ਆ ਕੇ ਕਹਿ ਦਿਤਾ ਕਿ ਅਸੀਂ ਤਾਂ ਬਾਕੀਆਂ ਦੇ ਗੁਨਾਹ ਵੀ ਆਪਣੀ ਝੋਲੀ ਪੁਆ ਲਏ। ਇਨ੍ਹਾਂ ਨੇ ਹਮੇਸ਼ਾ ਤੁਹਾਡੀ ਭਾਸ਼ਾ ਦਾ ਅੰਨ, ਪਾਣੀ ਖਾ ਕੇ ਭਾਸ਼ਾ ਤੋਂ ਮੁਨਕਰ ਹੋਣ ਵਾਲਿਆਂ ਨੂੰ ਬਣਦੀ ਸਜ਼ਾ ਦੇਣ ਲਈ ਕਦੇ ਕਟਿਹਰੇ ਵਿਚ ਖੜ੍ਹਾ ਨਹੀਂ ਕੀਤਾ। ਇਸੇ ਲਈ ਤੁਹਾਡੇ ਦੁਸ਼ਮਣ ਵਧਦੇ ਗਏ। ਉਹ ਲਾਲ ਫੀਤਾਸ਼ਾਹੀ ਜੋ ਤੁਹਾਡੀ ਰਾਜਧਾਨੀ ਦੀ ਹਿੱਕ ’ਤੇ ਅੰਗਰੇਜ਼ੀ ਦੀਵਾ ਬਾਲੀ ਬੈਠੀ ਹੈ, ਅਸਲ ਤਾਕਤ ਉਹਦੀ ਮੁੱਠੀ ਵਿਚ ਐ। ਉਹ ਕਦੇ ਨਹੀਂ ਚਾਹੁੰਦੀ ਕਿ ਤੁਹਾਡੀ ਬੋਲੀ ਤੁਹਾਡੇ ਬੱਚੇ ਪੜ੍ਹਨ। ਉਹ ਹਰ ਵੇਲੇ ਸਾਜਿ਼ਸ਼ਾਂ ਗੁੰਦਦੇ ਰਹਿੰਦੇ ਨੇ ਕਿ ਕਿਵੇਂ ਤੁਹਾਡੇ ਕੋਲੋਂ ਤੁਹਾਡੀ ਬੋਲੀ ਖੋਹਣੀ ਹੈ। ਨੌਕਰੀਆਂ ਦੇ ਇਮਤਿਹਾਨਾਂ ਵਿਚ ਇਸ ਨੂੰ ਕਿਵੇਂ ਖੂੰਜੇ ਲਾਉਣਾ ਹੈ। ਇਹਦੇ ਤਿੱਖੇ ਦੰਦਾਂ ਨੂੰ ਕਿਵੇਂ ਖੁੰਡਾ ਕਰਨਾ ਹੈ ਕਿ ਜੇ ਇਹ ਵੱਢਣ ਦੀ ਕੋਸ਼ਿਸ਼ ਵੀ ਕਰੇ ਤਾਂ ਹਾਸੋਹੀਣੀ ਲੱਗੇ। ਜੇ ਨਹੀਂ ਇਤਬਾਰ ਤਾਂ ਵੱਡੇ ਦਫ਼ਤਰ ਪੰਜਾਬੀ ਵਿਚ ਈ-ਮੇਲ ਕਰ ਕੇ ਜਾਂ ਚਿੱਠੀ ਲਿਖ ਕੇ ਦੇਖ ਲਵੋ, ਗਿਆਨ ਹੋ ਜਾਏਗਾ। ਦਿੱਲੀ ਵਿਚ ਤੁਹਾਡੀ ਪੰਜਾਬੀ ਅਕਾਦਮੀ ਨੂੰ ਰੋਲਣ ਅਤੇ ਉਹਦਾ ਸਾਹ-ਸੱਤ ਕੱਢਣ ਵਾਲੇ ਕੌਣ ਨੇ? ਪੁੱਛ ਲਵੋ ਜਾ ਕੇ ਹੁਣ ਤਾਂ ਮੌਕਾ ਹੈ, ਮੁੜ ਹੱਥ ਨਹੀਂ ਆਉਣਾ ਪਰ ਕਿੱਥੇ! ਤੁਹਾਡੀਆਂ ਤਾਂ ਅੱਖਾਂ ’ਤੇ ਬਾਪੂ ਵਾਲੀ ਪੱਟੀ ਬੰਨ੍ਹੀ ਹੋਈ ਐ। ਚੇਅਰਮੈਨੀਆਂ, ਰੁਤਬਿਆਂ, ਲੀਡਰੀ ਦਾ ਕੀਹਨੂੰ ਚਾਅ ਨਹੀਂ ਹੁੰਦਾ। ਤੁਹਾਡੇ ਲਾਲਚਾਂ ਨੇ ਮਾਂ-ਬੋਲੀ ਮਾਰੀ ਐ ਤੇ ਤੁਸੀਂ ਇਹਨੂੰ ਬਚਾਉਣ ਦੇ ਹੋਕੇ ਦੇ ਰਹੇ ਹੋ। ਤੁਹਾਡੀ ਬੋਲੀ ਨਾਲ ਖੜ੍ਹੀਆਂ ਸ਼ਰੀਕਣੀਆਂ ਸੜਕਾਂ, ਬੈਂਕਾਂ, ਦਫ਼ਤਰਾਂ, ਅਖਬਾਰਾਂ, ਕਚਹਿਰੀਆਂ, ਰੇਡੀਓ, ਟੀਵੀ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ; ਹਰ ਥਾਂ ਦੇਖੀਆਂ ਜਾ ਸਕਦੀਆਂ। ਤੁਸੀਂ ਤਾਂ ਬੱਚਿਆਂ ਨੂੰ ਕਾਨਵੈਂਟ ਭੇਜ ਕੇ ਖੁਸ਼ ਹੋ, ਜੇ ਕਾਨਵੈਂਟ ਦਾ ਅਰਥ ਪੜ੍ਹਿਆ ਹੁੰਦਾ ਤਾਂ ਤੁਹਾਡੀ ਬੋਲੀ ਕਦੇ ਨਾ ਮਰਦੀ। ਹਾਂ ਸੱਚ, ਯਾਦ ਆਇਆ… ਪੜ੍ਹਨਾ ਤਾਂ ਤੁਸੀਂ ਕਦੋਂ ਦਾ ਤਿਆਗ ਚੁੱਕੇ ਹੋ। ਤਾਂ ਹੀ ਲਾਇਬ੍ਰੇਰੀਆਂ ਲੱਭਣੀਆਂ ਔਖੀਆਂ ਹੋ ਗਈਆਂ ਨੇ। ਤੁਹਾਡੇ ਨਿਆਣੇ ਤਾਂ ਰਹਿੰਦੇ ਸਿਆੜ ਵੀ ਖਾ-ਖਾ ਕੇ ਵਿਦੇਸ਼ਾਂ ਵਿਚ ਮਜ਼ਦੂਰੀ ਲਈ ਭੱਜੇ ਜਾ ਰਹੇ ਨੇ। ਇੱਥੋਂ ਦੀ ਕਾਨਵੈਂਟੀ ਉੱਥੇ ਜਾ ਕੇ ਸਾਰੀ ਨਿਕਲ ਜਾਂਦੀ ਐ। ਹੁਣ ਜਦੋਂ ਡੰਕੀ ਲਾ ਕੇ ਗਿਆਂ ਦੇ ਜਹਾਜ਼ ਭਰ-ਭਰ ਕੇ

ਮਾਂ-ਬੋਲੀ ਪੰਜਾਬੀ ਅਤੇ ਅਸੀਂ/ਪਰਮਜੀਤ ਢੀਂਗਰਾ Read More »

ਜੈਤੋ ਦਾ ਮੋਰਚਾ/ਡਾ.ਚਰਨਜੀਤ ਸਿੰਘ ਗੁਮਟਾਲਾ

ਸਿੱਖ ਇਤਿਹਾਸ ਵਿੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ।ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ  ਜੈਤੋ ਦਾ ਮੋਰਚਾ ਉਸ ਅਕਾਲੀ ਲਹਿਰ ਨੂੰ ਨਾਂ ਦਿੱਤਾ ਗਿਆ  ਜਿਸ ਰਾਹੀਂ ਪੰਜਾਬ ਵਿੱਚ ਸਿੱਖ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਉਪਰ ਮੁੜ ਬਹਾਲ ਕਰਨ ਲਈ ਇਹ ਲਹਿਰ ਚਲਾਈ ਗਈ ਸੀ। ਮਹਾਰਾਜਾ ਦੀ ਅਕਾਲੀਆਂ ਪ੍ਰਤੀ ਹਮਦਰਦੀ ਸੀ ਅਤੇ ਉਸ ਨੇ ਖੁੱਲ੍ਹੇ ਤੌਰ ‘ਤੇ ਗੁਰੂ ਕਾ ਬਾਗ਼ ਮੋਰਚੇ ਦੀ ਹਿਮਾਇਤ ਕੀਤੀ ਅਤੇ ਨਨਕਾਣਾ ਸਾਹਿਬ ਵਿਖੇ ਸੁਧਾਰਵਾਦੀਆਂ ਦੇ ਕਤਲ ਦੇ ਵਿਰੋਧ ਵਜੋਂ ਕਾਲੀ ਪੱਗ ਬੰਨ ਲਈ ਸੀ। ਉਸ ਦੇ ਭਾਰਤੀ ਕੌਮੀ ਨੇਤਾਵਾਂ ਨਾਲ ਸਬੰਧਾਂ ਕਰਕੇ ਅਤੇ ਆਮ ਮੁਆਮਲਿਆਂ ਵਿੱਚ ਗ੍ਰਸਤ ਹੋਣ ਕਰਕੇ ਬ੍ਰਿਿਟਸ਼ ਸਰਕਾਰ ਉਸ ਤੋਂ ਤੰਗ ਆ ਗਈ ਸੀ। 9 ਜੁਲਾਈ 1923 ਨੂੰ ਉਸ ਨੂੰ ਆਪਣੇ ਨਾਬਾਲਗ਼ ਪੁੱਤਰ ਪ੍ਰਤਾਪ ਸਿੰਘ ਲਈ ਗੱਦੀ ਛੱਡਣ ਲਈ ਮਜਬੂਰ ਕੀਤਾ ਗਿਆ। ਭਾਵੇਂ ਬ੍ਰਿਿਟਸ਼ ਅਫ਼ਸਰਾਂ ਨੇ ਉਸਦੇ ਗੱਦੀ ਛੱਡਣ ਨੂੰ ਆਪਣੀ ਮਰਜ਼ੀ ਨਾਲ ਛੱਡਣ ਲਈ ਉਚਾਰਿਆ ਪਰ ਅਕਾਲੀਆਂ ਅਤੇ ਹੋਰ ਕੌਮੀ ਜਥੇਬੰਦੀਆਂ ਨੇ ਇਸਦੀ ਸਰਕਾਰ ਵੱਲੋਂ ਧਾਂਦਲੀ ਦੇ ਕੰਮ ਵਜੋਂ ਨਿੰਦਾ ਕੀਤੀ। ਮਾਸਟਰ ਤਾਰਾ ਸਿੰਘ ਨੇ ਵੀ ਇਸਨੂੰ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀਓਂ ਲਾਹੁਣ ਨਾਲ ਮੇਲ ਕੇ ਇਸ ਦੀ ਨਿੰਦਾ ਕੀਤੀ। ਸਿੱਖ ਧਰਮ ਮਹਾਰਾਜਾ ਨਾਭਾ ਨੂੰ ਮੁੜ ਗੱਦੀ ਉੱਤੇ ਬਿਠਾਉਣ ਲਈ ਬਣੀ ਕਮੇਟੀ ਨੇ ਇਹ ਕਿਹਾ ਕਿ ਪੰਜਾਬ ਦੇ ਸਾਰੇ ਪ੍ਰਮੁੱਖ ਨਗਰਾਂ ਵਿੱਚ ਉਸਦੇ ਲਈ ਕੀਤੀ ਅਰਦਾਸ ਵਜੋਂ 29 ਜੁਲਾਈ 1923 ਦਾ ਦਿਨ ਮਨਾਇਆ ਜਾਵੇ। 2 ਅਗਸਤ 1923 ਨੂੰ, ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਾਇਸਰਾਇ ਲਾਰਡ ਰੀਡਿੰਗ ਨੂੰ ਤਾਰ ਭੇਜੀ ਜਿਸ ਵਿੱਚ ਸਰਕਾਰੀ ਬਿਆਨ ‘ਤੇ ਇਤਰਾਜ਼ ਕੀਤਾ ਕਿ ਮਹਾਰਾਜਾ ਨੇ ਆਪਣੀ ਗੱਦੀ ਆਪਣੀ ਮਰਜ਼ੀ ਨਾਲ ਤਿਆਗੀ ਹੈ ਅਤੇ ਇਹ ਮੰਗ ਕੀਤੀ ਕਿ ਇਸਦੀ ਨਿਰਪੱਖ ਜਾਂਚ ਕਰਵਾਈ ਜਾਵੇ। ਤਿੰਨ ਦਿਨਾਂ ਬਾਅਦ ਇਹ ਮਤਾ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਇਸਦੀ ਕਾਰਜਕਾਰਨੀ ਕਮੇਟੀ ਨੂੰ ਮਹਾਰਾਜਾ ਰਿਪੁਦਮਨ ਨੂੰ ਨਾਭਾ ਦੀ ਗੱਦੀ ‘ਤੇ ਮੁੜ ਬਿਠਾਉਣ ਲਈ ਸ਼ਾਂਤਮਈ ਅੰਦੋਲਨ ਕਰਨ ਲਈ ਕਿਹਾ ਗਿਆ। ਨਾਭਾ ਸਰਦਾਰ ਦਾ ਇਹ ਆਰਡੀਨੈਂਸ  ਜਿਸ ਵਿੱਚ ਜਨਤਕ ਸਭਾਵਾਂ ਦੀ ਮਨਾਹੀ ਸੀ ਸਿੱਖਾਂ ਦੁਆਰਾ ਵਿਰੋਧ ਕੀਤਾ ਗਿਆ। ਸਿੱਖਾਂ ਨੇ ਮਹਾਰਾਜਾ ਨੂੰ ਗੱਦੀ ਤੋਂ ਲਾਹੁਣ ਦੇ ਕੰਮ ਨੂੰ ਨਿੰਦਣ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ। 25 ਅਗਸਤ ਨੂੰ, ਨਾਭਾ ਦੇ ਖੇਤਰ ਵਿੱਚ ਜੈਤੋ ਵਿਖੇ ਇੱਕ ਦੀਵਾਨ ਲਗਾਇਆ, ਜਿਸ ਵਿੱਚ ਲੋਕਾਂ ਨੇ ਜਲੂਸ ਕੱਢਿਆ ਅਤੇ ਮਤੇ ਮਨਜ਼ੂਰ ਕੀਤੇ ਜਿਸ ਵਿੱਚ ਮਹਾਰਾਜਾ ਨਾਲ ਹਮਦਰਦੀ ਕੀਤੀ ਗਈ ਅਤੇ ਸਰਕਾਰ ਦੇ ਕੰਮ ਦੀ ਨਿੰਦਾ ਕੀਤੀ ਗਈ। 27 ਅਗਸਤ ਨੂੰ, ਨਾਭਾ ਰਿਆਸਤ ਦੀ ਸਰਕਾਰ ਨੇ ਦੀਵਾਨ ਦੇ ਪ੍ਰਬੰਧਕਾਂ ਨੂੰ ਇਹ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਕਿ ਉਹਨਾਂ ਨੇ “ਰਾਜਨੀਤਿਕ ਭਾਸ਼ਣ ਦਿੱਤੇ ਹਨ”। ਅਸਲ ਵਿੱਚ ਦੀਵਾਨ 27 ਅਗਸਤ ਨੂੰ ਖ਼ਤਮ ਹੋਣਾ ਸੀ ਪਰੰਤੂ ਪੁਲਿਸ ਦੁਆਰਾ ਕੀਤੀਆਂ ਗ੍ਰਿਫ਼ਤਾਰੀਆਂ ਨੇ ਅਕਾਲੀਆਂ ਨੂੰ ਇਸਨੂੰ ਅਨਿਸ਼ਚਿਤ ਸਮੇਂ ਤੱਕ ਚਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਲੜੀ ਸ਼ੁਰੂ ਕਰਨ ਲਈ ਭੜਕਾ ਦਿੱਤਾ। ਪੁਲਿਸ ਨੇ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਅਤੇ 14 ਸਤੰਬਰ 1923 ਨੂੰ ਚੱਲ ਰਹੇ ਅਖੰਡ ਪਾਠ ਤੇ ਆਪਣੇ ਪਾਠੀ, ਆਤਮਾ ਸਿੰਘ ਨੂੰ ਪਵਿੱਤਰ ਗ੍ਰੰਥ ਦਾ ਪਾਠ ਕਰ ਰਹੇ ਗ੍ਰੰਥੀ ਦੀ ਥਾਂ ‘ਤੇ ਬਿਠਾ ਦਿੱਤਾ। ਇਸ ਤਰ੍ਹਾਂ ਬੇਅਦਬੀ ਹੋਣ ਨਾਲ ਸਿੱਖਾਂ ਵਿੱਚ ਹਲਚਲ ਮਚ ਗਈ। 29 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰੀ ਕਾਰਵਾਈ ਦੀ ਨਿੰਦਾ ਕੀਤੀ। ਨਾਲ ਦੀ ਨਾਲ ਉਸ ਸਮੇਂ ਸਿੱਖਾਂ ਨੂੰ ਪੂਰਨ ਅਜ਼ਾਦੀ ਦੇ ਤੌਰ ‘ਤੇ ਪੂਜਾ-ਪਾਠ ਕਰਨ ਦੇ ਹੱਕ ਦੀ ਘੋਸ਼ਣਾ ਕਰ ਦਿੱਤੀ। ਸਰਕਾਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਖੰਡ ਪਾਠ ਦੀ ਲੜੀ ਤੋੜੀ ਗਈ ਸੀ। ਫਿਰ ਵੀ ਜਥੇ ਆਉਂਦੇ ਰਹੇ। ਸੈਕਟਰੀ ਆਫ਼ ਸਟੇਟ ਨੇ  ਵਾਇਸਰਾਇ ਨੂੰ ਆਦੇਸ਼ ਦਿੱਤਾ ਕਿ “ਅਕਾਲੀ ਅੰਦੋਲਨ ਨੂੰ ਗ੍ਰਿਫ਼ਤਾਰੀਆਂ ਰਾਹੀਂ ਅਤੇ ਸਾਰੇ ਪ੍ਰਬੰਧਕਾਂ ਤੇ ਅਪਰਾਧੀ-ਸਾਥੀਆਂ ਵਜੋਂ ਮੁਕੱਦਮਾ ਚਲਾ ਕੇ ਕਾਰਗਰ/ਪ੍ਰਭਾਵਸ਼ਾਲੀ ਰੋਕ ਲਾਈ ਜਾਵੇ”। ਪੰਜਾਬ ਸਰਕਾਰ ਨੇ ਇਸ ਹਿਦਾਇਤ ‘ਤੇ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਾਰੇ 60 ਮੈਂਬਰਾਂ ਨੂੰ ਬਾਦਸ਼ਾਹ ਦੇ ਵਿਰੱੁਧ ਵਿਦਰੋਹ ਦੇ ਦੋਸ਼ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਕਾਲੀਆਂ ਦੇ ਜਥਿਆਂ ਨੂੰ ਨਾਭਾ ਦੇ ਖੇਤਰ ਵਿੱਚ ਵੜਨ ਦੀ ਪਾਬੰਦੀ ਲਗਾ ਦਿੱਤੀ ਗਈ, ਜਥਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਦੁਆਰਾ ਕੁੱਟਿਆ ਗਿਆ। ਫਿਰ ਇਹਨਾਂ ਨੂੰ ਦੂਰ ਰੇਗਿਸਤਾਨ ਵਿੱਚ ਬਿਨਾਂ ਖਾਣੇ ਅਤੇ ਪਾਣੀ ਦੇ ਛੱਡ ਦਿੱਤਾ ਜਾਂਦਾ ਸੀ। ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ, ਅਕਾਲੀਆਂ ਨੇ ਜਥਿਆਂ ਦੀ ਗਿਣਤੀ ਵਧਾ ਦਿੱਤੀ। 9 ਫਰਵਰੀ 1924 ਨੂੰ 500 ਅਕਾਲੀਆਂ ਦਾ ਜਥਾ, ਅਕਾਲ ਤਖ਼ਤ ਤੋਂ ਰਵਾਨਾ ਹੋਇਆ ਅਤੇ ਜਿਸ ਸ਼ਹਿਰ ਅਤੇ ਪਿੰਡ ਵਿੱਚੋਂ ਦੀ ਵੀ ਇਹ ਜੱਥਾ ਲੰਘਦਾ ਉੱਥੇ  ਹੀ ਉਨ੍ਹਾਂ  ਨੂੰ ਬੇਮਿਸਾਲ ਸਤਿਕਾਰ ਪ੍ਰਾਪਤ ਹੁੰਦਾ। ਐਸ.ਜ਼ਿਮੰਦ, ਜੋ ‘ਨਿਊਯਾਰਕ ਟਾਈਮਜ਼’ ਦਾ ਸੰਵਾਦਦਾਤਾ ਸੀ, ਜਿਸ ਨੇ ਕੂਚ ਕਰਨ ਵੇਲੇ ਜਥੇ ਨੂੰ ਅੱਖੀਂ ਦੇਖਿਆ ਸੀ ਲਿਖਦਾ ਹੈ : “ਜਥਾ ਪੂਰੀ ਤਰ੍ਹਾਂ ਠੀਕ ਅਨੁਸ਼ਾਸਨ ਅਤੇ ਅਹਿੰਸਾ ਪੂਰਵਕ ਚੱਲ ਰਿਹਾ ਸੀ, ਜਿਸ ਦੇ ਸੱਜੇ-ਖੱਬੇ ਦੋਵੇਂ ਪਾਸੀਂ ਲੋਕਾਂ ਦੀ ਭੀੜ ਸੀ, ਪੰਜ ਨਿਸ਼ਾਨ ਸਾਹਿਬ ਅੱਗੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਲੇ ਸੀ”। 20 ਫਰਵਰੀ 1924 ਨੂੰ ਜਥਾ ਬਰਗਾੜੀ ਪਹੁੰਚ ਗਿਆ, ਜੋ ਜੈਤੋ ਤੋਂ ਤਕਰੀਬਨ 10 ਕਿਲੋਮੀਟਰ ਦੂਰ ਨਾਭਾ-ਫ਼ਰੀਦਕੋਟ ਸਰਹੱਦ ‘ਤੇ ਇੱਕ ਪਿੰਡ ਹੈ। ਜੈਤੋ ਵਿਖੇ, ‘ਟਿੱਬੀ ਸਾਹਿਬ ਗੁਰਦੁਆਰੇ’ ਤੋਂ ਤਕਰੀਬਨ 150 ਮੀਟਰ ਦੀ ਦੂਰੀ ‘ਤੇ, ਨਾਭਾ ਦਾ ਪ੍ਰਬੰਧਕ ਵਿਲਸਨ ਜਾਨਸਟਨ, ਰਿਆਸਤ ਦੀ ਕਾਫ਼ੀ ਪੁਲਿਸ ਨਾਲ ਖੜ੍ਹਾ ਸੀ।21 ਫਰਵਰੀ ਨੂੰ, ਜਥੇ ਨੇ ਗੁਰਦੁਆਰੇ ਵੱਲ ਨੂੰ ਕੂਚ ਕੀਤਾ ਅਤੇ ਵਿਲਸਨ ਜਾਨਸਟਨ ਦੀ ਤਲਬ ‘ਤੇ ਜਥੇ ਨੇ ਰੁਕਣ ਜਾਂ ਖਿੰਡ ਜਾਣ ਤੋਂ ਮਨਾ ਕਰ ਦਿੱਤਾ। ਪ੍ਰਬੰਧਕ ਨੇ ਫ਼ੌਜ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਦੋ ਵਾਰੀ ਗੋਲੀਆਂ ਦੀ ਬੁਛਾੜ ਜਿਹੜੀ 5 ਮਿੰਟ ਤੱਕ ਚੱਲਦੀ ਰਹੀ, ਉਸ ‘ਚ ਕਈ ਮਾਰੇ ਗਏ। ਇਕ ਔਰਤ ਦਾ ਬੱਚਾ ਗੋਲੀ ਲਗਣ ਨਾਲ ਮਰ ਗਿਆ। ਉਸ ਨੇ ਬੱਚੇ ਨੂੰ ਜਮੀਨ ‘ਤੇ ਲਿਟਾ ਦਿਤਾ ਤੇ ਆਪ ਜਥੇ ਨਾਲ ਚਲਦੀ ਰਹੀ। ਕੁਝ ਸਮੇਂ ਬਾਦ ਉਸ ਦੀ ਵੀ ਗੋਲੀ ਲਗਣ ਨਾਲ ਮੌਤ ਹੋ ਗਈ ।ਫੱਟੜਾਂ-ਮਰਿਆਂ ਦੀ ਸੂਚੀ ਵਿੱਚ ਸਰਕਾਰੀ ਅਨੁਮਾਨ ਅਨੁਸਾਰ 22 ਮਰੇ , 29 ਜ਼ਖ਼ਮੀ ਹੋਇ ਤੇ 450 ਗਿਰਫਤਾਰ ਕੀਤੇ ਗਏ। ਅਕਾਲੀਆਂ ਦੇ ਮੁਤਾਬਿਕ ਗਿਣਤੀ ਕਿਤੇ ਜ਼ਿਆਦਾ ਸੀ।ਉਨ੍ਹਾਂ ਅਨੁਸਾਰ 100 ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 200 ਜਖ਼ਮੀ ਹੋਇ। ਅਕਾਲੀਆਂ ਦੇ ਸ਼ਾਂਤਮਈ ਜਥੇ ਉੱਤੇ ਗੋਲੀਬਾਰੀ ਦੇਸ਼ ਭਰ ਵਿੱਚ ਨਾਰਾਜ਼ਗੀ ਦਾ ਕਾਰਨ ਬਣ ਗਈ। 28 ਫਰਵਰੀ 1924 ਨੂੰ, ਇੱਕ ਹੋਰ 500 ਦਾ ਬਹਾਦਰ ਜਥਾ ਅੰਮ੍ਰਿਤਸਰ ਤੋਂ ਜੈਤੋ ਲਈ ਚੱਲਿਆ ਜਿਹੜਾ 14 ਮਾਰਚ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। 13 ਹੋਰ 500 – 500 ਦੇ ਬਹਾਦਰ ਜਥੇ ਜੈਤੋ ਪਹੁੰਚੇ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਕਨੇਡਾ, ਹਾਂਗਕਾਂਗ ਅਤੇ ਸ਼ੰਘਾਈ ਤੋਂ ਵੀ ਸਿੱਖ ਜਥੇ ਆਏ। ਪੰਜਾਬ ਦੇ ਗਵਰਨਰ ਸਰ ਮੈਲਕਾਮ ਹੈਲੇ ਨੇ ਕੌਮ ਨੂੰ ਸਮਾਨਾਂਤਰ ਸਿੱਖ ਸੁਧਾਰ ਕਮੇਟੀਆਂ ਬਣਾ ਕੇ ਦੁਫਾੜ ਦੀ ਨੀਤੀ ਦੀ ਯੋਜਨਾ ਬਣਾਈ ਜੋ ਨਰਮਪੰਥੀ ਅਤੇ ਸਰਕਾਰ ਪੱਖੀ ਗੁਟਾਂ ਨਾਲ ਸੰਬੰਧਿਤ ਸਨ। 101 ਬਹਾਦਰ ਜਥਿਆਂ ਨੂੰ ਜੈਤੋ ਵਿਖੇ ਅਖੰਡ-ਪਾਠ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਪ੍ਰੰਤੂ ਇਸ ਨਾਲ ਨਾ ਤਾਂ ਆਮ ਸਿੱਖ ਵਿਚਾਰ ਨੂੰ ਰਾਹਤ ਮਿਲੀ ਨਾ ਹੀ ਇਸਨੇ ਅੰਦੋਲਨ ਦੇ ਜੋਸ਼ ‘ਤੇ ਕੋਈ

ਜੈਤੋ ਦਾ ਮੋਰਚਾ/ਡਾ.ਚਰਨਜੀਤ ਸਿੰਘ ਗੁਮਟਾਲਾ Read More »

ਸਾਕਾ ਨਨਕਾਣਾ ਸਾਹਿਬ/ਡਾ. ਚਰਨਜੀਤ ਸਿੰਘ ਗੁਮਟਾਲਾ

ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਮਿਸਲਾਂ ਵੱਲੋਂ ਇਤਿਹਾਸਕ ਧਰਮ ਅਸਥਾਨਾਂ ਦੇ ਨਾਂ ਵੱਡੀਆਂ ਵੱਡੀਆਂ ਜਗੀਰਾਂ ਲਾਉਣ ਅਤੇ ਉਨ੍ਹਾਂ ਨੂੰ ਕਰ ਮੁਕਤ ਕਰਨ ਲਈ ਗੁਰਦੁਆਰਿਆਂ ਦੀ ਆਮਦਨ ਕਾਫੀ ਵੱਧ ਗਈ ਜਿਸ ਨਾਲ ਮਹੰਤਾਂ ਦੇ ਰਹਿਣ ਸਹਿਣ ਦੇ ਢੰਗ ਵਿੱਚ ਤਬਦੀਲੀ ਆ ਗਈ। 19ਵੀਂ ਸਦੀ ਦੇ ਦੂਜੇ ਅੱਧੇ ਵਿੱਚ ਪੰਜਾਬ ਅੰਦਰ ਨਹਿਰਾਂ  ਜਾਲ ਵਿਛ ਜਾਣ ਨਾਲ ਜਗੀਰਾਂ ਦੀ ਕੀਮਤ ਵਿੱਚ ਓੜਕਾਂ ਦਾ ਵਾਧਾ ਹੋਇਆ। ਇਸ ਦਾ ਨਤੀਜਾ ਇਹ ਹੋਇਆ ਕਿ ਮਹੰਤਾਂ ਅਤੇ ਉਨ੍ਹਾਂ ਦੇ ਵਧ ਰਹਿ ਚੇਲੇ ਚਾਟੜਿਆਂ ਨੇ ਗੁਰਦੁਆਰਿਆਂ ਦੀ ਸਾਂਝੀ ਸੰਮਤੀ ਨੂੰ ਆਪਣੀਆਂ ਨਿਜੀ ਜਾਇਦਾਦਾਂ ਬਣਾਉਣਾ ਸ਼ੁਰੂ ਕਰ ਦਿੱਤਾ। (ਮਹਿੰਦਰ ਸਿੰਘ) ਕੁਝ ਕੁ ਪੱਕੇ ਪ੍ਰੇਮੀਆਂ ਤੋਂ ਬਿਨਾਂ ਆਮ ਪ੍ਰਬੰਧਕਾਂ ਲਈ ਕੇਵਲ ਦਾਹੜੀ ਅਤੇ ਨਾਮ ਹੀ ਸਿੱਖੀ ਰਹਿ ਗਿਆ ਸੀ। ਅੰਗਰੇਜ਼ਾਂ ਹੱਥੋਂ ਹਾਰ ਖਾਣ ਪਿੱਛੋਂ ਉਹ ਗੁਰਸਿੱਖ ਮੁੱਖੀ ਜਿਨ੍ਹਾਂ ਨੇ ਇਨ੍ਹਾਂ ਦਾ ਸੁਧਾਰ ਕਰਨਾ ਸੀ, ਕੁਝ ਢਿਲੇ ਪੈ ਗਏ ਸਨ। ਗੁਰਦੁਆਰਿਆਂ ਦੀ ਸਵੱਛਤਾ ਨੂੰ ਕਾਇਮ ਰੱਖਣ ਵਾਲਾ ਉਹ ਉਤਸ਼ਾਹ ਅਲੋਪ ਹੋ ਗਿਆ ਸੀ, ਜੋ ਇਨ੍ਹਾਂ ਦੇ ਦਿੱਲਾਂ ਵਿੱਚ ਚੜ੍ਹਦੀਆਂ ਕਲਾਂ ਸਮੇਂ ਪੂਰਨ ਠਾਠਾਂ ਮਾਰਦਾ ਹੁੰਦਾ ਸੀ। ਜਿਨ੍ਹਾਂ ਮਹੰਤਾਂ ਅਤੇ ਸਾਧੂਆਂ ਦੇ ਹੱਥਾਂ ਵਿੱਚ ਇਸ ਸਮੇਂ ਗੁਰਦੁਆਰੇ ਚਲੇ ਗਏ ਸਨ, ਉਨ੍ਹਾਂ ਨੇ ਆਪਣੇ ਸਿਰ ਤੇ ਸੰਗਤ ਦਾ ਭੈ ਲੱਖਾਂ ਅਨੁਭਵ ਕਰਕੇ ਧਰਮ-ਅਰਥ ਚੜ੍ਹਾਵੇ ਦੀ ਆਮਦਨ (ਗੁਰੂ ਕੀ ਗੋਲਕ) ਨੂੰ ਅਜਿਹੇ ਕੰਮਾਂ ਲਈ ਵਰਤਣਾ ਸ਼ੁਰੂ ਕੀਤਾ, ਜਿਸਦੀ ਮਿਸਾਲ ਦਿੰਦਿਆਂ ਸ਼ਰਮ ਆਉਂਦੀ ਹੈ। ਪਵਿੱਤਰ ਗੁਰਧਾਮਾਂ ਵਿੱਚ ਬੁੱਤ-ਪੂਜਾ, ਸ਼ਰਾਬਾਂ ਪੀਣ ਅਤੇ ਸਤਵੰਤੀਆਂ ਦੇ ਸਭ ਭੰਗ ਕਰਨ ਤੋਂ ਬਿਨਾਂ ਹੋਰ ਵੀ ਨੀਚਤਾ ਭਰੇ ਕੁਕਰਮ ਹੋਣ ਲੱਗ ਪਏ, ਜਿਨ੍ਹਾਂ ਨੇ ਗੁਰੂ ਪਿਆਰਿਆਂ ਤੇ ਪੰਥ ਦਰਦੀਆਂ ਦੇ ਹਿਰਦੇ ਛਾਨਣੀ ਛਾਨਣੀ ਕਰਕੇ ਦਿਲ ਤੜਫਾ ਦਿੱਤਾ। 1880 ਈ: ਦੇ ਪਿੱਛੋਂ ਕੁਝ ਸੱਜਣਾਂ ਨੇ ਮਿਲਕੇ ਇਨ੍ਹਾਂ ਕੁਕਰਮੀਆਂ ਦੇ ਸੁਧਾਰ ਲਈ ਯਤਨ ਅਰੰਭੇ। ਇਸ ਨਵੀਂ ਜਥੇਬੰਦੀ ਦਾ ਨਾਂ ‘ਸਿੰਘ ਸਭਾ ਲਹਿਰ’ ਰੱਖਿਆ ਗਿਆ। ਇਸ ਨਾਲ ਕੌਮ ਅੰਦਰ ਮੁੜ ਨਵੇਂ ਸਿਰੇ ਪੰਥ ਵਿਚ ਜਾਗਰਤੀ ਆਉਣੀ ਸ਼ੁਰੂ ਹੋਈ। ਸੰਗਤਾਂ ਵਿਚ ਸਿੱਖੀ ਭਾਵ, ਸ਼ਰਧਾ ਅਤੇ ਗੁਰਬਾਣੀ ਦੇ ਪ੍ਰੇਮ ਦਾ ਪ੍ਰਣ ਚਲ ਪਿਆ। ਨਾਨਕ ਦੇਵ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ, ਜੋ ਇਕ ਬਦਮਾਸ਼ ਸ਼ਰਾਬੀ ਤੇ ਤੀਵੀਬਾਜ਼ ਸੀ। ਉਹ ਛੇਤੀ ਹੀ ਮਾਰੂ ਰੋਗ ਦਾ ਸ਼ਿਕਾਰ ਹੋ ਕੇ ਮਰ ਗਿਆ। ਉਸ ਦੀ ਮੌਤ ਪਿੱਛੋਂ ਮਹੰਤ ਨਰਾਇਣ ਦਾਸ ਗੱਦੀ ‘ਤੇ ਬੈਠਿਆ।ਗੱਦੀ ‘ਤੇ ਬੈਠਣ ਸਮੇਂ ਮਹੰਤ ਨਰਾਇਣ ਦਾਸ ਨੇ ਅੰਗਰੇਜ਼ ਮੈਜਿਸਟਰੇਟ ਦੇ ਸਾਮ੍ਹਣੇ ਸਿੱਖ-ਸੰਗਤ ਨਾਲ ਬਚਨ ਕੀਤਾ ਕਿ ਉਹ ਪਹਿਲੇ ਮਹੰਤ ਦੇ ਕੁਚਾਲੇ ਕੁਕਰਮ ਛੱਡ ਦੇਵੇਗਾ। ਉਸ ਨੇ ਲਿਖ ਕੇ ਦਿੱਤਾ ਕਿ ਜੇ ਉਸ ਦੇ ਖ਼ਿਲਾਫ਼ ਕੋਈ ਕਸੂਰ ਸਾਬਤ ਹੋ ਜਾਣਗੇ ਤਾਂ ਉਹ ਅਸਤੀਫ਼ਾ ਦੇ ਦੇਵੇਗਾ। ਪਰ ਉਸ ਨੇ ਇਹ ਬਚਨ ਛੇਤੀ ਹੀ ਭੰਗ ਕਰ ਦਿੱਤੇ ਅਤੇ ਮੁੜ ਪਹਿਲੇ ਮਹੰਤਾਂ ਦੇ ਕੁਕਰਮੀ ਪੂਰਨਿਆਂ ਉੱਤੇ ਹੀ ਤੁਰਨ ਲੱਗ ਪਿਆ। ਉਸ ਨੇ ਇਕ ਮਿਰਾਸਣ ਆਪਣੇ ਘਰ ਗੁਰਦੁਆਰੇ ਦੇ ਅੰਦਰ ਲੈ ਆਂਦੀ, ਜਿਹੜੀ ਪਹਿਲੇ ਮਹੰਤਾਂ ਨਾਲ ਹੀ ਰਹਿੰਦੀ ਸੀ ਅਤੇ ਕੁਛ ਹੋਰ ਆਦਮੀਆਂ ਦੀ ਵੀ ਰਖੇਲ ਸੀ। ਉਸ ਦੀ ਕੁੱਖੋਂ ਦੋ ਲੜਕੇ ਅਤੇ ਦੋ ਲੜਕੀਆਂ ਪੈਦਾ ਹੋਈਆਂ, ਜਿਨ੍ਹਾਂ ਲਈ ਉਸ ਨੇ ਦੋ ਘਰ ਬਣਵਾਏ। ਸਭ ਤੋਂ ਉਪੱਦਰ ਦੀ ਗੱਲ ਇਹ ਹੈ ਕਿ ਅਗਸਤ 1917 ਵਿਚ ਲਾਹੌਰ ਤੋਂ ਵੇਸਵਾਵਾਂ ਮੰਗਵਾਈਆਂ। ਉਨ੍ਹਾਂ ਦੇ ਨਾਚ ਜਨਮ ਅਸਥਾਨ ਅੰਦਰ ਕਰਾਏ ਅਤੇ ਗੰਦੇ ਗੀਤ ਸੁਣੇ। 1918 ਈ: ਵਿਚ ਗੁਰਦੁਆਰੇ ਦੇ ਦਰਸ਼ਨਾਂ ਲਈ ਆਏ ਸੇਵਾ ਮੁਕਤ (ਈ.ਏ.ਸੀ.) ਦੀ 13 ਸਾਲ ਦੀ ਪੁੱਤਰੀ ਦੀ ਇਕ ਪੁਜਾਰੀ ਨੇ ਪੱਤ ਲੁੱਟੀ, ਜਦ ਕਿ ਉਸ ਜਗ੍ਹਾ ‘ਤੇ ਇਕ ਪਾਸੇ ਰਹਿਰਾਸ ਦਾ ਪਾਠ ਹੋ ਰਿਹਾ ਸੀ। ਏਸੇ ਸਾਲ ਜੜ੍ਹਾਂਵਾਲਾ (ਲਾਇਲਪੁਰ) ਦੀਆਂ 6 ਬੀਬੀਆਂ ਨੂੰ ਰਾਤ ਨੂੰ ਬੁਰਛੇ ਪੁਜਾਰੀਆਂ ਨੇ ਜ਼ਬਰਦਸਤੀ ਪੱਤ ਲੁੱਟੀ। ਇਸ ਤਰ੍ਹਾਂ ਨਨਕਾਣਾ ਸਾਹਿਬ ਦਰਬਾਰ ਵਿਭਚਾਰ ਦਾ ਅੱਡਾ ਬਣ ਗਿਆ ਸੀ। ਮਹੰਤ ਦੀਆਂ ਕਰਤੂਤਾਂ ਦੀ ਸਾਰੇ ਪਾਸਿਉਂ ਨਿੰਦਿਆ ਹੋਣ ਲੱਗੀ। ਉਸ ਵਿਰੁੱਧ ਸਿੱਖ ਜਗਤ ਵਿਚ ਗੁੱਸੇ ਦੇ ਭਾਂਬੜ ਬਲ ਉੱਠੇ।ਅਖ਼ਬਾਰ ਨੇ ਮਹੰਤ ਵੱਲੋਂ ਅਗਸਤ 1917 ਵਿੱਚ ਨਾਚ ਕਰਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ। ਸਿੰਘ ਸਭਾਵਾਂ ਤੇ ਸੰਗਤਾਂ ਨੇ ਸਰਕਾਰ ਨੂੰ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਮਤੇ ਪਾਸ ਕਰਕੇ ਭੇਜੇ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੋਵਾਲ ਨਗਰ ਇਕ ਭਰਵੇਂ ਇੱਕਠ ਵਿਚ ਮਤਾ ਪਾਸ ਕਰਕੇ ਮਹੰਤ ਨਰਾਇਣ ਦਾਸ ਨੂੰ ਸੁਧਾਰ ਕਰਨ ਲਈ ਆਖਿਆ ਗਿਆ ਪਰ ਮਹੰਤ ਕਦੋਂ ਸੁਣਦਾ ਸੀ ਕਿਉਂ ਕਿ ਉਸ ਦੇ ਪਾਸ ਬੇ-ਹਿਸਾਬ ਪੈਸਾ ਸੀ ਤੇ ਵਿਆਹ – ਸ਼ਾਦੀਆਂ ਵਿਚ ਕੰਜਰੀਆਂ ਦਾ ਨਾਚ ਕਰਾਣ ਵਾਲੇ ਕੁਝ ਜਗੀਰਦਾਰ ਬੇਦੀ ਉਸ ਦੇ ਪਿੱਠ ਉੱਤੇ ਸਨ। ਸਰਕਾਰੀ ਹਾਕਮਾਂ ਨਾਲ ਵੀ ਉਸ ਦੇ ਗੂੜੇ ਸੰਬੰਧ ਸਨ। ਉਹ ਸਿੱਖਾਂ ਤੋਂ ਆਕੀ ਹੋ ਗਿਆ।ਸ੍ਰੀ ਅਕਾਲ ਤਖ਼ਤ ਹਰਿਮੰਦਿਰ ਸਾਹਿਬ ਤੇ ਅੰਮ੍ਰਿਤਸਰ ਦੇ ਦੂਜੇ ਗੁਰਦੁਆਰੇ ਮਹੰਤਾਂ ਹੱਥੋਂ ਖੁਸ ਗਏ ਸਨ, ਇਸ ਲਈ ਉਸ ਨੂੰ ਆਪਣੀ ਗੱਦੀ ਲਈ ਖ਼ਤਰਾ ਮਹਿਸੂਸ ਹੋਇਆ ਤੇ ਉਹ ਗੁਰਦੁਆਰਾ ਸੁਧਾਰ ਲਹਿਰ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਕਰਨ ਲੱਗਾ। ਬਾਬਾ ਕਰਤਾਰ ਸਿੰਘ ਬੇਦੀ ਤੇ ਸਰਕਾਰੀ ਅਫ਼ਸਰਾਂ ਨਾਲ ਗੂੜਾ ਸੰਬੰਧ ਰੱਖਣ ਵਾਲੇ ਹੋਰ ਬੰਦੇ ਉਹਦੇ ਮਸ਼ੀਰ ਤੇ ਸਲਾਹਕਾਰ ਬਣ ਗਏ। 400 ਦੇ ਕਰੀਬ ਉਸ ਨੇ ਦਸ ਨੰਬਰੀਏ ਬਦਮਾਸ਼ ਭਰਤੀ ਕਰ ਲਏ ਤੇ ਗੁਰਦੁਆਰੇ ਅੰਦਰ ਛਵ੍ਹੀਆਂ, ਕੁਹਾੜੇ, ਟਕੂਏ ਆਦਿ ਹਥਿਆਰ ਬਨਾਉਣ ਲਈ ਭੱਠੀਆਂ ਚਾਲੂ ਕਰ ਦਿੱਤੀਆਂ। ਉਸ ਨੇ ਗੁਰਦੁਆਰੇ ਦੀ ਪੂਰੀ ਤਰ੍ਹਾਂ ਕਿਲ਼੍ਹਾ ਬੰਦੀ ਕਰ ਲਈ। ਅੰਦਰ ਆਉਣ ਵਾਲੇ ਫਾਟਕ ਮਜ਼ਬੂਤ ਲੋਹੇ ਦੇ ਬਣਾ ਦਿੱਤੇ ਤੇ ਉਨ੍ਹਾਂ ਵਿਚ ਅੰਦਰੋਂ ਪਿਸਤੌਲ ਤੇ ਬੰਦੂਕਾਂ ਚਲਾਉਣ ਲਈ ਮੋਰੀਆਂ ਰੱਖ ਲਈਆਂ। ਇਸ ਤਰ੍ਹਾਂ ਗੁਰਦੁਆਰੇ ਦੇ ਅੰਦਰ ਤੇ ਬਾਹਰ ਕਤਲਾਮ ਦਾ ਪੂਰਾ ਪੂਰਾ ਬਾਨਣੂੰ ਬੰਨ ਲਿਆ ਗਿਆ।     ਉਹ ਲਾਹੌਰ ਡਵੀਜ਼ਨ ਦੇ ਕਮਿਸ਼ਨਰ ਮਿਸਟਰ ਸੀ. ਐਮ. ਕਿੰਗ ਨੂੰ ਮਿਿਲਆ, ਜਿਸ ਨੇ ਉਸ ਨੂੰ ਯਕੀਨ ਦੁਆਇਆ ਕਿ ਜੇ ਅਕਾਲੀਆਂ ਨੇ ਉਸ ਦੇ ਗੁਰਦੁਆਰੇ ਉੱਤੇ ਧਾਵਾ ਬੋਲਿਆ ਤਾਂ ਉਸ ਦੀ ਸਹਾਇਤਾ ਕੀਤੀ ਜਾਵੇਗੀ। ਉਸ ਦੇ ਸਾਥੀ ਮਹੰਤਾਂ ਨੇ ਵੀ ਉਸ ਨੂੰ ਸਲਾਹ ਦਿੱਤੀ ਕਿ ਜੇ ਅਕਾਲੀ ਗੁਰਦੁਆਰੇ ਦਾ ਕਬਜ਼ਾ ਲੈਣ ਆਉਣ ਤਾਂ ਉਹ ਬਿਨ੍ਹਾਂ ਝਿਜਕ ਉਨ੍ਹਾਂ ਨੂੰ ਮਾਰ ਕੇ ਸਾੜ ਫੂਕ ਦੇਵੇ। ਬਾਬਾ ਕਰਤਾਰ ਸਿੰਘ ਬੇਦੀ ਤੇ ਦੂਜੇ ਮਹੰਤਾਂ ਦੀ ਸਲਾਹ ਨਾਲ ਉਸ ਨੇ ਨਨਕਾਣਾ ਸਾਹਿਬ ਵਿਖੇ ਇਕ ਮੀਟਿੰਗ ਬੁਲਾਈ ਜਿਸ ਵਿਚ 60 ਤੋਂ ਵੱਧ ਮਹੰਤਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਨਾ ਦਿੱਤੀ ਜਾਵੇ। ਮਹੰਤ ਨਰਾਇਣ ਦਾਸ ਦੀ ਅਗਵਾਈ ਵਿਚ ਸਮਾਨਤਾ ਕਮੇਟੀ ਬਣਾਈ ਗਈ।ਅਕਾਲੀ ਲਹਿਰ ਦੇ ਖ਼ਿਲਾਫ ਪ੍ਰਚਾਰ ਕਰਨ ਲਈ ਲਾਹੌਰ ਤੋਂ ਸੰਤ ਸੇਵਕ ਨਾਂ ਦਾ ਅਖ਼ਬਾਰ ਵੀ ਸ਼ੁਰੂ ਕੀਤਾ ਗਿਆ। ਮਹੰਤ ਦੇ ਅਕਾਲੀਆਂ ਨੂੰ ਕਤਲ ਕਰਨ ਦੇ ਇਰਾਦੇ ਨਸ਼ਰ ਹੋ ਚੁੱਕੇ ਸਨ ਤੇ ਇਸ ਸੰਬੰਧੀ ਅਖ਼ਬਾਰਾਂ ਵਿਚ ਖ਼ਬਰਾਂ ਆ ਰਹੀਆਂ ਸਨ। 24 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਸੱਦ ਕੇ ਮਤਾ ਪਾਸ ਕੀਤਾ ਕਿ ਚਾਰ, ਪੰਜ, ਛੇ ਮਾਰਚ 1921 ਨੂੰ ਨਨਕਾਣੇ ਵਿਖੇ ਖਾਲਸੇ ਦਾ ਦੀਵਾਨ ਹੋਵੇਗਾ। ਮਹੰਤ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪਣਾ ਸੁਧਾਰ ਕਰੇ ਅਤੇ ਪੰਥ ਦੇ ਮਾਤਹਿਤ ਹੋ ਕੇ ਚਲੇ। ਇਕ ਨੋਟਿਸ ਵੰਡਿਆ ਗਿਆ ਕਿ ਪੰਜਾਬ ਸਰਕਾਰ ਸਿੱਖ

ਸਾਕਾ ਨਨਕਾਣਾ ਸਾਹਿਬ/ਡਾ. ਚਰਨਜੀਤ ਸਿੰਘ ਗੁਮਟਾਲਾ Read More »

ਭ੍ਰਿਸ਼ਟਾਚਾਰ ਦਾ ਰਹੱਸ

ਪੰਜਾਬ ਪੁਲੀਸ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਤਹਿਤ 52 ਅਫਸਰਾਂ ਅਤੇ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦਾ ਐਲਾਨ ਸਮੇਂ ਦੀ ਚੋਣ ਅਤੇ ਇਸ ਦੇ ਮਨਸ਼ੇ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਦਾ ਸਬੱਬ ਬਣਿਆ ਹੋਇਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਖਿਆ ਕਿ ਭ੍ਰਿਸ਼ਟਾਚਾਰ ਦੇ ਸਵਾਲ ’ਤੇ ਪੁਲੀਸ ‘ਜ਼ੀਰੋ ਟਾਲਰੈਂਸ’ ਦੀ ਨੀਤੀ ’ਤੇ ਵਚਨਬੱਧ ਹੈ। ਉਨ੍ਹਾਂ ਕਿਹਾ, “ਸੰਦੇਸ਼ ਬਹੁਤ ਸਾਫ਼ ਹੈ ਕਿ ਪੁਲੀਸ ਬਲ ਵਿੱਚ ਕਾਲੀਆਂ ਭੇਡਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।” ਦੱਸਿਆ ਗਿਆ ਹੈ ਕਿ ਸਮੁੱਚੇ ਜ਼ਿਲ੍ਹਿਆਂ ਦੇ ਪੁਲੀਸ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੇ ਪੁਲੀਸ ਕਰਮੀਆਂ ਖ਼ਿਲਾਫ਼ 400 ਤੋਂ ਵੱਧ ਬਕਾਇਆ ਪਈਆਂ ਐੱਫਆਈਆਰਜ਼ ਦਾ ਜਾਇਜ਼ਾ ਲੈਣ ਤੋਂ ਬਾਅਦ ਇਨ੍ਹਾਂ ਪੁਲੀਸ ਕਰਮੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਨ੍ਹਾਂ ਵਿੱਚ ਇੱਕ ਇੰਸਪੈਕਟਰ, ਪੰਜ ਏਐੱਸਆਈ, ਚਾਰ ਹੈੱਡ ਕਾਂਸਟੇਬਲ ਅਤੇ 42 ਸਿਪਾਹੀ ਸ਼ਾਮਿਲ ਹਨ। ਆਮ ਤੌਰ ’ਤੇ ਪ੍ਰਸ਼ਾਸਨਿਕ ਅਤੇ ਪੁਲੀਸ ਅਫਸਰਾਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ ਦਾ ਸਿਲਸਿਲਾ ਦੇਖਣ ਨੂੰ ਮਿਲਦਾ ਰਹਿੰਦਾ ਹੈ ਪਰ ਭ੍ਰਿਸ਼ਟਾਚਾਰ ਅਤੇ ਜਨਤਕ ਸੇਵਾ ਵਿੱਚ ਦੁਰਾਚਾਰ ਦੇ ਅਜਿਹੇ ਦੋਸ਼ਾਂ ਅਧੀਨ ਇਸ ਕਦਰ ਵੱਡੀ ਕਾਰਵਾਈ ਪਿਛਲੇ ਬਹੁਤ ਸਾਰੇ ਸਾਲਾਂ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਡੀਜੀਪੀ ਮੁਤਾਬਿਕ, ਪਿਛਲੇ ਕੁਝ ਸਮੇਂ ਦੌਰਾਨ ਅੱਠ ਐੱਸਪੀਜ਼ ਅਤੇ ਦਸ ਡੀਐੱਸਪੀਜ਼ ਨੂੰ ਵੀ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਵਿਜੀਲੈਂਸ ਬਿਊਰੋ ਦਾ ਮੁਖੀ ਵੀ ਤਬਦੀਲ ਕੀਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪੰਜਾਬ ਪੁਲੀਸ ਦੇ ਕੰਮਕਾਜ ਨੂੰ ਚੁਸਤ ਦਰੁਸਤ ਬਣਾਉਣਾ ਸਰਕਾਰ ਦਾ ਫ਼ਰਜ਼ ਹੈ ਤੇ ਬਿਹਤਰ ਜਨਤਕ ਸੇਵਾਵਾਂ ਦੀ ਲੋੜ ਵੀ ਹੈ ਲੇਕਿਨ ਇਸ ਮਾਮਲੇ ਵਿੱਚ ਲੋੜੀਂਦੀ ਪਾਰਦਰਸ਼ਤਾ ਦੀ ਕਮੀ ਰੜਕ ਰਹੀ ਹੈ। ਡੀਜੀਪੀ ਯਾਦਵ ਨੇ ਇਸ ਸਬੰਧ ਵਿੱਚ ਬਹੁਤ ਹੀ ਸਰਸਰੀ ਜਿਹੇ ਵੇਰਵੇ ਸਾਂਝੇ ਕੀਤੇ ਹਨ। ਹੋ ਸਕਦਾ ਹੈ ਕਿ ਪੁਲੀਸ ਨੂੰ ਮਹਿਸੂਸ ਹੋਇਆ ਹੋਵੇ ਕਿ ਜੇ ਪੂਰੇ ਵੇਰਵੇ ਸਾਂਝੇ ਕੀਤੇ ਜਾਂਦੇ ਹਨ ਤਾਂ ਇਸ ਨਾਲ ਉਸ ਦੇ ਮਨੋਬਲ ’ਤੇ ਉਲਟਾ ਪ੍ਰਭਾਵ ਪੈ ਸਕਦਾ ਹੈ ਪਰ ਜੇ ਪੰਜਾਬ ਪੁਲੀਸ ਵਿੱਚ ‘ਕਾਲੀਆਂ ਭੇਡਾਂ’ ਦੀ ਗਿਣਤੀ ਐਨੀ ਵਧ ਗਈ ਸੀ ਤਾਂ ਫਿਰ ਜ਼ਰੂਰੀ ਸੀ ਕਿ ਇਸ ਰੋਗ ਦਾ ਇਲਾਜ ਕੀਤਾ ਜਾਵੇ। ਪੁਲੀਸ ਵਿੱਚ ਭ੍ਰਿਸ਼ਟਾਚਾਰ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਬਹੁਤ ਦੀਰਘ ਰੋਗ ਹੈ ਅਤੇ ਇਸ ਦੇ ਇਲਾਜ ਲਈ ਕਈ ਪੱਧਰਾਂ ’ਤੇ ਕਦਮ ਚੁੱਕਣ ਦੀ ਲੋੜ ਹੈ। ਸਵਾਲ ਇਹ ਵੀ ਹੈ ਕਿ ਕੀ ਭ੍ਰਿਸ਼ਟਾਚਾਰ ਸਿਪਾਹੀਆਂ ਦੇ ਪੱਧਰ ਤੱਕ ਹੀ ਸੀਮਤ ਹੈ ਜਿਨ੍ਹਾਂ ਕੋਲ ਬਹੁਤੇ ਕੇਸਾਂ ਨਾਲ ਸਿੱਝਣ ਦਾ ਕੋਈ ਅਧਿਕਾਰ ਨਹੀਂ ਹੁੰਦਾ? ਰਵਾਇਤਨ, ਪੁਲੀਸ ਨਾਲ ਜਿਨ੍ਹਾਂ ਲੋਕਾਂ ਦਾ ਵਾਹ ਪੈਂਦਾ ਹੈ, ਉਨ੍ਹਾਂ ਦਾ ਤਜਰਬਾ ਹੈ ਕਿ ਸਾਧਾਰਨ ਬੰਦੇ ਕਈ ਵਾਰ ਪੁਲੀਸ ਦੇ ਡਰ ਕਰ ਕੇ ਖੱਜਲ ਖੁਆਰੀ ਤੋਂ ਬਚਣ ਲਈ ਰਿਸ਼ਵਤ ਦਿੰਦੇ ਹਨ ਜਦੋਂਕਿ ਰਸੂਖ਼ਵਾਨ ਆਪਣੇ ਪੁੱਠੇ-ਸਿੱਧੇ ਕੰਮ ਕਰਵਾਉਣ ਜਾਂ ਆਪਣੇ ਗ਼ੈਰ-ਕਾਨੂੰਨੀ ਧੰਦਿਆਂ ਨੂੰ ਛੁਪਾਉਣ ਲਈ ਪੁਲੀਸ ਅਫਸਰਾਂ ਦੀ ‘ਸੇਵਾ’ ਕਰਦੇ ਹਨ। ਪੰਜਾਬ ਵਿੱਚ ਪੁਲੀਸ ਸ਼ਿਕਾਇਤ ਨਿਵਾਰਨ ਸੈੱਲ ਨੂੰ ਸਰਗਰਮ ਕਰਨ ਦੀ ਲੋੜ ਹੈ ਅਤੇ ਨਿਯਮਤ ਸਮੇਂ ’ਤੇ ਇਸ ਦੀਆਂ ਰਿਪੋਰਟਾਂ ਆਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਉੱਪਰ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ।

ਭ੍ਰਿਸ਼ਟਾਚਾਰ ਦਾ ਰਹੱਸ Read More »

ਭਾਜਪਾ ਦੇ ਖੇਖਣ

ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ (ਯੂ ਐੱਸ ਏਡ) ਦਾ ਗਠਨ ਅਮਰੀਕੀ ਸੰਸਦ ਨੇ 3 ਨਵੰਬਰ 1961 ਨੂੰ ਕੀਤਾ ਸੀ, ਜਿਸ ਦਾ ਮਕਸਦ ਵੱਖ-ਵੱਖ ਖੇਤਰਾਂ ਵਿੱਚ ਸੁਧਾਰ ਲਈ ਹੋਰਨਾਂ ਦੇਸ਼ਾਂ ਦੀ ਮਦਦ ਕਰਨਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਣਾਏ ਗਏ ਸਲਾਹਕਾਰ ਐਲਨ ਮਸਕ ਵੱਲੋਂ ਭਾਰਤ ਵਿੱਚ ਵੋਟਿੰਗ ਫੀਸਦੀ ਵਧਾਉਣ ਲਈ ਦਿੱਤੀ ਜਾ ਰਹੀ ਲਗਭਗ 182 ਕਰੋੜ ਦੀ ਮਦਦ ਬੰਦ ਕਰਨ ਦੇ 15 ਫਰਵਰੀ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਭਾਜਪਾ ਤੇ ਕਾਂਗਰਸ ਵਿਚਾਲੇ ਜੰਗ ਛਿੜ ਗਈ। ਭਾਜਪਾ ਨੇ ਯੂ ਐੱਸ ਏਡ ਦਾ ਲਿੰਕ ਅਮਰੀਕੀ ਖਰਬਾਂਪਤੀ ਜਾਰਜ ਸੋਰੋਸ ਦੀ ਐੱਨ ਜੀ ਓ ਨਾਲ ਜੋੜ ਕੇ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦ ਫੰਡਿੰਗ ਦੀ ਪੜਤਾਲ ਹੋਈ ਹੈ ਤਾਂ ਭਾਜਪਾ ਨਾਲ ਜੁੜੇ ਆਗੂਆਂ, ਸਾਬਕਾ ਮੰਤਰੀਆਂ ਦੇ ਨਾਲ-ਨਾਲ ਨੀਤੀ ਆਯੋਗ ਦੇ ਵੀ ਯੂ ਐੱਸ ਏਡ ਨਾਲ ਲਿੰਕ ਨਿਕਲ ਆਏ ਹਨ। ਹੁਣ ਸਰਕਾਰ ਦੱਸ ਨਹੀਂ ਰਹੀ ਕਿ ਯੂ ਐੱਸ ਏਡ ਤੇ ਨੀਤੀ ਆਯੋਗ ਦੀਆਂ ਸਕੀਮਾਂ ਵਿਚਾਲੇ ਕੀ ਲਿੰਕ ਹਨ। ਅਮਰੀਕਾ ਵੱਲੋਂ ਫੰਡਿੰਗ ਰੋਕਣ ਦੇ ਛੇਤੀ ਬਾਅਦ ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾਇਹ ਫੰਡਿੰਗ ਭਾਰਤ ਦੀ ਚੋਣ ਪ੍ਰਕਿਰਿਆ ’ਚ ਬਾਹਰੀ ਦਖਲ ਦੇ ਬਰਾਬਰ ਹੈ। ਇਸ ਨਾਲ ਕਿਸ ਨੂੰ ਲਾਭ ਮਿਲਦਾ? ਨਿਸਚਿਤ ਤੌਰ ’ਤੇ ਹੁਕਮਰਾਨ ਪਾਰਟੀ ਨੂੰ ਨਹੀਂ। ਅਸਲ ਵਿੱਚ ਕਾਂਗਰਸ ਤੇ ਗਾਂਧੀ ਪਰਵਾਰ ਦੇ ਜਾਣੇ ਜਾਂਦੇ ਸਹਿਯੋਗੀ ਜਾਰਜ ਸੋਰੋਸ ਹੀ ਹਨ, ਜਿਨ੍ਹਾ ਦੀ ਛਾਇਆ ਸਾਡੀ ਚੋਣ ਪ੍ਰਕਿਰਿਆ ’ਤੇ ਮੰਡਰਾ ਰਹੀ ਹੈ। 2012 ਵਿੱਚ ਐੱਸ ਵਾਈ ਕੁਰੈਸ਼ੀ ਦੀ ਅਗਵਾਈ ’ਚ ਚੋਣ ਕਮਿਸ਼ਨ ਨੇ ਇੰਟਰਨੈਸ਼ਨਲ ਫਾਊਂਡੇਸ਼ਨ ਫਾਰ ਇਲੈਕਟੋਰਲ ਸਿਸਟਮਜ਼ ਨਾਲ ਸਮਝੌਤਾ ਕੀਤਾ ਸੀ। ਇਹ ਜਥੇਬੰਦੀ ਜਾਰਜ ਸੋਰੋਸ ਦੀ ਓਪਨ ਸੁਸਾਇਟੀ ਫਾਊਂਡੇਸ਼ਨ ਨਾਲ ਜੁੜੀ ਹੋਈ ਹੈ, ਜਿਸ ਨੂੰ ਮੁੱਖ ਤੌਰ ’ਤੇ ਸਰਕਾਰ ਮਦਦ ਕਰਦੀ ਹੈ। 2012 ਵਿੱਚ ਜਦੋਂ ਯੂ ਐੱਸ ਏਡ ਨੇ ਫੰਡ ਦਿੱਤੇ ਸਨ, ਉਦੋਂ ਭਾਰਤ ’ਚ ਕਾਂਗਰਸ ਸਰਕਾਰ ਸੀ। ਮਾਲਵੀਆ ਜੇ ਸਹੀ ਹੈ ਤਾਂ ਮਦਦ ਕਾਂਗਰਸ ਸਰਕਾਰ ਵਿਰੁੱਧ ਵਰਤੀ ਗਈ। ਨੀਤੀ ਆਯੋਗ ਨੇ 10 ਅਗਸਤ 2016 ਨੂੰ ਕਾਰਬਨ ਤੇ ਐਨਰਜੀ ਨੂੰ ਲੈ ਕੇ ਯੂ ਐੱਸ ਏਡ ਨਾਲ ਸਮਝੌਤਾ ਕੀਤਾ ਸੀ। ਅਟੱਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਤੇ ਅਮਰੀਕੀ ਕੌਮਾਂਤਰੀ ਵਿਕਾਸ ਏਜੰਸੀ ਨੇ ਸਿਹਤ ਖੇਤਰ ’ਚ ਨਵੀਂ ਭਾਈਵਾਲੀ ਦਾ ਐਲਾਨ ਕੀਤਾ, ਜਿਸ ਦਾ ਮਕਸਦ ਦੂਜੀ ਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ, ਪਿੰਡਾਂ ਤੇ ਆਦਿਵਾਸੀ ਖੇਤਰਾਂ ’ਚ ਕਮਜ਼ੋਰ ਆਬਾਦੀ ਨੂੰ ਕਿਫਾਇਤੀ ਤੇ ਗੁਣਵੱਤਾਪੂਰਨ ਸਿਹਤ ਸੇਵਾ ਦੇਣ ’ਚ ਸੁਧਾਰ ਕਰਨਾ ਹੈ। ਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਿਮਰਤੀ ਈਰਾਨੀ ਵੀ ਯੂ ਐੱਸ ਏਡ ਨਾਲ ਜੁੜੀ ਰਹੀ ਹੈ। ਸਰਕਾਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਈਰਾਨੀ ਦੇ ਬਾਇਓਡਾਟਾ ਵਿੱਚ ਲਿਖਿਆ ਹੈ ਕਿ ਉਸ ਨੇ ਯੂ ਐੱਸ ਏ ਆਈ ਡੀ ਦੀ ‘ਸਦਭਾਵਨਾ ਰਾਜਦੂਤ’ ਵਜੋਂ ਕੰਮ ਕੀਤਾ ਹੈ। ਕੀ ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਈਰਾਨੀ ਜਾਰਜ ਸੋਰੋਸ ਦੀ ਅਸਲੀ ਏਜੰਟ ਹੈ। ਈਰਾਨੀ ਦੇ ਇਲਾਵਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਵੀ ਸਮੇਂ-ਸਮੇਂ ’ਤੇ ਯੂ ਐੱਸ ਏਡ ਦੀ ਹਮਾਇਤ ਕਰਦੇ ਰਹੇ ਹਨ।

ਭਾਜਪਾ ਦੇ ਖੇਖਣ Read More »

ਜ਼ਿਲ੍ਹਾ ਮੋਗਾ ਵਿੱਚ 168 ਖੇਤੀਬਾੜੀ ਸਭਾਵਾਂ ਵਿੱਚ ਕੰਪਿਊਟਰੀਕਰਨ ਲਈ ਲੋੜੀਂਦਾ ਹਾਰਡਵੇਅਰ ਪਹੁੰਚਿਆ

*ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਸਹਿਕਾਰੀ ਸਭਾਵਾਂ ਦਾ 31 ਮਾਰਚ ਤੱਕ ਕੰਪਿਊਟਰੀਕਰਨ ਕਰਨ ਦੀ ਹਦਾਇਤ ਮੋਗਾ, 21 ਫਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਹਿਕਾਰੀ ਸਭਾਵਾਂ ਜ਼ਮੀਨੀ ਪੱਧਰ ’ਤੇ ਕਿਸਾਨਾਂ ਦੀ ਭਲਾਈ ਯਕੀਨੀ ਬਣਾਉਣ ਲਈ ਪ੍ਰੇਰਕ ਵਜੋਂ ਕੰਮ ਕਰਦੀਆਂ ਹਨ। ਇਨ੍ਹਾਂ ਸਭਾਵਾਂ ਦੇ ਕੰਪਿਊਟਰੀਕਰਨ ਨਾਲ ਸੁਸਾਇਟੀਆਂ ਦੇ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਆਉਂਦ ਹੈ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਪੁੱਜਦਾ ਹੁੰਦਾ ਹੈ। ਕੰਪਿਊਟਰੀਕਰਨ ਸਹਿਕਾਰੀ ਸੁਸਾਇਟੀਆਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਂਦਾ ਹੈ। ਜ਼ਿਲ੍ਹਾ ਮੋਗਾ ਵਿੱਚ ਵੀ ਸਹਿਕਾਰੀ ਸਭਾਵਾਂ ਦੇ ਕੰਪਿਊਟਰੀਕਰਨ ਦਾ ਕੰਮ ਚੱਲ ਰਿਹਾ ਹੈ। ਜ਼ਿਲ੍ਹਾ ਮੋਗਾ ਦੀਆਂ ਸਹਿਕਾਰੀ ਸਭਾਵਾਂ ਦੇ ਕੰਪਿਊਟਰੀਕਰਨ ਦੇ ਕੰਮ ਦਾ ਜਾਇਜਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਸਰਕਾਰੀ ਖੇਤੀਬਾੜੀ ਸਭਾਵਾਂ ਦੇ ਕੰਪਿਊਟਰੀਕਰਨ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਇੰਪਲੀਮੈਂਟੇਸ਼ਨ ਐਂਡ ਮੋਨੀਟਿਰੰਗ ਕਮੇਟੀ ਦੀ ਮੀਟਿੰਗ ਬੁਲਾਈ। ਉਹਨਾਂ ਇਸ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੀਟਿੰਗ ਵਿੱਚ ਹਾਜ਼ਰ, ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਦੇ ਪੰਬਧ ਨਿਰਦੇਸ਼ਕ ਸ਼੍ਰੀ ਹਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ 168 ਖੇਤੀਬਾੜੀ ਸਭਾਵਾਂ ਵਿੱਚ ਕੰਪਿਊਟਰੀਕਰਨ ਲਈ ਲੋੜੀਂਦਾ ਹਾਰਡਵੇਅਰ ਜਿਵੇਂ ਕਿ ਕੰਪਿਊਟਰ, ਪ੍ਰਿੰਟਰ ,ਰਾਊਟਰ, ਸਕੈਨਰ, ਅਤੇ ਬਾਇਉਮੈਟ੍ਰਿਕ ਡਿਵਾਈਸ ਪਹੁੰਚ ਚੁੱਕੇ ਹਨ। ਸਭਾਵਾਂ ਲਈ ਪਾਸਬੁੱਕ ਪ੍ਰਿੰਟਰ ਅਤੇ ਵੈਬ ਕੈਮਰਾ ਦੀ ਮੰਗ ਕੇਂਦਰ ਸਰਕਾਰ ਨੂੰ ਭੇਜਣ ਸਬੰਧੀ ਮਤਾ ਵੀ ਇਸ ਮੀਟਿੰਗ ਵਿੱਚ ਪਾਸ ਕੀਤਾ ਗਿਆ। ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਕਮੇਟੀ ਨੂੰ ਹਦਾਇਤ ਕੀਤੀ ਕਿ ਮਿਤੀ 31-03-2025 ਤੱਕ ਦੀ ਮੋਗਾ ਕੇਂਦਰੀ ਸਹਿਕਾਰੀ ਬੈਂਕ ਨਾਲ ਲਗਦੀਆਂ ਸਾਰੀਆਂ ਸਭਾਵਾਂ ਦਾ ਕੰਪਿਊਟਰੀਕਰਨ ਪੂਰਾ ਕੀਤਾ ਜਾਵੇ, ਕਿਉਂਕਿ ਜ਼ਿਲ੍ਹੇ ਦੇ ਕਿਸਾਨ ਇਹਨਾਂ ਨਾਲ ਸਿੱਧੇ ਤੌਰ ਉੱਤੇ ਜੁੜੇ ਹੋਏ ਹਨ ਅਤੇ ਕਿਸਾਨਾਂ ਨੂੰ ਇਹਨਾਂ ਸਹਿਕਾਰੀ ਸਭਾਵਾਂ ਦਾ ਪੂਰਨ ਲਾਹਾ ਪਹੁੰਚਾਉਣਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਕੋਸ਼ਿਸ਼ ਹੈ। ਇਸ ਮੀਟਿੰਗ ਵਿੱਚ ਸ਼੍ਰੀ ਗੁਰਜੋਤ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ, ਸ਼੍ਰੀਮਤੀ ਸਵੀਤਾ ਸਿੰਘ ਡੀ.ਡੀ.ਐਮ ਨਾਬਾਰਡ, ਸ਼੍ਰੀਮਤੀ ਪਰਮਜੀਤ ਕੌਰ ਜ਼ਿਲ੍ਹਾ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਸ਼ਾਮਿਲ ਹੋਏ।

ਜ਼ਿਲ੍ਹਾ ਮੋਗਾ ਵਿੱਚ 168 ਖੇਤੀਬਾੜੀ ਸਭਾਵਾਂ ਵਿੱਚ ਕੰਪਿਊਟਰੀਕਰਨ ਲਈ ਲੋੜੀਂਦਾ ਹਾਰਡਵੇਅਰ ਪਹੁੰਚਿਆ Read More »