ਜੈਸ਼ੰਕਰ ਵੱਲੋਂ ਮਿਆਂਮਾਰ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਮਿਆਂਮਾਰ ਦੇ ਹਮਰੁਤਬਾ ਯੂ ਥਾਨ ਸ਼ਵੇ ਨਾਲ ਮੁਲਾਕਾਤ ਦੌਰਾਨ ਗੁਆਂਢੀ ਮੁਲਕ ’ਚ ਹਿੰਸਾ ਤੇ ਅਸਥਿਰਤਾ ਦਾ ਅਸਰ ਭਾਰਤੀ ਸਰਹੱਦ ’ਤੇ ਪੈਣ ਦੇ ਸਬੰਧ ਵਿੱਚ ਭਾਰਤ ਦੀ ਚਿੰਤਾ ਸਾਂਝੀ ਕੀਤੀ ਅਤੇ ਮਯਾਵਾੜੀ ਸ਼ਹਿਰ ’ਚ ਫਸੇ ਭਾਰਤੀਆਂ ਜਲਦੀ ਤੋਂ ਜਲਦੀ ਵਾਪਸੀ ਵਿੱਚ ਸਹਿਯੋਗ ਦੀ ਮੰਗ ਕੀਤੀ।ਜੈਸ਼ੰਕਰ ਨੇ ਥਾਨ ਸ਼ਵੇ ਨਾਲ ਨਵੀਂ ਦਿੱਲੀ ’ਚ ਮੁਲਾਕਾਤ ਕੀਤੀ ਜੋ ਆਪਣੀ ਇੱਕ ਯਾਤਰਾ ਦੌਰਾਨ ਇੱਥੇ ਰੁਕੇ ਸਨ। ਉਹ ਮਿਆਂਮਾਰ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਾਰੀ ਪੋਸਟ ਵਿੱਚ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਮਿਆਂਮਾਰ ’ਚ ਭਾਰਤ ਦੇ ਚੱਲ ਰਹੇ ਪ੍ਰਾਜੈਕਟਾਂ ਦੀ ‘ਭਰੋਸੇਯੋਗ ਸੁਰੱਖਿਆ’ ਲਈ ਜ਼ੋਰ ਦਿੱਤਾ ਅਤੇ ਗੁਆਂਢੀ ਮੁਲਕ ਨੂੰ ਜਲਦੀ ਤੋਂ ਜਲਦੀ ਜਮਹੂਰੀ ਰਾਹ ’ਤੇ ਪਰਤ ਆਉਣ ਦੀ ਅਪੀਲ ਕੀਤੀ। ਜੈਸ਼ੰਕਰ ਨੇ ਗੁਆਂਢੀ ਮੁਲਕ ’ਚ ਜਾਰੀ ਹਿੰਸਾ ਤੇ ਅਸਥਿਰਤਾ ਦਾ ਭਾਰਤ-ਮਿਆਂਮਾਰ ਸਰਹੱਦ ’ਤੇ ਵਿਸ਼ੇਸ਼ ਤੌਰ ’ਤੇ ਪੈ ਰਹੇ ਅਸਰ ਦੀ ਵੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਮਿਆਂਮਾਰ ਦੇ ਕਈ ਹਿੱਸਿਆਂ ’ਚ ਫੌਜੀ ਜੁੰਟਾ ਤੇ ਬਾਗੀ ਬਲਾਂ ਵਿਚਾਲੇ ਲੜਾਈ ਚੱਲ ਰਹੀ ਹੈ। ਬਾਗੀ ਬਲਾਂ ਨੇ ਪਹਿਲਾਂ ਹੀ ਕਈ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਹੈ।

ਸਾਂਝਾ ਕਰੋ