9ਵੀਂ ਤੋਂ 12ਵੀਂ ਸ਼੍ਰੇਣੀ ‘ਚ ਪੜ੍ਹਦੇ ਵਿਦਿਆਰਥੀਆਂ ਦੀ ਸਕਿਲ ਡਿਵੈਲਪਮੈਂਟ ਲਈ ਸਿੱਖਿਆ ਬੋਰਡ ਵੱਲੋਂ ਯਤਨ ਤੇਜ਼

ਮੋਹਾਲੀ, 18 ਨਵੰਬਰ –  ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ’ਚ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ’ਚ ਪੜ੍ਹਦੇ ਵਿਦਿਆਰਥੀਆਂ ਦੀ ਸਕਿਲ ਡਿਵੈਲਪਮੈਂਟ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਡੀ ਪੱਧਰ ’ਤੇ ਯਤਨ ਤੇਜ਼ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ’ਚ ਜਿੱਥੇ ਪਹਿਲਾਂ 14 ਟਰੇਡਾਂ ਦੀ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ਹੁਣ ਤਿੰਨ ਨਵੇਂ ਟਰੇਡ ਵਧਾ ਦਿੱਤੇ ਗਏ ਹਨ ਅਤੇ ਹੁਣ ਪੰਜਾਬ ਦੇ ਇਕ ਲੱਖ ਦੇ ਕਰੀਬ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕਿਲ ਡਿਵੈਲਪਮੈਂਟ ਦੇ ਕੁਲ 17 ਟਰੇਡਾਂ ਦੀ ਸਿਖਲਾਈ ਲੈ ਰਹੇ ਹਨ। ਸਿੱਖਿਆ ਬੋਰਡ ਵੱਲੋਂ ਇਨ੍ਹਾਂ ਟਰੇਡਾਂ ਦੀ ਸਿਖਲਾਈ ਲੈ ਰਹੇ ਵਿਦਿਆਰਥੀਆਂ ਨੂੰ ਕਿਤਾਬਾਂ ਵੀ ਪੰਜਾਬੀ ਭਾਸ਼ਾ ’ਚ ਮੁਹੱਈਆ ਕਰਵਾਇਆ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ’ਚ ਚੱਲ ਰਹੇ ਟਰੇਡਾਂ ਦੇ ਥਿਊਰੀ ਪ੍ਰੀਖਿਆ ਸਿੱਖਿਆ ਬੋਰਡ ਵੱਲੋਂ ਲਈ ਜਾਂਦੀ ਸੀ ਜਦਕਿ ਪ੍ਰੀਖਿਆਰਥੀਆਂ ਦਾ ਪ੍ਰੈਕਟੀਕਲ ਬਾਹਰੋਂ ਏਜੰਸੀ ਵੱਲੋਂ ਲਿਆ ਜਾਂਦਾ ਸੀ ਪਰ ਹੁਣ ਸਿੱਖਿਆ ਬੋਰਡ ਵੱਲੋਂ ਪ੍ਰੈਕਟੀਕਲ ਆਪਣੇ ਪੱਧਰ ’ਤੇ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਵਿਦਿਆਰਥੀਆਂ ਦਾ ਅਸੈਸਮੈਂਟ ਕਰਨ ਲਈ ਦੂਜੇ ਰਾਜਾਂ ਤੋਂ ਅਬਜ਼ਰਵਰਾਂ ਨੂੰ ਬੁਲਾਇਆ ਜਾਂਦਾ ਸੀ, ਵਿਦਿਆਰਥੀਆਂ ਨੂੰ ਪ੍ਰੈਕਟੀਕਲ ਲੈਣ ਵਾਲੇ ਦੂਜੇ ਰਾਜਾ ਦੇ ਅਬਜ਼ਰਵਰਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਸੀ ਜਦਕਿ ਪ੍ਰੀਖਿਆਰਥੀਆਂ ਨੂੰ ਉਤਰ ਆਉਣ ਦੇ ਬਾਵਜੂਦ ਉਹ ਭਾਸ਼ਾ ਸਮਝ ਨਾ ਆਉਣ ਉਤਰ ਨਹੀਂ ਦੇ ਪਾਉਂਦੇ ਸੀ।

ਸਿੱਖਿਆ ਬੋਰਡ ਨੇ ਇਸ ਸਮੱਸਿਆ ਦੇ ਹੱਲ ਲਈ ਹੁਣ ਲੋਕਲ ਪੱਧਰ ’ਤੇ ਟੀਚਰਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ ਤੇ ਇਸ ਵਿੱਦਿਅਕ ਵਰ੍ਹੇ ਤੋਂ ਪੰਜਾਬ ਦੇ ਅਧਿਆਪਕ ਅਸੈਸਮੈਂਟ ਕਰਨ ਦੇ ਯੋਗ ਹੋ ਜਾਣਗੇ, ਇਸ ਤੋਂ ਇਲਾਵਾ ਬੋਰਡ ਵੱਲੋਂ ਐੱਨਐੱਸਡੀਸੀ ਨੂੰ ਬੋਰਡ ਨੂੰ ਅਸੈਸਮੈਂਟ ਏਜੰਸੀ ਬਣਾਉਣ ਲਈ ਅਪਲਾਈ ਕਰ ਦਿੱਤਾ ਗਿਆ ਹੈ ਅਤੇ ਸਿੱਖਿਆ ਬੋਰਡ ਅਸੈਸਮੈਂਟ ਏਜੰਸੀ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਯਤਨ ਆਰੰਭ ਦਿੱਤੇ ਗਏ ਹਨ ਅਤੇ ਸਿੱਖਿਆ ਬੋਰਡ ਨੂੰ ਇਕ ਸਾਲ ਦੇ ਅੰਦਰ-ਅੰਦਰ ਅਸੈਸਮੈਂਟ ਏਜੰਸੀ ਦੇ ਅਧਿਕਾਰ ਮਿਲਣ ਦੀ ਸੰਭਾਵਨਾ ਹੈ ਜ਼ਿਕਰਯੋਗ ਹੈ ਕਿ ਹੁਣ ਤਕ ਕੇਵਲ ਮਹਾਰਾਸ਼ਟਰ ਦੇ ਬੋਰਡ ਨੂੰ ਹੀ ਅਸੈਸਮੈਂਟ ਏਜੰਸੀ ਦੇ ਅਧਿਕਾਰ ਮਿਲੇ ਹਨ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਖੇਤੀਬਾੜੀ ਟਰੇਡ (ਖੇਤੀਬਾੜੀ ਤਕਨਾਲੋਜੀ ਤੇ ਟਿਕਾਊ ਖੇਤੀ ਅਭਿਆਸ), ਲਿਬਾਸ (ਕੱਪੜਿਆਂ ਦੇ ਡਿਜ਼ਾਈਨ, ਨਿਰਮਾਣ, ਫ਼ੈਸ਼ਨ ਤਕਨਾਲੋਜੀ), ਆਟੋਮੋਬਾਇਲ (ਵਾਹਨ ਦਾ ਰੱਖ-ਰਖਾਅ, ਮੁਰੰਮਤ), ਸੁੰਦਰਤਾ ਅਤੇ ਤੰਦਰੁਸਤੀ (ਸ਼ਿੰਗਾਰ, ਨਿੱਜੀ ਦੇਖਭਾਲ), ਉਸਾਰੀ (ਇਮਾਰਤ ਉਸਾਰੀ), ਹੈਲਥ ਕੇਅਰ (ਸਿਹਤ ਸੰਭਾਲ ਸਹਾਇਤਾ ਸੇਵਾਵਾਂ ਅਤੇ ਮੈਡੀਕਲ ਸਿਖਲਾਈ), ਸੂਚਨਾ ਤਕਨਾਲੋਜੀ (ਆਈਟੀ ਸੇਵਾਵਾਂ, ਨੈੱਟਵਰਕਿੰਗ ਤੇ ਕੰਪਿਊਟਰ ਸਿਸਟਮ), ਸਰੀਰਕ ਸਿੱਖਿਆ ਅਤੇ ਖੇਡਾਂ (ਸਰੀਰਕ ਤੰਦਰੁਸਤੀ, ਕੋਚਿੰਗ, ਅਤੇ ਖੇਡ ਪ੍ਰਬੰਧਨ), ਪਲੰਬਿੰਗ (ਪਲੰਬਿੰਗ ਪ੍ਰਣਾਲੀਆਂ ਤੇ ਉਸ ਦਾ ਰੱਖ-ਰਖਾਅ ਅਤੇ ਜਲ ਸਪਲਾਈ ਪ੍ਰਬੰਧਨ), ਪਾਵਰ (ਬਿਜਲੀ ਉਤਪਾਦਨ, ਵੰਡ, ਅਤੇ ਨਵਿਆਉਣ ਯੋਗ ਊਰਜਾ ਤਕਨਾਲੋਜੀ), ਰਿਟੇਲ (ਪਰਚੂਨ ਪ੍ਰਬੰਧਨ, ਵਿੱਕਰੀ ਅਤੇ ਗਾਹਕ ਸੇਵਾ), ਸੁਰੱਖਿਆ (ਸੁਰੱਖਿਆ ਪ੍ਰੋਟੋਕਾਲ, ਜ਼ੋਖ਼ਮ ਪ੍ਰਬੰਧਨ ਅਤੇ ਨਿੱਜੀ ਸੁਰੱਖਿਆ ਸੇਵਾਵਾਂ), ਯਾਤਰਾ ਅਤੇ ਸੈਰ-ਸਪਾਟਾ (ਯਾਤਰਾ ਪ੍ਰਬੰਧਨ, ਸੈਰ-ਸਪਾਟਾ ਸੇਵਾਵਾਂ ਅਤੇ ਪ੍ਰਾਹੁਣਚਾਰੀ), ਮੀਡੀਆ ਅਤੇ ਮਨੋਰੰਜਨ (ਮੀਡੀਆ ਪ੍ਰੋਡਕਸ਼ਨ, ਪ੍ਰਸਾਰਨ ਅਤੇ ਮਨੋਰੰਜਨ ਉਦਯੋਗ, ਲੌਜਿਸਟਿਕਸ (ਸਪਲਾਈ ਚੇਨ, ਵੇਅਰ ਹਾਊਸਿੰਗ ਅਤੇ ਆਵਾਜਾਈ ਲੌਜਿਸਟਿਕਸ) ਪ੍ਰਬੰਧਨ ਅਤੇ ਉਦਮਤਾ (ਕਾਰੋਬਾਰੀ ਪ੍ਰਬੰਧਨ ਦੇ ਸਿਧਾਂਤ, ਲੀਡਰਸ਼ਿਪ, ਅਤੇ ਉੱਦਮੀ ਹੁਨਰ) ਆਦਿ ਟਰੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਬਾਰ੍ਹਵੀਂ ਸ਼੍ਰੇਣੀ ਦੀ ਪੜਾਈ ਪੂਰੀ ਕਰਨ ਉਪਰੰਤ ਸਿੱਖੇ ਹੁਨਰ ਨਾਲ ਆਪਣਾ ਕੰਮ ਸ਼ੁਰੂ ਕਰਕੇ ਆਪਣੇ ਪੈਰਾਂ ’ਤੇ ਖੜੇ ਹੋ ਸਕਣ।

ਸਾਂਝਾ ਕਰੋ

ਪੜ੍ਹੋ