November 18, 2024

ਭਿਆਨਕ ਸੜਕ ਹਾਦਸੇ

ਹਾਲ ਹੀ ’ਚ ਜੰਮੂ ਕਸ਼ਮੀਰ ਦੇ ਟੇਂਗਪੋਰਾ ਅਤੇ ਉੱਤਰਾਖੰਡ ਦੇ ਦੇਹਰਾਦੂਨ ’ਚ ਵਾਪਰੇ ਭਿਆਨਕ ਸੜਕ ਹਾਦਸਿਆਂ ਨੇ ਇਸ ਗੰਭੀਰ ਮੁੱਦੇ ਵੱਲ ਧਿਆਨ ਦਿਵਾਇਆ ਹੈ: ਨਾਬਾਲਗ ਡਰਾਈਵਿੰਗ ਲਗਾਤਾਰ ਜਵਾਨ ਜ਼ਿੰਦਗੀਆਂ ਨੂੰ ਨਿਗਲ ਰਹੀ ਹੈ। ਇਹ ਘਟਨਾਵਾਂ ਮਾਪਿਆਂ ਦੀ ਅਹਿਮ ਜ਼ਿੰਮੇਵਾਰੀ ਦਾ ਵੀ ਚੇਤਾ ਕਰਾਉਂਦੀਆਂ ਹਨ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਗੱਡੀ ਨਾ ਚਲਾਉਣ ਦੇਣ। ਭਾਰਤ ਦੇ ਸੜਕ ਹਾਦਸੇ ਦੁਨੀਆ ’ਚ ਸਭ ਤੋਂ ਵੱਧ ਜਾਨਲੇਵਾ ਹਨ। ਸੜਕਾਂ ’ਤੇ ਹੋਣ ਵਾਲੇ ਹਾਦਸੇ ਜੋ ਸਾਲ 2020 ਵਿੱਚ 3 ਲੱਖ 68 ਹਜ਼ਾਰ 828 ਸਨ, ਸੰਨ 2021 ਵਿੱਚ ਵਧ ਕੇ 4 ਲੱਖ 22ਹਜ਼ਾਰ 659 ਹੋ ਗਏ। ਹੈਰਾਨੀਜਨਕ ਹੈ ਕਿ 9.6 ਪ੍ਰਤੀਸ਼ਤ ਮ੍ਰਿਤਕਾਂ ਦੀ ਉਮਰ 18 ਸਾਲਾਂ ਤੋਂ ਘੱਟ ਸੀ ਜਿਨ੍ਹਾਂ ਵਿੱਚੋਂ ਬਹੁਤੇ ਨਾਬਾਲਗ ਡਰਾਈਵਰ ਸਨ। ਟੇਂਗਪੋਰਾ ਤ੍ਰਾਸਦੀ ’ਚ ਐੱਸਯੂਵੀ ਸਵਾਰ 17 ਸਾਲਾਂ ਦੇ ਦੋ ਲੜਕਿਆਂ ਦੀ ਉਦੋਂ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਗੱਡੀ ਟਰੱਕ ਵਿੱਚ ਵੱਜੀ; ਦੇਹਰਾਦੂਨ ਵਿੱਚ ਤੇਜ਼ ਰਫ਼ਤਾਰ ਕਾਰ ਨੇ ਛੇ ਜਾਨਾਂ ਲੈ ਲਈਆਂ। ਦੋਵੇਂ ਹਾਦਸੇ ਰੋਕੇ ਜਾ ਸਕਦੇ ਸਨ। ਕਾਨੂੰਨ ਬਿਲਕੁਲ ਸਪੱਸ਼ਟ ਹੈ। ਮੋਟਰ ਵਹੀਕਲ ਐਕਟ ਤਹਿਤ 18 ਸਾਲਾਂ ਤੋਂ ਹੇਠਾਂ ਦਾ ਕੋਈ ਵੀ ਵਿਅਕਤੀ ਮੋਟਰ ਵਾਹਨ ਨਹੀਂ ਚਲਾ ਸਕਦਾ। ਫਿਰ ਵੀ, ਸਹੀ ਢੰਗ ਨਾਲ ਕਾਨੂੰਨ ਲਾਗੂ ਨਾ ਹੋਣ ਅਤੇ ਮਾਪਿਆਂ ਦੀ ਅਣਗਹਿਲੀ ਕਰ ਕੇ ਇਸ ਤਰ੍ਹਾਂ ਦਾ ਖ਼ਤਰਨਾਕ ਰੁਝਾਨ ਬਰਕਰਾਰ ਹੈ। ਮਾਪੇ ਅਕਸਰ ਬੱਚਿਆਂ ਦਾ ਮਨ ਰੱਖਣ ਲਈ ਗੰਭੀਰ ਸਿੱਟਿਆਂ ਬਾਰੇ ਸੋਚੇ ਬਿਨਾਂ ਉਨ੍ਹਾਂ ਨੂੰ ਗੱਡੀ ਚਲਾਉਣ ਲਈ ਚਾਬੀ ਦੇ ਦਿੰਦੇ ਹਨ। ਜਦੋਂ ਨਾਬਾਲਗ ਵਾਹਨ ਚਲਾਏਗਾ ਤਾਂ ਕਾਨੂੰਨ ਮੁਤਾਬਿਕ ਮੋਟਰ ਵਹੀਕਲ ਐਕਟ ਦੀ ਧਾਰਾ 199ਏ ਤਹਿਤ ਗਾਰਡੀਅਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਜਿਸ ਤਹਿਤ ਤਿੰਨ ਸਾਲਾਂ ਤੱਕ ਦੀ ਜੇਲ੍ਹ, 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਵਾਹਨ ਦੀ ਰਜਿਸਟਰੇਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ। ਸਮਾਜ ਵੱਲੋਂ ਸੜਕ ਸੁਰੱਖਿਆ ਦਾ ਸੱਭਿਆਚਾਰ ਵਿਕਸਿਤ ਕਰਨ ਵਿੱਚ ਨਾਕਾਮ ਹੋਣਾ ਵੀ ਬਰਾਬਰ ਚਿੰਤਾਜਨਕ ਹੈ। ਸਕੂਲ, ਸਮਾਜ ਅਤੇ ਕਾਨੂੰਨੀ ਏਜੰਸੀਆਂ ਨੂੰ ਇਸ ਸੰਕਟ ਦਾ ਹੱਲ ਕੱਢਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਲਾਪਰਵਾਹ ਡਰਾਈਵਿੰਗ ਦੇ ਖ਼ਤਰਿਆਂ ਬਾਰੇ ਸਿੱਖਿਅਤ ਕਰਨਾ ਜ਼ਰੂਰੀ ਹੈ। ਪਹਿਲਾਂ ਮਾਪਿਆਂ ਨੂੰ ਹੀ ਅੱਗੇ ਹੋਣਾ ਪਏਗਾ ਅਤੇ ਗੱਡੀ ਮੰਗਣ ਵਾਲੇ ਆਪਣੇ ਬੱਚਿਆਂ ਨੂੰ ‘ਨਾਂਹ’ ਕਰਨੀ ਪਏਗੀ। ਇਸ ਤਰ੍ਹਾਂ ਸਹੂਲਤ ਨਾਲੋਂ ਵੱਧ ਪਹਿਲ ਜ਼ਿੰਮੇਵਾਰੀ ਨੂੰ ਦੇਣੀ ਪਏਗੀ ਜੋ ਹਾਦਸਿਆਂ ਤੋਂ ਬਚਾਅ ਦਾ ਆਧਾਰ ਬਣ ਸਕਦਾ ਹੈ। ਇਨ੍ਹਾਂ ਹਾਦਸਿਆਂ ਦੇ ਭਿਆਨਕ ਸਿੱਟਿਆਂ ਤੋਂ ਬਾਅਦ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਨਾਬਾਲਗਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ’ਚ ਬਿਲਕੁਲ ਢਿੱਲ ਨਾ ਵਰਤੀ ਜਾਵੇ। ਨਿਯਮਿਤ ਤੌਰ ’ਤੇ ਜਾਗਰੂਕਤਾ ਮੁਹਿੰਮਾਂ ਚਲਾ ਕੇ ਨਾਬਾਲਗ ਡਰਾਈਵਿੰਗ ਦੇ ਖ਼ਤਰਿਆਂ ਨੂੰ ਹੋਰ ਵਧੀਆ ਢੰਗ ਦੱਸਿਆ ਜਾ ਸਕਦਾ ਹੈ। ਮਾਪਿਆਂ ਨੂੰ ਇਹ ਮੰਨਣਾ ਪਏਗਾ ਕਿ ਅੱਜ ਕਾਰ ਦੀ ਚਾਬੀ ਕੋਲ ਰੱਖ ਕੇ ਭਲਕੇ ਇੱਕ ਜਾਨ ਬਚਾਈ ਜਾ ਸਕਦੀ ਹੈ।

ਭਿਆਨਕ ਸੜਕ ਹਾਦਸੇ Read More »

ਅੱਜ ਸ਼ਾਮ ਤੋਂ ਬੰਦ ਹੋਵੇਗਾ ਚੋਣ ਪ੍ਰਚਾਰ

ਚੰਡੀਗੜ੍ਹ, 18 ਨਵੰਬਰ – ਮਹਾਰਾਸ਼ਟਰ ਤੇ ਝਾਰਖੰਡ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਆਮ ਚੋਣਾਂ ਸਮੇਤ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿਚ ਉਪ ਚੋਣਾਂ ਲਈ ਪਿਛਲੇ 3 ਹਫ਼ਤਿਆਂ ਤੋਂ ਧੂੰਆਂ ਧਾਰ ਪ੍ਰਚਾਰ ਚਲ ਰਿਹਾ ਹੈ ਜੋ ਚੋਣ ਜ਼ਾਬਤੇ ਤਹਿਤ ਅੱਜ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਨੀਅਰ ਆਈ.ਏ.ਐਸ. ਸਿਬਨ.ਸੀ. ਨੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਲੰਬੇ ਚੌੜੇ ਵੇਰਵੇ ਦਿੰਦਿਆਂ ਦਸਿਆ ਕਿ ਡੇਰਾ ਬਾਬਾ ਨਾਨਕ, ਚੱਬੇਵਾਲ ਰਿਜ਼ਰਵ, ਬਰਨਾਲਾ ਤੇ ਗਿੱਦੜਬਾਹਾ ਦੀਆਂ ਉਪ ਚੋਣਾਂ ਲਈ 831 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਹਨ ਜਿਨ੍ਹਾਂ ਵਿਚੋਂ 250 ਤੋਂ ਵੱਧ ਬੂਥ, ਸੰਵੇਦਨਸ਼ੀਲ ਨਾਜ਼ੁਕ ਅਤੇ ਵਿਸ਼ੇਸ ਸੁਰੱਖਿਆ ਤਹਿਤ ਲਿਆਂਦੇ ਗਏ ਹਨ। ਇਨ੍ਹਾਂ ਵਿਚੋਂ ਕਾਫ਼ੀ ਗਿਣਤੀ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਪੈਂਦੇ ਹਨ ਜਿਨ੍ਹਾਂ ਨੂੰ ਅਤਿ ਚੌਕਸੀ ਦੇ ਘੇਰੇ ਵਿਚ ਰਖਿਆ ਹੈ ਜਿਨ੍ਹਾਂ ਵਾਸਤੇ ਕੇਂਦਰੀ ਫ਼ੋਰਸ ਵੀ ਤੈਨਾਤ ਕੀਤੀ ਹੈ। ਸਿਬਨ.ਸੀ. ਨੇ ਇਹ ਵੀ ਦਸਿਆ ਕਿ ਇਨ੍ਹਾਂ 4 ਹਲਕਿਆਂ ਵਿਚ 4200 ਤੋਂ ਵੱਧ ਸਿਵਲ ਪੋਲਿੰਗ ਸਟਾਫ਼ ਲਗਾਇਆ ਹੈ ਜੋ ਮੰਗਲਵਾਰ ਸ਼ਾਮ 19 ਨਵੰਬਰ ਨੂੰ ਹੀ ਆਪੋ ਅਪਣੇ ਬੂਥਾਂ ’ਤੇ ਪਹੁੰਚ ਜਾਵੇਗਾ ਅਤੇ ਵੋਟਾਂ ਪਾਉਣ ਦੀ ਪ੍ਰਕਿਰਿਆ ਬੁਧਵਾਰ 20 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚਲੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦਸਿਆ ਕਿ 831 ਪੋਲਿੰਗ ਸਟੇਸ਼ਨਾਂ ’ਤੇ ਸੱਭ ਤਰ੍ਹਾਂ ਨਾਲ ਵੈੱਬ ਕਾਸਟਿੰਗ, ਵੀਡੀਉਗ੍ਰਾਫ਼ੀ, ਪ੍ਰਤੀ ਹਲਕਾ 3 ਫ਼ਲਾਇੰਗ ਸੁਕੈਡ, ਸਰਵੇਖਣ ਟੀਮਾਂ ਅਤੇ ਕੁਲ 10 ਆਬਜ਼ਰਵਰ ਤੈਨਾਤ ਕੀਤੇ ਹੋਏ ਹਨ। ਉਨ੍ਹਾਂ ਦਸਿਆ ਕਿ 4 ਡਿਪਟੀ ਕਮਿਸ਼ਨਰਾਂ, 5 ਐਸ.ਐਸ.ਪੀਜ਼, 20 ਤੋਂ ਵੱਧ ਤਹਿਸੀਲਦਾਰਾਂ ਤੇ ਡੀ.ਐਸ.ਪੀਜ਼, ਮੁੱਖ ਚੋਣ ਅਧਿਕਾਰੀ ਸਮੇਤ ਹੈਡ ਕੁਆਰਟਰ ਨਾਲ ਲਗਾਤਾਰ ਫ਼ੋਨ ’ਤੇ ਵੀਡੀਉ ਸੰਪਰਕ ਰਾਹੀਂ ਜੁੜੇ ਹੋਏ ਹਨ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਬਾਹਰਲੇ ਸੂਬਿਆਂ ਤੋਂ 10 ਸੀਨੀਅਰ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਪਿਛਲੇ 3 ਹਫਤਿਆਂ ਤੋਂ ਤੈਨਾਤ ਹਨ ਜਿਨ੍ਹਾਂ ਵਿਚ 4 ਜਨਰਲ ਆਬਜ਼ਰਵਰ, 4 ਖ਼ਰਚਾ ਆਬਜ਼ਰਵਰ ਅਤੇ 2 ਸੁਰੱਖਿਆ ਆਬਜ਼ਰਵਰ ਹਨ। ਇਨ੍ਹਾਂ ਦਾ ਸਿੱਧਾ ਸਬੰਧ ਭਾਰਤ ਦੇ ਚੋਣ ਕਮਿਸ਼ਨ ਨਾਲ ਹੈ। ਇਹ ਆਬਜ਼ਰਵਰ ਵੋਟਾਂ ਦੀ ਗਿਣਤੀ ਯਾਨੀ ਨਤੀਜੇ ਆਉਣ ਤਕ ਇਨ੍ਹਾਂ ਚੋਣ ਹਲਕਿਆਂ ਵਿਚ ਰਹਿਣਗੇ। ਇਨ੍ਹਾਂ ਵਿਚ 2011, 2012 ਅਤੇ 2015 ਬੈਂਚ ਦੇ ਬੰਗਾਲ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਤੇ ਹੋਰ ਸੂਬਿਆਂ ਤੋਂ ਅਧਿਕਾਰੀ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਕੁਲ 1,93,268 ਵੋਟਰਾਂ ਲਈ 241 ਪੋਲਿੰਗ ਸਟੇਸ਼ਨ, ਚੱਬੇਵਾਲ ਰਿਜ਼ਰਵ ਦੇ 1,59,254 ਵੋਟਰਾਂ ਵਾਸਤੇ 205, ਗਿੱਦੜਬਾਹਾ ਵਿਚ 1,66,489 ਵੋਟਰਾਂ ਲਈ 173 ਅਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਕੁਲ 1,77,305 ਵੋਟਰਾਂ ਲਈ 212 ਪੋਲਿੰਗ ਸਟੇਸ਼ਨ ਬਣਾਏ ਹਨ।

ਅੱਜ ਸ਼ਾਮ ਤੋਂ ਬੰਦ ਹੋਵੇਗਾ ਚੋਣ ਪ੍ਰਚਾਰ Read More »

ਧੁੰਦ ਕਾਰਨ ਵਧੀਆਂ ਯਾਤਰੀਆਂ ਦੀਆਂ ਮੁਸ਼ਕਿਲਾਂ, ਇੰਡੀਗੋ ਨੇ ਜਾਰੀ ਕੀਤੀ ਐਡਵਾਈਜ਼ਰੀ

ਨਵੀਂ ਦਿੱਲੀ, 18 ਨਵੰਬਰ – ਧੁੰਦ ਅਤੇ ਧੂੰਏਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਧੁੰਦ ਹੈ। ਧੁੰਦ ਦੇ ਨਾਲ-ਨਾਲ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੁੱਗਣਾ ਕਰ ਦਿੱਤਾ ਹੈ। ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਪੈ ਸਕਦੀ ਹੈ। ਇਸ ਦੇ ਮੱਦੇਨਜ਼ਰ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਕਾਰਨ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਇੰਡੀਗੋ ਏਅਰਲਾਈਨਜ਼ ਵੱਲੋਂ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਰਾਜਧਾਨੀ ਦਿੱਲੀ ਧੁੰਦ ਦੀ ਚਾਦਰ ਵਿੱਚ ਲਿਪਟੀ ਹੋਈ ਹੈ। ਧੁੰਦ ਕਾਰਨ ਰੇਲ ਅਤੇ ਹਵਾਈ ਯਾਤਰੀਆਂ ‘ਤੇ ਅਸਰ ਪੈ ਰਿਹਾ ਹੈ। ਦਿੱਲੀ ਤੋਂ ਚੱਲਣ ਵਾਲੀਆਂ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਆਈਜੀਆਈ ਏਅਰਪੋਰਟ ਤੋਂ ਉਡਾਣ ਭਰਨ ਵਾਲੀਆਂ ਕਈ ਉਡਾਣਾਂ ਵੀ ਲੇਟ ਹੋ ਰਹੀਆਂ ਹਨ। ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਏਅਰਲਾਈਨ ਕੰਪਨੀ ਇੰਡੀਗੋ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਮੌਸਮ ਦੇ ਹਿਸਾਬ ਨਾਲ ਉਡਾਣਾਂ ‘ਚ ਦੇਰੀ ਹੋ ਸਕਦੀ ਹੈ। ਇੰਡੀਗੋ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ ਇੰਡੀਗੋ ਏਅਰਲਾਈਨਜ਼ ਨੇ ਆਪਣੇ ਐਕਸ ਹੈਂਡਲ ‘ਤੇ ਯਾਤਰਾ ਸਲਾਹ ਜਾਰੀ ਕੀਤੀ ਹੈ। ਪੋਸਟ ਵਿੱਚ ਲਿਖਿਆ ਹੈ – ਧੁੰਦ ਦਿੱਲੀ ਵਿੱਚ ਵਿਜ਼ੀਬਿਲਟੀ ਨੂੰ ਪ੍ਰਭਾਵਤ ਕਰ ਰਹੀ ਹੈ, ਜਿਸ ਕਾਰਨ ਆਵਾਜਾਈ ਹੌਲੀ ਹੋ ਸਕਦੀ ਹੈ ਅਤੇ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ। ਅਸੀਂ ਤੁਹਾਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵਾਧੂ ਸਮਾਂ ਕੱਢਣ ਅਤੇ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੰਦੇ ਹਾਂ। ਸੁਰੱਖਿਅਤ ਯਾਤਰਾ ਕਰੋ!

ਧੁੰਦ ਕਾਰਨ ਵਧੀਆਂ ਯਾਤਰੀਆਂ ਦੀਆਂ ਮੁਸ਼ਕਿਲਾਂ, ਇੰਡੀਗੋ ਨੇ ਜਾਰੀ ਕੀਤੀ ਐਡਵਾਈਜ਼ਰੀ Read More »

ਕੰਗਨਾ ਰਨੌਤ ਥੱਪੜ ਮਾਮਲੇ ਦੀ ਜਾਂਚ ਹੋਈ ਪੂਰੀ

ਚੰਡੀਗੜ੍ਹ, 18 ਨਵੰਬਰ – ਕੰਗਨਾ ਰਨੌਤ ਦੇ ਥੱਪੜ ਮਾਮਲੇ ’ਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ ਜਿਸ ਵਲੋਂ MP ਕੰਗਨਾ ਰਣੌਤ ਨੂੰ ਥੱਪੜ ਜੜਿਆ ਗਿਆ ਸੀ। ਉਸ ਦੇ ਭਰਾ ਸ਼ੇਰ ਸਿੰਘ ਮਹੀਂਵਾਲ ਨੇ ਇੱਕ ਵੀਡੀਓ ਜਾਰੀ ਕਰ ਕੇ ਵੱਡਾ ਬਿਆਨ ਦਿੱਤਾ ਹੈ। ਕਿਹਾ ਕਿ ਕੇਸ ਸਬੰਧੀ ਜਾਂਚ ਪੜਤਾਲ ਪੂਰੀ ਹੋ ਚੁੱਕੀ ਹੈ। ਹੁਣ ਫੈਸਲੇ ਦੀ ਉਡੀਕ ਹੈ। ਇਸ ਤੋਂ ਬਾਅਦ ਕਿਹਾ ਇੱਕ ਤਰਫਾ ਫੈਸਲਾ ਨਾ ਕੀਤਾ ਜਾਵੇ ਸਜ਼ਾ ਦੋਹਾਂ ਹਿੱਸੇ ਪਾਈ ਜਾਵੇ। ਬੀਤੇ ਕੁਝ ਮਹੀਨਿਆ ਪਹਿਲਾਂ ਕੰਗਨਾ ਰਨੌਤ ਨਾਲ ਕਥਿਤ ਤੌਰ ਉੱਤੇ ਚੰਡੀਗੜ੍ਹ ਏਅਰਪੋਰਟ ’ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਚੰਡੀਗੜ੍ਹ ਹਵਾਈ ਅੱਡੇ ਉੱਤੇ ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫ਼ੋਰਸ (ਸੀਆਈਐੱਸਐੱਫ਼) ਦੀ ਇੱਕ ਕਾਂਸਟੇਬਲ ਰੈਂਕ ਦੀ ਅਧਿਕਾਰੀ ਉੱਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਇਲਜ਼ਾਮ ਲੱਗਿਆ ਸੀ। ਮੀਡੀਆ ਰਿਪੋਰਟ ਅਨੁਸਾਰ ਜਿੱਥੇ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ, ਉਥੇ ਉਸ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕ ਕੁਲਵਿੰਦਰ ਕੌਰ ਦੇ ਪੱਖ ਵਿੱਚ ਖੜੇ ਹੋ ਗਏ ਹਨ। ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਬੀਤੇ ਦੋ ਸਾਲ ਤੋਂ ਚੰਡੀਗੜ੍ਹ ਹਵਾਈ ਅੱਡੇ ਉੱਤੇ ਤਾਇਨਾਤ ਹੈ ਤੇ ਉਹ 15-16 ਸਾਲ ਤੋਂ ਸੀਆਈਐੱਸਐੱਫ ਵਿੱਚ ਹੈ। ਸ਼ੇਰ ਸਿੰਘ ਮੁਤਾਬਕ ਕੁਲਵਿੰਦਰ ਦੇ ਪਤੀ ਵੀ ਸੀਆਈਐੱਸਐੱਫ ਵਿੱਚ ਤਾਇਨਾਤ ਹਨ। ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਮਹੀਂਵਾਲ ਨੇ ਦਾਅਵਾ ਕੀਤਾ ਕਿ ਸਕਿਓਰਿਟੀ ਚੈੱਕ ਸਮੇਂ ਕੁਲਵਿੰਦਰ ਤੇ ਕੰਗਨਾ ਰਣੌਤ ਦਰਮਿਆਨ ਬਹਿਸ ਹੋਈ ਸੀ। ਸਾਨੂੰ ਵੀ ਮੀਡੀਆ ਜ਼ਰੀਏ ਹੀ ਜਾਣਕਾਰੀ ਮਿਲੀ ਹੈ।” “ਜਾਂਚ ਵਿੱਚ ਜੋ ਵੀ ਆਵੇਗਾ ਉਹ ਸਾਨੂੰ ਮਨਜ਼ੂਰ ਹੈ। ਦੱਸਣਯੋਗ ਹੈ ਕਿ ਕੁਲਵਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਮੰਡੀ ਲੋਕ ਸਭਾ ਖੇਤਰ ਤੋਂ ਭਾਜਪਾ ਦੀ ਟਿਕਟ ਉੱਤੇ ਜਿੱਤ ਹਾਸਿਲ ਕਰਨ ਵਾਲੀ ਕੰਗਨਾ ਰਣੌਤ ਨੂੰ ਚੈਕਿੰਗ ਦੇ ਦੌਰਾਨ ਚੰਡੀਗੜ੍ਹ ਹਵਾਈ ਅੱਡੇ ਉੱਤੇ ਨਾ ਸਿਰਫ ਹੱਥ ਚੁੱਕਿਆ ਸੀ, ਸਗੋਂ ਇਸ ਪੂਰੇ ਹਾਦਸੇ ਤੋਂ ਬਾਅਦ ਉਸ ਨੇ ਇਹ ਕਿਹਾ ਵੀ ਸੀ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੇ ਦੌਰਾਨ ਇਹ ਬਿਆਨ ਦਿੱਤਾ ਸੀ ਕਿ 100 – 100 ਰੁਪਏ ਦੇ ਵਿੱਚ ਮਹਿਲਾਵਾਂ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ ਹਨ, ਉਸ ਸਮੇਂ ਮੇਰੀ ਮਾਂ ਉਸ ਧਰਨੇ ਵਿੱਚ ਸ਼ਾਮਿਲ ਸੀ।

ਕੰਗਨਾ ਰਨੌਤ ਥੱਪੜ ਮਾਮਲੇ ਦੀ ਜਾਂਚ ਹੋਈ ਪੂਰੀ Read More »

ਸੰਪਾਦਕੀ /ਵਿਗੜਦਾ ਵਾਤਾਵਰਨ ਅਤੇ ਅਮਰੀਕਾ/ਗੁਰਮੀਤ ਸਿੰਘ ਪਲਾਹੀ

ਚੀਨ ਤੋਂ ਬਾਅਦ ਅਮਰੀਕਾ ਇਹੋ ਜਿਹਾ ਦੇਸ਼ ਹੈ, ਜੋ ਸਭ ਤੋਂ ਜ਼ਿਆਦਾ ਕਾਰਬਨ ਦੀ ਨਿਕਾਸੀ ਕਰਦਾ ਹੈ, ਜੋ ਸਿਹਤਮੰਦ ਵਿਅਕਤੀਆਂ ਲਈ ਜ਼ੋਖ਼ਮ ਪੈਦਾ ਕਰਦੀ ਹੈ ਤੇ ਪਹਿਲਾਂ ਤੋਂ ਹੀ ਪੀੜਤ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਚੀਨ 27.3 ਫ਼ੀਸਦੀ, ਅਮਰੀਕਾ 16.4 ਫ਼ੀਸਦੀ ਕਾਰਬਨ ਦੀ ਨਿਕਾਸੀ ਕਰਨ ਵਾਲਾ ਦੇਸ਼ ਹੈ, ਜਦਕਿ ਭਾਰਤ ‘ਚ 6.6 ਫ਼ੀਸਦੀ ਕਾਰਬਨ ਦੀ ਨਿਕਾਸੀ ਹੁੰਦੀ ਹੈ। ਅਮਰੀਕਾ, ਬਰਤਾਨੀਆਂ, ਜਰਮਨੀ ਕੈਨੇਡਾ ਦੇ ਲੋਕ ਭਾਰਤੀਆਂ ਦੇ ਮੁਕਾਬਲੇ 5 ਤੋਂ 12 ਗੁਣਾ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ। ਵਾਤਾਵਰਨ ਪ੍ਰਦੂਸ਼ਣ ਦਾ ਸਾਹਮਣਾ ਹਰ ਦੇਸ਼ ਕਰ ਰਿਹਾ ਹੈ। ਇਸ ਦਾ ਮੁੱਖ ਕਾਰਨ ਵਿਸ਼ਵ ਦੇ ਉਹ ਵਿਕਸਤ ਦੇਸ਼ ਹਨ, ਜਿਹੜੇ ਆਪਣੇ ਹਿੱਤਾਂ ਦੀ ਪੂਰਤੀ ਲਈ ਜੰਗੀ ਉਪਕਰਨ ਬਣਾਉਂਦੇ, ਵਰਤਦੇ ਹਨ, ਆਧੁਨਿਕ ਚੀਜਾਂ ਦੀ ਪੈਦਾਵਾਰ ਵਧਾਉਂਦੇ ਹਨ, ਜੋ ਕਾਰਬਨ ਦੀ ਨਿਕਾਸੀ ਦਾ ਮੁੱਖ ਸਾਧਨ ਹਨ। ਇਹ ਕਾਰਬਨ ਨਿਕਾਸੀ ਕਾਰਨ ਪੈਦਾ ਹੋਏ ਪ੍ਰਦੂਸ਼ਨ ਨੂੰ ਰੋਕਣ ਦੇ ਢੰਗ-ਤਰੀਕਿਆਂ ਲਈ ਵਿਸ਼ਵ ਸਮਝੌਤਿਆਂ ਅਧੀਨ ਉਭਰਦੇ ਮੁਲਕਾਂ ਨੂੰ ਆਰਥਿਕ ਸਹਾਇਤਾ ਦੀ ਗੱਲ ਕੀਤੀ ਜਾਂਦੀ ਹੈ, ਪਰ ਵੱਡਾ ਪੂੰਜੀਪਤੀ ਦੇਸ਼ ਅਮਰੀਕਾ ਅਤੇ ਉਸਦਾ ਮੌਜੂਦਾ ਚੁਣਿਆ ਰਾਸ਼ਟਰਪਤੀ ਟਰੰਪ ਇਹਨਾ ਸਮਝੌਤਿਆਂ ਨੂੰ ਤੋੜਨ ਲਈ ਅੱਗੇ ਰਹਿੰਦਾ ਹੈ ਅਤੇ ਲੋਕਾਂ ਨੂੰ ਆਪਣੇ ਰਹਿਮੋ-ਕਰਨ ‘ਤੇ ਛੱਡਣ ਦਾ ਮੁਦੱਈ ਹੈ। ਟਰੰਪ ਦੇ ਇਹ ਬੋਲ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਕਿ ਅਮਰੀਕਾ ਦੇ ਆਰਥਿਕ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਮਝੌਤੇ ਅਮਰੀਕਾ ਰੱਦ ਕਰ ਦੇਵੇਗਾ। ‘ਅਮਰੀਕਾ ਫਸਟ’ (ਪਹਿਲੇ ਦਰਜੇ ‘ਤੇ) ਅਤੇ ‘ਮੇਕ ਅਮਰੀਕਾ ਗ੍ਰੇਟ ਅਗੇਨ’ (ਅਮਰੀਕਾ ਫਿਰ ਵੱਡਾ ਬਣਾਓ) ਵਰਗੇ ਸ਼ਬਦ ਟਰੰਪ ਦੀ ਭੈੜੀ ਸੋਚ ਦੇ ਲਿਖਾਇਕ ਹਨ, ਜੋ ਸਮੁੱਚੀ ਦੁਨੀਆਂ ਦੀ ਬਰਬਾਦੀ ਦੇ ਕਾਰਕ ਹਨ। ਯਾਦ ਰਹੇ ਇਟਲੀ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਸਮੂਹ ਜੀ-7 ਦੀ ਸ਼ਿਖਰ ਬੈਠਕ ਵਿੱਚ ਵੀ ਪੈਰਿਸ ਸੰਧੀ ਦੇ ਪ੍ਰਤੀ ਵਚਨਬੱਧਤਾ ਦੁਹਰਾਉਣ ਦੇ ਸੰਕਲਪ ‘ਤੇ ਟਰੰਪ ਨੇ ਦਸਤਖ਼ਤ ਕਰਨ ਤੋਂ ਪਿਛਲੀ ਵਾਰ ਨਾਂਹ ਕਰ ਦਿੱਤੀ ਸੀ। ਅਤੇ ਉਸਦੀ ਹੁਣ ਵੀ ਇਹੋ ਨੀਤੀ ਰਹੇਗੀ। -ਗੁਰਮੀਤ ਸਿੰਘ ਪਲਾਹੀ -9815802070

ਸੰਪਾਦਕੀ /ਵਿਗੜਦਾ ਵਾਤਾਵਰਨ ਅਤੇ ਅਮਰੀਕਾ/ਗੁਰਮੀਤ ਸਿੰਘ ਪਲਾਹੀ Read More »

ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਤੇ ਖਾਲਿਦ ਹੁਸੈਨ ਲਾਹੌਰ ਪੁੱਜੇ

ਲੁਧਿਆਣਾ, 18 ਨਵੰਬਰ – ਲਾਹੌਰ ਪਹੁੰਚਦਿਆਂ ਸਭ ਤੋਂ ਪਹਿਲਾਂ ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਚੇਅਰਮੈਨ ਜਨਾਬ ਫਖਰ ਜ਼ਮਾਨ ਸਾਹਿਬ ਦੇਘਰ 128 ਮਾਡਲ ਟਾਊਨ ਲਾਹੌਰ ਵਿਖੇ ਜਾ ਕੇ ਉਨਾਂ ਦੀ ਸਿਹਤ ਦਾ ਹਾਲ ਪੁੱਛਿਆ.. ਉਹ ਚੜ੍ਹਦੀ ਕਲਾ ਵਿੱਚ ਹਨ ਅਤੇ ਸਾਨੂੰ 18-22 ਜਨਵਰੀ 2025 ਨੂੰ ਹੋਣ ਵਾਲੀ ਕਾਨਫਰੰਸ ਲਈ ਬੇਸਬਰੀ ਨਾਲ ਉਡੀਕ ਰਹੇ ਹਨ।

ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਤੇ ਖਾਲਿਦ ਹੁਸੈਨ ਲਾਹੌਰ ਪੁੱਜੇ Read More »

ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਪੰਜਾਬੀ ਲੋਕ ਫਨਕਾਰਾਂ ਦੀ ਕਦਰ ਜ਼ਰੂਰੀ – ਕੰਵਰ ਗਰੇਵਾਲ

ਲੁਧਿਆਣਾ, 18 ਨਵੰਬਰ – ਵੱਖਰੇ ਲੋਕ ਅੰਦਾਜ਼ ਦੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਬੀਤੀ ਸ਼ਾਮ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਲੋਕ ਫਨਕਾਰਾਂ ਦੀ ਕਦਰਦਾਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਖ਼ੁਸ਼ਬੂ ਸ਼ਰੀਫ਼ ਈਦੂ ਦੇ ਸੰਗੀਤ ਵਿੱਚ ਸੀ ਜਾਂ ਦੇਸ ਰਾਜ ਲਚਕਾਨੀ ਦੀ ਢਾਡੀ ਕਲਾ ਵਿੱਚ ਹੈ, ਉਹ ਕਿਸੇ ਹੋਰ ਕੋਲ ਨਹੀਂ। ਇਸ ਕਿਸਮ ਦੇ ਅਨੇਕਾਂ ਹੋਰ ਕਲਾਕਾਰ ਗੁੰਮਨਾਮੀ ਦੇ ਆਲਮ ਵਿੱਚ ਜੀਅ ਰਹੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ਕਰਕੱ ਇਨ੍ਹਾਂ ਦੇ ਸੰਗੀਤ ਦੀ ਸੰਭਾਲ ਅਤੇ ਪਰਿਵਾਰਕ ਫਿਕਰਾਂ ਤੋਂ ਮੁਕਤੀ ਦਾ ਪ੍ਰਬੰਧ ਵੀ ਸੰਸਥਾਵਾਂ ਤੇ ਸਭਿਆਚਾਰਕ ਪ੍ਰਬੰਧ ਵੇਖਦੀਆਂ ਧਿਰਾਂ ਨੂੰ ਕਰਨਾ ਚਾਹੀਦਾ ਹੈ। ਕੰਵਰ ਗਰੇਵਾਲ ਨੇ ਕਿਹਾ ਕਿ ਸੰਗੀਤ ਕਲਾ ਤੇ ਸਾਹਿੱਤ ਦਾ ਅਟੁੱਟ ਰਿਸ਼ਤਾ ਹੈ ਜਿਸਨੂੰ ਨਿਭਾ ਕੇ ਹੀ ਭਵਿੱਖ ਦੀ ਸੁੰਦਰ ਰੂਪ ਰੇਖਾ ਉਲੀਕੀ ਜਾ ਸਕਦੀ ਹੈ। ਉਨ੍ਹਾਂ ਇਸ ਮੌਕੇ ਸਮਾਜ ਵਿੱਚ ਧੀਆਂ ਦੀ ਅਹਿਮੀਅਤ ਬਾਰੇ ਕੁਝ ਬੋਲ “ਧੀਏ ਨੀ ਗੁਲਕੰਦ ਵਰਗੀਏ, ਰੇਸ਼ਮ ਸੁੱਚੀ ਤੰਦ ਵਰਗੀਏ, ਰਾਤ ਹਨ੍ਹੇਰੀ ਵਿੱਚ ਤੂੰ ਚਮਕੇਂ, ਪੂਰਨਮਾਸ਼ੀ ਚੰਦ ਵਰਗੀਏ” ਗਾ ਕੇ ਸੁਣਾਏ। ਪੰਜਾਬੀ ਲੋਕ ਵਿਕਾਸਤ ਅਕਾਡਮੀ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੇ ਕੰਵਰ ਗਰੇਵਾਲ ਨੂੰ ਗੁਰਮੁਖੀ ਪੈਂਤੀ ਅੱਖਰੀ ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਾਝੇ ਦੀ ਗਾਇਕੀ ਦਾ ਰਸ ਜਾਨਣ ਲਈ ਅਮਰਜੀਤ ਗੁਰਦਾਸਪੁਰੀ, ਅਮਰੀਕ ਸਿੰਘ ਗਾਜ਼ੀਨੰਗਲ, ਜਸਬੀਰ ਖ਼ੁਸ਼ਦਿਲ ਦੇ ਗਾਏ ਗੀਤ, ਸੋਹਣ ਸਿੰਘ ਸੀਤਲ ਦੀਆਂ ਢਾਡੀ ਵਾਰਾਂ , ਜੋਗਾ ਸਿੰਘ ਜੋਗੀ, ਬਲਦੇਵ ਸਿੰਘ ਬੈਂਕਾ, ਸੁਲੱਖਣ ਸਿੰਘ ਰਿਆੜ ਤੇ ਗੁਰਮੁਖ ਸਿੰਘ ਐੱਮ ਅ ਦੀਆਂ ਕਵੀਸ਼ਰੀਆਂ ਸੁਣਨ ਤੇ ਸੰਭਾਲਣ ਦੀ ਲੋੜ ਹੈ। ਮਾਲਵੇ ਵਿੱਚ ਬਾਬੂ ਰਜਬ ਅਲੀ, ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਪੰਡਤ ਬੀਰਬਲ ਘੱਲਾਂ ਵਾਲੇ, ਰਾਮ ਜੀ ਦਾਸ ਰੋਡਿਆਂ ਵਾਲੇ ਕਵੀਸ਼ਰਾਂ ਦੀ ਦਸਤਾਵੇਜੀ ਪਛਾਣ ਨਿਸ਼ਚਤ ਕਰਨ ਦੀ ਲੋੜ ਹੈ। ਆਪਣੀ ਗਫ਼ਤ ਕਾਰਨ ਅਸੀਂ ਕਈ ਲੋਕ ਸੰਗੀਤ ਵੰਨਗੀਆਂ ਗੁਆ ਲਈਆਂ ਹਨ ਜਿੰਨ੍ਹਾਂ ਵਿੱਚੋਂ ਸੱਦ, ਟੱਪਾ, ਕਲੀਆਂ ਦਾ ਟਕਸਾਲੀ ਸਰੂਪ, ਜਿੰਦੂਆ ਤੇ ਕਈ ਕੁਝ ਹੋਰ ਵਿਸਾਰ ਬੈਠੇ ਹਾਂ। ਉਨ੍ਹਾਂ ਆਸ ਪ੍ਰਗਟਾਈ ਕਿ ਜਿਵੇਂ ਵੀਹ ਕੁ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੋਕ ਨਾਚਾਂ ਲਈ ਪਰਮਜੀਤ ਸਿੰਘ ਸਿੱਧੂ( ਪੰਮੀ ਬਾਈ) ਤੇ ਲੋਕ ਸੰਗੀਤ ਵਿੱਚ ਡਾ. ਗੁਰਨਾਮ ਸਿੰਘ ਦੀ ਅਗਵਾਈ ਵਿੱਚ ਲੋਕ ਫਨਕਾਰ ਯੂਨੀਵਰਸਿਟੀ ਬੁਲਾ ਕੇ ਰੀਕਾਰਡ ਕੀਤੇ ਸਨ, ਉਸ ਵਿਧੀ ਵਿਧਾਨ ਨੂੰ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਵੀ ਹੱਥ ਵਿੱਚ ਲੈਣ।

ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਪੰਜਾਬੀ ਲੋਕ ਫਨਕਾਰਾਂ ਦੀ ਕਦਰ ਜ਼ਰੂਰੀ – ਕੰਵਰ ਗਰੇਵਾਲ Read More »

ਲਾਹੌਰ ਵਿਖੇ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ ਤਿੰਨ ਦਿਨਾਂ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ

ਕੀ ਚੜ੍ਹਦਾ ਕੀ ਲਹਿੰਦਾ ਬੰਦਾ ਤਾਂ ਆਪਣਿਆ ’ਚ ਬਹਿੰਦਾ -ਨਾਮੀ ਫਿਲਮੀ ਕਲਾਕਾਰ, ਵਿਦਵਾਨ, ਲੇਖਕ, ਸੋਸ਼ਲ ਮੀਡੀਆ ਅਤੇ ਪੱਤਰਕਾਰ ਪਹੁੰਚੇ -ਹਰਜਿੰਦਰ ਸਿੰਘ ਬਸਿਆਲਾ ਦੀ ਲਾਹੌਰ ਤੋਂ ਵਿਸ਼ੇਸ਼ ਰਿਪੋਰਟ- ਲਾਹੌਰ, 18 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਵਿਰਸੇ ਦੀ ਚਾਬੀ, ਸਾਡੀ ਮਾਂ ਬੋਲੀ ਪੰਜਾਬੀ’ ਦਾ ਸੁਨੇਹਾ ਵੰਡਣ, ਪੰਜਾਬੀ ਮਾਂ ਬੋਲੀ ਦੀ ਚਿਰ ਸਥਾਈ ਸਥਾਪਤੀ, ਇਸਦੀ ਹਰਮਨ ਪਿਆਰਤਾ ਨੂੰ ਬਰਕਰਾਰ ਰੱਖਣ, ਭਵਿੱਖ ਦੀਆਂ ਸੰਭਾਵਨਾਵਾਂ, ਸ਼ੋਸ਼ਲ ਮੀਡੀਆ ਦਾ ਸਹਿਯੋਗ ਅਤੇ ਹੋਰ ਸਬੰਧਿਤ ਵਿਸ਼ਿਆ ਉਤੇ ਖੋਜ ਵਿਚਾਰ ਚਰਚਾ ਕਰਨ ਦੇ ਮਨੋਰਥ ਨਾਲ ਤਿੰਨ ਦਿਨਾਂ, ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕੱਲ੍ਹ ਕੇਦਾਫੀ ਸਟੇਡੀਅਮ ਲਾਹੌਰ ਵਿਖੇ ਸ਼ੁਰੂ ਹੋਣ ਜਾ ਰਹੀ ਹੈ। ‘ਪੰਜਾਬੀ ਪ੍ਰਚਾਰ’ ਸੰਸਥਾ ਵੱਲੋਂ ‘ਪੰਜਾਬੀ ਲਹਿਰ’ ਅਤੇ ‘ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ (ਪਿਲਾਕ)’ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ। ਇਸਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਮਾਣਯੋਗ ਮਰੀਅਮ ਸ਼ਰੀਫ ਨਵਾਜ਼ ਵੱਲੋਂ ਰੀਬਨ ਕੱਟ ਕੇ ਕੀਤਾ ਜਾਵੇਗਾ। ਮੁੱਖ ਪ੍ਰਬੰਧਕ ਸ੍ਰੀ ਅਹਿਮਦ ਰਜਾ (ਪੰਜਾਬੀ ਪ੍ਰਚਾਰ) ਆਏ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ। ਬੇਨਿਸ਼ ਫਾਤਿਮਾ ਸਾਹੀ ‘ਪੰਜਾਬ ਇੰਸਟੀਚਿਊਟ ਆਫ ਲੈਂਗੁਏਜ’, ਸ੍ਰੀ ਅਸ਼ੋਕ ਸਿੰਘ ਜਿੱਥੇ ਸ਼ੁਰੂਆਤੀ ਸੰਬੋਧਨ ਕਰਨਗੇ ਉਥੇ ਗਿੱਧਾ-ਭੰਗੜਾ ਵੀ ਰੌਣਕ ਲਾਵੇਗਾ।  ਮੁੱਖ ਮੰਤਰੀ ਦਾ ਮਾਨ ਸਨਮਾਨ ਵੀ ਹੋਵੇਗਾ। ਪੰਜਾਬੀਆਂ ਦੀ ਕੌਮੀ ਤੇ ਸਿਆਸੀ ਚੇਤਨਾ ਵਿਸ਼ੇ ਉਤੇ ਚਰਚਾ ਹੋਵੇਗੀ ਅਤੇ ਪੈਨਲ ਬੈਠੇਗਾ। ਨਵੀਂ ਟੈਕਨਾਲੋਜੀ ਦਾ ਪਸਾਰ ਤੇ ਪੰਜਾਬੀ ਚੇਤਨਾ, ਪੰਜਾਬੀ ਕਲਾਕਾਰਾਂ ਦਾ ਯੋਗਦਾਨ, ਹਾਸਰਸ ਕਲਾਕਾਰ ਸਲੀਮ ਅਲਬੇਲਾ ਤੇ ਗੋਗਾ ਪਾਸਰੋਰੀ ਹਸਾਉਣਗੇ, ਮਾਂ ਬੋਲੀ ਰਾਹੀਂ ਸਿੱਖਿਆ (ਪੈਨਲ ਵਿਚ ਹੋਣਗੇ ਸ. ਜਸਵੰਤ ਸਿੰਘ ਜਫ਼ਰ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ, ਭਾਰਤ,  ਸੁੱਖੀ ਬਾਠ ਪੰਜਾਬ ਭਵਨ ਕੈਨੇਡਾ), ਪੰਜਾਬੀ ਸੁਆਣੀ ਤੇ ਨਾਬਰੀ ਦੀ ਰੀਤ, ਪੰਜਾਬੀਆਂ ਦੀਆਂ ਕਾਮਯਾਬੀਆਂ, ਪਾਕਿਸਤਾਨੀ ਪੰਜਾਬੀ ਗਾਇਕ ਕਲਾਕਾਰਾ ਫਲਕ ਇਜਾਜ ਅਤੇ ਅਮਰੀਕਾ ਰਹਿੰਦੇ ਪੰਜਾਬੀ ਗਾਇਕ ਸੱਤੀ ਪਾਬਲਾ (ਭਰਾ ਭੁਪਿੰਦਰ ਬੱਬਲ) ਰੌਣਕਾਂ ਲਾਉਣਗੇ। ਪਹਿਲੇ ਦਿਨ ਦੇ ਆਖਰੀ ਮੌਕੇ ਸਾਈਂ ਜ਼ਹੂਰ ਗੀਤਾਂ ਰਾਹੀਂ ਸਭਿਆਚਾਰ ਦਾ ਸੁਨੇਹਾ ਦੇ ਕੇ ਅਗਲੇ ਦਿਨ ਲਈ ਸੱਦਾ ਦੇਣਗੇ। ਮਹਿਮਾਨ ਪਹੁੰਚੇ: ਇਸ ਕਾਨਫਰੰਸ ਦੇ ਵਿਚ ਭਾਗ ਲੈਣ ਲਈ ਅਮਰੀਕਾ ਤੋਂ ਪ੍ਰਸਿੱਧ ਲੇਖਕ, ਗੀਤਕਾਰ ਤੇ ਪੱਤਰਕਾਰ ਸ੍ਰੀ ਅਸ਼ੋਕ ਭੌਰਾ, ਗਾਇਕ ਸੱਤੀ ਪਾਬਲਾ, ਨਿਊਜ਼ੀਲੈਂਡ ਤੋਂ ਪੱਤਰਕਾਰ ਤੇ ਲੇਖਕ ਸ. ਹਰਜਿੰਦਰ ਸਿੰਘ ਬਸਿਆਲਾ, ਫਿਲਮੀ ਕਲਾਕਾਰ ਗੁਰਪ੍ਰੀਤ ਕੌਰ ਭੰਗੂ, ਉਨ੍ਹਾਂ ਦੇ ਪਤੀ ਸ. ਸਵਰਨ ਸਿੰਘ ਭੰਗੂ, ਸ. ਮਲਕੀਅਤ ਸਿੰਘ ਰੌਣੀ, ਪੱਤਰਕਾਰ ਗੁਰਪ੍ਰੀਤ ਲਹਿਰੀ, ਪੱਤਰਕਾਰ ਸੁਖਨੈਬ ਸਿੱਧੂ, ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜਫਰ, ਸਮਾਜ ਸੇਵੀ ਸ. ਹਰਦੇਵ ਸਿੰਘ ਕਾਹਮਾ, ਸਤਵੀਰ ਸਿੰਘ ਪੱਲੀ ਝਿੱਕੀ, ਐਸ. ਐਨ. ਕਾਲਜ ਬੰਗਾ ਦੇ ਪਿ੍ਰੰਸੀਪਲ ਸ. ਤਰਸੇਮ ਸਿਘ ਅਤੇ ਹੋਰ ਬਹੁਤ ਸਾਰੇ ਮਹਿਮਾਨ ਪੁੱਜੇ ਹੋਏ ਹਨ। ਦੂਜੇ ਦਿਨ ਦਾ ਉਦਘਾਟਨ ਪੰਜਾਬ ਦੇ ਗਵਰਨਰ ਸਾਹਿਬ ਕਰਨਗੇ। ਪੰਜਾਬੀ ਲਹਿਰ ਵਾਲੇ ਸ੍ਰੀ ਨਾਸਿਰ ਢਿੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ। ਬਾਬਾ ਨਾਨਕ, ਬਾਬਾ ਫਰੀਦ, ਬੁੱਲ੍ਹੇ ਸ਼ਾਹ ਤੇ ਅਜੋਕੇ ਸਮਾਜ ਉਤੇ ਵਿਚਾਰ, ਪੰਜਾਬੀ ਸਿਨਮੇ ਦੀ ਗੱਲ, ਪੰਜਾਬੀ ਸਿਆਸਤ ਦਾਨ ਤੇ ਪੰਜਾਬ, ਸੁਰ ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕ ਅਤੇ ਹੋਰ ਗਹਿਰੇ ਮੁੱਦਿਆਂ ਉਤੇ ਗੱਲ ਹੋਵੇਗੀ। ਕਾਨਫਰੰਸ ਦੇ ਤੀਜੇ ਦਿਨ ਰਾਣਾ ਮਸ਼ਹੂਦ ਅਹਿਮਦ ਖਾਨ ਰੀਬਨ ਕੱਟਣਗੇ, ਸ.ਜਸਵੰਤ ਸਿੰਘ ਜਫ਼ਰ ਸੰਬੋਧਨ ਕਰਨਗੇ, ਸੰਗੀਤਕ ਸਰਗਰਮੀ ਹੋਵੇਗੀ, ਪੰਜਾਬ ਪੱਤਰਕਾਰੀ ਕੱਲ੍ਹ ਅੱਜ ਤੇ ਭਲਕ ਉਤੇ ਵਿਚਾਰ ਹੋਵੇਗੀ। ਪੰਜਾਬੀ ਕਿਸਾਨਾਂ ਨਾਲ ਸਰਕਾਰਾਂ ਦਾ ਵਰਤਾਰਾ, ਬਸਤੀਬਾਦ ਦਾ ਪੰਜਾਬ ਉਤੇ ਪ੍ਰਭਾਵ, ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ, ਸਾਂਈ ਜ਼ਹੂਰ ਵੱਲੋਂ ਸੰਗੀਤਕ ਸ਼ਾਮਾਂ ਹੋਣਗੀਆਂ। ਇਸ ਤੋਂ ਇਲਾਵਾ ਕਿਤਾਬਾਂ ਵੀ ਰਿਲੀਜ ਹੋਣਗੀਆਂ ਜਿਸ ਦੇ ਵਿਚ ਮਨਜੀਤ ਕੌਰ ਗਿੱਲ ਹੋਰਾਂ ਦੀ ‘ਸੰਦੂਕ’ ਅਤੇ ਗੁਰਪ੍ਰੀਤ ਦੁੱਗਾ ਦੀ ਮੈਡੀਕਲ ਗਾਈਡ ਸ਼ਾਮਿਲ ਹੈ। ਵੱਖ-ਵੱਖ ਇਨਾਮਾਂ ਦੀ ਤਕਸੀਮ ਹੋਵੇਗੀ। ਜਿਵੇਂ ਇਸ ਪੱਤਰਕਾਰ (ਹਰਜਿੰਦਰ ਸਿੰਘ ਬਸਿਆਲਾ) ਨੇ ਆਪਣੇ ਇਕ ਸਲੋਗਨ ਵਿਚ ਲਿਖਿਆ ਹੈ ਕਿ  ‘ਪਾਣੀ ਵਿਚ ਛਲ ਦਾ ਸ਼ਬਾਬ ਵੱਖਰਾ ਅਤੇ ਪੰਜਾਬੀ ’ਚ ਗੱਲ ਦਾ ਸਵਾਦ ਵੱਖਰਾ’ ਸੱਚਮੁੱਚ ਇਸ ਕਾਨਫਰੰਸ ਦੇ ਵਿਚ ਵੇਖਣ ਨੂੰ ਮਿਲੇਗਾ। ਕੀ ਚੜ੍ਹਦਾ ਕੀ ਲਹਿੰਦਾ ਬੰਦਾ ਤਾਂ ਆਖਿਰ ਆਪਣਿਆਂ ਵਿਚ ਹੀ ਬਹਿੰਦਾ ਵਾਲੀ ਗੱਲ ਵੀ ਕੱਲ੍ਹ ਸਾਬਿਤ ਕੀਤੀ ਜਾਵੇਗੀ।

ਲਾਹੌਰ ਵਿਖੇ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ ਤਿੰਨ ਦਿਨਾਂ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ Read More »