ਅੱਜ ਸ਼ਾਮ ਤੋਂ ਬੰਦ ਹੋਵੇਗਾ ਚੋਣ ਪ੍ਰਚਾਰ

ਚੰਡੀਗੜ੍ਹ, 18 ਨਵੰਬਰ – ਮਹਾਰਾਸ਼ਟਰ ਤੇ ਝਾਰਖੰਡ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਆਮ ਚੋਣਾਂ ਸਮੇਤ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿਚ ਉਪ ਚੋਣਾਂ ਲਈ ਪਿਛਲੇ 3 ਹਫ਼ਤਿਆਂ ਤੋਂ ਧੂੰਆਂ ਧਾਰ ਪ੍ਰਚਾਰ ਚਲ ਰਿਹਾ ਹੈ ਜੋ ਚੋਣ ਜ਼ਾਬਤੇ ਤਹਿਤ ਅੱਜ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਨੀਅਰ ਆਈ.ਏ.ਐਸ. ਸਿਬਨ.ਸੀ. ਨੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਲੰਬੇ ਚੌੜੇ ਵੇਰਵੇ ਦਿੰਦਿਆਂ ਦਸਿਆ ਕਿ ਡੇਰਾ ਬਾਬਾ ਨਾਨਕ, ਚੱਬੇਵਾਲ ਰਿਜ਼ਰਵ, ਬਰਨਾਲਾ ਤੇ ਗਿੱਦੜਬਾਹਾ ਦੀਆਂ ਉਪ ਚੋਣਾਂ ਲਈ 831 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਹਨ ਜਿਨ੍ਹਾਂ ਵਿਚੋਂ 250 ਤੋਂ ਵੱਧ ਬੂਥ, ਸੰਵੇਦਨਸ਼ੀਲ ਨਾਜ਼ੁਕ ਅਤੇ ਵਿਸ਼ੇਸ ਸੁਰੱਖਿਆ ਤਹਿਤ ਲਿਆਂਦੇ ਗਏ ਹਨ। ਇਨ੍ਹਾਂ ਵਿਚੋਂ ਕਾਫ਼ੀ ਗਿਣਤੀ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਪੈਂਦੇ ਹਨ ਜਿਨ੍ਹਾਂ ਨੂੰ ਅਤਿ ਚੌਕਸੀ ਦੇ ਘੇਰੇ ਵਿਚ ਰਖਿਆ ਹੈ ਜਿਨ੍ਹਾਂ ਵਾਸਤੇ ਕੇਂਦਰੀ ਫ਼ੋਰਸ ਵੀ ਤੈਨਾਤ ਕੀਤੀ ਹੈ। ਸਿਬਨ.ਸੀ. ਨੇ ਇਹ ਵੀ ਦਸਿਆ ਕਿ ਇਨ੍ਹਾਂ 4 ਹਲਕਿਆਂ ਵਿਚ 4200 ਤੋਂ ਵੱਧ ਸਿਵਲ ਪੋਲਿੰਗ ਸਟਾਫ਼ ਲਗਾਇਆ ਹੈ ਜੋ ਮੰਗਲਵਾਰ ਸ਼ਾਮ 19 ਨਵੰਬਰ ਨੂੰ ਹੀ ਆਪੋ ਅਪਣੇ ਬੂਥਾਂ ’ਤੇ ਪਹੁੰਚ ਜਾਵੇਗਾ ਅਤੇ ਵੋਟਾਂ ਪਾਉਣ ਦੀ ਪ੍ਰਕਿਰਿਆ ਬੁਧਵਾਰ 20 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚਲੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।

ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦਸਿਆ ਕਿ 831 ਪੋਲਿੰਗ ਸਟੇਸ਼ਨਾਂ ’ਤੇ ਸੱਭ ਤਰ੍ਹਾਂ ਨਾਲ ਵੈੱਬ ਕਾਸਟਿੰਗ, ਵੀਡੀਉਗ੍ਰਾਫ਼ੀ, ਪ੍ਰਤੀ ਹਲਕਾ 3 ਫ਼ਲਾਇੰਗ ਸੁਕੈਡ, ਸਰਵੇਖਣ ਟੀਮਾਂ ਅਤੇ ਕੁਲ 10 ਆਬਜ਼ਰਵਰ ਤੈਨਾਤ ਕੀਤੇ ਹੋਏ ਹਨ। ਉਨ੍ਹਾਂ ਦਸਿਆ ਕਿ 4 ਡਿਪਟੀ ਕਮਿਸ਼ਨਰਾਂ, 5 ਐਸ.ਐਸ.ਪੀਜ਼, 20 ਤੋਂ ਵੱਧ ਤਹਿਸੀਲਦਾਰਾਂ ਤੇ ਡੀ.ਐਸ.ਪੀਜ਼, ਮੁੱਖ ਚੋਣ ਅਧਿਕਾਰੀ ਸਮੇਤ ਹੈਡ ਕੁਆਰਟਰ ਨਾਲ ਲਗਾਤਾਰ ਫ਼ੋਨ ’ਤੇ ਵੀਡੀਉ ਸੰਪਰਕ ਰਾਹੀਂ ਜੁੜੇ ਹੋਏ ਹਨ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਬਾਹਰਲੇ ਸੂਬਿਆਂ ਤੋਂ 10 ਸੀਨੀਅਰ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਪਿਛਲੇ 3 ਹਫਤਿਆਂ ਤੋਂ ਤੈਨਾਤ ਹਨ ਜਿਨ੍ਹਾਂ ਵਿਚ 4 ਜਨਰਲ ਆਬਜ਼ਰਵਰ, 4 ਖ਼ਰਚਾ ਆਬਜ਼ਰਵਰ ਅਤੇ 2 ਸੁਰੱਖਿਆ ਆਬਜ਼ਰਵਰ ਹਨ। ਇਨ੍ਹਾਂ ਦਾ ਸਿੱਧਾ ਸਬੰਧ ਭਾਰਤ ਦੇ ਚੋਣ ਕਮਿਸ਼ਨ ਨਾਲ ਹੈ। ਇਹ ਆਬਜ਼ਰਵਰ ਵੋਟਾਂ ਦੀ ਗਿਣਤੀ ਯਾਨੀ ਨਤੀਜੇ ਆਉਣ ਤਕ ਇਨ੍ਹਾਂ ਚੋਣ ਹਲਕਿਆਂ ਵਿਚ ਰਹਿਣਗੇ। ਇਨ੍ਹਾਂ ਵਿਚ 2011, 2012 ਅਤੇ 2015 ਬੈਂਚ ਦੇ ਬੰਗਾਲ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਤੇ ਹੋਰ ਸੂਬਿਆਂ ਤੋਂ ਅਧਿਕਾਰੀ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਕੁਲ 1,93,268 ਵੋਟਰਾਂ ਲਈ 241 ਪੋਲਿੰਗ ਸਟੇਸ਼ਨ, ਚੱਬੇਵਾਲ ਰਿਜ਼ਰਵ ਦੇ 1,59,254 ਵੋਟਰਾਂ ਵਾਸਤੇ 205, ਗਿੱਦੜਬਾਹਾ ਵਿਚ 1,66,489 ਵੋਟਰਾਂ ਲਈ 173 ਅਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਕੁਲ 1,77,305 ਵੋਟਰਾਂ ਲਈ 212 ਪੋਲਿੰਗ ਸਟੇਸ਼ਨ ਬਣਾਏ ਹਨ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਨੂੰ ਚੰਡੀਗੜ੍ਹ ’ਚ ਹਾਲੇ ਕੋਈ ਜ਼ਮੀਨ

ਚੰਡੀਗੜ੍ਹ, 18 ਨਵੰਬਰ – ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਵਿੱਚ ਆਪਣੀ...