ਭਾਜਪਾ ਵੱਲੋਂ ਦਿੱਲੀ ’ਚ ਪਾਣੀ ਦਾ ਸੰਕਟ ਪੈਦਾ ਕਰਨ ਦੀ ਸਾਜ਼ਿਸ਼

ਗਰਮੀ ਵਧਣ ਦੇ ਨਾਲ ਹੀ ਦਿੱਲੀ ’ਚ ਪਾਣੀ ’ਤੇ ਸਿਆਸਤ ਭਖ ਪਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਭਾਜਪਾ ਪਾਣੀ ਦੇ ਮੁੱਦੇ ਨੂੰ ਲੈ ਕੇ ਇੱਕ-ਦੂਜੇ ’ਤੇ ਸਾਜ਼ਿਸ਼ਾਂ ਘੜਨ ਦੇ ਦੋਸ਼ ਲਾ ਰਹੇ ਹਨ। ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਸਾਜ਼ਿਸ਼ ਤਹਿਤ ਦਿੱਲੀ ਨੂੰ ਯਮੁਨਾ ਨਹਿਰ ਤੋਂ ਪਾਣੀ ਦੀ ਸਪਲਾਈ ਘਟਾ ਦਿੱਤੀ ਹੈ।
‘ਆਪ’ ਦੀ ਸੀਨੀਅਰ ਨੇਤਾ ਅਤੇ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਦੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਭਾਜਪਾ ਨੇ ਦਿੱਲੀ ’ਚ ਵੋਟਾਂ ਤੋਂ ਪਹਿਲਾਂ ਪਾਣੀ ਦਾ ਸੰਕਟ ਪੈਦਾ ਕਰਨ ਦੀ ਨਵੀਂ ਸਾਜ਼ਿਸ਼ ਰਚੀ ਹੈ। ਉਨ੍ਹਾ ਕਿਹਾ ਕਿ ਦਿੱਲੀ ’ਚ 25 ਮਈ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਪਾਣੀ ਨੂੰ ਲੈ ਕੇ ਦਹਿਸ਼ਤ ਪੈਦਾ ਕਰਨ ਲਈ ਭਾਜਪਾ ਆਪਣੀ ਹਰਿਆਣਾ ਸਰਕਾਰ ਰਾਹੀਂ ਦਿੱਲੀ ਨੂੰ ਸਪਲਾਈ ਹੋਣ ਵਾਲਾ ਪਾਣੀ ਬੰਦ ਕਰ ਰਹੀ ਹੈ ਤਾਂ ਜੋ ਲੋਕ ਪ੍ਰੇਸ਼ਾਨ ਹੋ ਜਾਣ। ਆਤਿਸ਼ੀ ਨੇ ਜਲ ਸੰਕਟ ਸੰਬੰਧੀ ਇੱਕ ਅਹਿਮ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਯਮੁਨਾ ’ਚ ਘੱਟ ਪਾਣੀ ਛੱਡਣ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਰਹੇ ਹਾਂ ਅਤੇ ਲੋੜ ਪੈਣ ’ਤੇ ਅਦਾਲਤ ’ਚ ਅਰਜ਼ੀ ਵੀ ਦਾਇਰ ਕਰਾਂਗੇ।
ਉਧਰ, ਦਿੱਲੀ ਨੇ ਮਈ ’ਚ ਹੀ ਬਿਜਲੀ ਦੀ ਖਪਤ ਦੇ ਮਾਮਲੇ ’ਚ ਆਪਣਾ 15 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇੱਥੇ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਫਿਰ ਵੀ ਕੇਜਰੀਵਾਲ ਸਰਕਾਰ ਆਪਣੇ ਨਾਗਰਿਕਾਂ ਨੂੰ 24 ਘੰਟੇ ਬਿਜਲੀ ਦੇ ਰਹੀ ਹੈ। ਬਿਜਲੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਸ ਸਮੇਂ ਦਿੱਲੀ ਨੂੰ ਤੇਜ਼ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ 21 ਮਈ ਨੂੰ ਬਿਜਲੀ ਦੀ ਮੰਗ 7717 ਮੈਗਾਵਾਟ ਤੱਕ ਪਹੁੰਚ ਗਈ। ਗਰਮੀ ਅਤੇ ਭਾਰੀ ਮੰਗ ਦੇ ਬਾਵਜੂਦ ਦਿੱਲੀ ਵਿੱਚ ਬਿਜਲੀ ਸਪਲਾਈ ’ਚ ਕੋਈ ਸਮੱਸਿਆ ਨਹੀਂ ਹੈ ਤੇ ਕਿਤੇ ਵੀ ਬਿਜਲੀ ਦੇ ਕੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਜੁਲਾਈ-ਅਗਸਤ ’ਚ ਹੁੰਮਸ ਭਰੀ ਗਰਮੀ ਕਾਰਨ ਬਿਜਲੀ ਦੀ ਖਪਤ ਵਧ ਜਾਂਦੀ ਹੈ, ਪਰ ਇਸ ਵਾਰ ਮਈ ’ਚ ਹੀ ਮੰਗ ਕਾਫੀ ਵਧ ਗਈ ਹੈ। ਜੁਲਾਈ-ਅਗਸਤ ’ਚ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੱਕ ਪਹੁੰਚ ਸਕਦੀ ਹੈ ਅਤੇ ਦਿੱਲੀ ਸਰਕਾਰ ਇਸ ਲਈ ਪਹਿਲਾਂ ਹੀ ਤਿਆਰ ਹੈ।

ਸਾਂਝਾ ਕਰੋ