ਭਿਆਨਕ ਸੜਕ ਹਾਦਸੇ

ਹਾਲ ਹੀ ’ਚ ਜੰਮੂ ਕਸ਼ਮੀਰ ਦੇ ਟੇਂਗਪੋਰਾ ਅਤੇ ਉੱਤਰਾਖੰਡ ਦੇ ਦੇਹਰਾਦੂਨ ’ਚ ਵਾਪਰੇ ਭਿਆਨਕ ਸੜਕ ਹਾਦਸਿਆਂ ਨੇ ਇਸ ਗੰਭੀਰ ਮੁੱਦੇ ਵੱਲ ਧਿਆਨ ਦਿਵਾਇਆ ਹੈ: ਨਾਬਾਲਗ ਡਰਾਈਵਿੰਗ ਲਗਾਤਾਰ ਜਵਾਨ ਜ਼ਿੰਦਗੀਆਂ ਨੂੰ ਨਿਗਲ ਰਹੀ ਹੈ। ਇਹ ਘਟਨਾਵਾਂ ਮਾਪਿਆਂ ਦੀ ਅਹਿਮ ਜ਼ਿੰਮੇਵਾਰੀ ਦਾ ਵੀ ਚੇਤਾ ਕਰਾਉਂਦੀਆਂ ਹਨ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਗੱਡੀ ਨਾ ਚਲਾਉਣ ਦੇਣ। ਭਾਰਤ ਦੇ ਸੜਕ ਹਾਦਸੇ ਦੁਨੀਆ ’ਚ ਸਭ ਤੋਂ ਵੱਧ ਜਾਨਲੇਵਾ ਹਨ। ਸੜਕਾਂ ’ਤੇ ਹੋਣ ਵਾਲੇ ਹਾਦਸੇ ਜੋ ਸਾਲ 2020 ਵਿੱਚ 3 ਲੱਖ 68 ਹਜ਼ਾਰ 828 ਸਨ, ਸੰਨ 2021 ਵਿੱਚ ਵਧ ਕੇ 4 ਲੱਖ 22ਹਜ਼ਾਰ 659 ਹੋ ਗਏ। ਹੈਰਾਨੀਜਨਕ ਹੈ ਕਿ 9.6 ਪ੍ਰਤੀਸ਼ਤ ਮ੍ਰਿਤਕਾਂ ਦੀ ਉਮਰ 18 ਸਾਲਾਂ ਤੋਂ ਘੱਟ ਸੀ ਜਿਨ੍ਹਾਂ ਵਿੱਚੋਂ ਬਹੁਤੇ ਨਾਬਾਲਗ ਡਰਾਈਵਰ ਸਨ। ਟੇਂਗਪੋਰਾ ਤ੍ਰਾਸਦੀ ’ਚ ਐੱਸਯੂਵੀ ਸਵਾਰ 17 ਸਾਲਾਂ ਦੇ ਦੋ ਲੜਕਿਆਂ ਦੀ ਉਦੋਂ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਗੱਡੀ ਟਰੱਕ ਵਿੱਚ ਵੱਜੀ; ਦੇਹਰਾਦੂਨ ਵਿੱਚ ਤੇਜ਼ ਰਫ਼ਤਾਰ ਕਾਰ ਨੇ ਛੇ ਜਾਨਾਂ ਲੈ ਲਈਆਂ। ਦੋਵੇਂ ਹਾਦਸੇ ਰੋਕੇ ਜਾ ਸਕਦੇ ਸਨ।

ਕਾਨੂੰਨ ਬਿਲਕੁਲ ਸਪੱਸ਼ਟ ਹੈ। ਮੋਟਰ ਵਹੀਕਲ ਐਕਟ ਤਹਿਤ 18 ਸਾਲਾਂ ਤੋਂ ਹੇਠਾਂ ਦਾ ਕੋਈ ਵੀ ਵਿਅਕਤੀ ਮੋਟਰ ਵਾਹਨ ਨਹੀਂ ਚਲਾ ਸਕਦਾ। ਫਿਰ ਵੀ, ਸਹੀ ਢੰਗ ਨਾਲ ਕਾਨੂੰਨ ਲਾਗੂ ਨਾ ਹੋਣ ਅਤੇ ਮਾਪਿਆਂ ਦੀ ਅਣਗਹਿਲੀ ਕਰ ਕੇ ਇਸ ਤਰ੍ਹਾਂ ਦਾ ਖ਼ਤਰਨਾਕ ਰੁਝਾਨ ਬਰਕਰਾਰ ਹੈ। ਮਾਪੇ ਅਕਸਰ ਬੱਚਿਆਂ ਦਾ ਮਨ ਰੱਖਣ ਲਈ ਗੰਭੀਰ ਸਿੱਟਿਆਂ ਬਾਰੇ ਸੋਚੇ ਬਿਨਾਂ ਉਨ੍ਹਾਂ ਨੂੰ ਗੱਡੀ ਚਲਾਉਣ ਲਈ ਚਾਬੀ ਦੇ ਦਿੰਦੇ ਹਨ। ਜਦੋਂ ਨਾਬਾਲਗ ਵਾਹਨ ਚਲਾਏਗਾ ਤਾਂ ਕਾਨੂੰਨ ਮੁਤਾਬਿਕ ਮੋਟਰ ਵਹੀਕਲ ਐਕਟ ਦੀ ਧਾਰਾ 199ਏ ਤਹਿਤ ਗਾਰਡੀਅਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਜਿਸ ਤਹਿਤ ਤਿੰਨ ਸਾਲਾਂ ਤੱਕ ਦੀ ਜੇਲ੍ਹ, 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਵਾਹਨ ਦੀ ਰਜਿਸਟਰੇਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ। ਸਮਾਜ ਵੱਲੋਂ ਸੜਕ ਸੁਰੱਖਿਆ ਦਾ ਸੱਭਿਆਚਾਰ ਵਿਕਸਿਤ ਕਰਨ ਵਿੱਚ ਨਾਕਾਮ ਹੋਣਾ ਵੀ ਬਰਾਬਰ ਚਿੰਤਾਜਨਕ ਹੈ। ਸਕੂਲ, ਸਮਾਜ ਅਤੇ ਕਾਨੂੰਨੀ ਏਜੰਸੀਆਂ ਨੂੰ ਇਸ ਸੰਕਟ ਦਾ ਹੱਲ ਕੱਢਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਲਾਪਰਵਾਹ ਡਰਾਈਵਿੰਗ ਦੇ ਖ਼ਤਰਿਆਂ ਬਾਰੇ ਸਿੱਖਿਅਤ ਕਰਨਾ ਜ਼ਰੂਰੀ ਹੈ। ਪਹਿਲਾਂ ਮਾਪਿਆਂ ਨੂੰ ਹੀ ਅੱਗੇ ਹੋਣਾ ਪਏਗਾ ਅਤੇ ਗੱਡੀ ਮੰਗਣ ਵਾਲੇ ਆਪਣੇ ਬੱਚਿਆਂ ਨੂੰ ‘ਨਾਂਹ’ ਕਰਨੀ ਪਏਗੀ। ਇਸ ਤਰ੍ਹਾਂ ਸਹੂਲਤ ਨਾਲੋਂ ਵੱਧ ਪਹਿਲ ਜ਼ਿੰਮੇਵਾਰੀ ਨੂੰ ਦੇਣੀ ਪਏਗੀ ਜੋ ਹਾਦਸਿਆਂ ਤੋਂ ਬਚਾਅ ਦਾ ਆਧਾਰ ਬਣ ਸਕਦਾ ਹੈ। ਇਨ੍ਹਾਂ ਹਾਦਸਿਆਂ ਦੇ ਭਿਆਨਕ ਸਿੱਟਿਆਂ ਤੋਂ ਬਾਅਦ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਨਾਬਾਲਗਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ’ਚ ਬਿਲਕੁਲ ਢਿੱਲ ਨਾ ਵਰਤੀ ਜਾਵੇ। ਨਿਯਮਿਤ ਤੌਰ ’ਤੇ ਜਾਗਰੂਕਤਾ ਮੁਹਿੰਮਾਂ ਚਲਾ ਕੇ ਨਾਬਾਲਗ ਡਰਾਈਵਿੰਗ ਦੇ ਖ਼ਤਰਿਆਂ ਨੂੰ ਹੋਰ ਵਧੀਆ ਢੰਗ ਦੱਸਿਆ ਜਾ ਸਕਦਾ ਹੈ। ਮਾਪਿਆਂ ਨੂੰ ਇਹ ਮੰਨਣਾ ਪਏਗਾ ਕਿ ਅੱਜ ਕਾਰ ਦੀ ਚਾਬੀ ਕੋਲ ਰੱਖ ਕੇ ਭਲਕੇ ਇੱਕ ਜਾਨ ਬਚਾਈ ਜਾ ਸਕਦੀ ਹੈ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਨੂੰ ਚੰਡੀਗੜ੍ਹ ’ਚ ਹਾਲੇ ਕੋਈ ਜ਼ਮੀਨ

ਚੰਡੀਗੜ੍ਹ, 18 ਨਵੰਬਰ – ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਵਿੱਚ ਆਪਣੀ...