May 23, 2024

ਕਿਸਾਨਾਂ ਨੇ ਮੋਦੀ ਦੀ ਪਟਿਆਲਾ ਰੈਲੀ ਵਾਲੀ ਥਾਂ ਵੱਲ ਮਾਰਚ ਕੀਤਾ ਸ਼ੁਰੂ

ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਹਮਾਇਤ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਹੈ। ਸ੍ਰੀ ਮੋਦੀ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਆਪਣੀ ਪਹਿਲੀ ਰੈਲੀ ਕਰਕੇ ਸੂਬੇ ਵਿੱਚ ਪਾਰਟੀ ਦੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਪਹਿਲਾਂ ਐੱਸਕੇਐੱਮ (ਗੈਰ-ਸਿਆਸੀ) ਆਗੂ ਤੇਜਵੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਕਿਸਾਨ ਇਕੱਠੇ ਹੋਣ ਬਾਅਦ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਾਲੀ ਥਾਂ ਵੱਲ ਮਾਰਚ ਕਰਨਗੇ। ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਡਟੇ ਹੋਏ ਹਨ। ਸ਼ੰਭੂ ਅਤੇ ਖਨੌਰੀ ਮੋਰਚੇ ਦੀ ਅਗਵਾਈ ਕਰ ਰਹੇ ਐੱਸਕੇਐੱਮ (ਗੈਰ-ਸਿਆਸੀ) ਆਗੂਆਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਮਰਜੀਤ ਸਿੰਘ ਮੋਹਰੀ, ਮਨਜੀਤ ਸਿੰਘ ਰਾਏ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਾਉਣ ਲਈ ਜ਼ੋਰ ਦਿੱਤਾ ਸੀ ਤੇ ਨਾਲ ਹੀ ਕਿਹਾ ਸੀ ਕਿ ਜੇ ਅਜਿਹਾ ਨਾ ਕੀਤਾ ਤਾਂ ਉਹ ਰੈਲੀ ਵਾਲੀ ਥਾਂ ਵੱਲ ਵਧਣਗੇ ਅਤੇ ਕਾਲੇ ਝੰਡੇ ਦਿਖਾਏ ਜਾਣਗੇ। ਇਸੇ ਦੌਰਾਨ ਬੀਐੱਸ ਰਾਜੇਵਾਲ, ਡਾਕਟਰ ਦਰਸ਼ਨਪਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਵੀ ਨਾਭਾ, ਸਰਹਿੰਦ, ਪਾਤੜਾਂ, ਰਾਜਪੁਰਾ ਅਤੇ ਹੋਰ ਰਸਤਿਆਂ ਰਾਹੀਂ ਪਟਿਆਲਾ ਵਿੱਚ ਦਾਖ਼ਲ ਹੋਣ ਦਾ ਫ਼ੈਸਲਾ ਕੀਤਾ ਹੈ। ਡਾਕਟਰ ਦਰਸ਼ਨਪਾਲ ਨੇ ਕਿਹਾ, ‘ਜੇਕਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਉਹ ਆਪਣਾ ਰੋਸ ਦਰਜ ਕਰਵਾਉਣ ਲਈ ਸੜਕ ‘ਤੇ ਧਰਨਾ ਦੇਣਗੇ।’ ਬੀਕੇਯੂ-ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਧਰਨਾ ਦੇਣ ਲਈ ਥਾਂ ਦਿੱਤੀ ਗਈ ਹੈ, ਜੋ ਕਿ ਸਮਾਗਮ ਵਾਲੀ ਥਾਂ ਤੋਂ ਕਰੀਬ 5 ਕਿਲੋਮੀਟਰ ਦੂਰ ਹੈ।

ਕਿਸਾਨਾਂ ਨੇ ਮੋਦੀ ਦੀ ਪਟਿਆਲਾ ਰੈਲੀ ਵਾਲੀ ਥਾਂ ਵੱਲ ਮਾਰਚ ਕੀਤਾ ਸ਼ੁਰੂ Read More »

ਸੋਚ ਕੇ ਬੋਲੋ

ਭਾਰਤ ਦੇ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਕਲਕੱਤਾ ਹਾਈਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਵੱਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਖਿ਼ਲਾਫ਼ ਕੀਤੀਆਂ ਅਪਮਾਨਜਨਕ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਂਦੇ ਹੋਏ ਉਨ੍ਹਾਂ ’ਤੇ 24 ਘੰਟਿਆਂ ਲਈ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਦੀ ਤਾਰੀਫ਼ ਕਰਨੀ ਬਣਦੀ ਹੈ। ਆਪਣੇ ਹੁਕਮ ਨੂੰ ਸਿਰਫ਼ ਇੱਕ ਉਮੀਦਵਾਰ ਤੱਕ ਸੀਮਤ ਨਾ ਰੱਖਦਿਆਂ ਚੋਣ ਕਮਿਸ਼ਨ ਨੇ ਭਾਜਪਾ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਸਾਰੇ ਉਮੀਦਵਾਰਾਂ ਅਤੇ ਚੋਣ ਪ੍ਰਚਾਰਕਾਂ ਲਈ ਇਹ ਸੇਧ ਜਾਰੀ ਕਰੇ ਕਿ ਚੋਣ ਪ੍ਰਚਾਰ ਦੇ ਬਾਕੀ ਬਚਦੇ ਦਿਨਾਂ ਦੌਰਾਨ ਇਸ ਤਰ੍ਹਾਂ ਦੀ ਗੱਲ ਮੁੜ ਨਾ ਵਾਪਰੇ। ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਦੀਆਂ ਟਿੱਪਣੀਆਂ ਨੂੰ ‘ਨੀਵੇਂ ਪੱਧਰ ਦਾ ਜ਼ਾਤੀ ਹਮਲਾ’ ਕਰਾਰ ਦਿੰਦਿਆਂ ਚੋਣ ਕਮਿਸ਼ਨ ਨੇ ਆਖਿਆ ਕਿ ਉਨ੍ਹਾਂ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਚੋਣ ਕਮਿਸ਼ਨ ’ਤੇ ਵਿਰੋਧੀ ਧਿਰਾਂ ਵੱਲੋਂ ਇਹ ਦੋਸ਼ ਲਾਏ ਜਾਂਦੇ ਰਹੇ ਹਨ ਕਿ ਉਹ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਕੀਤੀ ਜਾਂਦੀ ਅਵੱਗਿਆ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਹੁਣ ਵਰਗੀ ਸਖ਼ਤ ਕਾਰਵਾਈ ਨਾਲ ਚੋਣ ਕਮਿਸ਼ਨ ਦੀ ਸਾਖ ਨੂੰ ਬਲ ਮਿਲ ਸਕਦਾ ਹੈ। ਜਸਟਿਸ ਗੰਗੋਪਾਧਿਆਏ ਮਾਰਚ ਮਹੀਨੇ ਜੱਜ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਜੇ ਕੋਈ ਪੇਸ਼ੇਵਰ ਪਿਛੋਕੜ ਵਾਲਾ ਸ਼ਖ਼ਸ ਐਨੇ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰਦਾ ਹੈ ਤਾਂ ਇਹ ਸਾਡੇ ਸਿਆਸੀ ਸ਼ਿਸ਼ਟਾਚਾਰ ਲਈ ਸ਼ੁਭ ਨਹੀਂ ਹੈ। ਚੋਣ ਕਮਿਸ਼ਨ ਨੇ ਸਿਆਸੀ ਆਗੂਆਂ ਨੂੰ ਚੇਤੇ ਕਰਾਇਆ ਹੈ ਕਿ ਉਨ੍ਹਾਂ ਨੂੰ ਆਗੂਆਂ ਜਾਂ ਕਾਰਕੁਨਾਂ ਦੇ ਨਿੱਜੀ ਜੀਵਨ ਨਾਲ ਜੁੜੇ ਉਨ੍ਹਾਂ ਸਾਰੇ ਪਹਿਲੂਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਜਨਤਕ ਜੀਵਨ ਨਾਲ ਕੋਈ ਲਾਗਾ ਦੇਗਾ ਨਹੀਂ ਹੁੰਦਾ। ਇਸ ਦੌਰਾਨ ਕਲਕੱਤਾ ਹਾਈਕੋਰਟ ਦੇ ਇੱਕ ਹੋਰ ਜੱਜ ਚਿਤਾ ਰੰਜਨ ਦਾਸ ਨੇ ਆਪਣੀ ਸੇਵਾਮੁਕਤੀ ’ਤੇ ਵਿਦਾਇਗੀ ਭਾਸ਼ਣ ਦੌਰਾਨ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਉਹ ਮੁੱਢ ਤੋਂ ਹੀ ਆਰਐੱਸਐੱਸ ਨਾਲ ਜੁੜੇ ਰਹੇ ਹਨ ਅਤੇ ਜੇ ਸੰਗਠਨ ਉਨ੍ਹਾਂ ਨੂੰ ਬੁਲਾਵੇਗਾ ਤਾਂ ਉਹ ਉਸ ਲਈ ਕੋਈ ਵੀ ਕੰਮ ਕਰਨ ਲਈ ਤਿਆਰ ਹਨ। ਜਸਟਿਸ ਦਾਸ ਨੇ ਦਲੀਲ ਦਿੱਤੀ ਕਿ ਜੇ ਉਹ ਇਸ ਜਥੇਬੰਦੀ ਨਾਲ ਆਪਣੀ ਤਾਉਮਰ ਸਾਂਝ ਦਾ ਜਿ਼ਕਰ ਨਾ ਕਰਦੇ ਤਾਂ ਇਹ ਇੱਕ ਕਿਸਮ ਦੀ ਦੰਭੀ ਗੱਲ ਹੋਣੀ ਸੀ। ਇਨ੍ਹਾਂ ਦੋਵਾਂ ਜੱਜਾਂ ਦੀਆਂ ਟਿੱਪਣੀਆਂ ਕਰ ਕੇ ਉਚੇਰੀ ਨਿਆਂਪਾਲਿਕਾ ਦੀ ਸਾਖ ਨੂੰ ਠੇਸ ਪਹੁੰਚੀ ਹੈ ਕਿਉਂਕਿ ਕਾਨੂੰਨ ਦੇ ਰਾਜ ਅਤੇ ਸੰਵਿਧਾਨਕ ਨੇਮਾਂ ਵਾਸਤੇ ਜੱਜਾਂ ਦੀ ਨਿਰਪੱਖਤਾ ਬਹੁਤ ਅਹਿਮੀਅਤ ਰੱਖਦੀ ਹੈ। ਅਸਲ ਵਿਚ, ਪਿਛਲੇ ਕੁਝ ਸਾਲਾਂ ਦੌਰਾਨ ਮੁਲਕ ਦੀਆਂ ਜਮਹੂਰੀ ਸੰਸਥਾਵਾਂ ਨੂੰ ਲੱਗੇ ਤਿੱਖੇ ਖੋਰੇ ਕਾਰਨ ਅਜਿਹੀਆਂ ਟਿੱਪਣੀਆਂ ਅਕਸਰ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ। ਸਾਡੀਆਂ ਸੰਵਿਧਾਨਕ ਸੰਸਥਾਵਾਂ ਸਾਡੀ ਬੇਸ਼ਕੀਮਤੀ ਵਿਰਾਸਤ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਖੋਰਾ ਲਾਉਣ ਵਾਲੀਆਂ ਕਾਰਵਾਈਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਬਾਰੇ ਬੇਝਿਜਕ, ਸਖ਼ਤ ਪੈਂਤੜਾ ਮੱਲਣਾ ਪੈਣਾ ਹੈ।

ਸੋਚ ਕੇ ਬੋਲੋ Read More »

ਆਪਣੀਆਂ ਕਮੀਆਂ ਦੂਜਿਆਂ ’ਤੇ ਮੜ੍ਹ ਰਹੇ ਨੇ ‘ਆਪ’ ਦੇ ਆਗੂ

ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਜਲ ਮੰਤਰੀ ਆਤਿਸ਼ੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਫਿਰ ਨਵਾਂ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਭਾਜਪਾ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਪਾਣੀ ਦੀ ਕਿੱਲਤ ਬਾਰੇ ਸਵਾਲ ਉਠਾਏ ਤਾਂ ਆਤਿਸ਼ੀ ਅੱਜ ਕਹਿ ਰਹੀ ਹੈ ਕਿ ਹਰਿਆਣਾ ਸਰਕਾਰ ਵੱਲੋਂ ਪਾਣੀ ਨਹੀਂ ਦਿੱਤਾ ਜਾ ਰਿਹਾ। ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਅੰਦਰੋਂ ਚਿੱਠੀ ਲਿਖੀ ਸੀ ਕਿ ਦਿੱਲੀ ਦੇ ਲੋਕਾਂ ਦਾ ਖ਼ਿਆਲ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਪਾਣੀ ਦੀ ਕਮੀ ਨਾ ਆਉਣ ਦਿੱਤੀ ਜਾਵੇ। ਦਿੱਲੀ ਭਾਜਪਾ ਪ੍ਰਧਾਨ ਨੇ ਆਤਿਸ਼ੀ ਨੂੰ ਪੁੱਛਿਆ ਕਿ ਪਿਛਲੇ ਇੱਕ ਮਹੀਨੇ ਵਿੱਚ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਕੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪਾਣੀ ਦੀ ਕਿੱਲਤ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਕਾਰਨ ਹੋ ਰਹੀ ਹੈ, ਜੇਕਰ ਦਿੱਲੀ ਦੇ ਲੋਕ ਪਾਣੀ ਨੂੰ ਤਰਸ ਰਹੇ ਹਨ ਤਾਂ ਉਸ ਦਾ ਇੱਕੋ-ਇੱਕ ਕਾਰਨ ਖੁਦ ਕੇਜਰੀਵਾਲ ਸਰਕਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਵਾਤੀ ਮਾਲੀਵਾਲ ਦੇ ਮੁੱਦੇ ਤੋਂ ਸਾਰਿਆਂ ਦਾ ਧਿਆਨ ਹਟਾਉਣ ਲਈ ‘ਆਪ’ ਆਗੂ ਇਹ ਘਟੀਆ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਮਈ ਦੇ ਅਖ਼ੀਰ ਤੱਕ ਗਰਮੀਆਂ ਦਾ ਐਕਸ਼ਨ ਪਲਾਨ ਬਣਾਉਣ ਵਰਗਾ ਮੁੱਢਲਾ ਕੰਮ ਨਹੀਂ ਕੀਤਾ ਹੁਣ ਉਹ ਪਾਣੀ ਦੀ ਕਟੌਤੀ ’ਤੇ ਸਿਆਸੀ ਡਰਾਮੇਬਾਜ਼ੀ ਕਰ ਰਹੀ ਹੈ।

ਆਪਣੀਆਂ ਕਮੀਆਂ ਦੂਜਿਆਂ ’ਤੇ ਮੜ੍ਹ ਰਹੇ ਨੇ ‘ਆਪ’ ਦੇ ਆਗੂ Read More »

ਨਾਰਵੇ, ਆਇਰਲੈਂਡ ਤੇ ਸਪੇਨ ਵੱਲੋਂ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ

ਨਾਰਵੇ, ਆਇਰਲੈਂਡ ਤੇ ਸਪੇਨ ਨੇ ਇਕ ਇਤਿਹਾਸਕ ਪੇਸ਼ਕਦਮੀ ਤਹਿਤ ਫਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ। ਯੂਰੋਪੀ ਮੁਲਕਾਂ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਕੌਮਾਂਤਰੀ ਅਪਰਾਧਿਕ ਕੋਰਟ (ਆਈਸੀਸੀ) ਦੇ ਮੁੱਖ ਵਕੀਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੇ ਰੱਖਿਆ ਮੰਤਰੀ ਖਿਲਾਫ਼ ਗ੍ਰਿਫ਼ਤਾਰੀ ਵਾਰੰਟਾਂ ਦੀ ਮੰਗ ਕਰ ਰਹੇ ਹਨ ਤੇ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਨਸਲਕੁਸ਼ੀ ਦੇ ਦੋਸ਼ ਲਾਉਣ ਬਾਰੇ ਗੌਰ ਕਰ ਰਹੀ ਹੈ। ਉਧਰ ਫਲਸਤੀਨੀਆਂ ਨੇ ਫੈਸਲੇ ਦਾ ਸਵਾਗਤ ਕੀਤਾ ਹੈ, ਜੋ ਦਹਾਕਿਆਂ ਤੋਂ ਪੂਰਬੀ ਯੇਰੂਸ਼ਲਮ, ਪੱਛਮੀ ਕੰਢੇ ਤੇ ਗਾਜ਼ਾ ਪੱਟੀ ਵਿਚ ਰਾਜ ਦੇ ਦਰਜੇ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਜ਼ਰਾਈਲ ਨੇ 1967 ਦੀ ਮੱਧ ਪੂਰਬ ਜੰਗ ਦੌਰਾਨ ਇਹ ਇਲਾਕੇ ਆਪਣੇ ਕਬਜ਼ੇ ਵਿਚ ਲੈ ਲਏ ਸਨ ਤੇ ਅੱਜ ਵੀ ਇਨ੍ਹਾਂ ’ਤੇ ਉਸ ਦਾ ਕੰਟਰੋਲ ਹੈ। ਰਾਸ਼ਟਰਪਤੀ ਮਹਿਮੂਦ ਅੱਬਾਸ, ਜੋ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਦੇ ਕੁਝ ਹਿੱਸਿਆਂ ਦਾ ਪ੍ਰਬੰਧ ਦੇਖਦੀ ਫਲਸਤੀਨੀ ਅਥਾਰਿਟੀ ਦੇ ਆਗੂ ਵੀ ਹਨ, ਨੇ ਵੀ ਫੈਸਲੇ ਦਾ ਸਵਾਗਤ ਕੀਤਾ ਹੈ। ਦਹਿਸ਼ਤੀ ਜਥੇਬੰਦੀ ਹਮਾਸ ਨੇ ਫੈਸਲੇ ਨੂੰ ‘ਜੀ ਆਇਆਂ’ ਆਖਦਿਆਂ ਹੋਰਨਾਂ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਅੱਗੇ ਆਉਣ ਤੇ ਆਜ਼ਾਦੀ ਲਈ ਵਿੱਢੇ ਸੰਘਰਸ਼ ਦੀ ਹਮਾਇਤ ਕਰਨ। ਨਾਰਵੇ, ਆਇਰਲੈਂਡ ਤੇ ਸਪੇਨ ਵੱਲੋਂ 28 ਮਈ ਨੂੰ ਰਸਮੀ ਮਾਨਤਾ ਦੇਣ ਮਗਰੋਂ ਇਹ ਤਿੰਨੋਂ ਯੂਰੋਪੀ ਮੁਲਕ ਉਨ੍ਹਾਂ 140 ਦੇਸ਼ਾਂ ਵਿਚ ਸ਼ਾਮਲ ਹੋ ਜਾਣਗੇ, ਜੋ ਪਿਛਲੇ ਸਾਲਾਂ ਦੌਰਾਨ ਫਲਸਤੀਨ ਨੂੰ ਵੱਖਰੇ ਰਾਜ ਵਜੋਂ ਮਾਨਤਾ ਦੇ ਚੁੱਕੇ ਹਨ। ਅਮਰੀਕਾ ਤੇ ਬ੍ਰਿਟੇਨ ਸਣੇ ਹੋਰਨਾਂ ਨੇ ਇਜ਼ਰਾਈਲ ਦੇ ਨਾਲ ਇਕ ਸੁਤੰਤਰ ਫ਼ਲਸਤੀਨ ਰਾਜ ਦੇ ਵਿਚਾਰ ਦੀ ਹਮਾਇਤ ਕੀਤੀ ਸੀ, ਪਰ ਨਾਲ ਹੀ ਸਾਫ਼ ਕਰ ਦਿੱਤਾ ਸੀ ਕਿ ਇਹ ਗੱਲਬਾਤ ਜ਼ਰੀਏ ਹੋਣ ਵਾਲੇ ਸਮਝੌਤੇ ਤਹਿਤ ਹੀ ਸੰਭਵ ਹੈ। ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਹਰ ਸਟੋਰ ਨੇ ਸਭ ਤੋਂ ਪਹਿਲਾਂ ਮਾਨਤਾ ਦੇਣ ਦੇ ਫੈਸਲੇ ਦਾ ਐਲਾਨ ਕਰਦਿਆਂ ਕਿਹਾ, ‘‘ਫਲਸਤੀਨ ਨੂੰ ਵੱਖਰੇ ਰਾਜ ਵਜੋਂ ਮਾਨਤਾ ਦਿੱਤੇ ਬਿਨਾਂ ਮੱਧ ਪੂੁਰਬ ਵਿਚ ਸ਼ਾਂਤੀ ਨਹੀਂ ਹੋ ਸਕਦੀ।’’ ਆਇਰਲੈਂਡ ਦੇ ਪ੍ਰਧਾਨ ਮੰਤਰੀ ਸਿਮੋਨ ਹੈਰਿਸ ਨੇ ਇਸ ਨੂੰ ‘ਆਇਰਲੈਂਡ ਤੇ ਫਲਸਤੀਨ ਲਈ ਇਤਿਹਾਸਕ ਤੇ ਅਹਿਮ ਦਿਨ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਐਲਾਨ ਮਿਲ ਬੈਠ ਕੇ ਕੀਤੀ ਵਿਚਾਰ ਚਰਚਾ ਤੋਂ ਬਾਅਦ ਹੀ ਕੀਤਾ ਗਿਆ ਹੈ ਤੇ ਅਗਲੇ ਦਿਨਾਂ ਵਿਚ ਹੋਰ ਮੁਲਕ ਵੀ ਅਜਿਹਾ ਐਲਾਨ ਕਰ ਸਕਦੇ ਹਨ। ਸਪੈਨਿਸ਼ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼, ਜਿਨ੍ਹਾਂ ਦੇਸ਼ ਦੀ ਸੰਸਦ ਵਿਚ ਫੈਸਲੇ ਦਾ ਐਲਾਨ ਕੀਤਾ, ਨੇ ਪਿਛਲੇ ਕੁਝ ਮਹੀਨਿਆਂ ਵਿਚ ਯੂਰੋਪ ਤੇ ਮੱਧ ਪੂੁਰਬ ਦੇ ਮੁਲਕਾਂ ਦੀ ਫੇਰੀ ਦੌਰਾਨ ਮਾਨਤਾ ਲਈ ਵੱਡੀ ਹਮਾਇਤ ਜੁਟਾਈ ਹੈ। ਸਾਂਚੇਜ਼ ਨੇ ਕਿਹਾ, ‘‘ਇਹ ਮਾਨਤਾ ਕਿਸੇ ਦੇ ਖਿਲਾਫ਼ ਨਹੀਂ ਹੈ, ਇਹ ਇਜ਼ਰਾਇਲੀ ਲੋਕਾਂ ਦੇ ਖਿਲਾਫ਼ ਨਹੀਂ ਹੈ। ਇਹ ਸ਼ਾਂਤੀ, ਨਿਆਂ ਅਤੇ ਨੈਤਿਕ ਇਕਸਾਰਤਾ ਦੇ ਪੱਖ ਵਿੱਚ ਕੀਤਾ ਕੰਮ ਹੈ।’’ ਉਨ੍ਹਾਂ ਕਿਹਾ ਕਿ ਨੇਤਨਯਾਹੂ ਕੋਲ ‘ਸ਼ਾਂਤੀ ਲਈ ਕੋਈ ਪ੍ਰਾਜੈਕਟ ਨਹੀਂ ਹੈ’, ਉਂਜ ਸਪੈਨਿਸ਼ ਪ੍ਰਧਾਨ ਮੰਤਰੀ ਨੇ ‘ਦਹਿਸ਼ਤੀ ਸਮੂਹ ਹਮਾਸ ਖਿਲਾਫ਼ ਲੜਾਈ ਨੂੰ ਕਾਨੂੰਨੀ ਤੌਰ ’ਤੇ ਵੈਧ’ ਦੱਸਿਆ।

ਨਾਰਵੇ, ਆਇਰਲੈਂਡ ਤੇ ਸਪੇਨ ਵੱਲੋਂ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ Read More »

ਮੈਂ ਕਦੇ ਨਹੀਂ ਕਿਹਾ ਕਿ ਬਿਹਾਰੀਆਂ ਦਾ ਬਾਈਕਾਟ ਕਰੋ:

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਕਿ ਕੁਝ ਕਾਂਗਰਸੀ ਆਗੂ ਬਿਹਾਰੀਆਂ ਨੂੰ ਪੰਜਾਬ ਵਿੱਚੋਂ ਕੱਢਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਬਾਈਕਾਟ ਦੀ ਗੱਲ ਕਰ ਰਹੇ ਹਨ, ’ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ, ‘‘ਮੈਂ ਬਿਹਾਰੀ ਜਾਂ ਉੱਤਰ ਪ੍ਰਦੇਸ਼ ਵਾਲਿਆਂ ਦਾ ਕਦੇ ਨਾਂ ਨਹੀਂ ਲਿਆ, ਬਲਕਿ ਇਹ ਕਿਹਾ ਹੈ ਕਿ ਗੈਰ-ਪੰਜਾਬੀਆਂ ਨੂੰ ਪੰਜਾਬ ਵਿੱਚ ਸ਼ਰਤਾਂ ਤਹਿਤ ਹੀ ਵੋਟ ਪਾਉਣ ਜਾਂ ਮਕਾਨ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੈਂ ਇਹ ਕਦੇ ਨਹੀਂ ਕਿਹਾ ਕਿ ਬਿਹਾਰੀਆਂ ਦਾ ਬਾਈਕਾਟ ਕਰੋ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣ-ਬੁੱਝ ਕੇ ਬਿਹਾਰੀ ਲੋਕਾਂ ਨੂੰ ਭੜਕਾ ਰਹੇ ਹਨ। ਇੱਥੇ ਇੱਕ ਬਿਆਨ ਵਿੱਚ ਖਹਿਰਾ ਨੇ ਕਿਹਾ ਕਿ ਗੁਜਰਾਤ ਵਿੱਚ ਨਰਿੰਦਰ ਮੋਦੀ ਨੇ ਕੱਛ ਇਲਾਕੇ ਵਿੱਚ ਬੇਆਬਾਦ ਜ਼ਮੀਨ ਨੂੰ ਸਾਲਾਂਬੱਧੀ ਮਿਹਨਤ ਨਾਲ ਵਾਹੀਯੋਗ ਬਣਾਉਣ ਵਾਲੇ ਵੱਡੀ ਗਿਣਤੀ ਸਿੱਖਾਂ ਨੂੰ ਬਾਹਰ ਕੱਢ ਦਿੱਤਾ ਸੀ। ਹਾਈ ਕੋਰਟ ਨੇ ਕੱਛ ਦੇ ਸਿੱਖਾਂ ਦੇ ਹੱਕ ਵਿੱਚ ਫ਼ੈਸਲਾ ਕਰ ਕੇ ਉਨ੍ਹਾਂ ਨੂੰ ਉੱਥੇ ਰਹਿਣ ਦਾ ਹੁਕਮ ਸੁਣਾਇਆ ਪਰ ਭਾਜਪਾ ਸਰਕਾਰ ਨੇ ਇਸ ਫ਼ੈਸਲੇ ਨੂੰ ਵੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਖਹਿਰਾ ਨੇ ਕਿਹਾ ਕਿ ਗੁਜਰਾਤ ਵਿੱਚ ਵੀ ਗੈਰ-ਗੁਜਰਾਤੀਆਂ ਨੂੰ ਵੋਟ ਪਾਉਣ ਅਤੇ ਮਕਾਨ ਖਰੀਦਣ ਦਾ ਅਧਿਕਾਰ ਨਹੀਂ ਹੈ। ਇਹੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹੋ ਰਿਹਾ ਹੈ। ਇਸੇ ਆਧਾਰ ’ਤੇ ਉਨ੍ਹਾਂ ਕਿਹਾ ਸੀ ਕਿ ਗੈਰ-ਪੰਜਾਬੀਆਂ ਨੂੰ ਵੋਟ ਪਾਉਣ ਤੇ ਪੱਕੇ ਤੌਰ ’ਤੇ ਸੂਬੇ ਵਿੱਚ ਰਹਿਣ ਲਈ ਸ਼ਰਤਾਂ ਨਿਰਧਾਰਤ ਕੀਤੀਆਂ ਜਾਣ।

ਮੈਂ ਕਦੇ ਨਹੀਂ ਕਿਹਾ ਕਿ ਬਿਹਾਰੀਆਂ ਦਾ ਬਾਈਕਾਟ ਕਰੋ: Read More »

‘ਸੰਯੁਕਤ ਕਿਸਾਨ ਮੋਰਚਾ’ ਵੱਲੋਂ ਪ੍ਰਧਾਨ ਮੰਤਰੀ ਦੇ ਵਿਰੋਧ ਦਾ ਐਲਾਨ

37 ਕਿਸਾਨ ਜਥੇਬੰਦੀਆਂ ’ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚਾ’ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇੱਥੇ ਮੀਟਿੰਗ ਕਰ ਕੇ 23 ਮਈ ਨੂੰ ਪਟਿਆਲਾ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡੱਟਵੇਂ ਵਿਰੋਧ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੂੰ ਸ਼ਾਂਤਮਈ ਢੰਗ ਨਾਲ ਕਾਲੇ ਝੰਡੇ ਦਿਖਾਉਣ ਲਈ ਪੰਜ ਥਾਵਾਂ ਤੋਂ ਬਾਅਦ ਦੁਪਹਿਰ 3 ਵਜੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਫ਼ਲੇ ਰੈਲੀ ਵੱਲ ਕੂਚ ਕਰਨਗੇ। ਪੁਲੀਸ ਅਤੇ ਪ੍ਰਸ਼ਾਸਨ ਦੀ ਸਖਤੀ ਅਤੇ ਜਬਰ ਦਾ ਮੁਕਾਬਲਾ ਸਬਰ ਅਤੇ ਠਰ੍ਹੰਮੇ ਨਾਲ ਕੀਤਾ ਜਾਵੇਗਾ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਪਟਿਆਲਾ, ਕਿਸਾਨ ਯੂਨੀਅਨ ਸ਼ਾਦੀਪੁਰ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਹਰਬੰਸ ਦਦਹੇੜਾ, ਕੁੱਲ ਹਿੰਦ ਕਿਸਾਨ ਸਭਾ ਦੇ ਧਰਮਪਾਲ ਸੀਲ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਇਕਬਾਲ ਸਿੰਘ ਮੰਡੋਲੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਕੌਰਜੀਵਾਲਾ, ਬੀਕੇਯੂ ਡਕੌਂਦਾ ਦੇ ਗੁਰਬਚਨ ਕਨਸੂਹਾ, ਕੁੱਲ ਹਿੰਦ ਕਿਸਾਨ ਸਭਾ ਦੇ ਕੁਲਵੰਤ ਮੌਲਵੀਵਾਲਾ, ਬੀਕੇਯੂ ਰਾਜੇਵਾਲ ਦੇ ਹਜ਼ੂਰਾ ਸਿੰਘ, ਬੀਕੇਯੂ ਲੱਖੋਵਾਲ ਦੇ ਜਸਵੀਰ ਖੇੜੀ ਰਾਜੂ ਸ਼ਾਮਲ ਸਨ। ਕਿਸਾਨ ਆਗੂ ਰਮਿੰਦਰ ਪਟਿਆਲਾ ਨੇ ਦੱਸਿਆ ਕਿ ਪੰਜ ਥਾਵਾਂ ਤੋਂ ਬਾਅਦ ਦੁਪਹਿਰ 3 ਵਜੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਫ਼ਲੇ ਇਕੱਠੇ ਹੋ ਕੇ ਪਟਿਆਲਾ ਵੱਲ ਕੂਚ ਕਰਨਗੇ। ਇਨ੍ਹਾਂ ਥਾਵਾਂ ’ਚ ਸਰਹੰਦ ਰੋਡ ’ਤੇ ਸਥਿਤ ਪਿੰਡ ਫੱਗਣਮਾਜਰਾ, ਪਾਤੜਾਂ ਰੋਡ ’ਤੇ ਸਮਸਰਪੁਰ ਚੁਪਕੀ ਸਥਿਤ ਪੁਰਾਣਾ ਟੌਲ ਪਲਾਜ਼ਾ, ਸੰਗਰੂਰ ਰੋਡ ’ਤੇ ਸਥਿਤ ਗੁਰਦੁਆਰਾ ਪ੍ਰਮੇਸ਼ਰ ਦੁਆਰ, ਨਾਭਾ ਰੋਡ ’ਤੇ ਰੱਖੜਾ ਅਤੇ ਦੇਵੀਗੜ੍ਹ ਰੋਡ ’ਤੇ ਸਥਿਤ ਪਿੰਡ ਖਾਸੀਆਂ ਤੋਂ ਕਿਸਾਨ ਰਵਾਨਾ ਹੋਣਗੇ।

‘ਸੰਯੁਕਤ ਕਿਸਾਨ ਮੋਰਚਾ’ ਵੱਲੋਂ ਪ੍ਰਧਾਨ ਮੰਤਰੀ ਦੇ ਵਿਰੋਧ ਦਾ ਐਲਾਨ Read More »

ਚਾਰ ਜੂਨ ਨੂੰ ਇੱਕ ਨਵੀਂ ਫ਼ਿਲਮ ਦੇੇਖਣਗੇ ਦੇਸ਼ ਵਾਸੀ

ਚੱਲ ਰਹੀਆਂ ਲੋਕ ਸਭਾ ਚੋਣਾਂ ’ਚ ‘ਇੰਡੀਆ’ ਗੱਠਜੋੜ ਦੀ ਜਿੱਤ ਦਾ ਭਰੋਸਾ ਜਤਾਉਂਦਿਆਂ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਅੱਜ ਪੂਰੇ ਉਤਸ਼ਾਹ ਨਾਲ ਆਖਿਆ ਕਿ 4 ਜੂਨ ਨੂੰ ਇੱਕ ਨਵੀਂ ਫ਼ਿਲਮ ਰਿਲੀਜ਼ ਹੋਵੇਗੀ, ਜਿਸ ਨੂੰ ਪੂਰਾ ਦੇਸ਼ ਦੇਖੇਗਾ। ਇਸ ਦੌਰਾਨ ਅਖਿਲੇਸ਼ ਨੇ ਬਸਪਾ ਮੁਖੀ ਮਾਇਆਵਤੀ ’ਤੇ ਲੋਕ ਸਭਾ ’ਚ ਭਾਜਪਾ ਨਾਲ ਹੱਥ ਮਿਲਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਬਸਪਾ ਵੱਲੋਂ ਸਮਾਜਵਾਦੀ ਪਾਰਟੀ ਦੀਆਂ ਵੋਟਾਂ ਤੋੜ ਕੇ ਭਗਵਾ ਪਾਰਟੀ ਦੀ ਮਦਦ ਕੀਤੀ ਜਾ ਰਹੀ ਹੈ। ਅਖਿਲੇਸ਼ ਯਾਦਵ ਸਪਾ ਉਮੀਦਵਾਰ ਧਰਮੇਂਦਰ ਯਾਦਵ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਚਾਰ ਜੂਨ ਨੂੰ ਇੱਕ ਨਵੀਂ ਫ਼ਿਲਮ ਦੇੇਖਣਗੇ ਦੇਸ਼ ਵਾਸੀ Read More »

ਲੋਕਰਾਜ ਖ਼ਾਤਿਰ ਵੋਟ ਦਾ ਇਸਤੇਮਾਲ/ਨੀਰਾ ਚੰਡੋਕ

ਉਹ ਕਿਹੜੀ ਚੀਜ਼ ਹੈ ਜੋ 2024 ਦੀਆਂ ਚੋਣਾਂ ਵਿਚ ਦਾਅ ’ਤੇ ਲੱਗੀ ਹੈ? ਪਿਛਲੇ ਦਸ ਸਾਲਾਂ ਵਿਚ ਬਹੁਤਾ ਸਮਾਂ ਨਿਰੰਕੁਸ਼ਤਾ ਦਾ ਸਾਇਆ ਸਾਡੇ ਸਿਰ ’ਤੇ ਮੰਡਰਾਉਂਦਾ ਰਿਹਾ ਹੈ। ਨਿਰੰਕੁਸ਼ਤਾ ਨੇ ਲੋਕਰਾਜ ਨੂੰ ਅੰਦਰੋਂ ਖੋਖਲਾ ਕਰ ਕੇ ਰੱਖ ਦਿੱਤਾ ਹੈ। ਨਿਰੰਕੁਸ਼ਵਾਦੀਆਂ ਦਾ ਠੋਸ ਲੋਕਤੰਤਰ ਤੋਂ ਬਗ਼ੈਰ ਗੁਜ਼ਾਰਾ ਚੰਗਾ ਚਲਦਾ ਹੈ। ਜਿ਼ਆਦਾ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਉਹ ਮਿਲਜੁਲ ਕੇ ਰਹਿਣ ਦਾ ਵੱਲ ਸਿੱਖ ਚੁੱਕੇ ਲੋਕਾਂ ਅੰਦਰ ਖੁਣਸੀ ਢੰਗ ਨਾਲ ਧਰੁਵੀਕਰਨ ਦਾ ਜ਼ਹਿਰ ਫੈਲਾਉਂਦੇ ਹਨ। ਇਸ ਪ੍ਰਕਿਰਿਆ ਵਿੱਚ ਅਸੀਂ ਲੋਕਤੰਤਰ ਦੀ ਭਾਵਨਾ ਭਾਵ ਇਕਜੁੱਟਤਾ ਦਾ ਕਤਲ ਹੁੰਦਾ ਦੇਖਦੇ ਹਾਂ। ਕਮਿਊਨਿਜ਼ਮ ਦੀ ਚੜ੍ਹਤ ਦੇ ਦਿਨਾਂ ਵਿੱਚ ਇਕਜੁੱਟਤਾ ਦਾ ਮਤਲਬ ਹੁੰਦਾ ਸੀ ਮਿਹਨਤਕਸ਼ ਤਬਕਿਆਂ ਅੰਦਰ ਏਕੇ ਦਾ ਅਹਿਸਾਸ। ਅੱਜ ਜੇ ਅਸੀਂ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਇਹ ਜਜ਼ਬਾ ਬਹੁਤ ਅਹਿਮ ਹੈ। ਇਕਜੁੱਟਤਾ ਜਾਂ ਇਸ ਦੇ ਚਚੇਰ ਸੰਕਲਪ ਭਾਈਚਾਰਕ ਸਾਂਝ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਜ਼ਰਾ ਸੋਚੋ, ਸੰਵਿਧਾਨ ਦੇ ਨਿਰਮਾਤਾਵਾਂ ਸਾਹਮਣੇ ਕਿਸ ਕਿਸਮ ਦੀਆਂ ਚੁਣੌਤੀਆਂ ਹੋਣਗੀਆਂ। ਮਜ਼ਹਬੀ ਆਧਾਰ ’ਤੇ ਵੰਡ ਦਿੱਤੇ ਗਏ ਲੋਕਾਂ ਨੂੰ ਲੋਕਰਾਜੀ ਸਿਆਸੀ ਭਾਈਚਾਰੇ ਅੰਦਰ ਨਾਗਰਿਕ ਦੇ ਰੂਪ ਵਿੱਚ ਰਹਿਣਾ ਪ੍ਰਵਾਨ ਕਰਨਾ ਪਵੇਗਾ। ਵੰਡ ਵੇਲੇ ਇਨ੍ਹਾਂ ’ਚੋਂ ਕਈ ਲੋਕ ਮਾਨਵਤਾ ਦੇ ਹੇਠਲੇ ਪੱਧਰ ਤੱਕ ਜਾ ਡਿੱਗੇ ਸਨ। ਸੰਵਿਧਾਨ ਘਾਡਿ਼ਆਂ ਨੇ ਇਸ ਤਣਾਅਪੂਰਨ ਮਾਹੌਲ ਅੰਦਰ ਹੋਸ਼ਮੰਦੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਜਿਹੇ ਸਿਆਸੀ ਸਿਧਾਂਤਾਂ ਨੂੰ ਪ੍ਰਸਤਾਵਨਾ ਵਿੱਚ ਉਭਾਰ ਕੇ ਸਾਹਮਣੇ ਲਿਆਂਦਾ ਸੀ। ਮਜ਼ਹਬੀ ਗਰਕਣ ਵਿੱਚ ਧਸੇ ਭਾਰਤ ਦੇ ਲੋਕਾਂ ਨੂੰ ਇਕਜੁੱਟਤਾ ਦੇ ਰੂਪ ਵਿੱਚ ਬਦਲ ਪੇਸ਼ ਕੀਤਾ ਗਿਆ ਜੋ ਘੱਟੋ-ਘੱਟ ਦੋ ਕਾਰਨਾਂ ਕਰ ਕੇ ਅਹਿਮ ਹੈ। ਪਹਿਲਾ, ਜੇ ਲੋਕ ਹੋਰਨਾਂ ਦੀ ਪ੍ਰਵਾਹ ਨਾ ਕਰਨ ਤਾਂ ਲੋਕਰਾਜ ਭਟਕ ਜਾਂਦਾ ਹੈ; ਭਾਵ, ਉਨ੍ਹਾਂ ਦੀ ਬਿਮਾਰੀ ਜਾਂ ਗ਼ਰੀਬੀ ਨੂੰ ਨਜ਼ਰਅੰਦਾਜ਼ ਕਰਨ ਜਾਂ ਕਿਸੇ ਭਾਈਚਾਰੇ ਖਿ਼ਲਾਫ਼ ਘੋਰ ਅਨਿਆਂ ਕੀਤਾ ਜਾਵੇ। ਇਕਜੁੱਟਤਾ ਤੋਂ ਬਿਨਾਂ ਅਸੀਂ ਹੱਕ ਰੱਖਣ ਵਾਲੇ ਖ਼ੁਦਗਰਜ਼ਾਂ ਦਾ ਟੋਲਾ ਬਣ ਕੇ ਰਹਿ ਜਾਵਾਂਗੇ। ਇਕਜੁੱਟਤਾ ਤੋਂ ਬਗ਼ੈਰ ਅਸੀਂ ਹੌਬਸ ਦੇ ਸ਼ਬਦਾਂ ਵਿੱਚ ਉਸ ਕਿਸਮ ਦੀ ਕੁਦਰਤੀ ਅਵਸਥਾ ਵਿੱਚ ਚਲੇ ਜਾਵਾਂਗੇ ਜਿੱਥੇ ਹਰ ਕੋਈ ਇਕੱਲਾ ਹੁੰਦਾ ਹੈ ਅਤੇ ਉਹ ਇਨਸਾਨ ਬਣਾਉਣ ਵਾਲੀਆਂ ਖੂਬੀਆਂ ਤੋਂ ਵਿਰਵਾ ਹੁੰਦਾ ਹੈ। ਦੂਜਾ, ਇਤਿਹਾਸ ਦਰਸਾਉਂਦਾ ਹੈ ਕਿ ਜਦੋਂ ਲੋਕ ਦਮਨ ਖਿ਼ਲਾਫ਼ ਇਕਜੁੱਟਤਾ ਦੇ ਸਾਂਝੇ ਤਾਣੇ ਹੇਠ ਆਉਂਦੇ ਹਨ ਤਾਂ ਉਹ ਪਹਾੜਾਂ ਨੂੰ ਵੀ ਝੁਕਾ ਦਿੰਦੇ ਹਨ। ਉਹ ਸ਼ਕਤੀਸ਼ਾਲੀ ਸਾਮਰਾਜਾਂ ਨੂੰ ਉਖਾੜ ਸੁੱਟਦੇ ਹਨ। ਉਹ ਮਹਿਜ਼ ਸੜਕਾਂ ’ਤੇ ਇਕੱਤਰ ਹੋਣ ’ਤੇ ਹੀ ਰਾਜਕੀ ਸੱਤਾ ਦੀ ਦੁਰਵਰਤੋਂ ਕਰਨ ਵਾਲੀਆਂ ਸਰਕਾਰਾਂ ਨੂੰ ਵੰਗਾਰਦੇ ਹਨ ਜਿਵੇਂ 1989 ਵਿੱਚ ਪੂਰਬੀ ਯੂਰੋਪ ਵਿਚ ਹੋਇਆ ਸੀ। ਇਰਾਨ ਵਿੱਚ ਔਰਤਾਂ ਨੇ ਸ਼ਰੇਆਮ ਆਪਣੀਆਂ ਗੁੱਤਾਂ ਕਟਵਾ ਕੇ ਪਿੱਤਰਸੱਤਾ ਨੂੰ ਲਲਕਾਰਿਆ ਸੀ। ਜਰਮਨਾਂ ਨੇ ਬਰਲਿਨ ਦੀ ਕੰਧ ਢਾਹ ਦਿੱਤੀ ਸੀ। ਇਹ ਸਭ ਕੁਝ ਕਰਦਿਆਂ ਉਹ ਸ਼ਿੱਦਤ ਅਤੇ ਹੌਸਲੇ ਨਾਲ ਇਕਜੁੱਟਤਾ ਨੂੰ ਸਿਆਸੀ ਏਜੰਡੇ ਦੇ ਮਰਕਜ਼ ਵਿੱਚ ਖੜ੍ਹਾ ਕਰਦੇ ਹਨ। ਸੱਤਾ ਦੀ ਹਵਸ ਵਿੱਚ ਲੱਗੇ ਨਿਰੰਕੁਸ਼ ਸ਼ਾਸਕ ਜਦੋਂ ਲੋਕਾਂ ਨੂੰ ਵੰਡਣ ਦੀ ਕੋਸਿ਼ਸ਼ ਕਰਦੇ ਹਨ ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੁੰਦੀ। ਇਤਿਹਾਸ ਵਿੱਚ ਉਹ ਮੌਕੇ ਬੇਮਿਸਾਲ ਹੁੰਦੇ ਹਨ ਜਦੋਂ ਬਿਨਾਂ ਕਿਸੇ ਆਗੂਆਂ ਜਾਂ ਜਥੇਬੰਦੀ ਤੋਂ ਅਵਾਮ ਗ਼ੈਰ-ਵਾਜਿਬ ਕਾਨੂੰਨਾਂ ਦੇ ਪਰਖਚੇ ਉਡਾ ਦਿੰਦੀ ਹੈ। ਨਾਬਰੀ ਦੇ ਕਈ ਹੋਰ ਰੂਪ ਵੀ ਹੁੰਦੇ ਹਨ ਜਿਵੇਂ ਸਾਡੇ ਕੋਲ ਵੋਟ ਦਾ ਅਧਿਕਾਰ ਹੈ। ਸਾਨੂੰ ਰਾਜੇ ਦਾ ਸਿਰ ਕਲਮ ਕਰਨ ਦੀ ਲੋੜ ਨਹੀਂ ਹੈ ਜਿਵੇਂ ਫਰਾਂਸੀਸੀ ਇਨਕਲਾਬ ਵੇਲੇ ਹੋਇਆ ਸੀ। ਸਾਨੂੰ ਹੋਸ਼ਮੰਦੀ ਨਾਲ ਵੋਟ ਦੀ ਵਰਤੋਂ ਕਰਨ ਦੀ ਲੋੜ ਹੈ। ਸਾਡੀ ਵੋਟ ਦੀ ਕੀ ਅਹਿਮੀਅਤ ਹੈ? ਸੰਨ 2014 ਵਿੱਚ ਭਾਰਤੀ ਅਵਾਮ ਦੇ ਵੱਡੇ ਹਿੱਸੇ ਨੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਰੋਸਾ ਜਤਾਇਆ ਸੀ। ਉਨ੍ਹਾਂ ਦੀ ਕ੍ਰਿਸ਼ਮਈ ਸ਼ਖ਼ਸੀਅਤ ਬਾਰੇ ਬਹੁਤ ਕੁਝ ਲਿਖਿਆ ਤੇ ਆਖਿਆ ਜਾ ਚੁੱਕਿਆ ਹੈ। ਜੇ ਇਸ ਕ੍ਰਿਸ਼ਮੇ ਦੀ ਡੋਜ਼ ਲੋੜ ਤੋਂ ਜਿ਼ਆਦਾ ਹੋ ਜਾਵੇ ਤਾਂ ਇਹ ਲੋਕਤੰਤਰ ਦੀ ਸਿਹਤ ਲਈ ਘਾਤਕ ਬਣ ਜਾਂਦੀ ਹੈ। ਜ਼ਰਾ ਗ਼ੌਰ ਕਰੋ, ਘੱਟਗਿਣਤੀ ਮੁਸਲਿਮ ਭਾਈਚਾਰੇ ਨੂੰ ਕਿੰਨੇ ਅਸੱਭਿਅਕ ਅਤੇ ਬੇਸ਼ਰਮੀ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਨੂੰ ਬਰਦਾਸ਼ਤ ਕਰ ਲਿਆ ਜਾਂਦਾ ਹੈ ਕਿਉਂਕਿ ਆਗੂ ਕ੍ਰਿਸ਼ਮਈ ਹੈ। ਇਸ ਲਈ ਸਾਡੇ ਮੁਸਲਿਮ ਨਾਗਰਿਕਾਂ ਦੇ ਨਾ ਕੋਈ ਨਾਂ ਹਨ ਤੇ ਨਾ ਹੀ ਕੋਈ ਖ਼ਾਸ ਜੀਵਨੀਆਂ ਜਾਂ ਜਿ਼ਕਰਯੋਗ ਵਿਸ਼ਵਾਸ ਪ੍ਰਣਾਲੀਆਂ ਜਾਂ ਭਾਸ਼ਾਵਾਂ ਹਨ। ਘੱਟਗਿਣਤੀ ਤਾਂ ਮਹਿਜ਼ ਆਲੂਆਂ ਦੀ ਬੋਰੀ ਹੁੰਦੀ ਹੈ ਜਿਵੇਂ ਕਾਰਲ ਮਾਰਕਸ ਨੇ ਇਕ ਵੱਖਰੇ ਪ੍ਰਸੰਗ ਵਿੱਚ ਟਿੱਪਣੀ ਕੀਤੀ ਸੀ। ਸ਼ਾਇਦ ਜਦੋਂ ਲੋਕ ਬੇਪਛਾਣ ਹੋ ਜਾਂਦੇ ਹਨ ਤਾਂ ਉਨ੍ਹਾਂ ਖਿ਼ਲਾਫ਼ ਹਿੰਸਾ ਦਾ ਇਸਤੇਮਾਲ ਵੀ ਆਸਾਨ ਹੋ ਜਾਂਦਾ ਹੈ। ਉਹ ਅਜਿਹੇ ਸਮੂਹ ਦਾ ਹਿੱਸਾ ਹਨ ਜਿਸ ਨੂੰ ਨਫ਼ਰਤ ਦੀ ਸਿਆਸਤ ਜ਼ਰੀਏ ਲਗਾਤਾਰ ਬਦਨਾਮ ਕੀਤਾ ਜਾਂਦਾ ਰਿਹਾ ਹੈ। ਸੱਜੇ ਪੱਖੀ ਬਹੁਗਿਣਤੀਪ੍ਰਸਤੀ ਦੇ ਘਾਤਕ ਸਿੱਟੇ ਸਾਫ਼ ਦਿਖ ਰਹੇ ਹਨ। ਉਹ ਤੋਹਮਤਾਂ ਜਿਹੜੀਆਂ 10 ਸਾਲ ਪਹਿਲਾਂ ਤੱਕ ਅਵਚੇਤਨ ਮਨਾਂ ਤੱਕ ਸੀਮਤ ਸਨ, ਹੁਣ ਉੱਭਰ ਕੇ ਸਿਆਸੀ ਏਜੰਡੇ ਅਤੇ ਜਨਤਕ ਦਾਇਰੇ ਦੇ ਬਿਲਕੁਲ ਮੂਹਰੇ ਆ ਗਈਆਂ ਹਨ। ਅਸੀਂ ਭਾਰਤ ਦੇ ਲੋਕਾਂ ਨੇ, ਖ਼ੁਦ ਨੂੰ ਅਜਿਹਾ ਸੰਵਿਧਾਨ ਦਿੱਤਾ ਹੈ ਜਿਸ ਨੇ ਜਮਹੂਰੀ ਸਿਆਸੀ ਜਮਾਤ ਪੈਦਾ ਕੀਤੀ ਹੈ। ਸਾਨੂੰ ਭਾਰਤ ਦੇ ਲੋਕਾਂ ਨੂੰ ਇੱਕ ਵਾਰ ਫਿਰ ਸੁਆਰਥੀ ਸੱਤਾ ਦੀ ਸਿਆਸਤ ਰਾਹੀਂ ਵੰਡਿਆ ਜਾ ਰਿਹਾ ਹੈ। ਇਹ ਅਜੋਕੇ ਭਾਰਤ ਦੀ ਤ੍ਰਾਸਦੀ ਹੈ: ਵੈਰ-ਵਿਰੋਧ ਦੇ ਹੈਰਾਨੀਜਨਕ ਬਿਰਤਾਂਤ ਘੜ ਕੇ ਭਾਰਤੀ ਮਾਨਸਿਕਤਾ ਨੂੰ ਘੇਰਨਾ। ਤੇ ਅਸੀਂ ਲੋਕਤੰਤਰ, ਨਿਆਂ, ਆਜ਼ਾਦੀ, ਸਮਾਨਤਾ ਤੇ ਇਕਜੁੱਟਤਾ ਦੇ ਸਿਦਕੀ ਰਾਖੇ, ਉਸ ਵੇਲੇ ਘੁਟਣ ਮਹਿਸੂਸ ਕਰਦੇ ਹਾਂ ਜਦ ਸੱਤਾਧਾਰੀ ਜਮਾਤ ਮੁਲਕ ’ਤੇ ਭੈਅ ਦੀ ਚਾਦਰ ਪਾਉਂਦੀ ਹੈ ਅਤੇ ਸਾਡੇ ਸਾਥੀ ਨਾਗਰਿਕ ਦੁੱਖ ਝੱਲਦੇ ਹਨ। ‘ਬੌਡੀ ਆਨ ਦਿ ਬੈਰੀਕੇਡਜ਼’ ਦੇ ਲੇਖਕ, ਦਾਰਸ਼ਨਿਕ ਬ੍ਰਹਮ ਪ੍ਰਕਾਸ਼ ਲਿਖਦੇ ਹਨ ਕਿ ਸਾਡੇ ਵਿੱਚੋਂ ਕਈ ਉਸ ਮਾਹੌਲ ’ਚ ਘੁਟਣ ਮਹਿਸੂਸ ਕਰ ਰਹੇ ਹਨ ਜੋ ਭਾਰਤੀ ਸਮਾਜ ਨੂੰ ਆਕਾਰ ਦੇ ਰਿਹਾ ਹੈ। ਸਾਨੂੰ ਘਿਰੇ ਹੋਣ ਦਾ ਅਹਿਸਾਸ ਹੋ ਰਿਹਾ ਹੈ, ਅਸੀਂ ਆਪਣੇ ਸਰੀਰਾਂ ਤੇ ਆਲੇ-ਦੁਆਲੇ ’ਚ ਬੰਦੀਆਂ ਵਰਗਾ ਮਹਿਸੂਸ ਕਰ ਰਹੇ ਹਾਂ। ਮੈਂ ਉਨ੍ਹਾਂ ਸਮਿਆਂ ਦੀ ਵਿਆਖਿਆ ਲਈ ਸ਼ਬਦ ਤੇ ਵਾਕ ਲੱਭ ਰਿਹਾ ਹਾਂ ਜਿਨ੍ਹਾਂ ਅੰਦਰ ਅਸੀਂ ਜੀਵਨ ਬਸਰ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਅਜਿਹਾ ਕੋਈ ਹੋਰ ਸ਼ਬਦ ਨਹੀਂ ਹੈ ਜੋ ‘ਆਈ ਕਾਂਟ ਬ੍ਰੀਦ’ (ਮੈਂ ਸਾਹ ਨਹੀਂ ਲੈ ਸਕਦਾ) ਦੀ ਸਮਰੱਥਾ ਤੇ ਸੁਹਜ ਦੇ ਨੇੜੇ ਢੁਕ ਸਕੇ। ਮੈਂ ਅਜਿਹੇ ਪ੍ਰਤੀਕਾਤਮਕ ਭਾਵ ਦੀ ਭਾਲ ਵਿਚ ਹਾਂ ਜੋ ਮੇਰੇ ਤਨ ਦੀ ਇਸ ਸਥਿਤੀ ਤੇ ਕਿਰਿਆ ਦਾ ਢੁੱਕਵਾਂ ਬਖਾਨ ਕਰ ਸਕੇ। ਜਿਹੜੀ ਤਸਵੀਰ ਮੈਨੂੰ ਦਿਸਦੀ ਹੈ, ਉਹ ਬੈਰੀਕੇਡਾਂ ’ਤੇ ਪਈ ਦੇਹ ਦੀ ਹੈ। ਇਕ ਚਿਤਾਵਨੀ ਇੱਥੇ ਕ੍ਰਮ ਵਿਚ ਹੈ। ਜਿਹੜੀ ਸੱਤਾ ਲੋਕਤੰਤਰ ਦਾ ਗਲ਼ ਘੁੱਟਦੀ ਹੈ, ਉਸ ਦਾ ਪਿੱਛਾ ‘ਗੌਡੈੱਸ ਨੇਮੇਸਿਸ’ (ਗਰੀਕ ਸਭਿਆਚਾਰ ਵਿੱਚ ਬਦਲੇ ਦੀ ਦੇਵੀ) ਲਗਾਤਾਰ ਕਰਦੀ ਹੈ ਜੋ ‘ਘਮੰਡੀ ਸ਼ਖ਼ਸੀਅਤ’ ਨੂੰ ਸਜ਼ਾ ਦਿੰਦੀ ਹੈ। ਸੱਤਾ ਦੇ ਸਨਮੁੱਖ ਵਿਰੋਧ ਖੜ੍ਹਾ ਹੁੰਦਾ ਹੈ। ਨਾਬਰੀ ਰਾਜ ਦੀ ਵਾਜਬੀਅਤ ਨੂੰ ਨਹੀਂ ਝੁਠਲਾਉਂਦਾ ਬਲਕਿ ਉਸ ਵਿਚਾਰ ਨੂੰ ਨਕਾਰਦਾ ਹੈ ਕਿ ਕਾਨੂੰਨ ਸਿਰਫ਼ ਇਸ ਲਈ ਨਿਆਂਸੰਗਤ ਹਨ ਕਿਉਂਕਿ ਇਨ੍ਹਾਂ ਨੂੰ ਸਰਕਾਰ ਨੇ ਬਣਾਇਆ ਹੁੰਦਾ ਹੈ। ਗਾਂਧੀਵਾਦੀ ਵਿਚਾਰਧਾਰਾ ਦੇ ਪੱਖ ਤੋਂ, ਵਿਰੋਧ ਇਸ ਅਕੀਦੇ ਤੋਂ ਜਾਇਜ਼ ਹੈ ਕਿ ਸਾਧਾਰਨ ਮਨੁੱਖ ਗ਼ੈਰ-ਵਾਜਿਬ ਕਾਨੂੰਨਾਂ ਦਾ ਵਿਰੋਧ ਕਰਨ

ਲੋਕਰਾਜ ਖ਼ਾਤਿਰ ਵੋਟ ਦਾ ਇਸਤੇਮਾਲ/ਨੀਰਾ ਚੰਡੋਕ Read More »

ਜਿਨ੍ਹਾਂ 60 ਸਾਲ ਕੁਝ ਨਹੀਂ ਕੀਤਾ, ਮੈਨੂੰ ਰੋਕਣ ਲਈ ਇਕੱਠੇ ਹੋਏ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ 60 ਸਾਲਾਂ ਵਿੱਚ ਕੁਝ ਨਹੀਂ ਕੀਤਾ ਤੇ ਹੁਣ ਮੋਦੀ ਤੇ ਉਸ ਦੇ ਕੰਮਾਂ ਨੂੰ ਰੋਕਣ ਲਈ ਇਕਜੁੱਟ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਉਹ ਲੋਕ ਜਿਨ੍ਹਾਂ 60 ਸਾਲ ਤੱਕ ਕੁਝ ਨਹੀਂ ਕੀਤਾ, ਹੁਣ ਮੋਦੀ ਦੇ ਉਸ ਦੇ ਕੰਮਾਂ ਨੂੰ ਰੋਕਣ ਲਈ ਇਕੱਠੇ ਹੋ ਗਏ ਹਨ। ਯੂਪੀ ਵਿੱਚ ਦੋ ਲੜਕਿਆਂ ਦੀ ਫਲਾਪ ਫਿਲਮ ਦੁਬਾਰਾ ਰਿਲੀਜ਼ ਹੋ ਰਹੀ ਹੈ। ‘ਦੋ ਸ਼ਹਿਜ਼ਾਦੇ’ ਮੋਦੀ ਵੱਲੋਂ ਕੀਤੇ ਕੰਮ ਖਤਮ ਕਰ ਦੇਣਗੇ।’ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਸਪਾ ਤੇ ਕਾਂਗਰਸ ਮੋਦੀ ਵੱਲੋਂ ਬਣਾਏ ਲੋਕਾਂ ਦੇ ਘਰ ਵਾਪਸ ਲੈ ਲੈਣਗੇ, ਦੋਵੇਂ ਪਾਰਟੀਆਂ ਲੋਕਾਂ ਦੇ ਜਨ ਧਨ ਖਾਤੇ ਬੰਦ ਕਰ ਦੇਣਗੀਆਂ, ਉਸ ’ਚੋਂ ਪੈਸੇ ਕਢਵਾ ਲੈਣਗੀਆਂ, ਬਿਜਲੀ ਕੁਨੈਕਸ਼ਨ ਕੱਟ ਦੇਣਗੀਆਂ ਤੇ ਇੱਥੋਂ ਤੱਕ ਉਨ੍ਹਾਂ ਦੀਆਂ ਟੂਟੀਆਂ ਵੀ ਲੈ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸੀਏਏ ਨੂੰ ਰੱਦ ਦੇਵੇਗੀ ਅਤੇ ਧਾਰਾ 370 ਬਹਾਲ ਕਰ ਦੇਵੇਗੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਯੂਪੀ ਦੇ ਬਸਤੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ‘ਪਾਕਿਸਤਾਨ ਦੇ ਹਮਾਇਤੀ’ ਕਰਾਰ ਦਿੱਤਾ ਤੇ ਦੋਸ਼ ਲਾਇਆ ਕਿ ਇਹ ਪਾਰਟੀਆਂ ਪਰਮਾਣੂ ਸ਼ਕਤੀ ਦੇ ਨਾਂ ’ਤੇ ਦੇਸ਼ ਨੂੰ ਡਰਾ ਰਹੀਆਂ ਹਨ। ਪਾਕਿਸਤਾਨ ਬਾਰੇ ਮੋਦੀ ਨੇ ਕਿਹਾ, ‘ਅਤਿਵਾਦ ਨੂੰ ਪਾਲਣ ਵਾਲਾ ਜੋ ਕਦੇ ਸਾਨੂੰ ਲਲਕਾਰਦਾ ਸੀ ਅੱਜ ਇਸ ਸਥਿਤੀ ਵਿੱਚ ਹੈ ਕਿ ਉਸ ਦੇ ਲੋਕਾਂ ਨੂੰ ਅਨਾਜ ਲਈ ਵੀ ਮੁਸ਼ਕਲ ਹੋ ਰਹੀ ਹੈ। ਪਾਕਿਸਤਾਨ ਖਤਮ ਹੋ ਗਿਆ ਹੈ ਪਰ ਉਸ ਦੇ ਹਮਾਇਤੀ ਸਪਾ ਤੇ ਕਾਂਗਰਸ ਦੇਸ਼ ਨੂੰ ਡਰਾਉਣ ’ਚ ਲੱਗੇ ਹੋਏ ਹਨ।’ ਉਨ੍ਹਾਂ ਕਿਹਾ, ‘ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਡਰਨ ਦੀ ਲੋੜ ਹੈ ਕਿਉਂਕਿ ਉਸ ਕੋਲ ਪਰਮਾਣੂ ਬੰਬ ਹੈ। ਕੀ ਉਹ ਨਹੀਂ ਜਾਣਦੇ ਕਿ 56 ਇੰਚ (ਦਾ ਸੀਨਾ) ਕੀ ਹੁੰਦਾ ਹੈ? ਇਹ ਕਾਂਗਰਸ ਦੀ ਕਮਜ਼ੋਰ ਸਰਕਾਰ ਨਹੀਂ ਬਲਕਿ ਮੋਦੀ ਦੀ ਮਜ਼ਬੂਤ ਸਰਕਾਰ ਹੈ।’ ਅਖਿਲੇਸ਼ ਯਾਦਵ ਦੇ ਇੰਡੀਆ ਬਲਾਕ ਵੱਲੋਂ ਯੂਪੀ ਦੀਆਂ 79 ਸੀਟਾਂ ਜਿੱਤਣ ਦੇ ਦਾਅਵੇ ਬਾਰੇ ਕਿਹਾ, ‘ਯੂਪੀ ਦੇ ਲੋਕ 4 ਜੂਨ ਨੂੰ ਸਪਾ ਤੇ ਕਾਂਗਰਸ ਨੂੰ ਨੀਂਦ ’ਚੋਂ ਜਗਾ ਦੇਣਗੇ। ਉਹ ਫਿਰ ਹਾਰ ਲਈ ਈਵੀਐੱਮ ਨੂੰ ਦੋਸ਼ ਦੇਣਗੇ। ਕਾਂਗਰਸ ਨੇ ਅੱਜ ਭਾਜਪਾ ’ਤੇ ਉੱਤਰ ਪ੍ਰਦੇਸ਼ ਦੀ ਚੀਨੀ ਸਨਅਤ ਦੀ ਮੰਦੀ ਹਾਲਤ ਅਤੇ ਗੰਨੇ ਦੇ ਭਾਅ ਵਧਾਉਣ ਲਈ ਕਿਸਾਨਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰਾਵਸਤੀ ਤੇ ਬਸਤੀ ’ਚ ਕੀਤੀ ਗਈਆਂ ਚੋਣ ਰੈਲੀਆਂ ਦੇ ਮੱਦੇਨਜ਼ਰ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਉਨ੍ਹਾਂ ਨੂੰ ਸਵਾਲ ਕੀਤੇ। ਉਨ੍ਹਾਂ ਐਕਸ ’ਤੇ ਲਿਖਿਆ, ‘ਸ਼੍ਰਾਵਸਤੀ ’ਚ ਬੱਚਿਆਂ ਦੀ ਮਰਨ ਦਰ ਸਭ ਤੋਂ ਵੱਧ ਕਿਉਂ ਹੈ? ਬਸਤੀ ਦੇ 189 ਪ੍ਰਾਇਮਰੀ ਸਕੂਲ ਬੇਕਾਰ ਕਿਉਂ ਐਲਾਨੇ ਗਏ। ਭਾਜਪਾ ਨੇ ਬਸਤੀ ਦੇ ਗੰਨਾ ਕਾਸ਼ਤਕਾਰਾਂ ਤੇ ਸ਼ੂਗਰ ਮਿੱਲਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ?’ ਉਨ੍ਹਾਂ ਯੂਪੀ ਵਿੱਚ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਦੇਸ਼ ਭਰ ਵਿੱਚ ਮੁੱਢਲੇ ਸਿਹਤ ਕੇਂਦਰ ਅਪਗਰੇਡ ਕੀਤੇ ਜਾਣਗੇ।

ਜਿਨ੍ਹਾਂ 60 ਸਾਲ ਕੁਝ ਨਹੀਂ ਕੀਤਾ, ਮੈਨੂੰ ਰੋਕਣ ਲਈ ਇਕੱਠੇ ਹੋਏ ਹਨ Read More »

ਗੋਆ ਦੇ ਹਵਾਈ ਅੱਡੇ ’ਤੇ ਬਿਜਲੀ ਡਿੱਗਣ ਕਾਰਨ 6 ਜਹਾਜ਼ਾਂ ਦਾ ਬਦਲਿਆ ਰਾਹ

ਗੋਆ ਦੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ (ਐੱਮਆਈਏ) ’ਤੇ ਬਿਜਲੀ ਡਿੱਗਣ ਕਾਰਨ 6 ਉਡਾਣਾਂ ਦੇ ਰਾਹ ਬਦਲ ਦਿੱਤੇ ਗਏ। ਬਿਜਲੀ ਡਿੱਗਣ ਕਾਰਨ ਰਨਵੇਅ ਦੇ ਕੰਢਿਆਂ ਦੀਆਂ ਲਾਈਟਾਂ ਖਰਾਬ ਹੋ ਗਈਆਂ। ਐੱਮਆਈਏ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਉੱਤਰੀ ਗੋਆ ਵਿੱਚ ਮੋਪਾ ਹਵਾਈ ਅੱਡੇ ‘ਤੇ ਬੁੱਧਵਾਰ ਸ਼ਾਮ ਕਰੀਬ 5.15 ਵਜੇ ਬਿਜਲੀ ਡਿੱਗੀ।

ਗੋਆ ਦੇ ਹਵਾਈ ਅੱਡੇ ’ਤੇ ਬਿਜਲੀ ਡਿੱਗਣ ਕਾਰਨ 6 ਜਹਾਜ਼ਾਂ ਦਾ ਬਦਲਿਆ ਰਾਹ Read More »