May 23, 2024

ਚੋਣ ਕਮਿਸ਼ਨ ਨੇ ਚਰਨਜੀਤ ਸਿੰਘ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਦਿੱਤੀ ਚਿਤਾਵਨੀ

ਚੋਣ ਕਮਿਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਚੋਣਾਂ 2024 ਲਈ ਜਲੰਧਰ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ 5 ਮਈ, 2024 ਨੂੰ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਚੰਨੀ ਨੇ ਟਿੱਪਣੀ ਕੀਤੀ ਸੀ ਕਿ ਪੁੰਛ ਵਿੱਚ 4 ਮਈ ਨੂੰ ਭਾਰਤੀ ਹਥਿਆਰਬੰਦ ਬਲਾਂ ਦੇ ਕਾਫ਼ਲੇ ‘ਤੇ ਹੋਇਆ ਦਹਿਸ਼ਤੀ ਹਮਲਾ ਇੱਕ ਸੋਚਿਆ-ਸਮਝਿਆ ‘ਸਟੰਟ’ ਸੀ। ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਚੰਨੀ ਨੂੰ ਜਲੰਧਰ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਇਸ ਟਿੱਪਣੀ ਸਬੰਧੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਚੋਣ ਕਮਿਸ਼ਨ ਨੇ ਚੰਨੀ ਵੱਲੋਂ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੇ ਮੈਨੂਅਲ ਦੇ ਅਨੁਬੰਧ-1 ਦੀ ਧਾਰਾ 2 (ਜਨਰਲ ਕੰਡਕਟ) ਦੀ ਉਲੰਘਣਾ ਮੰਨਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਰੋਧੀ ਪਾਰਟੀਆਂ ਦੀ ਆਲੋਚਨਾ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ, ਇਸਦੇ ਪਿਛਲੇ ਰਿਕਾਰਡ ਅਤੇ ਕੰਮਾਂ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ। ਪਾਰਟੀਆਂ ਅਤੇ ਉਮੀਦਵਾਰਾਂ ਨੂੰ ਨਿੱਜੀ ਜੀਵਨ ਨਾਲ ਜੁੜੇ ਪਹਿਲੂਆਂ, ਜਿਸਦਾ ਵਿਰੋਧੀ ਪਾਰਟੀਆਂ ਦੇ ਆਗੂਆਂ ਜਾਂ ਵਰਕਰਾਂ ਦੀਆਂ ਜਨਤਕ ਗਤੀਵਿਧੀਆਂ ਨਾਲ ਕੋਈ ਸਬੰਧੀ ਨਹੀਂ ਹੈ, ਦੀ ਆਲੋਚਨਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਿਰਆਧਾਰ ਤੇ ਬੇਬੁਨਿਦ ਦੋਸ਼ਾਂ ਜਾਂ ਤੋੜ-ਮਰੋੜ ਕੇ ਪੇਸ਼ ਕੀਤੇ ਬਿਆਨਾਂ ਦੇ ਆਧਾਰ ‘ਤੇ ਵਿਰੋਧੀ ਪਾਰਟੀਆਂ ਜਾਂ ਉਨ੍ਹਾਂ ਦੇ ਵਰਕਰਾਂ ਦੀ ਆਲੋਚਨਾ ਤੋਂ ਗੁਰੇਜ਼ ਕੀਤਾ ਜਾਵੇ। ਵੋਟਰਾਂ ਨੂੰ ਗੁੰਮਰਾਹ ਕਰਨ ਲਈ ਰਾਜਨੀਤਿਕ ਪਾਰਟੀਆਂ ਅਤੇ ਇਨ੍ਹਾਂ ਦੇ ਆਗੂਆਂ ਨੂੰ ਬੇਬੁਨਿਆਦ ਅਤੇ ਝੂਠੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ। ਚੋਣ ਕਮਿਸ਼ਨ ਨੇ ਚੰਨੀ ਨੂੰ ਭਵਿੱਖ ਵਿੱਚ ਅਜਿਹੀਆਂ ਉਲੰਘਣਾਵਾਂ ਤੋਂ ਬਚਣ ਦੀ ਸਲਾਹ ਅਤੇ ਚਿਤਾਵਨੀ ਦਿੰਦਿਆਂ ਚੋਣ ਜ਼ਾਬਤੇ ਦੀ ਸਹੀ ਅਰਥਾਂ ਵਿੱਚ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਚੋਣ ਕਮਿਸ਼ਨ ਨੇ ਚਰਨਜੀਤ ਸਿੰਘ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਦਿੱਤੀ ਚਿਤਾਵਨੀ Read More »

RBI ਦੇ ਐਲਾਨ ਦਾ ਬਾਜ਼ਾਰ ‘ਤੇ ਦਿਖਿਆ ਅਸਰ

ਸਟਾਕ ਮਾਰਕੀਟ ਫਲੈਟ ਵਪਾਰ ਕਰ ਰਿਹਾ ਹੈ। ਕੱਲ੍ਹ ਬਾਜ਼ਾਰ ਵਾਧੇ ਨਾਲ ਬੰਦ ਹੋਇਆ ਸੀ। ਇਸ ਤੋਂ ਇਲਾਵਾ, ਚੋਣ ਮਾਹੌਲ ਵਿਚਕਾਰ ਪਹਿਲੀ ਵਾਰ ਬੀਐਸਈ ਸੂਚੀਬੱਧ ਕੰਪਨੀਆਂ ਦਾ ਐੱਮ-ਕੈਪ 5 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ।ਅੱਜ BSE 74,253.53 ਅੰਕ ‘ਤੇ ਖੁੱਲ੍ਹਿਆ, ਜਿਸ ਤੋਂ ਬਾਅਦ 10.25 ‘ਤੇ ਇਹ 74,600.81 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨਿਫਟੀ ਵੀ 22,614.10 ਅੰਕ ‘ਤੇ ਖੁੱਲ੍ਹਿਆ ਅਤੇ ਬਾਅਦ ‘ਚ 22,705.70 ਅੰਕ ‘ਤੇ ਤੇਜ਼ੀ ਨਾਲ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਅੱਜ ਸੈਂਸੈਕਸ ਫਿਰ 75,000 ਦਾ ਅੰਕੜਾ ਪਾਰ ਕਰ ਗਿਆ। ਇਸ ਦੇ ਨਾਲ ਹੀ ਨਿਫਟੀ ਸਭ ਤੋਂ ਉੱਚੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੇਕਸ ਕੰਪਨੀਆਂ ਵਿੱਚ, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ, ਐਕਸਿਸ ਬੈਂਕ, ਸਟੇਟ ਬੈਂਕ ਆਫ ਇੰਡੀਆ, ਰਿਲਾਇੰਸ ਇੰਡਸਟਰੀਜ਼, ਵਿਪਰੋ, ਟਾਈਟਨ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਹਰੇ ਰੰਗ ਵਿੱਚ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਪਾਵਰ ਗਰਿੱਡ, ਸਨ ਫਾਰਮਾ, ਜੇਐਸਡਬਲਯੂ ਸਟੀਲ ਅਤੇ ਟਾਟਾ ਸਟੀਲ ਦੇ ਸ਼ੇਅਰ ਸਟਾਕ ਹੇਠਾਂ ਵਪਾਰ ਕਰ ਰਿਹਾ ਹੈ। ਏਸ਼ੀਆਈ ਬਾਜ਼ਾਰਾਂ ‘ਚ ਸਿਓਲ ਅਤੇ ਟੋਕੀਓ ਹਰੇ ਰੰਗ ‘ਚ ਕਾਰੋਬਾਰ ਕਰ ਰਹੇ ਸਨ ਜਦਕਿ ਸ਼ੰਘਾਈ ਅਤੇ ਹਾਂਗਕਾਂਗ ‘ਚ ਗਿਰਾਵਟ ਦੇਖਣ ਨੂੰ ਮਿਲੀ। ਵਾਲ ਸਟਰੀਟ ਬੁੱਧਵਾਰ ਨੂੰ ਨਕਾਰਾਤਮਕ ਖੇਤਰ ਵਿੱਚ ਖਤਮ ਹੋਇਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.40 ਫੀਸਦੀ ਡਿੱਗ ਕੇ 81.57 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ। ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 686.04 ਕਰੋੜ ਰੁਪਏ ਦੀਆਂ ਇਕਵਿਟੀਜ਼ ਵੇਚੀਆਂ। ਫਾਰੇਕਸ ਮਾਰਕੀਟ ਵਿੱਚ ਛੁੱਟੀ,ਫੋਰੈਕਸ ਬਾਜ਼ਾਰ 23 ਮਈ 2024 ਨੂੰ ਬੁੱਧ ਪੂਰਨਿਮਾ ਦੇ ਮੌਕੇ ‘ਤੇ ਬੰਦ ਹੈ।

RBI ਦੇ ਐਲਾਨ ਦਾ ਬਾਜ਼ਾਰ ‘ਤੇ ਦਿਖਿਆ ਅਸਰ Read More »

ਐਵੇਂ ਨਹੀਂ ਕਿਹਾ ਜਾਂਦੈ ਇਲਾਇਚੀ ਨੂੰ ਮਸਾਲਿਆਂ ਦੀ ਰਾਣੀ

ਇਲਾਇਚੀ ਰਸੋਈ ਦੇ ਉਨ੍ਹਾਂ ਚੁਣੇ ਹੋਏ ਮਸਾਲਿਆਂ ਵਿੱਚੋਂ ਇੱਕ ਹੈ, ਜੋ ਮਿੱਠੇ ਅਤੇ ਨਮਕੀਨ ਦੋਵਾਂ ਪਕਵਾਨਾਂ ਦਾ ਸੁਆਦ ਵਧਾਉਂਦੀ ਹੈ। ਇਸ ਦੇ ਸਵਾਦ ਦੇ ਨਾਲ-ਨਾਲ ਇਸ ਦੀ ਖੁਸ਼ਬੂ ਵੀ ਕਿਸੇ ਨੂੰ ਆਕਰਸ਼ਿਤ ਕਰਨ ਲਈ ਕਾਫੀ ਹੈ ਤਾਂ ਆਓ ਜਾਣਦੇ ਹਾਂ ਇਲਾਇਚੀ ਦੇ ਕੁਝ ਜ਼ਬਰਦਸਤ ਸਿਹਤ ਲਾਭ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਅੱਜ ਹੀ ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਲਓਗੇ। ਇਲਾਇਚੀ ਵਿੱਚ ਵਿਟਾਮਿਨ, ਖਣਿਜ, ਐਂਟੀ-ਇੰਫਲੇਮੇਟਰੀ, ਐਂਟੀਆਕਸੀਡੈਂਟ ਅਤੇ ਐਂਟੀਮਾਈਕ੍ਰੋਬਾਇਲ ਗੁਣ ਪਾਏ ਜਾਂਦੇ ਹਨ। ਜੋ ਸਿਹਤ ਦੇ ਨਜ਼ਰੀਏ ਤੋਂ ਬਹੁਤ ਫਾਇਦੇਮੰਦ ਹੈ। ਇਲਾਇਚੀ ਕਈ ਬਿਮਾਰੀਆਂ ਨੂੰ ਰੋਕਣ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਵੀ ਮਦਦਗਾਰ ਸਾਬਤ ਹੁੰਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਲਾਇਚੀ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਸੁਧਾਰਦੀ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਲਾਇਚੀ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਦਿਲ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਸਾਹ ਦੀ ਬਦਬੂ ਨੂੰ ਰੋਕਣ ਲਈ ਇਲਾਇਚੀ ਚਬਾਉਣ ਦਾ ਰਿਵਾਜ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਇਸ ਦੀ ਵਰਤੋਂ ਸਾਹ ਨੂੰ ਤਰੋਤਾਜ਼ਾ ਕਰਦੀ ਹੈ। ਇਲਾਇਚੀ ਵਿੱਚ ਸਿਨੇਓਲ ਨਾਂ ਦਾ ਤੇਲ ਹੁੰਦਾ ਹੈ, ਜੋ ਸਾਹ ਦੀ ਬਦਬੂ, ਕੈਵਿਟੀਜ਼ ਅਤੇ ਮਸੂੜਿਆਂ ਦੀ ਬਿਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਲਾਇਚੀ ਚਬਾਉਣ ਨਾਲ ਕੈਵਿਟੀ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ ਲਈ ਮੂੰਹ ਦੀ ਸਿਹਤ ਨੂੰ ਬਣਾਈ ਰੱਖਣ ਲਈ ਇਲਾਇਚੀ ਇੱਕ ਬਿਹਤਰ ਆਪਸ਼ਨ ਹੈ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਇਲਾਇਚੀ ਜਿਗਰ ਦੇ ਤਣਾਅ ਨੂੰ ਘਟਾ ਸਕਦੀ ਹੈ ਅਤੇ ਉੱਚ ਚਰਬੀ ਵਾਲੀ ਖੁਰਾਕ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਲੀਵਰ ਦੀ ਦੇਖਭਾਲ ਲਈ, ਤੁਹਾਨੂੰ ਇਲਾਇਚੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਇਲਾਇਚੀ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਨੂੰ ਰੋਕਣ ‘ਚ ਵੀ ਮਦਦ ਕਰ ਸਕਦੀ ਹੈ। Disclaimer: : ਲੇਖ ਵਿੱਚ ਦਰਸਾਈ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

ਐਵੇਂ ਨਹੀਂ ਕਿਹਾ ਜਾਂਦੈ ਇਲਾਇਚੀ ਨੂੰ ਮਸਾਲਿਆਂ ਦੀ ਰਾਣੀ Read More »

ਕੰਗਨਾ ਦੀ ਰੈਲੀ ਵਿੱਚ ਰੁਕਾਵਟ ਪਾਉਣ ਦੇ ਮਾਮਲੇ ’ਚ ਕੇਸ ਦਰਜ

ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਵਿੱਚ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਦੀ ਰੈਲੀ ਵਿੱਚ ਕਥਿਤ ਤੌਰ ’ਤੇ ਰੁਕਾਵਟ ਪਾਉਣ ਦੇ ਦੋਸ਼ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਦੀ ਸ਼ਿਕਾਇਤ ’ਤੇ ਕਾਜ਼ਾ ਪੁਲੀਸ ਸਟੇਸ਼ਨ ’ਚ ਧਾਰਾ 341 ਅਤੇ 323 ਤਹਿਤ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਇਸ ਘਟਨਾ ਦੇ ਸਬੰਧ ਵਿੱਚ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਬੀਜੇਪੀ ਨੇ ਦੋਸ਼ ਲਾਇਆ ਕਿ ਸੋਮਵਾਰ ਨੂੰ ਕਾਜ਼ਾ ਵਿੱਚ ਰਣੌਤ ਦੀ ਰੈਲੀ ਵਿੱਚ ਵਿਘਨ ਪਾਇਆ ਗਿਆ ਅਤੇ ਕਾਂਗਰਸੀ ਵਰਕਰਾਂ ਅਤੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ। ਭਾਜਪਾ ਨੇ ਮੁੱਖ ਚੋਣ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਕੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਸੀ। ਪਾਰਟੀ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਉਸ ਦਾ ਇੱਕ ਵਰਕਰ ਜ਼ਖ਼ਮੀ ਹੋ ਗਿਆ ਸੀ।

ਕੰਗਨਾ ਦੀ ਰੈਲੀ ਵਿੱਚ ਰੁਕਾਵਟ ਪਾਉਣ ਦੇ ਮਾਮਲੇ ’ਚ ਕੇਸ ਦਰਜ Read More »

ਧੁਖਦੇ ਬਿਰਖ਼ਾਂ ਦੀ ਛਾਂ/ਜਗਵਿੰਦਰ ਜੋਧਾ

ਕਿਸੇ ਜ਼ਮਾਨੇ ਵਿਚ ਪੰਜਾਬ ਵਿਚ ਕਣਕ ਦੇ ਖਾਲੀ ਹੋਏ ਵੱਢਾਂ ਵਿਚ ਵਾਵਰੋਲੇ ਹਵਾਂਕਦੇ ਫਿਰਦੇ ਸਨ। ਅੱਜ ਕੱਲ੍ਹ ਸਵਾਹ ਦੇ ਪੈੜ-ਚਿੰਨ੍ਹ ਦਿਸਦੇ ਹਨ। ਤਿਰਕਾਲਾਂ ਵੇਲੇ ਖੇਤ ਵਿਚ ਖਲੋ ਕੇ ਦੂਰ ਦੇਖੋ ਤਾਂ ਕਿਤੇ ਨਾ ਕਿਤੇ ਅੱਗ ਦੀ ਅਗਾਂਹ ਵਧਦੀ ਲਹਿਰ ਦਿਸ ਪੈਂਦੀ ਹੈ। ਹੈਰਾਨੀ ਇਹ ਕਿ ਇਸ ਰੁੱਤੇ ਅੱਗ ਦੀ ਗੱਲ ਕੋਈ ਨਹੀਂ ਕਰਦਾ, ਨਾ ਧੂੰਏਂ ਨਾਲ ਹੋਣ ਵਾਲੇ ਨੁਕਸਾਨ ਗਿਣਾਉਂਦਾ। ਝੋਨੇ ਦੀ ਪਰਾਲੀ ਨੂੰ ਲੱਗਣ ਵਾਲੀ ਅੱਗ ਦਾ ਧੂੰਆਂ ਦਿੱਲੀ ਜਾ ਵੜਦਾ ਪਰ ਕਣਕ ਦੇ ਨਾੜ ਨੂੰ ਲੱਗੀ ਅੱਗ ਖੌਰੇ ਪੰਜਾਬ ਦੀ ਜੂਹ ਨਹੀਂ ਟੱਪਦੀ। ਜਦੋਂ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਕਾਰਨ ਕਿਸੇ ਕੋਲੋਂ ਪੁੱਛੋ ਤਾਂ ਸਭ ਤੋਂ ਵੱਡਾ ਬਹਾਨਾ ਇਹੀ ਹੁੰਦਾ- “ਇਸ ਪਰਾਲੀ ਨੂੰ ਕੀ ਕਰੀਏ? ਇਹਨੂੰ ਤਾਂ ਡੰਗਰ ਵੀ ਨਹੀਂ ਖਾਂਦੇ। ਨਾਲੇ ਆਪਾਂ ਅਗਲੀ ਫਸਲ ਵੀ ਤਾਂ ਬੀਜਣੀ ਹੋਈ। ਪਰਾਲੀ ਸੰਭਾਲਣ ’ਤੇ ਦਸ ਦਿਨ ਲਾ ਦਿੱਤੇ ਤਾਂ ਕਣਕ ਪਛੇਤੀ ਨਾ ਹੋ ਜਾਊ? ਕਣਕ ਦੇ ਨਾੜ ਤੋਂ ਤਾਂ ਤੂੜੀ ਵੀ ਬਣਾ ਲਈ, ਅਗਲੀ ਫਸਲ ਬੀਜਣ ਦੀ ਕਾਹਲ ਵੀ ਕੋਈ ਨਹੀਂ। ਨਾੜ ਦੀ ਮਿਕਦਾਰ ਖੇਤ ਵਿਚ ਇੰਨੀ ਹੈ ਵੀ ਨਹੀਂ ਕਿ ਹਲਾਂ ਮੂਹਰੇ ਫਸ ਜਾਵੇ। ਸਾਡੇ ਕੋਲ ਮਸ਼ੀਨਰੀ ਵੀ ਬਥੇਰੀ ਹੈ ਪਰ ਅੱਗ ਪਤਾ ਨਹੀਂ ਕਿਸ ਸ਼ੌਕ ਨੂੰ ਲਾ ਰਹੇ ਹਾਂ। ਕੀ ਚੀਜ਼ਾਂ ਨੂੰ ਸਾੜ ਕੇ ਸਵਾਹ ਕਰ ਦੇਣ ਪਿੱਛੇ ਕੋਈ ਗੁੱਸਾ ਤਾਂ ਨਹੀਂ ਜੋ ਖੇਤਾਂ ’ਤੇ ਨਿਕਲ ਜਾਂਦਾ ਹੈ? ਇਸ ਰੁੱਤੇ ਅੱਗ ਬਾਰੇ ਬੜੀਆਂ ਕਹਾਵਤਾਂ ਬਣੀਆਂ। ਕਹਿੰਦੇ ਅੱਗ ਅੱਜ ਕੱਲ੍ਹ ਪੇਕੀਂ ਆਈ ਹੁੰਦੀ। ਪੇਕੀਂ ਆਈ ਕੁੜੀ ਵਾਂਗ ਅੱਗ ਦੀ ਤਾਬ ਨਹੀਂ ਝੱਲੀ ਜਾਂਦੀ। ਬਰਸਾਤ ਰੁੱਤੇ ਉਹ ਸਹੁਰੇ ਚਲੀ ਜਾਵੇਗੀ ਤੇ ਸਿਆਲ ਆਉਂਦੇ ਆਉਂਦੇ ਸਹੁਰਿਆਂ ਦੇ ਕੰਮਾਂ ’ਚ ਮਧੋਲੀ ਔਰਤ ਵਾਂਗ ਉਸ ਵਿਚ ਤਾਪ ਤੇ ਤੇਜ ਘਟ ਜਾਵੇਗਾ। ਪੇਕੀਂ ਆਈ ਅੱਗ ਨੂੰ ਖੇਤਾਂ ਵਿਚ ਤੂੜੀ ਬਣਾਉਣ ਤੋਂ ਬਾਅਦ ਬਚੇ ਮਾਮੂਲੀ ਨਾੜ ਨੂੰ ਸਾੜਨ ਦੇ ਕੰਮ ਭੇਜਿਆ ਜਾ ਰਿਹਾ। ਅੱਗ ਨੇ ਆਪਣਾ ਤਪ ਤੇ ਤੇਜ ਜ਼ਾਹਿਰ ਕਰਨਾ ਹੋਇਆ। ਲਿਹਾਜ਼ਾ ਉਹ ਹੁਣੇ ਲੰਘੀ ਪੱਤਝੜ ਰੁੱਤ ਦੇ ਝੜੇ ਪੱਤਿਆਂ ਨੂੰ ਆਪਣਾ ਖਾਜਾ ਬਣਾਉਂਦੀ ਹੈ, ਬਾਹਰ ਰੁੱਤੇ ਆਂਡੇ ਦੇਣ ਵਾਲੇ ਪੰਛੀਆਂ ਦੀਆਂ ਨਸਲਾਂ ਫੂਕੀ ਤੁਰੀ ਜਾਂਦੀ ਹੈ ਤੇ ਸੜਕਾਂ ਤੇ ਪਹੀਆਂ ਕੰਢੇ ਖਲੋਤੇ ਬੁੱਢੜੇ ਰੁੱਖਾਂ ਨੂੰ ਸਾੜ ਸੁੱਟਦੀ ਹੈ। ਇੰਨਾ ਕਰ ਕੇ ਵੀ ਅੱਗ ਨੂੰ ਸਬਰ ਕਿੱਥੇ! ਉਹ ਹਰੇ ਰੁੱਖਾਂ ਦੇ ਪੱਤੇ ਲੂਹ ਸੁੱਟਦੀ ਹੈ। ਹਰ ਪਾਸੇ ਤਾਂਬਈ ਰੰਗਤ ਬਿਖੇਰ ਕੇ ਅੱਗ ਅੱਧੀ ਰਾਤ ਤੋਂ ਕਿਤੇ ਬਾਅਦ ਟਿਕਾ ’ਚ ਆਉਂਦੀ ਹੋਣੀ। ਮੈਨੂੰ ਆਪਣੇ ਬਾਪ ਤੋਂ ਅਕਸਰ ਸੁਣੀ ਕਹਾਣੀ ਯਾਦ ਆਈ ਹੈ। ਪੁਰਾਣੇ ਸਮਿਆਂ ਵਿੱਚ ਖੇਤੀ ਵਿਚ ਹੱਡ ਭੰਨਵੀਂ ਮੁਸ਼ੱਕਤ ਅਤੇ ਘਾਟਿਆਂ ਤੋਂ ਕੋਈ ਕਿਸਾਨ ਬੇਜ਼ਾਰ ਹੋ ਗਿਆ। ਇਕ ਰਾਤ ਉਹ ਬਿਨਾਂ ਆਪਣੇ ਬਾਪ, ਘਰਵਾਲੀ ਤੇ ਬੱਚੇ ਨੂੰ ਦੱਸੇ ਘਰੋਂ ਚਲਾ ਗਿਆ। ਉਦੋਂ ਬਹੁਤੇ ਲੋਕ ਭੱਜ ਕੇ ਹਰਿਦੁਆਰ ਹੀ ਜਾਂਦੇ ਸਨ। ਉਹ ਬਾਰਾਂ ਸਾਲੀਏ ਸੰਤਾਂ ਦੇ ਕਿਸੇ ਸੰਪਰਦਾਇ ਨਾਲ ਰਲ ਗਿਆ ਤੇ ਸਾਧਨਾ ਪੱਧਤੀਆਂ ’ਚੋਂ ਗੁਜ਼ਰਦਾ ਕਈ ਸਾਲਾਂ ਬਾਅਦ ਛੋਟੇ ਜਿਹੇ ਮੱਠ ਦਾ ਮੁਖੀ ਬਣ ਗਿਆ। ਸੰਤਾਂ ਦਾ ਇਹ ਮੱਠ ਰਸਦ ਤੇ ਅਨਾਜ ਇਕੱਠਾ ਕਰਨ ਦੇ ਮੰਤਵ ਨਾਲ ਕਈ ਪਿੰਡਾਂ ਵਿਚ ਜਾਂਦਾ ਹੁੰਦਾ ਸੀ। ਬਾਰਾਂ ਸਾਲ ਬੀਤੇ ਤਾਂ ਉਨ੍ਹਾਂ ਦਾ ਮੱਠ ਵੀ ਪਿੰਡਾਂ ਵੱਲ ਆਇਆ। ਸੁਭਾਇਕੀ ਉਨ੍ਹਾਂ ਉਸੇ ਪਿੰਡ ਡੇਰਾ ਲਾਇਆ ਜੋ ਉਸ ਦਾ ਆਪਣਾ ਪਿੰਡ ਸੀ। ਪਿੰਡ ਵਾਸੀਆਂ ਨੂੰ ਸੰਤਾਂ ਦੀ ਆਮਦ ਦਾ ਪਤਾ ਲੱਗਿਆ ਤਾਂ ਉਹ ਦੁੱਧ ਬਾਧ ਦੀ ਸੇਵਾ ਕਰਨ ਆਉਣ ਲੱਗੇ। ਸਾਧ ਬਣੇ ਉਸ ਕਿਸਾਨ ਦੀ ਘਰਵਾਲੀ ਵੀ ਦੁੱਧ ਲੈ ਕੇ ਡੇਰੇ ਆਈ। ਉਦੋਂ ਤਕ ਉਸ ਕਿਸਾਨ ਸੰਤ ਦੀ ਦਾੜ੍ਹੀ ਵਧੀ ਹੋਈ ਸੀ ਤੇ ਉਹ ਗੱਦੀ ’ਤੇ ਬੈਠਾ ਸੀ। ਉਸ ਦੀ ਘਰਵਾਲੀ ਨੇ ਜਦੋਂ ਉਸ ਦੀਆਂ ਅੱਖਾਂ ਵਿਚ ਦੇਖਿਆ ਤਾਂ ਬੀਤੇ ਸਮੇਂ ਦੇ ਕਈ ਮੰਜ਼ਰ ਉਸ ਦੀਆਂ ਨਜ਼ਰਾਂ ’ਚੋਂ ਗੁਜ਼ਰ ਗਏ। ਸੰਤ ਨੇ ਵੀ ਉਸ ਔਰਤ ਨੂੰ ਪਛਾਣ ਲਿਆ ਤੇ ਅੱਖਾਂ ਬੰਦ ਕਰ ਕੇ ਸਮਾਧੀ ਵਿਚ ਹੋਣ ਦਾ ਪਾਖੰਡ ਕਰਨ ਲੱਗਾ। ਬੀਬੀ ਦੁੱਧ ਵਾਲਾ ਡੋਲਣਾ ਕੋਲ ਰੱਖ ਕੇ ਪੈਰੀਂ ਹੱਥ ਲਾ ਕੇ ਬਹਿ ਗਈ। ਸੰਤ ਨੇ ਸਿਰ ਪਲੋਸਿਆ ਤਾਂ ਬੀਬੀ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਉਹਨੇ ਆਪਣੇ ਦੁੱਖ ਦੱਸਦਿਆਂ ਕਿਹਾ, “ਬਾਬਾ ਜੀ, ਮੈਂ ਬੜੀ ਦੁਖੀ ਆਂ, ਮੇਰਾ ਘਰ ਵਾਲਾ ਕਿਤੇ ਚਲਾ ਗਿਆ, ਦੋ ਸਾਲ ਹੋਏ ਸਹੁਰਾ ਵੀ ਮਰ ਗਿਆ। ਸੰਤ ਨੇ ਆਵਾਜ਼ ’ਤੇ ਕਾਬੂ ਰੱਖਦਿਆਂ ਉਪਦੇਸ਼ ਦੇ ਭਾਵ ਨਾਲ ਕਿਹਾ, “ਬੀਬੀ ਸੰਸਾਰ ਦੁੱਖਾਂ ਦਾ ਘਰ ਹੈ… ਜੋ ਆਇਆ ਹੈ, ਜਾਵੇਗਾ ਵੀ ਜ਼ਰੂਰ। ਮਨ ਨੂੰ ਪਰਮਾਤਮਾ ਨਾਲ ਲਾਓ। ਬੀਬੀ ਨੇ ਦੁੱਖਾਂ ਦੀ ਗੰਢ ਹੋਰ ਖੋਲ੍ਹੀ, “ ਬਾਬਾ ਜੀ ਮੁੰਡਾ ਵੀ ਆਖੇ ਤੋਂ ਬਾਹਰ ਹੋਇਆ ਫਿਰਦਾ, ਕੋਈ ਕੰਮ ਨਹੀਂ ਕਰਦਾ। ਸੰਤ ਨੇ ਉਸੇ ਸ਼ਾਂਤ ਭਾਵ ਨਾਲ ਆਖਿਆ, “ਕੋਈ ਕਿਸੇ ਦਾ ਨਹੀਂ ਬੀਬੀ, ਇਹ ਰਿਸ਼ਤੇ ਵੀ ਝੂਠ ਤੇ ਭਰਮ ਦਾ ਰੂਪ ਨੇ…। ਬੀਬੀ ਦਾ ਸ਼ੱਕ ਹੋਰ ਵਧਿਆ। ਉਹਨੇ ਆਪਣੇ ਪਤੀ ਦੇ ਪਿਆਰੇ ਬਲਦਾਂ ਦੀ ਜੋੜੀ ਬਾਰੇ ਗੱਲ ਛੇੜੀ, “ਬਾਬਾ ਜੀ, ਪਿੰਡ ਦੇ ਸੇਠ ਨੇ ਸਾਡੇ ਬਲਦ ਖੋਲ੍ਹ ਲਏ, ਸਾਡੀ ਮੱਝ ਵੀ ਕਰਜ਼ੇ ’ਚ ਲੈ ਗਿਆ। ਅਸੀਂ ਬੜੇ ਔਖੇ ਆਂ।” ਸੰਤ ਜੀ ਨੇ ਆਪਣੇ ਆਪ ਨੂੰ ਕਾਬੂ ’ਚ ਰੱਖਦਿਆਂ ਸੱਜਾ ਹੱਥ ਖੜ੍ਹਾ ਕਰ ਕੇ ਕਿਹਾ, “ਸ਼ਾਂਤ ਰਹੋ ਬੀਬਾ, ਇਹ ਚੀਜ਼ਾਂ ਵਸਤਾਂ ਇਸੇ ਸੰਸਾਰ ’ਚ ਰਹਿ ਜਾਣੀਆਂ। ਮਨ ਨੂੰ ਪਾਠ ਪੂਜਾ ਵੱਲ ਲਾਓ, ਸ਼ਾਂਤੀ ਮਿਲੇਗੀ। ਉਸ ਔਰਤ ਨੇ ਕਿਹਾ, “ਬਾਬਾ ਜੀ, ਹੁਣ ਸਾਡੇ ਸ਼ਰੀਕ ਸਾਡੀ ਜ਼ਮੀਨ ਦੱਬਣ ਨੂੰ ਫਿਰਦੇ। ਵੱਟ ਉੱਪਰ ਲੱਗੇ ਅੰਬ ਦੇ ਰੁੱਖ ਨੂੰ ਆਪਣੇ ਵੱਲ ਦੱਸਦੇ। ਅੱਜ ਉਨ੍ਹਾਂ ਨੇ ਉਹ ਰੁੱਖ ਵੱਢਣ ਲਈ ਆਰੇ ਵਾਲੇ ਨੂੰ ਸੱਦਿਆ…। ਇੰਨੀ ਗੱਲ ਸੁਣਨ ਦੀ ਦੇਰ ਸੀ ਕਿ ਉਸ ਸੰਤ ਦੇ ਅੰਦਰੋਂ ਕਿਸਾਨ ਜਾਗ ਪਿਆ। ਉਹਨੇ ਧੂਣੇ ’ਚੋਂ ਬਲਦੀ ਲੱਕੜ ਚੁੱਕ ਲਈ ਤੇ ਲਲਕਾਰਾ ਮਾਰਿਆ, “ਕੀਹਦੀ ਏਡੀ ਮਜਾਲ ਕਿ ਮੇਰੇ ਲਾਏ ਅੰਬ ਦੇ ਬੂਟੇ ਨੂੰ ਆਰੇ ਦਾ ਟੱਕ ਵੀ ਲਾ ਸਕੇ… ਮੈਂ ਸੀਰਮੇ ਨਾ ਪੀ ਜਾਵਾਂ…। ਪੰਜਾਬ ਦੀ ਉਹੀ ਧਰਤੀ ਜਿੱਥੇ ਰੁੱਖ ਬਦਲੇ ਕੋਈ ਦਹਾਕਿਆਂ ਦੀ ਖੱਟੀ ਖੂਹ ’ਚ ਪਾਉਣ ਲਈ ਤਿਆਰ ਹੋ ਜਾਂਦਾ ਸੀ, ਅੱਜ ਸੈਂਕੜੇ ਬਲਦੇ ਰੁੱਖਾਂ ਦਾ ਸ਼ਮਸ਼ਾਨ ਬਣਿਆ ਹੋਇਆ ਹੈ।

ਧੁਖਦੇ ਬਿਰਖ਼ਾਂ ਦੀ ਛਾਂ/ਜਗਵਿੰਦਰ ਜੋਧਾ Read More »

ਅਭਿਸ਼ੇਕ ਦੀ ‘ਯੁਵਾ’ ਦੇ 20 ਸਾਲ ਮੁਕੰਮਲ

ਮਨੀ ਰਤਨਮ ਦੀ 21 ਮਈ 2004 ਨੂੰ ਰਿਲੀਜ਼ ਹੋਈ ਫਿਲਮ ‘ਯੁਵਾ’ ਨੇ ਇਸ ਹਫ਼ਤੇ 20 ਸਾਲ ਮੁਕੰਮਲ ਕਰ ਲਏ ਹਨ। ਦਿਲਚਸਪ ਗੱਲ ਇਹ ਹੈ ਕਿ ਫਿਲਮ ਲੋਕ ਸਭਾ ਚੋਣਾਂ ਦੌਰਾਨ ਰਿਲੀਜ਼ ਹੋਈ ਸੀ ਅਤੇ ਹੁਣ ਫਿਲਮ ਦੀ 20ਵੀਂ ਵਰ੍ਹੇਗੰਢ ਮੌਕੇ ਵੀ ਦੇਸ਼ ਵਿੱਚ 18ਵੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਮਨੀ ਰਤਨਮ ਨੇ ‘ਯੁਵਾ’ ਰਾਹੀਂ ਚੋਣਾਂ ਵਿੱਚ ਨੌਜਵਾਨਾਂ ਦੀ ਸਿੱਧੀ ਸ਼ਮੂਲੀਅਤ ਦੇ ਮਹੱਤਵ ਨੂੰ ਉਭਾਰਿਆ ਸੀ। ਅਦਾਕਾਰ ਅਭਿਸ਼ੇਕ ਬੱਚਨ, ਰਾਣੀ ਮੁਖਰਜੀ, ਵਿਵੇਕ ਓਬਰਾਏ, ਅਜੈ ਦੇਵਗਨ ਅਤੇ ਕਰੀਨਾ ਕਪੂਰ ਖ਼ਾਨ ਨੇ ਇਸ ਕਾਲਪਨਿਕ ਸਿਆਸੀ ਡਰਾਮੇ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਵਿੱਚ ਲੱਲਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਭਿਸ਼ੇਕ ਨੇ ਪ੍ਰਸ਼ੰਸਕਾਂ ਨਾਲ ‘ਯੁਵਾ’ ਸਬੰਧੀ ਪੋਸਟ ਮੁੜ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘‘ਯਕੀਨ ਨਹੀਂ ਹੋ ਰਿਹਾ ਕਿ 20 ਸਾਲ ਹੋ ਗਏ।’’ ਖ਼ਬਰਾਂ ਅਨੁਸਾਰ ਫਿਲਮ ਵਿਚਲੇ ਲੱਲਨ ਸਿੰਘ ਦੀ ਭੂਮਿਕਾ ਲਈ ਪਹਿਲਾਂ ਰਿਤਿਕ ਰੋਸ਼ਨ ਤੱਕ ਪਹੁੰਚ ਕੀਤੀ ਗਈ ਸੀ। ਇਨ੍ਹੀਂ ਦਿਨੀਂ ਅਭਿਸ਼ੇਕ ਸ਼ੂਜੀਤ ਸਿਰਕਾਰ ਦੀ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ। ਅਭਿਸ਼ੇਕ ਨੇ ਮਸ਼ਹੂਰ ‘ਹਾਊਸਫੁੱਲ’ ਫਰੈਂਚਾਇਜ਼ੀ ਵਿੱਚ ਵਾਪਸੀ ਕੀਤੀ ਹੈ। ਉਹ ਪੰਜਵੇਂ ਭਾਗ ਵਿੱਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁਖ ਨਾਲ ਸਕਰੀਨ ਸਾਂਝੀ ਕਰਦਾ ਨਜ਼ਰ ਆਵੇਗਾ।

ਅਭਿਸ਼ੇਕ ਦੀ ‘ਯੁਵਾ’ ਦੇ 20 ਸਾਲ ਮੁਕੰਮਲ Read More »

ਕਾਂਗਰਸ ਤੇ ‘ਆਪ’ ਨੇ ਘਰ-ਘਰ ਨਸ਼ਾ ਵੰਡਿਆ

ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਘਰ-ਘਰ ਬੇਰੁਜ਼ਗਾਰੀ ਤੇ ਨਸ਼ਾ ਦਿੱਤਾ ਹੈ। ਇਸ ਲਈ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਠੁਕਰਾਅ ਕੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਸੂਬੇ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ। ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਘਰ-ਘਰ ਨੌਕਰੀ ਅਤੇ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਪਰ ਕਾਂਗਰਸ ਨੇ ਆਪਣੇ ਕਾਰਜਕਾਲ ਵਿੱਚ ਇਨ੍ਹਾਂ ਵਾਅਦਿਆਂ ਦੀ ਪੂਰਤੀ ਵਾਸਤੇ ਕੱਖ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ‘ਆਪ’ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਣਡਿੱਠ ਕਰਕੇ ਰਾਜਸਥਾਨ ਤੇ ਹਰਿਆਣਾ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵਿੱਚ ਪਹਿਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਪਸਾਰ ਦੇ ਮਾਮਲੇ ਵਿੱਚ ਵੀ ਕਾਂਗਰਸ ਤੇ ‘ਆਪ’ ਦਾ ਇਕੋ ਰਿਕਾਰਡ ਹੈ। ਬਠਿੰਡਾ ਲੋਕ ਸਭਾ ਹਲਕੇ ਵਿੱਚ ਭਾਵੇਂ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਹੈ ਅਤੇ ਲਗਾਤਾਰ ਤਿੰਨ ਵਾਰ ਸੰਸਦੀ ਮੈਂਬਰ ਬਣਨ ਤੋਂ ਬਾਅਦ ਹੁਣ ਚੌਥੀ ਵਾਰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਉਥੇ ਅਕਾਲੀ ਦਲ ਦੇ ਲਗਭਗ ਸਾਰੇ ਸਾਬਕਾ ਵਿਧਾਇਕ ਇਸ ਵੇਲੇ ਪਾਰਟੀ ਦੀ ਮੁਹਿੰਮ ਤੋਂ ਦੂਰ ਚੱਲੇ ਆ ਰਹੇ ਹਨ। ਇਨ੍ਹਾਂ ਸਾਬਕਾ ਵਿਧਾਇਕਾਂ ’ਚੋਂ ਇੱਕ ਦਰਸ਼ਨ ਸਿੰਘ ਕੋਟਫੱਤਾ ਅੱਜ ਅਕਾਲੀ ਦਲ ਨੂੰ ਛੱਡ ਕੇ ’ਆਪ’ ਵਿੱਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ਤੋਂ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਸ ਵੇਲੇ ਹਰਸਿਮਰਤ ਬਾਦਲ ਦੀ ਚੋਣ ਮੁਹਿੰਮ ਵਿੱਚ ਸਿਵਾਏ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਅਤੇ ਉਨ੍ਹਾਂ ਸੁਪੱਤਰ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਤੋਂ ਬਿਨਾਂ ਹੋਰ ਕੋਈ ਹਰਸਿਮਰਤ ਬਾਦਲ ਦੀ ਚੋਣ ਮੁਹਿੰਮ ਨੂੰ ਪੱਕੇ ਪੈਰੀਂ ਕਰਨ ਲਈ ਅਜੇ ਤੱਕ ਨਾਲ ਨਹੀਂ ਚੱਲ ਸਕਿਆ। ਵੇਰਵਿਆਂ ਅਨੁਸਾਰ ਇਸ ਵੇਲੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਚੁੱਪ ਧਾਰ ਰੱਖੀ ਹੈ। ਇਸੇ ਤਰ੍ਹਾਂ ਮਾਨਸਾ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਬੇਸ਼ੱਕ ਹਰਸਿਮਰਤ ਬਾਦਲ ਦਾ ਲੰਬੇ ਸਮੇਂ ਤੋਂ ਸਤਿਕਾਰ ਕਰਦੇ ਹਨ ਪਰ ਉਹ ਢੀਂਡਸਾ ਧੜੇ ਵਿੱਚ ਜਾਣ ਕਰਕੇ ਇਸ ਵੇਲੇ ਉਨ੍ਹਾਂ ਦੀ ਪੁਜ਼ੀਸ਼ਨ ਘਰ ਬੈਠਿਆ ਵਰਗੀ ਹੀ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਇਸ ਵੇਲੇ ਪਾਰਟੀ ਛੱਡ ਕੇ ਕਾਂਗਰਸ ਉਮੀਦਵਾਰ ਵਜੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਪ੍ਰੇਮ ਮਿੱਤਲ, ਮੰਗਤ ਰਾਏ ਬਾਂਸਲ ਵੀ ਅਕਾਲੀ ਦਲ ਤੋਂ ਪਾਸੇ ਹੱਟ ਕੇ ਭਾਜਪਾ ਦੇ ਹੱਕ ਵਿੱਚ ਵੋਟਾਂ ਮੰਗ ਰਹੇ ਹਨ। ਸਾਬਕਾ ਅਕਾਲੀ ਮੰਤਰੀ ਚਰੰਜੀ ਲਾਲ ਗਰਗ, ਗੁਰਾਂ ਸਿੰਘ ਤੁੰਗਵਾਲੀ, ਹਰਬੰਸ ਸਿੰਘ ਜਲਾਲ ਵੀ ਹਰਸਿਮਰਤ ਬਾਦਲ ਦੇ ਨਾਲ ਨਹੀਂ ਚੱਲ ਰਹੇ ਹਨ। ਅਕਾਲੀ ਦਲ ਦੇ ਮਾਨਸਾ ਹਲਕਾ ਇੰਚਾਰਜ ਪ੍ਰੇਮ ਅਰੋੜਾ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਭਾਵੇਂ ਕੁਝ ਸਾਬਕਾ ਵਿਧਾਇਕ ਬੀਬੀ ਬਾਦਲ ਦੀ ਚੋਣ ਮੁਹਿੰਮ ਤੋਂ ਦੂਰ ਹਨ ਪਰ ਕੋਈ ਵੀ ਸਿਆਸੀ ਆਗੂ ਹਮੇਸ਼ਾ ਪਾਰਟੀ ਨਾਲ ਤਕੜਾ ਹੁੰਦਾ ਹੈ।

ਕਾਂਗਰਸ ਤੇ ‘ਆਪ’ ਨੇ ਘਰ-ਘਰ ਨਸ਼ਾ ਵੰਡਿਆ Read More »

ਰਿਕੀ ਪੌਂਟਿੰਗ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਦੀ ਪੇਸ਼ਕਸ਼ ਨੂੰ ਠੋਕਰ ਮਾਰੀ

ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਰਿਕੀ ਪੌਂਟਿੰਗ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਮੁੱਖ ਕੋਚ ਦੇ ਖਾਲੀ ਹੋਣ ਵਾਲੇ ਅਹੁਦੇ ਨੂੰ ਭਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿਉਂਕਿ ਇਹ ਉਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਫਿੱਟ ਨਹੀਂ ਬੈਠਦਾ। ਪੋਂਟਿੰਗ, ਜਿਸ ਨੇ ਹਾਲ ਹੀ ਵਿੱਚ ਦਿੱਲੀ ਕੈਪੀਟਲਜ਼ ਆਈਪੀਐੱਲ ਫਰੈਂਚਾਈਜ਼ੀ ਦੇ ਮੁੱਖ ਕੋਚ ਵਜੋਂ ਸੱਤ ਸੀਜ਼ਨ ਪੂਰੇ ਕੀਤੇ ਹਨ, ਇਸ ਤੋਂ ਪਹਿਲਾਂ ਆਸਟਰੇਲੀਆ ਦੇ ਅੰਤਰਿਮ ਟੀ-20 ਕੋਚ ਵਜੋਂ ਕੰਮ ਕਰ ਚੁੱਕਿਆ ਹੈ। ਉਸ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਕੋਚ ਦੇ ਅਹੁਦੇ ਲਈ ਬੀਸੀਸੀਆਈ ਵੱਲੋਂ ਕੋਈ ਸੁਝਾਅ ਆਇਆ ਜਾਂ ਨਹੀਂ।

ਰਿਕੀ ਪੌਂਟਿੰਗ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਦੀ ਪੇਸ਼ਕਸ਼ ਨੂੰ ਠੋਕਰ ਮਾਰੀ Read More »

ਕੈਪਟਨ ਅੱਜ ਮੋਦੀ ਦੀ ਰੈਲੀ ’ਚ ਨਹੀਂ ਹੋ ਰਹੇ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਦੋ ਸਾਲ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ, ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਵਿੱਚ ਸ਼ਾਮਲ ਨਹੀਂ ਹੋਣਗੇ। ਪਟਿਆਲਾ ਲੋਕ ਸਭਾ ਹਲਕੇ ਤੋਂ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਕੈਪਟਨ ਅਮਰਿੰਦਰ ਅੱਜ ਪਟਿਆਲਾ ਵਿੱਚ ਨਹੀਂ ਆਉਣਗੇ। ਉਨ੍ਹਾਂ ਦੇ ਓਐੱਸਡੀ ਨੇ ਕਿਹਾ ਕਿ ਕੈਪਟਨ ਅਮਰਿੰਦਰ 14 ਮਈ ਤੋਂ ਬਿਮਾਰ ਹਨ ਤੇ ਦਿੱਲੀ ਦੇ ਘਰ ਆਰਾਮ ਕਰ ਰਹੇ ਹਨ। ਰੈਲੀ ’ਚ ਹਾਜ਼ਰ ਨਾ ਹੋਣ ਬਾਰੇ ਪ੍ਰਧਾਨ ਮੰਤਰੀ ਸਕੱਤਰੇਤ ਨੂੰ ਦੱਸ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ ਨੇ ਕਿਹਾ ਕਿ ਸਿਹਤ ਸਬੰਧੀ ਕੁਝ ਸਮੱਸਿਆਵਾਂ ਕਾਰਨ ਉਹ ਇਸ ਸਮਾਗਮ ’ਚ ਨਹੀਂ ਆਉਣਗੇ। ਸੂਤਰਾਂ ਦਾ ਕਹਿਣਾ ਹੈ ਕਿ ਸਮੁੱਚੀ ਚੋਣ ਮੁਹਿੰਮ ਨੂੰ ਇਸ ਤਰੀਕੇ ਨਾਲ ਵਿਉਂਤਿਆ ਗਿਆ ਸੀ ਕਿ ਕੈਪਟਨ ਅਮਰਿੰਦਰ ਆਪਣੀ ਪਤਨੀ ਦੇ ਪ੍ਰਚਾਰ ਨੂੰ ਆਖਰੀ ਪਲਾਂ ਸਿਖਰ ’ਤੇ ਲੈ ਜਾਣਗੇ ਪਰ ਅੱਜ ਦੀ ਵੱਡੀ ਰੈਲੀ ਵਿੱਚੋਂ ਉਨ੍ਹਾਂ ਗਾਇਬ ਹੋਣਾ ਪਾਰਟੀ ਤੇ ਉਮੀਦਵਾਰ ਲਈ ਝਟਕਾ ਹੈ।

ਕੈਪਟਨ ਅੱਜ ਮੋਦੀ ਦੀ ਰੈਲੀ ’ਚ ਨਹੀਂ ਹੋ ਰਹੇ ਸ਼ਾਮਲ Read More »

ਅਗਲੇ ਮਹੀਨੇ ਤੋਂ ਵਿੱਤੀ ਨਿਯਮ ਬਦਲੇ ਜਾਣ ਕਾਰਣ ਤੁਹਾਡੀ ਜੇਬ ‘ਤੇ ਪਵੇਗਾ ਅਸਰ

ਮਈ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਕੁਝ ਹੀ ਦਿਨਾਂ ਵਿੱਚ ਜੂਨ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਬਹੁਤ ਸਾਰੇ ਵਿੱਤੀ ਨਿਯਮ ਹਰ ਮਹੀਨੇ ਦੇ ਪਹਿਲੇ ਦਿਨ ਬਦਲਦੇ ਹਨ। ਜੂਨ ਮਹੀਨੇ ‘ਚ ਪੈਸੇ ਨਾਲ ਜੁੜੇ ਨਿਯਮ ਵੀ ਬਦਲ ਜਾਣਗੇ।ਆਓ, ਜਾਣਦੇ ਹਾਂ ਕਿ 1 ਜੂਨ, 2024 ਤੋਂ ਕਿਹੜੇ ਨਵੇਂ ਵਿੱਤੀ ਨਿਯਮ ਲਾਗੂ ਹੋ ਰਹੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ (ਐਲਪੀਜੀ ਸਿਲੰਡਰ ਦੀ ਕੀਮਤ) ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਮਈ ਮਹੀਨੇ ਵਿੱਚ ਤੇਲ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ। ਘਰੇਲੂ ਸਿਲੰਡਰਾਂ ਅਤੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ 1 ਜੂਨ, 2024 ਨੂੰ ਅਪਡੇਟ ਕੀਤੀਆਂ ਜਾਣਗੀਆਂ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਜੂਨ ਵਿੱਚ ਬੈਂਕ 10 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਰਾਜਾ ਸੰਕ੍ਰਾਂਤੀ ਅਤੇ ਈਦ-ਉਲ-ਅਧਾ ਵਰਗੀਆਂ ਹੋਰ ਛੁੱਟੀਆਂ ਕਾਰਨ ਬੈਂਕ ਜੂਨ ਵਿੱਚ ਬੰਦ ਰਹਿਣਗੇ। ਅਜਿਹੇ ‘ਚ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰੋ। 1 ਜੂਨ ਤੋਂ ਟ੍ਰੈਫਿਕ ਨਿਯਮਾਂ ‘ਚ ਬਦਲਾਅ ਹੋਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨਵੇਂ ਡਰਾਈਵਿੰਗ ਲਾਇਸੈਂਸ ਨਿਯਮ (ਨਵੇਂ ਡਰਾਈਵਿੰਗ ਲਾਇਸੈਂਸ ਨਿਯਮ 2024) ਅਗਲੇ ਮਹੀਨੇ ਤੋਂ ਲਾਗੂ ਹੋਣਗੇ। ਜੇਕਰ ਕੋਈ ਵਿਅਕਤੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਨਵੇਂ ਨਿਯਮ ਮੁਤਾਬਕ ਜੇਕਰ ਕੋਈ ਵਿਅਕਤੀ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 1000 ਤੋਂ 2000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।ਇਸ ਦੇ ਨਾਲ ਹੀ ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰਨ ‘ਤੇ 500 ਰੁਪਏ ਜੁਰਮਾਨਾ ਭਰਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਡਰਾਈਵਰ ਬਿਨਾਂ ਹੈਲਮੇਟ ਜਾਂ ਸੀਟਬੈਲਟ ਤੋਂ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 100 ਰੁਪਏ ਜੁਰਮਾਨਾ ਭਰਨਾ ਪਵੇਗਾ।

ਅਗਲੇ ਮਹੀਨੇ ਤੋਂ ਵਿੱਤੀ ਨਿਯਮ ਬਦਲੇ ਜਾਣ ਕਾਰਣ ਤੁਹਾਡੀ ਜੇਬ ‘ਤੇ ਪਵੇਗਾ ਅਸਰ Read More »