ਲੜ ਰਹੇ ਦੋਹਾਂ ਅਕਾਲੀ ਧੜਿਆਂ ’ਚੋਂ ਕਿਸ ਤੇ ਕਰੀਏ ਵਿਸ਼ਵਾਸ ?

ਸ਼੍ਰੋਮਣੀ ਅਕਾਲੀ ਦਲ ਵਿਚ ਉਭਰੀ ਧੜੇਬੰਦੀ ਨਾਲ ਪਾਰਟੀ ਅੰਦਰਲਾ ਸੰਕਟ ਹੋ ਡੂੰਘਾ ਹੋ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਈ ਪਾਸਿਉਂ ਘਿਰ ਗਏ ਹਨ। ਦੇਖਿਆ ਜਾਵੇ ਤਾਂ ਸੁਖਬੀਰ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਤਾਂ ਪਹਿਲਾਂ ਹਾਸ਼ੀਏ ’ਤੇ ਧੱਕ ਚੁੱਕੇ ਹਨ ਤੇ ਪਾਰਟੀ ਦੀਆਂ ਹਾਰਾਂ ਲਈ ਕਾਰਨਾਂ ਨੂੰ ਘੋਖਣ ਲਈ ਬਣੀ ਝੂੰਦਾ ਕਮੇਟੀ ਕੋਲ ਅਕਾਲੀ ਵਰਕਰ ਵੀ ਪਾਰਟੀ ਦੀ ਲੀਡਰਸ਼ਿਪ ਨੂੰ ਬਦਲਣ ਦਾ ਸੁਨੇਹਾ ਦੇ ਚੁੱਕੇ ਹਨ ਤੇ ਹੁਣ ਪਾਰਟੀ ਅੰਦਰਲੀ ਸੀਨੀਅਰ ਲੀਡਰਸਿਪ ਨੇ ਵੀ ਸੁਖਬੀਰ ਬਾਦਲ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ।

ਪੰਜਾਬ ਵਿਚ ਵਿਰੋਧੀ ਧਿਰਾਂ ਦੀ ਲੀਡਰਸਿਪ ’ਚ ਪਹਿਲਾਂ ਹੀ ਨੋਟਿਸਹੀਣ ਹੋ ਚੁੱਕੇ ਸੁਖਬੀਰ ਹੁਣ ਅੰਦਰੂਨੀ ਤੌਰ ’ਤੇ ਵੀ ਘਿਰ ਗਏ ਹਨ। ਭਾਵੇਂ ਸੁਖਬੀਰ ਸਿੰਘ ਬਾਦਲ ਵਲੋਂ ਅਪਣੀ ਪ੍ਰਧਾਨਗੀ ਨੂੰ ਸਲਾਮਤ ਰੱਖਣ ਲਈ ਖ਼ੁਦ ਹੀ ਬਣਾਏ ਢਾਂਚੇ ਦੇ ਅਹੁਦੇਦਾਰਾਂ ਪਾਸੋਂ ‘ਲੀਡਰਸ਼ਿਪ ਕਬੂਲ ਹੈ’ ਦਾ ਹਲਫ਼ਨਾਮਾ ਤਾਂ ਲੈ ਲਿਆ ਹੈ, ਪਰ ਕੀ ਪੰਜਾਬ ਦੇ ਲੋਕ ਸੁਖਬੀਰ ਨੂੰ ਲੀਡਰ ਵਜੋਂ ਮਾਨਤਾ ਦੇਣ ਲਈ ਤਿਆਰ ਹਨ, ਉਸ ਦਾ ਜਵਾਬ ਪੰਜਾਬ ਦੇ ਲੋਕ ਹਾਲ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਦੇ ਚੁੱਕੇ ਹਨ ਜਿਸ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ ਤੇ ਪੰਜਾਬ ਵਿਚ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਸਿਰਫ਼ 13 ਪ੍ਰਤੀਸ਼ਤ ਹੀ ਵੋਟਾਂ ਮਿਲੀਆਂ, ਜਦੋਂ ਕਿ ਹਲਕਾ ਖਡੂਰ ਸਾਹਿਬ ਤੇ ਫ਼ਰੀਦਕੋਟ ਤੋਂ ਬਿਨਾਂ ਕਿਸੇ ਜਥੇਬੰਦਕ ਢਾਂਚੇ ਤੋਂ ਚੋਣ ਮੈਦਾਨ ਵਿਚ ਉਤਰਕੇ ਜੇਤੂ ਰਹੇ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਸਮੇਤ ਪੰਥਕ ਉਮੀਦਵਾਰ 15 ਪ੍ਰਤੀਸ਼ਤ ਵੋਟਾਂ ਲੈ ਗਏ।

ਇਸ ਨਾਲ ਹੀ ਜੇਕਰ ਦੇਖੀਏ ਅਕਾਲੀ ਦਲ ਵਿਚ ਉਭਰੇ ਨਵੇਂ ਧੜੇ ’ਤੇ ਲੋਕ ਅਜੇ ਭਰੋਸਾ ਨਹੀਂ ਕਰ ਰਹੇ ਤੇ ਲੋਕ ਤੇ ਪੰਥਕ ਸੋਚ ਰੱਖਣ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਇਸ ਲੀਡਰਸਿਪ ਵਿਚ ਮੋਹਰੀ ਦਿਖ ਰਹੇ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ ਤੇ ਹੋਰ ਆਗੂ ਕੁੱਝ ਦਿਨ ਪਹਿਲਾਂ ਹੀ ਸੁਖਬੀਰ ਦੇ ਪੈਰ ਵਿਚ ਪੈਰ ਧਰ ਰਹੇ ਸੀ। ਇਹ ਜ਼ਰੂਰ ਹੈ ਜੇ ਇਹ ਧੜੇ ਨੇ ਅੱਗੇ ਵਧਣਾ ਹੈ ਤਾਂ ਪੰਥਕ ਮੁੱਦਿਆਂ, ਲੋਕ ਮੁੱਦਿਆਂ ਤੇ ਪੰਜਾਬ ਨਾਲ ਜੁੜੀਆਂ ਮੰਗਾਂ ’ਤੇ ਪਹਿਰੇਦਾਰੀ ਕਰਨੀ ਪਵੇਗੀ ਤੇ ਇਸ ਪਿੱਛੇ ਦਿਖ ਰਹੀ ਨੈਸ਼ਨਲ ਧਿਰ ਨੂੰ ਵੀ ਪਾਸੇ ਹਟਾਉਣਾ ਪਵੇਗਾ। ਕੀ ਇਹ ਸੰਭਵ ਹੋ ਸਕੇਗਾ ਇਹ ਸਮਾਂ ਦਸੇਗਾ।
ਤੀਜੀ ਇਕ ਹੋਰ ਧਿਰ ਦਾ ਜ਼ਿਕਰ ਕਰੀਏ ਤਾਂ ਬਾਦਲ ਦਲ ਤੋਂ ਪਾਸਾ ਵੱਟ ਕੇ ਚੁੱਪ

ਬੈਠੇ ਮਾਲਵੇ ਦੇ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਜੇ ਕਿਸੇ ਨਾਲ ਨਹੀਂ ਤੁਰੇ ਤੇ ਉਹ ਵਿਧਾਨ ਸਭਾ ਵਿਚ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵੀ ਹਨ, ਉਹ ਕੋਈ ਨਵਾਂ ਧੜਾ ਖੜਾ ਕਰਨਗੇ ਉਹ ਸਮਾਂ ਦਸੇਗਾ, ਪਰ ਇਹ ਜ਼ਰੂਰ ਹੈ ਕਿ ਉਹ ਸੁਖਬੀਰ ਨਾਲ ਨਾ ਚਲਣ ਬਾਰੇ ਜ਼ਰੂਰ ਸਪੱਸ਼ਟ ਕਰ ਚੁੱਕੇ ਹਨ । ਇਸ ਨਾਲ ਅੰਮ੍ਰਿਤਪਾਲ ਸਿੰਘ ਜੇਲ ਵਿਚੋਂ ਬਾਹਰ ਆ ਕੇ ਕੀ ਪੈਂਤਰਾ ਅਪਣਾਉਂਦੇ ਨੇ ਜਾਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਕੀ ਫ਼ੈਸਲਾ ਲੈਂਦੇ ਹਨ, ਉਹ ਸਮਾਂ ਦਸੇਗਾ । ਅਜਿਹੇ ਹਾਲਾਤ ਵਿਚ ਅਕਾਲੀ ਦਲ ਜਾਂ ਸੁਖਬੀਰ ਦੀ ਗੱਲ ਕਰੀਏ ਤਾਂ ਉਹ ਆਪਣਿਆਂ ਤੇ ਬੇਗਾਨਿਆਂ ਵਿਚ ਬੁਰੀ ਤਰ੍ਹਾਂ ਘਿਰ ਗਏ ਹਨ ਤੇ ਜਿਨ੍ਹਾਂ ਮੁੱਦਿਆਂ ’ਤੇ ਉਹ ਘਿਰੇ ਨਜ਼ਰ ਆ ਰਹੇ ਹਨ, ਉਹ ਅਪਣੀਆਂ ਗ਼ਲਤੀਆਂ ਜਾਂ ਅਣਗਹਿਲੀਆਂ ਜਾਂ ਸੱਤਾ ਦੇ ਨਸ਼ੇ ਵਿਚ ਚੁੱਕੇ ਕਦਮ ਹਨ, ਜਿਨ੍ਹਾਂ ਵਿਚੋਂ ਉਭਰਨਾ ਵੀ ਮੁਸ਼ਕਲ ਲੱਗ ਰਿਹਾ।

ਸਾਂਝਾ ਕਰੋ