May 23, 2024

ਭਾਜਪਾ ਵੱਲੋਂ ਦਿੱਲੀ ’ਚ ਪਾਣੀ ਦਾ ਸੰਕਟ ਪੈਦਾ ਕਰਨ ਦੀ ਸਾਜ਼ਿਸ਼

ਗਰਮੀ ਵਧਣ ਦੇ ਨਾਲ ਹੀ ਦਿੱਲੀ ’ਚ ਪਾਣੀ ’ਤੇ ਸਿਆਸਤ ਭਖ ਪਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਭਾਜਪਾ ਪਾਣੀ ਦੇ ਮੁੱਦੇ ਨੂੰ ਲੈ ਕੇ ਇੱਕ-ਦੂਜੇ ’ਤੇ ਸਾਜ਼ਿਸ਼ਾਂ ਘੜਨ ਦੇ ਦੋਸ਼ ਲਾ ਰਹੇ ਹਨ। ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਸਾਜ਼ਿਸ਼ ਤਹਿਤ ਦਿੱਲੀ ਨੂੰ ਯਮੁਨਾ ਨਹਿਰ ਤੋਂ ਪਾਣੀ ਦੀ ਸਪਲਾਈ ਘਟਾ ਦਿੱਤੀ ਹੈ। ‘ਆਪ’ ਦੀ ਸੀਨੀਅਰ ਨੇਤਾ ਅਤੇ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਦੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਭਾਜਪਾ ਨੇ ਦਿੱਲੀ ’ਚ ਵੋਟਾਂ ਤੋਂ ਪਹਿਲਾਂ ਪਾਣੀ ਦਾ ਸੰਕਟ ਪੈਦਾ ਕਰਨ ਦੀ ਨਵੀਂ ਸਾਜ਼ਿਸ਼ ਰਚੀ ਹੈ। ਉਨ੍ਹਾ ਕਿਹਾ ਕਿ ਦਿੱਲੀ ’ਚ 25 ਮਈ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਪਾਣੀ ਨੂੰ ਲੈ ਕੇ ਦਹਿਸ਼ਤ ਪੈਦਾ ਕਰਨ ਲਈ ਭਾਜਪਾ ਆਪਣੀ ਹਰਿਆਣਾ ਸਰਕਾਰ ਰਾਹੀਂ ਦਿੱਲੀ ਨੂੰ ਸਪਲਾਈ ਹੋਣ ਵਾਲਾ ਪਾਣੀ ਬੰਦ ਕਰ ਰਹੀ ਹੈ ਤਾਂ ਜੋ ਲੋਕ ਪ੍ਰੇਸ਼ਾਨ ਹੋ ਜਾਣ। ਆਤਿਸ਼ੀ ਨੇ ਜਲ ਸੰਕਟ ਸੰਬੰਧੀ ਇੱਕ ਅਹਿਮ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਯਮੁਨਾ ’ਚ ਘੱਟ ਪਾਣੀ ਛੱਡਣ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਰਹੇ ਹਾਂ ਅਤੇ ਲੋੜ ਪੈਣ ’ਤੇ ਅਦਾਲਤ ’ਚ ਅਰਜ਼ੀ ਵੀ ਦਾਇਰ ਕਰਾਂਗੇ। ਉਧਰ, ਦਿੱਲੀ ਨੇ ਮਈ ’ਚ ਹੀ ਬਿਜਲੀ ਦੀ ਖਪਤ ਦੇ ਮਾਮਲੇ ’ਚ ਆਪਣਾ 15 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇੱਥੇ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਫਿਰ ਵੀ ਕੇਜਰੀਵਾਲ ਸਰਕਾਰ ਆਪਣੇ ਨਾਗਰਿਕਾਂ ਨੂੰ 24 ਘੰਟੇ ਬਿਜਲੀ ਦੇ ਰਹੀ ਹੈ। ਬਿਜਲੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਸ ਸਮੇਂ ਦਿੱਲੀ ਨੂੰ ਤੇਜ਼ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ 21 ਮਈ ਨੂੰ ਬਿਜਲੀ ਦੀ ਮੰਗ 7717 ਮੈਗਾਵਾਟ ਤੱਕ ਪਹੁੰਚ ਗਈ। ਗਰਮੀ ਅਤੇ ਭਾਰੀ ਮੰਗ ਦੇ ਬਾਵਜੂਦ ਦਿੱਲੀ ਵਿੱਚ ਬਿਜਲੀ ਸਪਲਾਈ ’ਚ ਕੋਈ ਸਮੱਸਿਆ ਨਹੀਂ ਹੈ ਤੇ ਕਿਤੇ ਵੀ ਬਿਜਲੀ ਦੇ ਕੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਜੁਲਾਈ-ਅਗਸਤ ’ਚ ਹੁੰਮਸ ਭਰੀ ਗਰਮੀ ਕਾਰਨ ਬਿਜਲੀ ਦੀ ਖਪਤ ਵਧ ਜਾਂਦੀ ਹੈ, ਪਰ ਇਸ ਵਾਰ ਮਈ ’ਚ ਹੀ ਮੰਗ ਕਾਫੀ ਵਧ ਗਈ ਹੈ। ਜੁਲਾਈ-ਅਗਸਤ ’ਚ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੱਕ ਪਹੁੰਚ ਸਕਦੀ ਹੈ ਅਤੇ ਦਿੱਲੀ ਸਰਕਾਰ ਇਸ ਲਈ ਪਹਿਲਾਂ ਹੀ ਤਿਆਰ ਹੈ।

ਭਾਜਪਾ ਵੱਲੋਂ ਦਿੱਲੀ ’ਚ ਪਾਣੀ ਦਾ ਸੰਕਟ ਪੈਦਾ ਕਰਨ ਦੀ ਸਾਜ਼ਿਸ਼ Read More »

‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦਿਆਂ ਹੀ ਅਗਨੀਵੀਰ ਸਕੀਮ ਨੂੰ ਕੂੜੇਦਾਨ ’ਚ ਸੁੱਟਾਂਗੇ

ਰਾਹੁਲ ਗਾਂਧੀ ਨੇ ਬੁੱਧਵਾਰ ਇੱਥੇ ਚੋਣ ਰੈਲੀ ਵਿਚ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦਿਆਂ ਹੀ ਅਗਨੀਵੀਰ ਸਕੀਮ ਨੂੰ ਕੂੜੇਦਾਨ ’ਚ ਸੁੱਟ ਦਿੱਤਾ ਜਾਵੇਗਾ। ਹਰਿਆਣਾ ਤੇ ਹੋਰਨਾਂ ਰਾਜਾਂ ਦੇ ਨੌਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ। ਉਨ੍ਹਾਂ ਦੇ ਦਿਲਾਂ ਵਿਚ ਦੇਸ਼ ਭਗਤੀ ਦੀ ਭਾਵਨਾ ਹੈ, ਪਰ ਨਰਿੰਦਰ ਮੋਦੀ ਨੇ ਅਗਨੀਵੀਰ ਸਕੀਮ ਲਿਆ ਕੇ ਭਾਰਤ ਦੇ ਜਵਾਨਾਂ ਨੂੰ ਮਜ਼ਦੂਰ ਬਣਾ ਛੱਡਿਆ ਹੈ। ਮੋਦੀ ਦੀਆਂ ਨਜ਼ਰਾਂ ਵਿਚ ਦੋ ਤਰ੍ਹਾਂ ਦੇ ਸ਼ਹੀਦ ਹਨ, ਇਕ ਨਾਰਮਲ ਜਵਾਨ ਜਾਂ ਅਧਿਕਾਰੀ। ਉਨ੍ਹਾਂ ਦੇ ਪਰਵਾਰਾਂ ਨੂੰ ਪੈਨਸ਼ਨ ਤੇ ਹੋਰ ਸਾਰੇ ਲਾਭ ਮਿਲਦੇ ਹਨ। ਦੂਜੇ ਹਨ ਗਰੀਬ ਘਰਾਂ ਦੇ ਜਵਾਨ, ਜਿਨ੍ਹਾਂ ਨੂੰ ਅਗਨੀਵੀਰ ਦਾ ਨਾਂਅ ਦੇ ਦਿੱਤਾ ਹੈ। ਉਹ ਸ਼ਹੀਦ ਨਹੀਂ ਮੰਨੇ ਜਾਣਗੇ ਤੇ ਪੈਨਸ਼ਨ ਤੇ ਹੋਰ ਲਾਭ ਉਨ੍ਹਾਂ ਨੂੰ ਨਹੀਂ ਮਿਲਣਗੇ। ਰਾਹੁਲ ਨੇ ਉਨ੍ਹਾ ਨੂੰ ਮੋਦੀ ਵੱਲੋਂ ‘ਸ਼ਹਿਜ਼ਾਦਾ’ ਕਹਿਣ ਦਾ ਜਵਾਬ ਇਹ ਕਹਿੰਦਿਆਂ ਦਿੱਤਾਮੈਂ ਰਾਜਾ ਨਹੀਂ, ਮੋਦੀ ਰਾਜਾ ਹਨ। ਮੈਂ ਰਾਜਾ ਨਹੀਂ ਬਣਨਾ ਚਾਹੰੁਦਾ। ਮੈਂ ਤੁਹਾਡਾ ਬੇਟਾ ਤੇ ਭਰਾ ਹਾਂ, ਰਾਜਾ ਨਹੀਂ। ਉਨ੍ਹਾ ਕਿਹਾ ਕਿ ਮੋਦੀ ਕਹਿੰਦੇ ਹਨ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਤਾਂ ਉਨ੍ਹਾਂ ਦੀ ਆਦਤ ਖਰਾਬ ਹੋ ਜਾਵੇਗੀ। ਕੀ ਕਰਜ਼ਾ ਮੁਆਫੀ ਸਿਰਫ ਕਿਸਾਨਾਂ ਦੀਆਂ ਆਦਤਾਂ ਖਰਾਬ ਕਰੇਗੀ, ਅਰਬਪਤੀਆਂ ਦੀਆਂ ਨਹੀਂ? ਜੇ ਕਰਜ਼ਾ ਮੁਆਫੀ ਕਿਸਾਨਾਂ ਦੀਆਂ ਆਦਤਾਂ ਖਰਾਬ ਕਰੇਗੀ ਤਾਂ ਉਹ ਇਕ ਵਾਰ ਨਹੀਂ, ਵਾਰ-ਵਾਰ ਕਰਨਗੇ। ਜੇ ਮੋਦੀ ਚੰਦ ਪੂੰਜੀਪਤੀਆਂ ਦਾ 16 ਲੱਖ ਕਰੋੜ ਮੁਆਫ ਕਰ ਸਕਦੇ ਹਨ ਤਾਂ ਕਾਂਗਰਸ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ। ਉਨ੍ਹਾ ਕਿਹਾ ਕਿ ਦੇਸ਼ ਵਿਚ ਨਰਿੰਦਰ ਮੋਦੀ ਦਾ ਅਕਸ ਨਹੀਂ ਬਚਿਆ । ਉਨ੍ਹਾ ਦੇ ਝੂਠੇ ਅਕਸ ਦਾ ਗੁਬਾਰਾ ਫਟ ਗਿਆ ਹੈ।

‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦਿਆਂ ਹੀ ਅਗਨੀਵੀਰ ਸਕੀਮ ਨੂੰ ਕੂੜੇਦਾਨ ’ਚ ਸੁੱਟਾਂਗੇ Read More »

ਭਾਜਪਾ ਯੂ ਪੀ ’ਚ ਹੋ ਜਾਵੇਗੀ ਦਫ਼ਨ

ਇਹ ਆਮ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਗੱਦੀ ਦਾ ਰਸਤਾ ਯੂ ਪੀ ’ਚੋਂ ਹੋ ਕੇ ਜਾਂਦਾ ਹੈ। ਇਹ ਸੱਚ ਵੀ ਹੈ ਕਿਉਂਕਿ ਹੁਣ ਤੱਕ 8 ਪ੍ਰਧਾਨ ਮੰਤਰੀ; ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਲਾਲ ਬਹਾਦਰ ਸ਼ਾਸਤਰੀ, ਰਾਜੀਵ ਗਾਂਧੀ, ਵੀ ਪੀ ਸਿੰਘ, ਚੰਦਰ ਸ਼ੇਖਰ, ਚੌਧਰੀ ਚਰਨ ਸਿੰਘ ਤੇ ਮੌਜੂਦਾ ਨਰਿੰਦਰ ਮੋਦੀ ਯੂ ਪੀ ਵਿੱਚੋਂ ਜਿੱਤ ਕੇ ਹੀ ਦਿੱਲੀ ਦੀ ਗੱਦੀ ਤੱਕ ਪੁੱਜੇ ਸਨ। ਯੂ ਪੀ ਦੀਆਂ ਲੋਕ ਸਭਾ ਦੀਆਂ 80 ਸੀਟਾਂ ਹਨ, ਜੋ ਕਿਸੇ ਵੀ ਸੂਬੇ ਦੀਆਂ ਸੀਟਾਂ ਨਾਲੋਂ ਕਿਤੇ ਵੱਧ ਹਨ। ਇਸ ਲਈ ਜਿਹੜੀ ਵੀ ਪਾਰਟੀ ਨੇ ਯੂ ਪੀ ਜਿੱਤ ਲਿਆ, ਉਹ ਦੇਸ਼ ਜਿੱਤ ਜਾਂਦੀ ਹੈ। ਭਾਜਪਾ ਨੂੰ 2014 ਵਿੱਚ ਯੂ ਪੀ ਵਿੱਚੋਂ 71 ਤੇ 2019 ਵਿੱਚ 62 ਸੀਟਾਂ ਹਾਸਲ ਹੋਈਆਂ ਸਨ। ਇਸ ਸਮੇਂ ਚੋਣਾਂ ਦੇ ਪੰਜ ਗੇੜ ਮੁਕੰਮਲ ਹੋ ਚੁੱਕੇ ਹਨ। ਯੂ ਪੀ ਦੀਆਂ 52 ਸੀਟਾਂ ’ਤੇ ਚੋਣਾਂ ਹੋ ਗਈਆਂ ਹਨ। ਇਸ ਸਮੇਂ ਯੂ ਪੀ ਵਿੱਚ ‘ਇੰਡੀਆ’ ਗੱਠਜੋੜ ਦੇ ਹੱਕ ਵਿੱਚ ਜਿਵੇਂ ਹਨੇ੍ਹਰੀ ਚੱਲ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਭਾਜਪਾ ਦੀ ਕਬਰ ਵੀ ਯੂ ਪੀ ਵਿੱਚ ਹੀ ਬਣੇਗੀ। ਚੋਣਾਂ ਦੇ ਸ਼ੁਰੂ ਹੋਣ ਤੋਂ ਵੀ ਪਹਿਲਾਂ ਮੋਦੀ ਨੇ ‘ਇਸ ਵਾਰ 400 ਪਾਰ’ ਦਾ ਨਾਅਰਾ ਦਿੱਤਾ ਸੀ। ਪਹਿਲੇ ਦੋ ਗੇੜਾਂ ਦੌਰਾਨ ਜੋ ਮਾਹੌਲ ਬਣਿਆ, ਉਸ ਤੋਂ ਬਾਅਦ 400 ਦਾ ਨਾਅਰਾ ਗਾਇਬ ਹੋ ਗਿਆ। ਚੋਣਾਂ ਦਾ ਜਾਇਜ਼ਾ ਲੈਣ ਵਾਲੇ ਪੱਤਰਕਾਰਾਂ ਦਾ ਅੰਦਾਜ਼ਾ ਸੀ ਕਿ ਭਾਜਪਾ ਯੂ ਪੀ ਵਿੱਚ 55 ਤੋਂ 60 ਸੀਟਾਂ ਹਾਸਲ ਕਰ ਲਵੇਗੀ। ਤੀਜੇ ਤੇ ਚੌਥੇ ਗੇੜ ਦੀਆਂ ਚੋਣਾਂ ਤੋਂ ਬਾਅਦ ਇਹ ਅੰਦਾਜ਼ਾ 50-55 ਉੱਤੇ ਪੁੱਜ ਗਿਆ। 20 ਮਈ ਨੂੰ ਪੰਜਵੇਂ ਗੇੜ ਦੀਆਂ ਵੋਟਾਂ ਤੋਂ ਪਹਿਲਾਂ ਹੀ ਮਾਹੌਲ ਵਿੱਚ ਸਿਫਤੀ ਤਬਦੀਲੀ ਇਹ ਆਈ ਕਿ ਪਹਿਲੇ ਚਾਰ ਗੇੜਾਂ ਦੌਰਾਨ ਵੋਟਰ ਬੋਲਣੋਂ ਝਿਜਕ ਰਿਹਾ ਸੀ, ਇਸ ਲਈ ਸਹੀ ਅੰਦਾਜ਼ਾ ਮੁਸ਼ਕਲ ਸੀ, ਪਰ ਚੌਥੇ ਗੇੜ ਤੋਂ ਬਾਅਦ ਵੋਟਰਾਂ ਨੂੰ ਜਾਪਣ ਲੱਗ ਪਿਆ ਕਿ ਭਾਜਪਾ ਹਾਰ ਰਹੀ ਹੈ, ਇਸ ਲਈ ਉਨ੍ਹਾਂ ਨੇ ਬੇਖੌਫ਼ ਹੋ ਕੇ ਬੋਲਣਾ ਸ਼ੁਰੂ ਕਰ ਦਿੱਤਾ। ਇੰਡੀਆ ਗੱਠਜੋੜ ਦੀਆਂ ਰੈਲੀਆਂ ਵਿੱਚ ਆਪ-ਮੁਹਾਰੇ ਜੁੜੀਆਂ ਭੀੜਾਂ ਨੇ ਰਿਕਾਰਡ ਤੋੜ ਦਿੱਤੇ ਹਨ। ਫੂਲਪੁਰ ਤੇ ਪ੍ਰਯਾਗਰਾਜ ਵਿੱਚ ਲੋਕ ਬੈਰੀਕੇਡ ਤੋੜ ਕੇ ਸਟੇਜ ਤੱਕ ਪੁੱਜ ਗਏ। ਇਹ ਮਾਹੌਲ ਅੱਜ ਤੱਕ ਜਾਰੀ ਹੈ। ਆਜ਼ਮਗੜ੍ਹ, ਬਸਤੀ ਤੇ ਲਾਲ ਗੰਜ ਦੀਆਂ ਰੈਲੀਆਂ ਦਾ ਵੀ ਇਹੋ ਹਾਲ ਰਿਹਾ। ਇਨ੍ਹਾਂ ਵਿੱਚ ਵੱਡਾ ਹਿੱਸਾ ਨੌਜਵਾਨਾਂ ਦਾ ਸੀ। ਇਹ ਉਹੋ ਲੋਕ ਹਨ, ਜਿਨ੍ਹਾਂ ਮਹਿੰਗਾਈ ਤੇ ਬੇਰੁਜ਼ਗਾਰੀ ਦੀ 10 ਸਾਲ ਤੱਕ ਮਾਰ ਝੱਲੀ ਹੈ। ਨੌਕਰੀ ਦੀ ਉਡੀਕ ਵਿੱਚ ਜਵਾਨੀ ਬੀਤ ਗਈ ਤੇ ਸ਼ਾਦੀਆਂ ਤੱਕ ਟੁੱਟ ਗਈਆਂ ਜਾਂ ਸ਼ਾਦੀ ਦੀ ਉਮਰ ਲੰਘ ਗਈ। ਇਨ੍ਹਾਂ ਭੀੜਾਂ ਨੂੰ ਕਿਸੇ ਨੇ ਇਕੱਠਾ ਕਰਕੇ ਨਹੀਂ ਸੀ ਲਿਆਂਦਾ। ਇਹ ਉਹੋ ਲੋਕ ਸਨ, ਜਿਨ੍ਹਾਂ ਆਪਣਾ ਦਰਦ 10 ਸਾਲ ਆਪਣੇ ਸੀਨੇ ਵਿੱਚ ਦਬਾਈ ਰੱਖਿਆ। ਮਨੁੱਖ ਦੀ ਇਹ ਫਿਤਰਤ ਹੈ ਕਿ ਉਹ ਆਪਣਾ ਦਰਦ ਬਿਆਨ ਨਹੀਂ ਕਰਦਾ, ਪਰ ਜੇਕਰ ਕੋਈ ਉਸ ਦਾ ਦਰਦ ਵੰਡਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਰਾਹਤ ਮਹਿਸੂਸ ਕਰਦਾ ਹੈ। ਇਹ ਲੋਕ ਅਖਿਲੇਸ਼ ਤੇ ਰਾਹੁਲ ਦੀਆਂ ਰੈਲੀਆਂ ਵੱਲ ਇਸ ਲਈ ਉਮੜ ਰਹੇ ਹਨ, ਕਿਉਂਕਿ ਉਨ੍ਹਾਂ ਦੇ ਸ਼ਬਦਾਂ ਤੋਂ ਉਨ੍ਹਾਂ ਨੂੰ ਰਾਹਤ ਮਹਿਸੂਸ ਹੁੰਦੀ ਹੈ। ਪੰਜਵੇਂ ਗੇੜ ਵਿੱਚ ਯੂ ਪੀ ਦੀਆਂ 14 ਸੀਟਾਂ ਉਤੇ ਵੋਟਾਂ ਪਈਆਂ ਸਨ। ਇਨ੍ਹਾਂ ਵਿੱਚੋਂ 13 ਭਾਜਪਾ ਕੋਲ ਤੇ ਇੱਕ ਰਾਏਬਰੇਲੀ ਦੀ ਕਾਂਗਰਸ ਕੋਲ ਸੀ। ਅੰਦਾਜ਼ਾ ਇਹ ਹੈ ਕਿ ਇਨ੍ਹਾਂ ਵਿੱਚੋਂ ਭਾਜਪਾ ਜੇ ਰਾਜਨਾਥ ਦੀ ਲਖਨਊ ਤੇ ਬਿ੍ਰਜ ਭੂਸ਼ਣ ਦੇ ਮੁੰਡੇ ਵਾਲੀ ਕੈਸਰਗੰਜ ਸੀਟ ਜਿੱਤ ਜਾਵੇ ਤਾਂ ਇਹ ਉਸ ਦੀ ਵੱਡੀ ਪ੍ਰਾਪਤੀ ਹੋਵੇਗੀ। ਇਨ੍ਹਾਂ ਦੋਹਾਂ ਦੇ ਮੂਹਰੇ ਵੀ ‘ਜੇ’ ਲੱਗੀ ਹੋਈ ਹੈ। ਇੱਥੋਂ ਤੱਕ ਕਿ ਅਯੁੱਧਿਆ ਦੀ ਰਾਮ ਮੰਦਰ ਵਾਲੀ ਫੈਜ਼ਾਬਾਦ ਲੋਕ ਸਭਾ ਸੀਟ ਵੀ ਭਾਜਪਾ ਲਈ ਬਚਾਉਣੀ ਮੁਸ਼ਕਲ ਹੋ ਚੁੱਕੀ ਹੈ। ਬਾਂਦਾ ਸੀਟ ’ਤੇ ਤਾਂ ਟੱਕਰ ਸਪਾ ਤੇ ਬਸਪਾ ਵਿੱਚ ਬਣ ਗਈ ਸੀ ਦੇ ਭਾਜਪਾ ਦੇ ਤੀਜੇ ਥਾਂ ਲੁੜਕ ਜਾਣ ਦਾ ਖ਼ਤਰਾ ਹੈ। ਪੰਜਵੇਂ ਗੇੜ ਤੋਂ ਬਾਅਦ ਹੁਣ ਭਾਜਪਾ ਨੂੰ ਮਿਲਣ ਵਾਲੀਆਂ ਸੀਟਾਂ ਦਾ ਅੰਦਾਜ਼ਾ 30 ਉੱਤੇ ਪੁੱਜ ਗਿਆ ਹੈ। ਬਾਕੀ ਰਾਜਾਂ ਦੀ ਗੱਲ ਕਰੀਏ ਤਾਂ ਅੰਦਾਜ਼ੇ ਉਨ੍ਹਾਂ ਵਿੱਚ ਵੀ ਸੁੰਗੜਨੇ ਸ਼ੁਰੂ ਹੋ ਗਏ ਹਨ। ਰਾਜਸਥਾਨ ਵਿੱਚ ਪਹਿਲਾਂ ਕਿਹਾ ਗਿਆ ਸੀ ਕਿ ਕਾਂਗਰਸ 8 ਸੀਟਾਂ ਜਿੱਤ ਸਕਦੀ ਹੈ, ਪਰ ਹੁਣ ਗੱਲ 13 ਤੱਕ ਪੁੱਜ ਗਈ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਸਭ ਮਾਹਰ ਪੱਤਰਕਾਰ ਕਾਂਗਰਸ ਨੂੰ 5 ਸੀਟਾਂ ਦਿੰਦੇ ਸਨ, ਪਰ ਹੁਣ ਉਹ 10 ਉੱਤੇ ਜਾ ਪੁੱਜੇ ਹਨ। ਮਹਾਰਾਸ਼ਟਰ ਵਿੱਚ ਪਿਛਲੀਆਂ ਚੋਣਾਂ ਅੰਦਰ 48 ਵਿੱਚੋਂ 41 ਸੀਟਾਂ ਜਿੱਤਣ ਵਾਲਾ ਐੱਨ ਡੀ ਏ ਇਸ ਵਾਰ ਮਸਾਂ 11-12 ਉੱਤੇ ਪੁੱਜ ਸਕੇਗਾ। ਬਾਕੀ ਰਹਿੰਦੇ ਰਾਜਾਂ, ਬਿਹਾਰ, ਪੱਛਮੀ ਬੰਗਾਲ, ਅਸਾਮ, ਛੱਤੀਸਗੜ੍ਹ, ਝਾਰਖੰਡ, ਸਭ ਥਾਵਾਂ ਉੱਤੇ ਭਾਜਪਾ ਨੂੰ ਸੱਟ ਪੈਣ ਦੇ ਵੱਡੇ ਚਾਂਸ ਹਨ। ਓਡੀਸ਼ਾ ਵਿੱਚ ਸ਼ਾਇਦ ਉਹ ਆਪਣੀ ਪੁਰਾਣੀ ਸਥਿਤੀ ਬਹਾਲ ਰੱਖ ਸਕੇਗੀ। ਹਾਲਤ ਇਹ ਹੈ ਕਿ ਰਾਜਸਥਾਨ ਦੇ ਫੌਲਾਦੀ ਸੱਟਾ ਬਜ਼ਾਰ ਨੇ ਵੀ ਭਾਜਪਾ ਦੀਆਂ ਸੀਟਾਂ ਦਾ ਅੰਦਾਜ਼ਾ 330 ਤੋਂ ਘਟਾ ਕੇ 280 ਕਰ ਦਿੱਤਾ ਹੈ। ਮੋਦੀ-ਸ਼ਾਹ ਭਾਵੇਂ ਜਿੱਤਣ ਦੀਆਂ ਟਾਹਰਾਂ ਮਾਰੀ ਜਾਣ, ਪਰ ਜ਼ਮੀਨੀ ਹਕੀਕਤ ਉਨ੍ਹਾਂ ਨਾਲ ਮੇਲ ਨਹੀਂ ਖਾਂਦੀ। ਇਸੇ ਕਾਰਨ ਹੁਣ ਉਸ ਨੂੰ ਪ੍ਰਸ਼ਾਂਤ ਕਿਸ਼ੋਰ ਵਰਗੇ ਚੋਣ ਰਣਨੀਤੀਕਾਰਾਂ ਦੀ ਸ਼ਰਨ ’ਚ ਜਾਣਾ ਪੈ ਰਿਹਾ ਹੈ। ਪੂਰਾ ਦੇਸ਼ ਜਾਣਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦਾ ਤਾਂ ਇਹ ਪੇਸ਼ਾ ਹੈ। ਉਹ ਜੇ ਇਹ ਕਹਿੰਦਾ ਹੈ ਕਿ ਭਾਜਪਾ ਸੌਖਿਆਂ ਜਿੱਤ ਜਾਵੇਗੀ, ਤਾਂ ਇਹ ਉਸ ਦੇ ਪੇਸ਼ੇ ਦਾ ਹਿੱਸਾ ਹੈ।

ਭਾਜਪਾ ਯੂ ਪੀ ’ਚ ਹੋ ਜਾਵੇਗੀ ਦਫ਼ਨ Read More »