June 27, 2024

ਕੇਜਰੀਵਾਲ ਨੂੰ ਫਸਾਉਣ ਲਈ ਸੀਬੀਆਈ ਦੀ ਵਰਤੋਂ ਕਰ ਰਹੀ ਹੈ ਕੇਂਦਰ

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਕੇਂਦਰ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਦਿੱਲੀ ਸਰਕਾਰ ਖ਼ਿਲਾਫ਼ ਸਭ ਤੋਂ ਵਧ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਸਰਕਾਰ ਦੇ ਕੰਮਕਾਜ ਨੂੰ ਠੱਪ ਕਰਨ ਲਈ ਕੇਜਰੀਵਾਲ ਨੂੰ ਕੇਸ ’ਚ ਫਸਾਉਣ ਲਈ ਸੀਬੀਆਈ ਦੀ ਵਰਤੋਂ ਕਰ ਰਹੀ ਹੈ। ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨਾਲ ਐੱਲਐੱਨਜੇਪੀ ਹਸਪਤਾਲ ’ਚ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਕੇਂਦਰ ’ਚ ਭਾਜਪਾ ਦੇ ਸੱਤਾ ’ਚ ਆਉਣ ਮਗਰੋਂ ਮੁੱਖ ਮੰਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਿੱਲੀ ਲਈ ਪਾਣੀ ਦੀ ਮੰਗ ਖ਼ਾਤਰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੀ ਆਤਿਸ਼ੀ ਦੀ ਤਬੀਅਤ ਵਿਗੜਨ ’ਤੇ ਉਸ ਨੂੰ ਮੰਗਲਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਆਤਿਸ਼ੀ ਦੀ ਸਿਹਤ ਸਥਿਰ ਹੈ ਅਤੇ ਉਸ ਨੂੰ ਹੁਣ ਆਈਸੀਯੂ ਤੋਂ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਹੈ। ਯਾਦਵ ਨੇ ਕਿਹਾ, ‘‘ਮੈਂ ਆਤਿਸ਼ੀ ਦਾ ਹਾਲ-ਚਾਲ ਪੁੱਛਣ ਲਈ ਇਥੇ ਆਇਆ ਹਾਂ। ਉਹ ਨਾ ਸਿਰਫ਼ ਬਹਾਦਰ ਹੈ ਸਗੋਂ ਲੋਕਾਂ ਲਈ ਲੜਨਾ ਵੀ ਜਾਣਦੀ ਹੈ। ਉਹ ਦਿੱਲੀ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਲਗਾਤਾਰ ਜੂਝ ਰਹੀ ਹੈ।’’ ਸਮਾਜਵਾਦੀ ਪਾਰਟੀ ਮੁਖੀ ਨੇ ਦਾਅਵਾ ਕੀਤਾ ਕਿ ਸੀਬੀਆਈ ਉਨ੍ਹਾਂ ਆਗੂਆਂ ਨੂੰ ਵੱਖ ਵੱਖ ਕੇਸਾਂ ’ਚ ਫਸਾ ਰਹੀ ਹੈ ਜੋ ਭਾਜਪਾ ਲਈ ਖ਼ਤਰਾ ਹਨ। ‘ਕੇਂਦਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੇਜਰੀਵਾਲ ਜੇਲ੍ਹ ’ਚੋਂ ਬਾਹਰ ਆਵੇਗਾ। ਉਸ ਨੂੰ ਬਾਹਰ ਆਉਣ ਤੋਂ ਰੋਕਣ, ਸਰਕਾਰ ਨੂੰ ਕੰਮ ਨਾ ਕਰਨ ਦੇਣ ਅਤੇ ਲੋਕਾਂ ’ਚ ਨਾ ਵਿਚਰਨ ਦੇਣ ਲਈ ਸੀਬੀਆਈ ਉਸ ਖ਼ਿਲਾਫ਼ ਦੋਸ਼ ਮੜ੍ਹ ਰਹੀ ਹੈ। ਸੀਬੀਆਈ ਅਤੇ ਹੋਰ ਅਦਾਰਿਆਂ ਦੀ ਦੁਰਵਰਤੋਂ ਕਾਰਨ ਭਾਜਪਾ ਖ਼ਿਲਾਫ਼ ਵੋਟਿੰਗ ਹੋਈ ਹੈ।’ ਸੀਪੀਐੱਮ ਆਗੂ ਬਰਿੰਦਾ ਕਰਤ ਨੇ ਵੀ ਹਸਪਤਾਲ ਪਹੁੰਚ ਕੇ ਆਤਿਸ਼ੀ ਦਾ ਹਾਲ-ਚਾਲ ਪੁੱਛਿਆ। ਆਤਿਸ਼ੀ ਨੂੰ ਸਲਾਮ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮੁੜ ਸੰਘਰਸ਼ ਕਰਨ ਲਈ ਤਿਆਰ ਬੈਠੀ ਹੈ।

ਕੇਜਰੀਵਾਲ ਨੂੰ ਫਸਾਉਣ ਲਈ ਸੀਬੀਆਈ ਦੀ ਵਰਤੋਂ ਕਰ ਰਹੀ ਹੈ ਕੇਂਦਰ Read More »

ਜੈਸ਼ੰਕਰ ਵੱਲੋਂ ਮਿਆਂਮਾਰ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਮਿਆਂਮਾਰ ਦੇ ਹਮਰੁਤਬਾ ਯੂ ਥਾਨ ਸ਼ਵੇ ਨਾਲ ਮੁਲਾਕਾਤ ਦੌਰਾਨ ਗੁਆਂਢੀ ਮੁਲਕ ’ਚ ਹਿੰਸਾ ਤੇ ਅਸਥਿਰਤਾ ਦਾ ਅਸਰ ਭਾਰਤੀ ਸਰਹੱਦ ’ਤੇ ਪੈਣ ਦੇ ਸਬੰਧ ਵਿੱਚ ਭਾਰਤ ਦੀ ਚਿੰਤਾ ਸਾਂਝੀ ਕੀਤੀ ਅਤੇ ਮਯਾਵਾੜੀ ਸ਼ਹਿਰ ’ਚ ਫਸੇ ਭਾਰਤੀਆਂ ਜਲਦੀ ਤੋਂ ਜਲਦੀ ਵਾਪਸੀ ਵਿੱਚ ਸਹਿਯੋਗ ਦੀ ਮੰਗ ਕੀਤੀ।ਜੈਸ਼ੰਕਰ ਨੇ ਥਾਨ ਸ਼ਵੇ ਨਾਲ ਨਵੀਂ ਦਿੱਲੀ ’ਚ ਮੁਲਾਕਾਤ ਕੀਤੀ ਜੋ ਆਪਣੀ ਇੱਕ ਯਾਤਰਾ ਦੌਰਾਨ ਇੱਥੇ ਰੁਕੇ ਸਨ। ਉਹ ਮਿਆਂਮਾਰ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਾਰੀ ਪੋਸਟ ਵਿੱਚ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਮਿਆਂਮਾਰ ’ਚ ਭਾਰਤ ਦੇ ਚੱਲ ਰਹੇ ਪ੍ਰਾਜੈਕਟਾਂ ਦੀ ‘ਭਰੋਸੇਯੋਗ ਸੁਰੱਖਿਆ’ ਲਈ ਜ਼ੋਰ ਦਿੱਤਾ ਅਤੇ ਗੁਆਂਢੀ ਮੁਲਕ ਨੂੰ ਜਲਦੀ ਤੋਂ ਜਲਦੀ ਜਮਹੂਰੀ ਰਾਹ ’ਤੇ ਪਰਤ ਆਉਣ ਦੀ ਅਪੀਲ ਕੀਤੀ। ਜੈਸ਼ੰਕਰ ਨੇ ਗੁਆਂਢੀ ਮੁਲਕ ’ਚ ਜਾਰੀ ਹਿੰਸਾ ਤੇ ਅਸਥਿਰਤਾ ਦਾ ਭਾਰਤ-ਮਿਆਂਮਾਰ ਸਰਹੱਦ ’ਤੇ ਵਿਸ਼ੇਸ਼ ਤੌਰ ’ਤੇ ਪੈ ਰਹੇ ਅਸਰ ਦੀ ਵੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਮਿਆਂਮਾਰ ਦੇ ਕਈ ਹਿੱਸਿਆਂ ’ਚ ਫੌਜੀ ਜੁੰਟਾ ਤੇ ਬਾਗੀ ਬਲਾਂ ਵਿਚਾਲੇ ਲੜਾਈ ਚੱਲ ਰਹੀ ਹੈ। ਬਾਗੀ ਬਲਾਂ ਨੇ ਪਹਿਲਾਂ ਹੀ ਕਈ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਹੈ।

ਜੈਸ਼ੰਕਰ ਵੱਲੋਂ ਮਿਆਂਮਾਰ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ Read More »

2 ਜੁਲਾਈ ਨੂੰ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ਦੀ ਹੋਵੇਗੀ ਸੁਣਵਾਈ

ਸੁਲਤਾਨਪੁਰ ’ਚ ਐੱਮਪੀ-ਐੱਮਐੱਲਏ ਅਦਾਲਤ ਨੇ ਭਾਜਪਾ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਗਲੀ ਸੁਣਵਾਈ ਮੌਕੇ ਨਿੱਜੀ ਤੌਰ ’ਤੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ। ਅਗਲੀ ਸੁਣਵਾਈ ਦੋ ਜੁਲਾਈ ਨੂੰ ਤੈਅ ਕੀਤੀ ਗਈ ਹੈ। ਇਹ ਕੇਸ ਭਾਜਪਾ ਆਗੂ ਵਿਜੈ ਮਿਸ਼ਰਾ ਵੱਲੋਂ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤਕਰਤਾ ਦੇ ਵਕੀਲ ਨੇ ਦੱਸਿਆ ਕਿ ਰਾਮ ਪ੍ਰਤਾਪ ਨਾਂ ਦੇ ਵਿਅਕਤੀ ਨੇ ਇਸ ਮਾਮਲੇ ’ਚ ਖੁਦ ਨੂੰ ਧਿਰ ਬਣਾਏ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਰਾਮ ਪ੍ਰਤਾਪ ਨਾ ਤਾਂ ਪੀੜਤ ਹੈ ਤੇ ਨਾ ਹੀ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਅਦਾਲਤ ਨੇ ਰਾਮ ਪ੍ਰਤਾਪ ਦੀ ਅਰਜ਼ੀ ਰੱਦ ਕਰ ਦਿੱਤੀ।

2 ਜੁਲਾਈ ਨੂੰ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ਦੀ ਹੋਵੇਗੀ ਸੁਣਵਾਈ Read More »

ਸੈਮ ਪਿਤਰੋਦਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁੜ ਪ੍ਰਧਾਨ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੈਮ ਪਿਤਰੋਦਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦਾ ਮੁੜ ਪ੍ਰਧਾਨ ਨਿਯੁਕਤ ਕੀਤਾ ਹੈ। ਹਾਲੀਆ ਲੋਕ ਸਭਾ ਚੋਣਾਂ ਦੌਰਾਨ ਇਕ ਵਿਵਾਦਤ ਪੋਸਟ ਕਰਕੇ ਪਾਰਟੀ ਨੇ ਪਿਤਰੋਦਾ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਭਾਜਪਾ ਨੇ ਉਦੋਂ ਪਿਤਰੋਦਾ ਦੀ ਟਿੱਪਣੀ ਨੂੰ ‘ਨਸਲੀ’ ਕਰਾਰ ਦਿੱਤਾ ਸੀ। ਪਿਤਰੋਦਾ ਨੇ 8 ਮਈ ਨੂੰ ਅਸਤੀਫ਼ਾ ਦੇ ਦਿੱਤਾ ਸੀ।

ਸੈਮ ਪਿਤਰੋਦਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁੜ ਪ੍ਰਧਾਨ Read More »

ਪ੍ਰਜਵਲ ਰੇਵੰਨਾ ਦੀ ਜ਼ਮਾਨਤ ਪਟੀਸ਼ਨ ਰੱਦ

ਬੰਗਲੂਰੂ ਦੀ ਅਦਾਲਤ ਨੇ ਜਬਰ-ਜਨਾਹ ਅਤੇ ਜਿਨਸੀ ਸ਼ੋਸ਼ਣ ਦੇ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਜੇਡੀ(ਐੱਸ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। 33 ਸਾਲਾ ਰੇਵੰਨਾ ਇਸ ਵੇਲੇ ਉਨ੍ਹਾਂ ਖ਼ਿਲਾਫ਼ ਲੱਗੇ ਜਿਨਸੀ ਅਪਰਾਧਾਂ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਹਿਰਾਸਤ ਵਿੱਚ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀਆਂ ਕੁੱਝ ਇਤਰਾਜ਼ਯੋਗ ਵੀਡੀਓਜ਼ ਲੀਕ ਹੋਈਆਂ ਸਨ।

ਪ੍ਰਜਵਲ ਰੇਵੰਨਾ ਦੀ ਜ਼ਮਾਨਤ ਪਟੀਸ਼ਨ ਰੱਦ Read More »

ਚੰਡੀਗੜ੍ਹ ‘ਚ ਹੁਣ 24 ਘੰਟੇ ਖੁੱਲ੍ਹੇ ਰਹਿਣਗੇ ਬਾਜ਼ਾਰ

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਚੰਡੀਗੜ੍ਹ ਦੇ ਵਪਾਰੀ ਕਈ ਦਿਨਾਂ ਤੋਂ ਇਸ ਦੀ ਮੰਗ ਕਰ ਰਹੇ ਸਨ। 24 ਘੰਟੇ ਦੁਕਾਨ ਖੋਲ੍ਹਣ ਲਈ, ਪਹਿਲਾਂ ਤੁਹਾਨੂੰ ਕਿਰਤ ਵਿਭਾਗ ਦੀ ਵੈੱਬਸਾਈਟ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਪ੍ਰਸ਼ਾਸਨ ਨੇ 24 ਘੰਟੇ ਦੁਕਾਨਾਂ ਖੋਲ੍ਹਣ ਲਈ ਮੁਲਾਜ਼ਮਾਂ ਦੀ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਇਹ ਫੈਸਲਾ ਲਿਆ ਹੈ ਪਰ ਇਹ ਹੁਕਮ ਸ਼ਰਾਬ ਦੀਆਂ ਦੁਕਾਨਾਂ, ਪੱਬਾਂ, ਬਾਰਾਂ ਅਤੇ ਕਲੱਬਾਂ ‘ਤੇ ਲਾਗੂ ਨਹੀਂ ਹੋਵੇਗਾ। ਉਨ੍ਹਾਂ ਦਾ ਸਮਾਂ ਪਹਿਲਾਂ ਹੀ ਤੈਅ ਕੀਤਾ ਹੋਇਆ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਮੁਲਾਜ਼ਮ ਨੂੰ 9 ਘੰਟੇ ਤੋਂ ਵੱਧ ਕੰਮ ਨਹੀਂ ਕਰਵਾਇਆ ਜਾ ਸਕਦਾ ਅਤੇ ਉਸ ਨੂੰ ਹਫ਼ਤੇ ਵਿੱਚ ਇੱਕ ਛੁੱਟੀ ਵੀ ਦੇਣੀ ਪਵੇਗੀ। ਜਿਸ ਲਈ ਉਸ ਦੀ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।ਹਰ ਕਰਮਚਾਰੀ ਨੂੰ ਲਗਾਤਾਰ 5 ਘੰਟੇ ਕੰਮ ਕਰਨ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਦਾ ਆਰਾਮ ਦਿੱਤਾ ਜਾਵੇਗਾ। ਹਫ਼ਤੇ ਵਿੱਚ ਵੱਧ ਤੋਂ ਵੱਧ 48 ਘੰਟੇ ਕੰਮ ਕੀਤਾ ਜਾ ਸਕਦਾ ਹੈ। ਜੇਕਰ ਰਾਤ 10 ਵਜੇ ਤੋਂ ਬਾਅਦ ਵੀ ਦੁਕਾਨ ਖੁੱਲ੍ਹੀ ਰਹਿੰਦੀ ਹੈ ਤਾਂ ਦੁਕਾਨ ਮਾਲਕ ਨੂੰ ਸਾਰੇ ਕਰਮਚਾਰੀਆਂ ਅਤੇ ਗਾਹਕਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣੇ ਹੋਣਗੇ। ਜੇਕਰ ਕੋਈ ਮਹਿਲਾ ਕਰਮਚਾਰੀ ਰਾਤ 8 ਵਜੇ ਤੋਂ ਬਾਅਦ ਕੰਮ ‘ਤੇ ਹੈ ਤਾਂ ਉਸ ਤੋਂ ਲਿਖਤੀ ਸਹਿਮਤੀ ਲੈਣੀ ਪਵੇਗੀ। ਮਹਿਲਾ ਕਰਮਚਾਰੀਆਂ ਲਈ ਵੱਖਰਾ ਲਾਕਰ, ਸੁਰੱਖਿਆ ਅਤੇ ਆਰਾਮ ਕਰਨ ਲਈ ਕਮਰੇ ਦਾ ਪ੍ਰਬੰਧ ਕਰਨਾ ਹੋਵੇਗਾ। ਕੰਮ ਖਤਮ ਹੋਣ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਦੁਕਾਨ ਮਾਲਕ ਦੀ ਹੋਵੇਗੀ।ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲਗਾਉਣੇ ਹੋਣਗੇ। ਜਿਸ ਦੀ ਰਿਕਾਰਡਿੰਗ ਦਾ ਬੈਕਅੱਪ ਘੱਟੋ-ਘੱਟ 15 ਦਿਨਾਂ ਲਈ ਰੱਖਣਾ ਹੋਵੇਗਾ। ਮਹਿਲਾ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਇੱਕ ਛੁੱਟੀ ਤੋਂ ਇਲਾਵਾ ਸਾਰੇ ਸਰਕਾਰੀ ਅਤੇ ਤਿਉਹਾਰਾਂ ‘ਤੇ ਛੁੱਟੀ ਦੇਣੀ ਪਵੇਗੀ। ਜੇਕਰ ਕੋਈ ਕਰਮਚਾਰੀ ਵਾਧੂ ਕੰਮ ਕਰਦਾ ਹੈ ਤਾਂ ਉਸਨੂੰ ਓਵਰਟਾਈਮ ਦੇਣਾ ਪਵੇਗਾ।

ਚੰਡੀਗੜ੍ਹ ‘ਚ ਹੁਣ 24 ਘੰਟੇ ਖੁੱਲ੍ਹੇ ਰਹਿਣਗੇ ਬਾਜ਼ਾਰ Read More »

ਪਾਕਿਸਤਾਨ ਵਿੱਚ ਗਰਮੀ ਕਾਰਨ ਲੋਕਾਂ ਦਾ ਹੋਇਆ ਬੁਰਾ ਹਾਲ

ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਦੇਸ਼ ‘ਚ ਗਰਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨੀ ਐਨਜੀਓ ਈਧੀ ਫਾਊਂਡੇਸ਼ਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕਰਾਚੀ ਵਿੱਚ ਗਰਮੀ ਦੀ ਲਹਿਰ ਕਾਰਨ ਪਿਛਲੇ ਚਾਰ ਦਿਨਾਂ ਵਿੱਚ ਘੱਟੋ-ਘੱਟ 450 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪੋਰਟ ਸਿਟੀ ਕਰਾਚੀ ‘ਚ ਸ਼ਨੀਵਾਰ ਤੋਂ ਭਿਆਨਕ ਗਰਮੀ ਪੈ ਰਹੀ ਹੈ।ਖੇਤਰ ਵਿੱਚ ਤਾਪਮਾਨ ਲਗਾਤਾਰ ਚਾਰ ਦਿਨਾਂ ਤੋਂ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਤੱਟਵਰਤੀ ਖੇਤਰਾਂ ਲਈ ਬਹੁਤ ਜ਼ਿਆਦਾ ਤਾਪਮਾਨ ਹੈ। ਫਾਊਂਡੇਸ਼ਨ ਦੇ ਮੁਖੀ, ਫੈਜ਼ਲ ਈਧੀ ਨੇ ਕਿਹਾ, “ਸਾਡੇ ਕੋਲ ਕਰਾਚੀ ਵਿੱਚ ਚਾਰ ਮੁਰਦਾਘਰ ਚੱਲ ਰਹੇ ਹਨ ਅਤੇ ਅਸੀਂ ਅਜਿਹੀ ਸਥਿਤੀ ਵਿੱਚ ਪਹੁੰਚ ਗਏ ਹਾਂ ਜਿੱਥੇ ਸਾਡੇ ਮੁਰਦਾਘਰਾਂ ਵਿੱਚ ਲਾਸ਼ਾਂ ਨੂੰ ਸਟੋਰ ਕਰਨ ਲਈ ਕੋਈ ਥਾਂ ਨਹੀਂ ਬਚੀ ਹੈ।” ਈਧੀ ਟਰੱਸਟ ਪਾਕਿਸਤਾਨ ਦੀ ਸਭ ਤੋਂ ਵੱਡੀ ਭਲਾਈ ਸੰਸਥਾ ਹੈ। ਇਹ ਗਰੀਬਾਂ, ਬੇਘਰਾਂ, ਅਨਾਥਾਂ, ਗਲੀ-ਮੁਹੱਲਿਆਂ ਦੇ ਬੱਚਿਆਂ, ਛੱਡੇ ਬੱਚਿਆਂ ਅਤੇ ਦੁਖੀ ਔਰਤਾਂ ਨੂੰ ਵੱਖ-ਵੱਖ ਮੁਫਤ ਜਾਂ ਸਬਸਿਡੀ ਵਾਲੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।ਫੈਜ਼ਲ ਈਧੀ ਨੇ ਕਿਹਾ, “ਅਫ਼ਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਲਾਸ਼ਾਂ ਉਨ੍ਹਾਂ ਇਲਾਕਿਆਂ ਤੋਂ ਆਈਆਂ ਹਨ ਜਿੱਥੇ ਇਸ ਮਾੜੇ ਮੌਸਮ ਵਿੱਚ ਵੀ ਲੋਡ ਸ਼ੈਡਿੰਗ ਬਹੁਤ ਜ਼ਿਆਦਾ ਹੈ। ਈਧੀ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਸੜਕਾਂ ‘ਤੇ ਬੇਘਰ ਲੋਕਾਂ ਅਤੇ ਨਸ਼ੇੜੀਆਂ ਦੀਆਂ ਸਨ। ਉਨ੍ਹਾਂ ਕਿਹਾ ਕਿ ਭਿਆਨਕ ਗਰਮੀ ਨੇ ਉਨ੍ਹਾਂ ਨੂੰ ਹਾਵੀ ਕਰ ਦਿੱਤਾ ਹੈ ਕਿਉਂਕਿ ਇਹ ਲੋਕ ਸਾਰਾ ਦਿਨ ਖੁੱਲ੍ਹੇ ਅਤੇ ਧੁੱਪ ਵਿੱਚ ਹੀ ਗੁਜ਼ਾਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਹੀ ਉਸ ਨੂੰ ਮੁਰਦਾਘਰ ਵਿਚ 135 ਲਾਸ਼ਾਂ ਮਿਲੀਆਂ ਸਨ ਅਤੇ ਸੋਮਵਾਰ ਨੂੰ 128 ਲਾਸ਼ਾਂ ਮਿਲੀਆਂ ਸਨ। ਈਧੀ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਕੋਈ ਵੀ ਪਰਿਵਾਰਕ ਮੈਂਬਰ ਲਾਸ਼ ਲੈਣ ਨਹੀਂ ਆਇਆ।ਕਰਾਚੀ ਦੇ ਜਿਨਾਹ ਹਸਪਤਾਲ ‘ਚ ਡਿਊਟੀ ‘ਤੇ ਮੌਜੂਦ ਇਕ ਡਾਕਟਰ ਨੇ ਕਿਹਾ, “ਇਹ ਗਿਣਤੀ ਹਰ ਰੋਜ਼ ਵਧ ਰਹੀ ਹੈ।” ਮੰਨਿਆ ਜਾ ਰਿਹਾ ਹੈ ਕਿ ਨਸ਼ੇ ਅਤੇ ਗਰਮੀ ਕਾਰਨ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਰਹੇ ਹਨ।

ਪਾਕਿਸਤਾਨ ਵਿੱਚ ਗਰਮੀ ਕਾਰਨ ਲੋਕਾਂ ਦਾ ਹੋਇਆ ਬੁਰਾ ਹਾਲ Read More »

18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਦਾ ਪਹਿਲੀ ਵਾਰ ਸਾਂਝਾ ਸੰਬੋਧਨ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਵੀਰਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਵੀਂ ਸਰਕਾਰ ਦੀਆਂ ਤਰਜੀਹਾਂ ਨੂੰ ਸੰਸਦ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਚ ਹੋਈਆਂ ਚੋਣਾਂ ਦੀ ਪੂਰੀ ਦੁਨੀਆਂ ’ਚ ਚਰਚਾ ਹੋ ਰਹੀ ਹੈ। ਦੁਨੀਆਂ ਨੇ ਦੇਖਿਆ ਹੈ ਕਿ ਕਿਵੇਂ ਭਾਰਤ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਬਹੁਮਤ ਨਾਲ ਸਥਿਰ ਸਰਕਾਰ ਬਣਾਈ ਹੈ। ਜਦੋਂ ਪ੍ਰਧਾਨ ਨੇ ਇਹ ਗੱਲ ਕਹੀ ਤਾਂ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਵੀ ਰੌਲਾ ਪਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਇੱਕ ਵਾਰ ਫਿਰ ਐਨਡੀਏ ਸਰਕਾਰ ਬਣੀ ਹੈ। 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਨੇ ਪਹਿਲੀ ਵਾਰ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ। ਨਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਰਾਜ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਰਾਸ਼ਟਰਪਤੀ ਨੇ 18ਵੀਂ ਲੋਕ ਸਭਾ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤੁਸੀਂ ਸਾਰਿਆਂ ਨੇ ਦੇਸ਼ ਦੇ ਵੋਟਰਾਂ ਦਾ ਭਰੋਸਾ ਜਿੱਤਿਆ ਹੈ। ਤੁਸੀਂ ਲੋਕ ਪਹਿਲਾਂ ਰਾਸ਼ਟਰ ਬਣ ਕੇ ਕੰਮ ਕਰੋਗੇ।

18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਦਾ ਪਹਿਲੀ ਵਾਰ ਸਾਂਝਾ ਸੰਬੋਧਨ Read More »

ਲੜ ਰਹੇ ਦੋਹਾਂ ਅਕਾਲੀ ਧੜਿਆਂ ’ਚੋਂ ਕਿਸ ਤੇ ਕਰੀਏ ਵਿਸ਼ਵਾਸ ?

ਸ਼੍ਰੋਮਣੀ ਅਕਾਲੀ ਦਲ ਵਿਚ ਉਭਰੀ ਧੜੇਬੰਦੀ ਨਾਲ ਪਾਰਟੀ ਅੰਦਰਲਾ ਸੰਕਟ ਹੋ ਡੂੰਘਾ ਹੋ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਈ ਪਾਸਿਉਂ ਘਿਰ ਗਏ ਹਨ। ਦੇਖਿਆ ਜਾਵੇ ਤਾਂ ਸੁਖਬੀਰ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਤਾਂ ਪਹਿਲਾਂ ਹਾਸ਼ੀਏ ’ਤੇ ਧੱਕ ਚੁੱਕੇ ਹਨ ਤੇ ਪਾਰਟੀ ਦੀਆਂ ਹਾਰਾਂ ਲਈ ਕਾਰਨਾਂ ਨੂੰ ਘੋਖਣ ਲਈ ਬਣੀ ਝੂੰਦਾ ਕਮੇਟੀ ਕੋਲ ਅਕਾਲੀ ਵਰਕਰ ਵੀ ਪਾਰਟੀ ਦੀ ਲੀਡਰਸ਼ਿਪ ਨੂੰ ਬਦਲਣ ਦਾ ਸੁਨੇਹਾ ਦੇ ਚੁੱਕੇ ਹਨ ਤੇ ਹੁਣ ਪਾਰਟੀ ਅੰਦਰਲੀ ਸੀਨੀਅਰ ਲੀਡਰਸਿਪ ਨੇ ਵੀ ਸੁਖਬੀਰ ਬਾਦਲ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ। ਪੰਜਾਬ ਵਿਚ ਵਿਰੋਧੀ ਧਿਰਾਂ ਦੀ ਲੀਡਰਸਿਪ ’ਚ ਪਹਿਲਾਂ ਹੀ ਨੋਟਿਸਹੀਣ ਹੋ ਚੁੱਕੇ ਸੁਖਬੀਰ ਹੁਣ ਅੰਦਰੂਨੀ ਤੌਰ ’ਤੇ ਵੀ ਘਿਰ ਗਏ ਹਨ। ਭਾਵੇਂ ਸੁਖਬੀਰ ਸਿੰਘ ਬਾਦਲ ਵਲੋਂ ਅਪਣੀ ਪ੍ਰਧਾਨਗੀ ਨੂੰ ਸਲਾਮਤ ਰੱਖਣ ਲਈ ਖ਼ੁਦ ਹੀ ਬਣਾਏ ਢਾਂਚੇ ਦੇ ਅਹੁਦੇਦਾਰਾਂ ਪਾਸੋਂ ‘ਲੀਡਰਸ਼ਿਪ ਕਬੂਲ ਹੈ’ ਦਾ ਹਲਫ਼ਨਾਮਾ ਤਾਂ ਲੈ ਲਿਆ ਹੈ, ਪਰ ਕੀ ਪੰਜਾਬ ਦੇ ਲੋਕ ਸੁਖਬੀਰ ਨੂੰ ਲੀਡਰ ਵਜੋਂ ਮਾਨਤਾ ਦੇਣ ਲਈ ਤਿਆਰ ਹਨ, ਉਸ ਦਾ ਜਵਾਬ ਪੰਜਾਬ ਦੇ ਲੋਕ ਹਾਲ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਦੇ ਚੁੱਕੇ ਹਨ ਜਿਸ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ ਤੇ ਪੰਜਾਬ ਵਿਚ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਸਿਰਫ਼ 13 ਪ੍ਰਤੀਸ਼ਤ ਹੀ ਵੋਟਾਂ ਮਿਲੀਆਂ, ਜਦੋਂ ਕਿ ਹਲਕਾ ਖਡੂਰ ਸਾਹਿਬ ਤੇ ਫ਼ਰੀਦਕੋਟ ਤੋਂ ਬਿਨਾਂ ਕਿਸੇ ਜਥੇਬੰਦਕ ਢਾਂਚੇ ਤੋਂ ਚੋਣ ਮੈਦਾਨ ਵਿਚ ਉਤਰਕੇ ਜੇਤੂ ਰਹੇ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਸਮੇਤ ਪੰਥਕ ਉਮੀਦਵਾਰ 15 ਪ੍ਰਤੀਸ਼ਤ ਵੋਟਾਂ ਲੈ ਗਏ। ਇਸ ਨਾਲ ਹੀ ਜੇਕਰ ਦੇਖੀਏ ਅਕਾਲੀ ਦਲ ਵਿਚ ਉਭਰੇ ਨਵੇਂ ਧੜੇ ’ਤੇ ਲੋਕ ਅਜੇ ਭਰੋਸਾ ਨਹੀਂ ਕਰ ਰਹੇ ਤੇ ਲੋਕ ਤੇ ਪੰਥਕ ਸੋਚ ਰੱਖਣ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਇਸ ਲੀਡਰਸਿਪ ਵਿਚ ਮੋਹਰੀ ਦਿਖ ਰਹੇ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ ਤੇ ਹੋਰ ਆਗੂ ਕੁੱਝ ਦਿਨ ਪਹਿਲਾਂ ਹੀ ਸੁਖਬੀਰ ਦੇ ਪੈਰ ਵਿਚ ਪੈਰ ਧਰ ਰਹੇ ਸੀ। ਇਹ ਜ਼ਰੂਰ ਹੈ ਜੇ ਇਹ ਧੜੇ ਨੇ ਅੱਗੇ ਵਧਣਾ ਹੈ ਤਾਂ ਪੰਥਕ ਮੁੱਦਿਆਂ, ਲੋਕ ਮੁੱਦਿਆਂ ਤੇ ਪੰਜਾਬ ਨਾਲ ਜੁੜੀਆਂ ਮੰਗਾਂ ’ਤੇ ਪਹਿਰੇਦਾਰੀ ਕਰਨੀ ਪਵੇਗੀ ਤੇ ਇਸ ਪਿੱਛੇ ਦਿਖ ਰਹੀ ਨੈਸ਼ਨਲ ਧਿਰ ਨੂੰ ਵੀ ਪਾਸੇ ਹਟਾਉਣਾ ਪਵੇਗਾ। ਕੀ ਇਹ ਸੰਭਵ ਹੋ ਸਕੇਗਾ ਇਹ ਸਮਾਂ ਦਸੇਗਾ। ਤੀਜੀ ਇਕ ਹੋਰ ਧਿਰ ਦਾ ਜ਼ਿਕਰ ਕਰੀਏ ਤਾਂ ਬਾਦਲ ਦਲ ਤੋਂ ਪਾਸਾ ਵੱਟ ਕੇ ਚੁੱਪ ਬੈਠੇ ਮਾਲਵੇ ਦੇ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਜੇ ਕਿਸੇ ਨਾਲ ਨਹੀਂ ਤੁਰੇ ਤੇ ਉਹ ਵਿਧਾਨ ਸਭਾ ਵਿਚ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵੀ ਹਨ, ਉਹ ਕੋਈ ਨਵਾਂ ਧੜਾ ਖੜਾ ਕਰਨਗੇ ਉਹ ਸਮਾਂ ਦਸੇਗਾ, ਪਰ ਇਹ ਜ਼ਰੂਰ ਹੈ ਕਿ ਉਹ ਸੁਖਬੀਰ ਨਾਲ ਨਾ ਚਲਣ ਬਾਰੇ ਜ਼ਰੂਰ ਸਪੱਸ਼ਟ ਕਰ ਚੁੱਕੇ ਹਨ । ਇਸ ਨਾਲ ਅੰਮ੍ਰਿਤਪਾਲ ਸਿੰਘ ਜੇਲ ਵਿਚੋਂ ਬਾਹਰ ਆ ਕੇ ਕੀ ਪੈਂਤਰਾ ਅਪਣਾਉਂਦੇ ਨੇ ਜਾਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਕੀ ਫ਼ੈਸਲਾ ਲੈਂਦੇ ਹਨ, ਉਹ ਸਮਾਂ ਦਸੇਗਾ । ਅਜਿਹੇ ਹਾਲਾਤ ਵਿਚ ਅਕਾਲੀ ਦਲ ਜਾਂ ਸੁਖਬੀਰ ਦੀ ਗੱਲ ਕਰੀਏ ਤਾਂ ਉਹ ਆਪਣਿਆਂ ਤੇ ਬੇਗਾਨਿਆਂ ਵਿਚ ਬੁਰੀ ਤਰ੍ਹਾਂ ਘਿਰ ਗਏ ਹਨ ਤੇ ਜਿਨ੍ਹਾਂ ਮੁੱਦਿਆਂ ’ਤੇ ਉਹ ਘਿਰੇ ਨਜ਼ਰ ਆ ਰਹੇ ਹਨ, ਉਹ ਅਪਣੀਆਂ ਗ਼ਲਤੀਆਂ ਜਾਂ ਅਣਗਹਿਲੀਆਂ ਜਾਂ ਸੱਤਾ ਦੇ ਨਸ਼ੇ ਵਿਚ ਚੁੱਕੇ ਕਦਮ ਹਨ, ਜਿਨ੍ਹਾਂ ਵਿਚੋਂ ਉਭਰਨਾ ਵੀ ਮੁਸ਼ਕਲ ਲੱਗ ਰਿਹਾ।

ਲੜ ਰਹੇ ਦੋਹਾਂ ਅਕਾਲੀ ਧੜਿਆਂ ’ਚੋਂ ਕਿਸ ਤੇ ਕਰੀਏ ਵਿਸ਼ਵਾਸ ? Read More »

ਪੰਜਾਬ ਤੇ ਹਰਿਆਣਾ ਵਿੱਚ ਪ੍ਰੀ-ਮੌਨਸੂਨ ਦੀ ਦਸਤਕ

ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਪ੍ਰੀ-ਮੌਨਸੂਨ ਨੇ ਪੰਜਾਬ ਤੇ ਹਰਿਆਣਾ ਵਿੱਚ ਦਸਤਕ ਦੇ ਦਿੱਤੀ ਹੈ, ਜਿਸ ਸਦਕਾ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ ਹੈ। ਪੰਜਾਬ ਦੇ ਹਾਲਾਂਕਿ ਸਿਰਫ਼ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਹੀ ਹਲਕਾ ਮੀਂਹ ਪਿਆ ਹੈ, ਜਦਕਿ ਸੂਬੇ ਦੇ ਹੋਰ ਸ਼ਹਿਰਾਂ ਵਿੱਚ ਗਰਮੀ ਜਾਰੀ ਰਹੀ। ਹਰਿਆਣਾ ਦੇ ਅੱਧੀ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਮੀਂਹ ਪੈਣ ਕਾਰਨ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਗਿਆਨੀਆਂ ਨੇ 28-29 ਜੂਨ ਨੂੰ ਪੰਜਾਬ ਵਿੱਚ ਮੌਨਸੂਨ ਦੀ ਆਮਦ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 27 ਜੂਨ ਨੂੰ ਕਈ ਥਾਵਾਂ ’ਤੇ ਹਲਕਾ ਅਤੇ 28, 29 ਤੇ 30 ਜੂਨ ਨੂੰ ਭਾਰੀ ਮੀਂਹ ਪੈ ਸਕਦਾ ਹੈ। ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਟਿਆਲਾ ਸ਼ਹਿਰ ਵਿੱਚ ਸਵੇਰ ਸਮੇਂ ਹੁੰਮਸ ਭਰੀ ਗਰਮੀ ਤੋਂ ਬਾਅਦ ਕਈ ਥਾਵਾਂ ’ਤੇ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਪਟਿਆਲਾ ਵਿੱਚ ਕੁਝ ਸਮੇਂ ਅੰਦਰ ਹੀ 3 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਮੀਂਹ ਪੈਣ ਕਰਕੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਵੀ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 1.3 ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 30.2 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 3.5 ਡਿਗਰੀ ਸੈਲਸੀਅਸ ਵੱਧ ਸੀ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਅੱਜ ਸਵੇਰ ਸਮੇਂ ਕਿਣ-ਮਿਣ ਹੋਈ ਅਤੇ ਦਿਨ ਭਰ ਬੱਦਲਵਾਈ ਰਹੀ। ਹਰਿਆਣਾ ਦੇ ਜੀਂਦ ਵਿੱਚ ਅੱਜ ਤੜਕੇ ਮੀਂਹ ਪੈਣਾ ਸ਼ੁਰੂ ਹੋਇਆ ਤੇ ਇੱਥੇ 63.5 ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰਿਵਾੜੀ ਵਿੱਚ 34.5 ਐੱਮਐੱਮ, ਭਿਵਾਨੀ ਵਿੱਚ 14 ਐੱਮਐੱਮ, ਗੁਰੂਗ੍ਰਾਮ ਵਿੱਚ 7.5 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਅੰਬਾਲਾ, ਕਰਨਾਲ, ਪਾਣੀਪਤ ਤੇ ਹੋਰ ਕਈ ਸ਼ਹਿਰਾਂ ’ਚ ਟੁੱਟਵੀਂ ਕਿਣ-ਮਿਣ ਹੋਈ ਹੈ। ਪੰਜਾਬ ਵਿੱਚ ਮੀਂਹ ਪੈਣ ਕਰਕੇ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਨੇ ਵੀ ਸੁੱਖ ਸਾਹ ਲਿਆ ਹੈ। ਮੀਂਹ ਪੈਣ ਮਗਰੋਂ ਸੂਬੇ ਵਿੱਚ ਝੋਨੇ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ। ਪੰਜਾਬ ਵਿੱਚ ਅੱਜ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ ਹੈ। ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਬਠਿੰਡਾ ਵਿੱਚ 40.4 ਡਿਗਰੀ, ਗੁਰਦਾਸਪੁਰ ਵਿੱਚ 40, ਫਿਰੋਜ਼ਪੁਰ ’ਚ 40.4, ਲੁਧਿਆਣਾ ਵਿੱਚ 39, ਪਟਿਆਲਾ ਵਿੱਚ 35.2, ਨਵਾਂ ਸ਼ਹਿਰ ਵਿੱਚ 36.4, ਬਰਨਾਲਾ ਵਿੱਚ 36.5, ਜਲੰਧਰ ਵਿੱਚ 39.2, ਮੁਹਾਲੀ ਵਿੱਚ 36.2, ਪਠਾਨਕੋਟ ਵਿੱਚ 38.6, ਰੋਪੜ ਵਿੱਚ 39.3 ਅਤੇ ਸੰਗਰੂਰ ਵਿੱਚ 37.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਤੇ ਹਰਿਆਣਾ ਵਿੱਚ ਪ੍ਰੀ-ਮੌਨਸੂਨ ਦੀ ਦਸਤਕ Read More »