admin

ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ

ਵਾਸ਼ਿੰਗਟਨ, 3 ਅਪਰੈਲ – ਅਮਰੀਕਾ ਨੇ ਭਾਰਤ ’ਤੇ 27 ਫੀਸਦ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਮਰੀਕੀ ਵਸਤਾਂ ’ਤੇ ਭਾਰਤ ਉੱਚ ਦਰਾਮਦ ਟੈਕਸ ਵਸੂਲਦਾ ਹੈ, ਅਜਿਹੇ ਮੌਕੇ ਦੇਸ਼ ਦੇ ਵਪਾਰ ਘਾਟੇ ਨੂੰ ਘੱਟ ਕਰਨ ਤੇ ਉਤਪਾਦਨ (ਮੈਨੂਫੈਕਚਰਿੰਗ) ਨੂੰ ਹੱਲਾਸ਼ੇਰੀ ਦੇਣ ਲਈ ਇਹ ਪੇਸ਼ਕਦਮੀ ਜ਼ਰੂਰੀ ਸੀ। ਉਂਝ ਇਸ ਪੇਸ਼ਕਦਮੀ ਨਾਲ ਅਮਰੀਕਾ ਨੇ ਭਾਰਤ ਦੀ ਬਰਾਮਦ ਉੱਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਰਵਾਇਤੀ ਵਿਰੋਧੀਆਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ, ਜਿਨ੍ਹਾਂ ਨੂੰ ਉਸ ਤੋਂ ਵੱਧ ਟੈਕਸ ਦਾ ਸਾਹਮਣਾ ਕਰਨਾ ਪਏਗਾ। ਰਾਸ਼ਟਰਪਤੀ ਟਰੰਪ ਨੇ ਆਲਮੀ ਪੱਧਰ ’ਤੇ ਅਮਰੀਕੀ ਉਤਪਾਦਾਂ ’ਤੇ ਲਗਾਏ ਗਏ ਉੱਚ ਟੈਕਸਾਂ ਦੇ ਟਾਕਰੇ ਲਈ ਇਤਿਹਾਸਕ ਪੇਸ਼ਕਦਮੀ ਤਹਿਤ ਭਾਰਤ ਸਣੇ ਕਰੀਬ 60 ਮੁਲਕਾਂ ’ਤੇ ਪਰਸਪਰ (ਜਵਾਬੀ) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਵੱਖ ਵੱਖ ਮੁਲਕਾਂ ਨੂੰ ਟੈਕਸ ਲਗਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦੋ ਅਪਰੈਲ 2025 ਨੂੰ ਹਮੇਸ਼ਾ ਲਈ ਉਸ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਜਿਸ ਦਿਨ ਅਮਰੀਕਾ ਦੇ ਭਾਗ ਮੁੜ ਖੁੱਲ੍ਹੇ, ਜਿਸ ਦਿਨ ਅਸੀਂ ਅਮਰੀਕਾ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ।

ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ Read More »

ਨੌਕਰਸ਼ਾਹੀ ਦਾ ਭ੍ਰਿਸ਼ਟਾਚਾਰ ਨਹੀਂ ਲੈ ਰਿਹਾ ਰੁਕਣ ਦਾ ਨਾਂ

ਅਮਲਾ, ਲੋਕ ਸ਼ਿਕਾਇਤ, ਕਾਨੂੰਨ ਅਤੇ ਨਿਆਂ ਸਬੰਧੀ ਸੰਸਦੀ ਕਮੇਟੀ ਨੇ ਬੀਤੇ ਸਾਲ 91 ਆਈਏਐੱਸ ਅਫ਼ਸਰਾਂ ਵੱਲੋਂ ਅਚੱਲ ਸੰਪਤੀ ਦਾ ਵੇਰਵਾ ਨਾ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਇਹ ਜੋ ਕਿਹਾ ਕਿ ਅਜਿਹੇ ਅਫ਼ਸਰਾਂ ਵਿਰੁੱਧ ਦੰਡਾਤਮਕ ਕਾਰਵਾਈ ਕੀਤੀ ਜਾਵੇ, ਉਸ ਤੋਂ ਕੁਝ ਹਾਸਲ ਹੋਣ ਵਾਲਾ ਨਹੀਂ ਹੈ। ਇਸ ਵਿਚ ਸ਼ੱਕ ਹੈ ਕਿ ਅਜਿਹੀ ਕਿਸੇ ਵਿਵਸਥਾ ਨਾਲ ਆਈਏਐੱਸ ਅਫ਼ਸਰ ਭੈਅਭੀਤ ਹੋਣਗੇ। ਜੇ ਅਜਿਹੀ ਕੋਈ ਵਿਵਸਥਾ ਬਣ ਵੀ ਜਾਂਦੀ ਹੈ ਤਾਂ ਇਹ ਅਫ਼ਸਰ ਉਸ ਵਿਚ ਆਸਾਨੀ ਨਾਲ ਮੋਰੀਆਂ ਤਲਾਸ਼ ਲੈਣਗੇ। ਬਹੁਤ ਸੰਭਵ ਹੈ ਕਿ ਚੋਟੀ ਦੇ ਨੌਕਰਸ਼ਾਹ ਵਿਵਸਥਾ ਹੀ ਅਜਿਹੀ ਕਰਵਾਉਣ ਜਿਸ ਨਾਲ ਆਪਣੀ ਸੰਪਤੀ ਦਾ ਵੇਰਵਾ ਨਾ ਦੇਣ ਵਾਲੇ ਆਈਏਐੱਸ ਅਫ਼ਸਰਾਂ ਵਿਰੁੱਧ ਠੋਸ ਕਾਰਵਾਈ ਸੰਭਵ ਨਾ ਹੋ ਸਕੇ। ਆਖ਼ਰ ਇਹ ਇਕ ਤੱਥ ਹੈ ਕਿ ਨਿਯਮ-ਕਾਨੂੰਨ ਬਣਾਉਣ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸੇ ਦਾ ਲਾਹਾ ਚੁੱਕ ਕੇ ਉਹ ਅਜਿਹੀ ਵਿਵਸਥਾ ਨਹੀਂ ਬਣਨ ਦੇ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾ ਸਕੇ ਜਾਂ ਉਨ੍ਹਾਂ ਨੂੰ ਉਨ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਰੋਕਿਆ ਜਾ ਸਕੇ ਜਾਂ ਫਿਰ ਉਨ੍ਹਾਂ ਨੂੰ ਇਸ ਦੇ ਲਈ ਸਜ਼ਾ ਦਿੱਤੀ ਜਾ ਸਕੇ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਸਰਕਾਰੀ ਤੰਤਰ ਵਿਚ ਭ੍ਰਿਸ਼ਟਾਚਾਰ ਦਾ ਇਕ ਕਾਰਨ ਨੌਕਰਸ਼ਾਹੀ ਦਾ ਰਵੱਈਆ ਹੈ। ਜੇ ਉਹ ਚਾਹੁਣ ਤਾਂ ਪ੍ਰਸ਼ਾਸਕੀ ਅਤੇ ਰਾਜਨੀਤਕ ਭ੍ਰਿਸ਼ਟਾਚਾਰ ’ਤੇ ਅਸਰਦਾਰ ਤਰੀਕੇ ਨਾਲ ਲਗਾਮ ਲੱਗ ਸਕਦੀ ਹੈ। ਧਿਆਨ ਰਹੇ ਕਿ ਜੇ ਨੇਤਾ ਭ੍ਰਿਸ਼ਟਾਚਾਰ ਕਰਨ ਵਿਚ ਸਮਰੱਥ ਰਹਿੰਦੇ ਹਨ ਤਾਂ ਨੌਕਰਸ਼ਾਹਾਂ ਦੀ ਮਦਦ ਨਾਲ ਹੀ। ਨੌਕਰਸ਼ਾਹ ਨਾ ਸਿਰਫ਼ ਨੇਤਾਵਾਂ ਦੇ ਭ੍ਰਿਸ਼ਟਾਚਾਰ ਵਿਚ ਮਦਦਗਾਰ ਬਣਦੇ ਹਨ ਬਲਕਿ ਅਜਿਹੇ ਯਤਨ ਵੀ ਕਰਦੇ ਹਨ ਜਿਨ੍ਹਾਂ ਸਦਕਾ ਖ਼ੁਦ ਉਨ੍ਹਾਂ ਦੇ ਭ੍ਰਿਸ਼ਟ ਤੌਰ-ਤਰੀਕਿਆਂ ਦਾ ਪਰਦਾਫਾਸ਼ ਨਾ ਹੋ ਸਕੇ। ਇਹੀ ਕਾਰਨ ਹੈ ਕਿ ਅਕਸਰ ਅਜਿਹੇ ਭ੍ਰਿਸ਼ਟ ਨੌਕਰਸ਼ਾਹਾਂ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਜਿਨ੍ਹਾਂ ਕੋਲ ਅਥਾਹ ਚੱਲ-ਅਚੱਲ ਜਾਇਦਾਦ ਹੋਣ ਦਾ ਪਤਾ ਲੱਗਦਾ ਹੈ। ਜੇ ਇਹ ਸੋਚਿਆ ਜਾ ਰਿਹਾ ਹੈ ਕਿ ਨੌਕਰਸ਼ਾਹਾਂ ਵੱਲੋਂ ਆਪਣੀ ਸੰਪਤੀ ਦਾ ਵੇਰਵਾ ਜਨਤਕ ਕਰਨ ਨਾਲ ਉਨ੍ਹਾਂ ਦੇ ਭ੍ਰਿਸ਼ਟਾਚਾਰ ’ਤੇ ਵਿਰਾਮ ਲੱਗ ਜਾਵੇਗਾ ਤਾਂ ਇਹ ਦਿਨੇ ਸੁਪਨੇ ਦੇਖਣ ਵਾਂਗ ਹੈ। ਚੰਗਾ ਹੋਵੇ ਕਿ ਇਸ ਤੋਂ ਅੱਗੇ ਕੁਝ ਸੋਚਿਆ ਜਾਵੇ। ਸਭ ਤੋਂ ਪਹਿਲਾ ਕੰਮ ਤਾਂ ਪ੍ਰਸ਼ਾਸਕੀ ਸੁਧਾਰਾਂ ਦਾ ਕੀਤਾ ਜਾਣਾ ਚਾਹੀਦਾ ਹੈ। ਇਹ ਨਿਰਾਸ਼ਾਜਨਕ ਹੈ ਕਿ ਭ੍ਰਿਸ਼ਟਾਚਾਰ ’ਤੇ ਲਗਾਮ ਲਗਾਉਣ ਦੇ ਤਮਾਮ ਦਾਅਵਿਆਂ ਤੋਂ ਬਾਅਦ ਵੀ ਮੋਦੀ ਸਰਕਾਰ ਪ੍ਰਸ਼ਾਸਕੀ ਸੁਧਾਰਾਂ ਨੂੰ ਇਸ ਤਰ੍ਹਾਂ ਅੱਗੇ ਨਹੀਂ ਵਧਾ ਸਕੀ ਹੈ ਜਿਸ ਨਾਲ ਨੌਕਰਸ਼ਾਹੀ ਦੇ ਭ੍ਰਿਸ਼ਟਾਚਾਰ ’ਤੇ ਰੋਕ ਲੱਗ ਸਕੇ। ਸਮੱਸਿਆ ਸਿਰਫ਼ ਇਹ ਨਹੀਂ ਹੈ ਕਿ ਆਈਏਐੱਸ ਅਫ਼ਸਰਾਂ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਠੱਲ੍ਹ ਨਹੀਂ ਪੈ ਰਹੀ ਹੈ। ਮਸਲਾ ਇਹ ਵੀ ਹੈ ਕਿ ਹੋਰ ਸਰਕਾਰੀ ਅਧਿਕਾਰੀਆਂ ਅਤੇ ਇੱਥੋਂ ਤੱਕ ਕਿ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਦੇ ਕਿੱਸੇ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਕੇਂਦਰ ਸਰਕਾਰ ਦੀ ਸਿਖਰਲੀ ਨੌਕਰਸ਼ਾਹੀ ਦੇ ਭ੍ਰਿਸ਼ਟਾਚਾਰ ’ਤੇ ਇਕ ਵੱਡੀ ਹੱਦ ਤੱਕ ਲਗਾਮ ਲੱਗੀ ਹੈ ਕਿਉਂਕਿ ਹੇਠਲੇ ਪੱਧਰ ’ਤੇ ਪਹਿਲਾਂ ਦੀ ਹੀ ਤਰ੍ਹਾਂ ਭ੍ਰਿਸ਼ਟਾਚਾਰ ਪਸਰਿਆ ਹੋਇਆ ਹੈ।

ਨੌਕਰਸ਼ਾਹੀ ਦਾ ਭ੍ਰਿਸ਼ਟਾਚਾਰ ਨਹੀਂ ਲੈ ਰਿਹਾ ਰੁਕਣ ਦਾ ਨਾਂ Read More »

ਵਕਫ਼ ਬਿੱਲ ’ਤੇ ਚਰਚਾ ਦਾ ਮਹੱਤਵ

ਨਿਰਾਲੀ ਤੇ ਨਵੀਂ ਤਰ੍ਹਾਂ ਦੀ ਕੋਸ਼ਿਸ਼ ਕਰਦਿਆਂ ਵਿਰੋਧੀ ਧਿਰਾਂ ਦੇ ‘ਇੰਡੀਆ’ ਗੁੱਟ ਨੇ ਵਿਵਾਦਤ ਵਕਫ਼ (ਸੋਧ) ਬਿੱਲ ’ਤੇ ਰੋਸ ਪ੍ਰਦਰਸ਼ਨ ਅਤੇ ਵਾਕਆਊਟ ਕਰਨ ਦੀ ਥਾਂ ਸੰਸਦ ’ਚ ਬਹਿਸ ਕਰਨਾ ਚੁਣਿਆ ਹੈ। ਇਹ ਕਦਮ ਪ੍ਰਚੱਲਿਤ ਨਾਟਕੀ ਕਿਸਮ ਦੀ ਕਾਰਵਾਈ ਤੋਂ ਦੂਰ ਹੋਣ ਦੀ ਨਿਸ਼ਾਨੀ ਹੈ ਜਿਸ ਨਾਲ ਅਕਸਰ ਵਿਧਾਨਕ ਕੰਮਕਾਜ ਠੱਪ ਹੁੰਦਾ ਹੈ ਤੇ ਲੋਕ ਗੰਭੀਰ ਮੁੱਦਿਆਂ ’ਤੇ ਠੋਸ ਚਰਚਾ ਦੇਖਣ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਫ਼ੈਸਲਾ ਜਮਹੂਰੀ ਸਿਧਾਂਤਾਂ ਦੀ ਅਤਿ ਲੋੜੀਂਦੀ ਪੁਸ਼ਟੀ ਹੈ। ਵਕਫ਼ ਬਿੱਲ ਚਾਹੇ ਕਿੰਨਾ ਵੀ ਵਿਵਾਦਤ ਹੈ, ਕਰੜੀ ਸੰਸਦੀ ਬਹਿਸ ਨੇ ਪਾਰਟੀਆਂ ਨੂੰ ਆਪਣੇ ਤਰਕ ਲੋਕਾਂ ਸਾਹਮਣੇ ਰੱਖਣ ਦਾ ਮੰਚ ਮੁਹੱਈਆ ਕੀਤਾ ਹੈ, ਜਿਸ ਨਾਲ ਸੱਤਾਧਾਰੀ ਧਿਰ ਦੇ ਰੁਖ਼ ਵਿਚਲਾ ਵਿਰੋਧਾਭਾਸ ਵੀ ਸਾਹਮਣੇ ਆਇਆ ਹੈ ਅਤੇ ਨਾਗਰਿਕਾਂ ਨੂੰ ਕਾਨੂੰਨ ਦੇ ਸਾਰੇ ਪ੍ਰਭਾਵ ਸਮਝਣ ਦਾ ਮੌਕਾ ਵੀ ਮਿਲਿਆ ਹੈ। ਵੋਟਿੰਗ ਕਰਾਉਣ ’ਤੇ ਜ਼ੋਰ ਦੇ ਕੇ ਵਿਰੋਧੀ ਧਿਰ ਬੇਲਾਗ਼ ਧਿਰਾਂ ਤੇ ਐੱਨਡੀਏ ਸਹਿਯੋਗੀਆਂ ਨੂੰ ਸਥਿਤੀ ਸਪੱਸ਼ਟ ਕਰਨ ਲਈ ਮਜਬੂਰ ਕਰ ਰਹੀ ਹੈ ਤੇ ਇਸ ਤਰ੍ਹਾਂ ਵੱਧ ਜਵਾਬਦੇਹੀ ਯਕੀਨੀ ਬਣਾ ਰਹੀ ਹੈ। ਇਸ ਬਿੱਲ ਨੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਪ੍ਰਗਟ ਕੀਤੇ ਹਨ। ਸਮਰਥਕ ਦਲੀਲ ਦੇ ਰਹੇ ਹਨ ਕਿ ਵਕਫ਼ ਬੋਰਡਾਂ ਵਿੱਚ ਗ਼ੈਰ-ਮੁਸਲਮਾਨਾਂ ਨੂੰ ਸ਼ਾਮਿਲ ਕਰਨ ਨਾਲ ਪਾਰਦਰਸ਼ਤਾ ਵਧੇਗੀ ਤੇ ਬਦਇੰਤਜ਼ਾਮੀ ’ਤੇ ਲਗਾਮ ਲੱਗੇਗੀ। ਇਸ ਦੇ ਉਲਟ ਨਿੰਦਕਾਂ ਦਾ ਦਾਅਵਾ ਹੈ ਕਿ ਇਹ ਸ਼ਮੂਲੀਅਤ ਮੁਸਲਮਾਨਾਂ ਨੂੰ ਮਿਲੀਆਂ ਨਿਆਮਤਾਂ ’ਤੇ ਉਨ੍ਹਾਂ ਦੇ ਹੱਕ ਨੂੰ ਕਮਜ਼ੋਰ ਕਰੇਗੀ ਤੇ ਸੰਭਾਵੀ ਤੌਰ ’ਤੇ ਸਰਕਾਰੀ ਦਖ਼ਲ ਵਧਾਏਗੀ। ਇਸ ਤੋਂ ਇਲਾਵਾ ਕਈਆਂ ਨੂੰ ਡਰ ਹੈ ਕਿ ਬਿੱਲ ਇਤਿਹਾਸਕ ਮਸਜਿਦਾਂ ਤੇ ਹੋਰਨਾਂ ਜਾਇਦਾਦਾਂ ਦੀ ਕੁਰਕੀ ਦਾ ਰਾਹ ਖੋਲ੍ਹ ਸਕਦਾ ਹੈ, ਜਿਸ ਨਾਲ ਮੁਸਲਿਮ ਭਾਈਚਾਰਾ ਹੋਰ ਹਾਸ਼ੀਏ ’ਤੇ ਚਲਾ ਜਾਵੇਗਾ। ‘ਇੰਡੀਆ’ ਗੁੱਟ ਨੇ ਆਪਣਾ ਰੁਖ਼ ਮਜ਼ਬੂਤ ਕਰਨ ਲਈ ਧੜੇਬੰਦੀਆਂ ਤੋਂ ਬਾਹਰਲੀਆਂ ਪਾਰਟੀਆਂ ਜਿਵੇਂ ਬੀਜੇਡੀ ਤੇ ਵਾਈਐੱਸਆਰ ਕਾਂਗਰਸ ਤੋਂ ਵੀ ਸਮਰਥਨ ਮੰਗਿਆ ਹੈ। ਇਸ ਤਰ੍ਹਾਂ ਦਾ ਰਣਨੀਤਕ ਰਾਬਤਾ ਦਿਖਾਉਂਦਾ ਹੈ ਕਿ ਲੋਕਤੰਤਰ ’ਚ ਫ਼ੈਸਲੇ ਕਰਨ ਦੀ ਪ੍ਰਕਿਰਿਆ ਵਿੱਚ ਗੱਠਜੋੜਾਂ ਦਾ ਕਿੰਨਾ ਮਹੱਤਵ ਹੈ। ਬਹਿਸ ਨੇ ਭਾਵੇਂ ਤਿੱਖੀ ਹੀ ਰਹਿਣਾ ਹੈ, ਜਿਵੇਂ ਲੋਕ ਸਭਾ ਦੀ ਜਾਰੀ ਚਰਚਾ ਵਿੱਚ ਦੇਖਿਆ ਜਾ ਰਿਹਾ ਹੈ, ਫਿਰ ਵੀ ਇਹ ਉਨ੍ਹਾਂ ਅਡਿ਼ੱਕਿਆਂ ਤੋਂ ਕਿਤੇ ਚੰਗੀ ਹੈ ਜਿਹੜੇ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਨਹੀਂ ਹੋਣ ਦਿੰਦੇ। ਜੇਕਰ ਇਹੀ ਪਹੁੰਚ ਰੱਖੀ ਗਈ ਤਾਂ ਇਹ ਜ਼ਿਆਦਾ ਪਰਿਪੱਕ ਤੇ ਅਸਰਦਾਰ ਸੰਸਦੀ ਪ੍ਰਕਿਰਿਆ ਦਾ ਮੁੱਢ ਬੰਨ੍ਹ ਸਕਦੀ ਹੈ, ਜਿੱਥੇ ਕਾਨੂੰਨ ਗੁਣ-ਦੋਸ਼ਾਂ ਦੇ ਆਧਾਰ ’ਤੇ ਵਿਚਾਰੇ ਜਾਂਦੇ ਹਨ ਨਾ ਕਿ ਮਹਿਜ਼ ਸਿਆਸੀ ਟਕਰਾਅ ਲਈ ਵਰਤੇ ਜਾਂਦੇ ਹਨ। ਜਦੋਂ ਚੁਣੇ ਹੋਏ ਪ੍ਰਤੀਨਿਧੀ ਗਿਣੇ-ਮਿੱਥੇ ਰੋਸ ਮੁਜ਼ਾਹਰਿਆਂ ਦੀ ਥਾਂ ਸੁਚੇਤ ਚਰਚਾ ਵਿੱਚ ਪੈਂਦੇ ਹਨ ਤਾਂ ਲੋਕਤੰਤਰ ਵਧਦਾ-ਫੁੱਲਦਾ ਹੈ। ਇਹ ਪਹੁੰਚ ਅਪਵਾਦ ਬਣਨ ਦੀ ਥਾਂ ਨੇਮ ਬਣਨੀ ਚਾਹੀਦੀ ਹੈ।

ਵਕਫ਼ ਬਿੱਲ ’ਤੇ ਚਰਚਾ ਦਾ ਮਹੱਤਵ Read More »

ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਨਿਵੇਦਿਤਾ ਸਿੰਘ ਨੂੰ ਮਿਲਿਆ ‘ਪੰਡਿਤ ਬਲਵੰਤ ਰਾਏ ਜਸਵਾਲ ਲਾਈਫ਼ਟਾਈਮ ਅਚੀਵਮੈਂਟ ਅਵਾਰਡ’

ਪਟਿਆਲਾ, 3 ਅਪ੍ਰੈਲ – ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਚ ਕਾਰਜਸ਼ੀਲ ਪ੍ਰੋਫ਼ੈਸਰ ਨਿਵੇਦਿਤਾ ਸਿੰਘ ਨੂੰ ਪਾਰਸ ਕਲਾ ਮੰਚ, ਜਲੰਧਰ ਵੱਲੋਂ ‘ਪੰਡਿਤ ਬਲਵੰਤ ਰਾਏ ਜਸਵਾਲ ਲਾਈਫ਼ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਇਹ ਸਨਮਾਨ ਪੰਜਾਬ ਵਿਚ ਸ਼ਾਸਤਰੀ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਵਿੱਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। ਪ੍ਰੋਫ਼ੈਸਰ ਨਿਵੇਦਿਤਾ ਸਿੰਘ ਨੇ ਦੱਸਿਆ ਕਿ ਇਹ ਅਵਾਰਡ ਜਲੰਧਰ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਸ਼ਾਮਿਲ ਹੋਏ। ਪਾਰਸ ਸੰਗੀਤ ਸੰਮੇਲਨ ਦੇ ਨਾਂ ਨਾਲ ਸੰਪੰਨ ਹੋਏ ਇਸ ਸਮਾਗਮ ਵਿਚ ਡਾ. ਨਿਵੇਦਿਤਾ ਸਿੰਘ ਵਲੋਂ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਵੀ ਦਿੱਤੀ ਗਈ। ਵਰਣਨਯੋਗ ਹੈ ਕਿ ਡਾ. ਨਿਵੇਦਿਤਾ ਸਿੰਘ ਪੰਜਾਬ ਦੀ ਪ੍ਰਸਿੱਧ ਸ਼ਾਸਤਰੀ ਗਾਇਕਾ ਹਨ ਅਤੇ ਉਨ੍ਹਾਂ ਭਾਰਤ ਭਰ ਵਿਚ ਮੰਚ ਪ੍ਰਦਰਸ਼ਨ ਕੀਤੇ ਹਨ।

ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਨਿਵੇਦਿਤਾ ਸਿੰਘ ਨੂੰ ਮਿਲਿਆ ‘ਪੰਡਿਤ ਬਲਵੰਤ ਰਾਏ ਜਸਵਾਲ ਲਾਈਫ਼ਟਾਈਮ ਅਚੀਵਮੈਂਟ ਅਵਾਰਡ’ Read More »

ਚੰਡੀਗੜ੍ਹ ਪੁਲਿਸ ਕਰੇਗੀ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ

ਚੰਡੀਗੜ੍ਹ, 3 ਅਪ੍ਰੈਲ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ‘ਚ ਫ਼ੌਜ ਦੇ ਕਰਨਲ ਪੁਸ਼ਪਿੰਦਰ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਹੈ। ਇਹ ਜਾਂਚ 4 ਮਹੀਨਿਆਂ ਵਿੱਚ ਪੂਰੀ ਕਰਨੀ ਹੋਵੇਗੀ। 3 ਦਿਨਾਂ ਵਿੱਚ ਨਵੀਂ ਜਾਂਚ ਟੀਮ ਬਣਾਈ ਜਾਵੇਗੀ, ਜਿਸ ਵਿੱਚ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ। ਹਾਲਾਂਕਿ ਪੰਜਾਬ ਪੁਲਿਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣਾ ਹੋਵੇਗਾ। ਇਸ ਦੌਰਾਨ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਇਕ ਵਿਅਕਤੀ ਨੂੰ ਫੜਿਆ।

ਚੰਡੀਗੜ੍ਹ ਪੁਲਿਸ ਕਰੇਗੀ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ Read More »

ਇੱਕ ਹੋਰ ਸਖਤ ਫੈਸਲਾ

ਸੁਪਰੀਮ ਕੋਰਟ ਨੇ ਮੰਗਲਵਾਰ ਯੂ ਪੀ ਸਰਕਾਰ ਤੇ ਪ੍ਰਯਾਗਰਾਜ ਡਿਵੈੱਲਪਮੈਂਟ ਅਥਾਰਟੀ (ਪੀ ਡੀ ਏ) ਨੂੰ ਸਖਤ ਝਾੜ ਪਾਉਦਿਆਂ ਪ੍ਰਯਾਗਰਾਜ ਵਿੱਚ ਘਰਾਂ ਨੂੰ ਬੁਲਡੋਜ਼ਰ ਨਾਲ ਢਾਹੁਣ ਨੂੰ ਅਣਮਨੁੱਖੀ ਤੇ ਗੈਰਕਾਨੂੰਨੀ ਕਰਾਰ ਦਿੱਤਾ ਤੇ ਸੂਬਾ ਸਰਕਾਰ ਨੂੰ ਕਾਨੂੰਨ ਦੇ ਰਾਜ ਦਾ ਪਾਠ ਪੜ੍ਹਾਉਦਿਆਂ ਕਿਹਾ ਕਿ ਨਾਗਰਿਕਾਂ ਦੇ ਰਿਹਾਇਸ਼ੀ ਢਾਂਚਿਆਂ ਨੂੰ ਇੰਝ ਢਾਹਿਆ ਨਹੀਂ ਜਾ ਸਕਦਾ। ਜਸਟਿਸ ਏ ਐੱਸ ਓਕਾ ਤੇ ਜਸਟਿਸ ਉੱਜਲ ਭੁਈਆਂ ਦੀ ਬੈਂਚ ਨੇ ਪੀ ਡੀ ਏ ਨੂੰ ਇਹ ਹਦਾਇਤ ਵੀ ਕੀਤੀ ਕਿ ਉਹ ਪ੍ਰਭਾਵਤ ਮਕਾਨ ਮਾਲਕਾਂ ਨੂੰ ਛੇ ਹਫਤਿਆਂ ਦੇ ਵਿੱਚ-ਵਿੱਚ 10-10 ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਇਹ ਫੈਸਲਾ ਬੁਲਡੋਜ਼ਰ ਅਨਿਆਂ ਦੇ ਵਧਦੇ ਚਲਨ ਦੇ ਖਿਲਾਫ ਇੱਕ ਮਜ਼ਬੂਤ ਸੰਦੇਸ਼ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਮਾਰਚ 2021 ਵਿੱਚ ਪ੍ਰਯਾਗਰਾਜ ’ਚ ਕੁਝ ਮਕਾਨਾਂ ਨੂੰ ਇਹ ਕਹਿ ਕੇ ਢਾਹ ਦਿੱਤਾ ਗਿਆ ਸੀ ਕਿ ਉਹ 2023 ’ਚ ਮਾਰੇ ਗਏ ਬਦਨਾਮ ਗੈਂਗਸਟਰ-ਸਿਆਸਤਦਾਨ ਅਤੀਕ ਅਹਿਮਦ ਦੀ ਜ਼ਮੀਨ ’ਤੇ ਉਸਰੇ ਸਨ। ਪਟੀਸ਼ਨਰਾਂ ਨੇ ਦਲੀਲ ਦਿੱਤੀ ਕਿ ਮਕਾਨਾਂ ਨੂੰ ਨੋਟਿਸ ਜਾਰੀ ਹੋਣ ਦੇ 24 ਘੰਟਿਆਂ ਦੇ ਵਿੱਚ-ਵਿੱਚ ਢਾਹ ਦਿੱਤਾ ਗਿਆ ਤੇ ਉਨ੍ਹਾਂ ਨੂੰ ਅਪੀਲ ਕਰਨ ਜਾਂ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਮਿਲਿਆ। ਇਲਾਹਾਬਾਦ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ’ਚ ਪਟੀਸ਼ਨ ਪਾਈ। ਸੁਪਰੀਮ ਕੋਰਟ ਨੇ ਕਿਹਾ ਕਿ ਸਿਰ ਢਕਣ ਦਾ ਅਧਿਕਾਰ ਤੇ ਨਿਰਪੱਖ ਪ੍ਰਕਿਰਿਆ ਮੌਲਿਕ ਅਧਿਕਾਰ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਅਜਿਹੇ ਮਾਮਲਿਆਂ ਵਿੱਚ ਨਵੰਬਰ 2024 ’ਚ ਉਸ ਵੱਲੋਂ ਜਾਰੀ ਵਿਆਪਕ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਵੀ ਦਿੱਤਾ, ਜਿਸ ’ਚ ਉਸ ਨੇ ਮਨਮਰਜ਼ੀ ਤੇ ਵਿਤਕਰੇ ਨਾਲ ਘਰ ਢਾਹੁਣ ਖਿਲਾਫ ਨਿਯਮ ਨਿਰਧਾਰਤ ਕੀਤੇ ਸਨ। ਉਸ ਨੇ ਕਿਹਾ ਸੀ ਕਿ ਘਰ ਢਾਹੁਣ ਤੋਂ ਪਹਿਲਾਂ ਉੱਚਿਤ ਨੋਟਿਸ ਦਿੱਤਾ ਜਾਵੇ, ਪ੍ਰਭਾਵਤ ਪੱਖ ਨੂੰ ਸੁਣਵਾਈ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ, ਘਰ ਢਾਹੁਣ ਦਾ ਅੰਤਮ ਆਦੇਸ਼ ਦੇਣ ਦੇ ਬਾਅਦ ਵੀ 15 ਦਿਨਾਂ ਦਾ ਵਕਤ ਦਿੱਤਾ ਜਾਵੇ, ਤਾਂ ਜੋ ਲੋਕ ਆਪਣਾ ਇਤਰਾਜ਼ ਦਰਜ ਕਰਾ ਸਕਣ ਜਾਂ ਹੋਰ ਕੋਈ ਵਿਵਸਥਾ ਕਰ ਸਕਣ। ਯੂ ਪੀ ਤੇ ਹੋਰਨਾਂ ਭਾਜਪਾ ਸ਼ਾਸਤ ਰਾਜਾਂ ’ਚ ਬੁਲਡੋਜ਼ਰ ਨਿਆਂ ਨੂੰ ਅਪਰਾਧੀਆਂ ਵਿਰੁੱਧ ਸਖਤੀ ਦਾ ਪ੍ਰਤੀਕ ਦੱਸਿਆ ਜਾਂਦਾ ਹੈ, ਪਰ ਆਲੋਚਕ ਇਸ ਨੂੰ ਕਾਨੂੰਨ ਦੀ ਉਲੰਘਣਾ ਤੇ ਬਦਲੇ ਦੀ ਸਿਆਸਤ ਕਰਾਰ ਦਿੰਦੇ ਹਨ। ਕਾਨੂੰਨੀ ਮਾਹਰ ਤੇ ਨਾਗਰਿਕ ਅਧਿਕਾਰ ਕਾਰਕੁਨ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਨੂੰ ਨਿਆਂ ਦੀ ਜਿੱਤ ਅਤੇ ਪ੍ਰਸ਼ਾਸਨ ਦੀ ਮਨਮਾਨੀ ਦਾ ਸ਼ਿਕਾਰ ਹੋਣ ਵਾਲਿਆਂ ਲਈ ਉਮੀਦ ਦੀ ਕਿਰਨ ਮੰਨ ਰਹੇ ਹਨ, ਪਰ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਫੈਸਲੇ ਵਾਲੇ ਦਿਨ ਮੁੜ ਦੁਹਰਾਇਆ ਕਿ ਬੁਲਡੋਜ਼ਰ ਨਿਆਂ ਇਕ ਜ਼ਰੂਰਤ ਹੈ।

ਇੱਕ ਹੋਰ ਸਖਤ ਫੈਸਲਾ Read More »

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ ਕਰਵਾਇਆ ਸਰਟੀਫਿਕੇਟ ਵੰਡ ਸਮਾਗਮ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ ਸਹਾਈ – ਐਸ.ਡੀ.ਐਮ. ਜਸ਼ਨਜੀਤ ਸਿੰਘ * ਮਾਰਕਿਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਨੇ ਵੀ ਕੀਤੀ ਸਭਾ ਦੀ ਸ਼ਲਾਘਾ ਫਗਵਾੜਾ, 2 ਅਪ੍ਰੈਲ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ‘ਚ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡਣ ਸਬੰਧੀ ਇਕ ਸਮਾਗਮ ਗੁਰਦੁਆਰਾ ਸ਼ਹੀਦ ਗੰਜ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਫਗਵਾੜਾ ਦੇ ਐਸ.ਡੀ.ਐਮ. ਜਸ਼ਨਜੀਤ ਸਿੰਘ ਨੇ ਸ਼ਿਰਕਤ ਕੀਤੀ। ਜਦਕਿ ਗੈਸਟ ਆਫ ਆਨਰ ਵਜੋਂ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਮੋਜੂਦ ਰਹੇ। ਇਸ ਦੌਰਾਨ ਮੁੱਖ ਮਹਿਮਾਨ ਐਸ.ਡੀ.ਐਮ. ਜਸ਼ਨਜੀਤ ਸਿੰਘ ਵੱਲੋਂ ਬਿਊਟੀਸ਼ਨ ਕੋਰਸ ਦੀ ਸਿਖਲਾਈ ਪੂਰੀ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਰਟੀਫੀਕੇਟਾਂ ਦੀ ਵੰਡ ਕੀਤੀ ਗਈ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੋਕੇਸ਼ਨਲ ਸੈਂਟਰ ਵਿਖੇ ਕਢਾਈ, ਬਿਊਟੀਸ਼ਨ ਅਤੇ ਕੰਪਿਊਟਰ ਐਪਲੀਕੇਸ਼ਨਜ਼ ਵਿੱਚ 6 ਮਹੀਨਿਆਂ ਦਾ ਹੱਥੀਂ ਕਿੱਤਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਾਲ ਵਿਚ ਦੋ ਵਾਰ ਕੋਰਸ ਪੂਰਾ ਹੋਣ ਸਮੇਂ ਸਰਟੀਫਿਕੇਟ ਵੰਡੇ ਜਾਂਦੇ ਹਨ। ਇਹ ਟਰੇਨਿੰਗ ਲੋੜਵੰਦ, ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਦਿੱਤੀ ਜਾਂਦੀ ਹੈ। ਐਸ.ਡੀ.ਐਮ. ਜਸ਼ਨਜੀਤ ਸਿੰਘ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿੱਤਾ ਮੁਖੀ ਕੋਰਸ ਆਰਥਕ ਤੰਗੀ ਸਮੇਂ ਔਰਤਾਂ ਲਈ ਬਹੁਤ ਸਹਾਈ ਬਣਦੇ ਹਨ। ਘਰ ਵਿਚ ਕਿਸੇ ਵੀ ਮੁਸ਼ਕਿਲ ਸਥਿਤੀ ਸਮੇਂ ਔਰਤਾਂ ਹੱਥੀਂ ਹੁਨਰ ਰਾਹੀਂ ਆਰਥਕ ਸਹਾਰਾ ਬਣ ਸਕਦੀਆਂ ਹਨ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਮਾਜ ਸੇਵਕ ਬੀ. ਆਰ. ਕਟਾਰੀਆ ਯੂ.ਕੇ. ਨੇ ਆਪਣੇ ਸੰਬੋਧਨ ਵਿਚ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਆਪਣੇ ਮਨਪਸੰਦ ਕਿਸੇ ਨਾ ਕਿਸੇ ਹੱਥੀ ਕਿੱਤੇ ਵਿੱਚ ਮੁਹਾਰਤ ਜਰੂਰ ਹਾਸਲ ਕਰਨੀ ਚਾਹੀਦੀ ਹੈ। ਗੈਸਟ ਆਫ ਆਨਰ ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਹੁਣ ਲੜਕੀਆਂ ਵੀ ਸਵੈ-ਰੁਜ਼ਗਾਰ ’ਚ ਵਿਸ਼ੇਸ਼ ਰੁਚੀ ਲੈ ਰਹੀਆਂ ਹਨ ਅਤੇ ਪੜ੍ਹਾਈ ਵਿੱਚ ਵੀ ਅਗਲੀ ਕਤਾਰ ’ਚ ਖੜੀਆਂ ਹਨ। ਉਹਨਾਂ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਜਿੰਦਗੀ ਵਿਚ ਟੀਚਾ ਮਿੱਥ ਕੇ ਅੱਗੇ ਵਧਣ ਹਿਤ ਪ੍ਰੇਰਿਤ ਕੀਤਾ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਉਹਨਾਂ ਨੇ ਲੋੜਵੰਦ ਲੜਕੀਆਂ ਨੂੰ ਕਿੱਤਾ ਕੋਰਸਾਂ ਟੇਲਰਿੰਗ-ਕਟਿੰਗ, ਬਿਊਟੀਸ਼ਨ, ਕੰਪਿਊਟਰ ਐਪਲੀਕੇਸ਼ਨਜ਼ ਤੇ ਹੋਮ ਕੇਅਰ ਵਿੱਚ ਦਾਖ਼ਲਾ ਲੈਣ ਦਾ ਸੱਦਾ ਦਿੱਤਾ। ਸਭਾ ਵਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਜਗਜੀਤ ਸੇਠ ਮੈਨੇਜਰ, ਰਾਜ ਕੁਮਾਰ ਕਨੌਜੀਆ, ਸੁਖਦੇਵ ਗੰਡਵਾਂ ਕਵੀ, ਗੁਰਸ਼ਰਨ ਬਾਸੀ, ਅਸ਼ੋਕ ਸ਼ਰਮਾ, ਰਵਿੰਦਰ ਸਿੰਘ ਰਾਏ, ਅਮਰਿੰਦਰ ਸੈਣੀ, ਵਿਜੇ ਤ੍ਰਿਖਾ, ਮੈਡਮ ਤਨੂੰ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ , ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਸਿਮਰਨ, ਅਮਨਪ੍ਰੀਤ, ਕੋਮਲ, ਹਰਮਨ, ਕਿਰਨ, ਮਮਤਾ , ਹਰਮੀਨ , ਅੰਜਲੀ ਕੁਮਾਰੀ, ਪ੍ਰਿਯੰਕਾ, ਹਰਪ੍ਰੀਤ, ਨੀਰਜ, ਸਨੇਹਾ, ਜਸਪ੍ਰੀਤ , ਪ੍ਰਿਆ, ਰੀਤਾ , ਨੇਹਾ, ਰਿਮਪਿ ਰਾਣੀ, ਸੁਰਜੀਤ, ਖੁਸ਼ੀ, ਰਜਨੀ, ਜਸਪ੍ਰੀਤ ਕੌਰ, ਸਨੇਹਾ, ਈਸ਼ਾ, ਮੁਸਕਾਨ ਸ਼ਰਮਾ, ਆਰਤੀ , ਸਲੋਨੀ ਯਾਦਵ, ਕੌਸ਼ਲਿਆ, ਰੋਸ਼ਨੀ, ਪਿੰਕੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਨੇਹਾ, ਜਸ਼ਨਪ੍ਰੀਤ, ਹਰਪ੍ਰੀਤ, ਨਿਸ਼ਾ, ਮਨਰਾਜ, ਭਾਵਨਾ, ਕਮਲ , ਗੁਰਪ੍ਰੀਤ ਕੌਰ, ਰਮਨਦੀਪ, ਜਯੋਤੀ, ਰੇਨੁਕਾ, ਗੁਰਜੀਤ, ਮਹਿਕ , ਸੰਨਿਆ , ਬਲਜੀਤ, ਜੈਸਮੀਨ ਆਦਿ ਹਾਜ਼ਰ ਸਨ।

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ ਕਰਵਾਇਆ ਸਰਟੀਫਿਕੇਟ ਵੰਡ ਸਮਾਗਮ Read More »

ਹੁਣ ਭਾਰਤ ਵਿੱਚ ਬਿਜਲੀ ਡਿੱਗਣ ਤੋਂ ਪਹਿਲਾ ਹੀ ਹੋਵੇਗੀ ਸਹੀ ਭਵਿੱਖਬਾਣੀ

  ਹੈਦਰਾਬਾਦ, 2 ਅਪ੍ਰੈਲ – ਭਾਰਤੀ ਪੁਲਾੜ ਖੋਜ ਸੰਗਠਨ ਨੇ ਇੱਕ ਅਜਿਹੀ ਤਕਨੀਕ ਦੀ ਖੋਜ ਕੀਤੀ ਹੈ ਜੋ ਮੀਂਹ ਦੇ ਮੌਸਮ ਵਿੱਚ ਬਿਜਲੀ ਡਿੱਗਣ ਤੋਂ ਪਹਿਲਾਂ ਲੋਕਾਂ ਨੂੰ ਚੇਤਾਵਨੀ ਦੇਵੇਗੀ। ਮਾਨਸੂਨ ਅਤੇ ਮੀਂਹ ਦੇ ਮੌਸਮ ਦੌਰਾਨ ਲੋਕ ਅਕਸਰ ਘਰ ਤੋਂ ਬਾਹਰ ਜਾਣ ਤੋਂ ਡਰਦੇ ਹਨ ਅਤੇ ਉਨ੍ਹਾਂ ਦੇ ਡਰ ਦਾ ਮੁੱਖ ਕਾਰਨ ਅਸਮਾਨ ਤੋਂ ਡਿੱਗਦੀ ਬਿਜਲੀ ਹੈ, ਜੋ ਕਿਸੇ ਵੀ ਸਮੇਂ ਅਤੇ ਕਿਤੇ ਵੀ ਡਿੱਗਦੀ ਹੈ। ਇਸ ਕਾਰਨ ਹਰ ਸਾਲ ਬਹੁਤ ਸਾਰੇ ਲੋਕ ਮਰਦੇ ਹਨ। ਅਜਿਹੀ ਸਥਿਤੀ ਵਿੱਚ ਇਸਰੋ ਦੀ ਨਵੀਂ ਤਕਨੀਕ ਲੋਕਾਂ ਲਈ ਵੱਡੀ ਰਾਹਤ ਹੋ ਸਕਦੀ ਹੈ। ਇਸਰੋ ਨੇ ਆਪਣੀ ਨਵੀਂ ਤਕਨੀਕ ਬਾਰੇ ਦੱਸਿਆ ਹੈ ਕਿ ਉਹ ਭਾਰਤੀ ਭੂ-ਸਥਿਰ ਉਪਗ੍ਰਹਿਆਂ ਤੋਂ ਡਾਟਾ ਇਕੱਠਾ ਕਰਕੇ ਅਤੇ ਉਨ੍ਹਾਂ ਦੀ ਮਦਦ ਨਾਲ ਬਿਜਲੀ ਡਿੱਗਣ ਦੀ ਭਵਿੱਖਬਾਣੀ ਕਰਨ ਵਾਲੀ ਤਕਨੀਕ ਵਿਕਸਤ ਕਰਨ ਵਿੱਚ ਸਫਲ ਰਿਹਾ ਹੈ। ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਇਹ ਉਪਲਬਧੀ ਹਾਸਲ ਕੀਤੀ ਹੈ। 2.5 ਘੰਟੇ ਪਹਿਲਾਂ ਮਿਲ ਜਾਵੇਗਾ ਅਲਰਟ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਦੇ ਵਿਗਿਆਨੀਆਂ ਨੇ ਇਨਸੈਟ-3ਡੀ ਸੈਟੇਲਾਈਟ ਤੋਂ ਪ੍ਰਾਪਤ ਹੋਣ ਵਾਲੇ ਲੰਬੇ ਵੇਵ ਰੇਡੀਏਸ਼ਨ ਵਿੱਚ ਇੱਕ ਖਾਸ ਸੰਕੇਤ ਦੇਖਿਆ। ਇਨ੍ਹਾਂ ਪੈਟਰਨਾਂ ਨੂੰ ਦੇਖਣ ਤੋਂ ਬਾਅਦ ਵਿਗਿਆਨੀਆਂ ਨੂੰ ਸਮਝ ਆਇਆ ਕਿ ਜਦੋਂ OLR ਦੀ ਗਤੀ ਘੱਟ ਜਾਂਦੀ ਹੈ ਤਾਂ ਅਸਮਾਨ ਤੋਂ ਬਿਜਲੀ ਡਿੱਗਣ ਦੀ ਸੰਭਾਵਨਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਵਿਗਿਆਨੀਆਂ ਨੇ ਇਸ ਨਵੀਂ ਤਕਨੀਕ ਰਾਹੀਂ ਖੋਜ ਕੀਤੀ ਹੈ ਕਿ ਇਸਦੀ ਮਦਦ ਨਾਲ ਬਿਜਲੀ ਡਿੱਗਣ ਤੋਂ ਲਗਭਗ 2.5 ਘੰਟੇ ਪਹਿਲਾਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਬਿਜਲੀ ਡਿੱਗ ਸਕਦੀ ਹੈ ਜਾਂ ਨਹੀਂ। ਇਹ ਇਸਰੋ ਦੀ ਇੱਕ ਵਿਸ਼ੇਸ਼ ਅਤੇ ਨਵੀਂ ਤਕਨੀਕ ਹੈ, ਜੋ ਲੋਕਾਂ ਅਤੇ ਸਮਾਜ ਨੂੰ ਬਿਜਲੀ ਵਰਗੀਆਂ ਕੁਦਰਤੀ ਆਫ਼ਤਾਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਨਵੀਂ ਤਕਨੀਕ ਦੀ ਮਦਦ ਨਾਲ ਇਸਰੋ ਬਿਜਲੀ ਡਿੱਗਣ ਤੋਂ ਪਹਿਲਾਂ ਹੀ ਭਵਿੱਖਬਾਣੀ ਕਰੇਗਾ ਅਤੇ ਉਸ ਤੋਂ ਬਾਅਦ ਉਸ ਜਗ੍ਹਾ ਤੋਂ ਲੋਕਾਂ, ਜਾਨਵਰਾਂ ਅਤੇ ਜਾਇਦਾਦ ਨੂੰ ਬਾਹਰ ਕੱਢਿਆ ਜਾ ਸਕੇਗਾ ਤਾਂ ਜੋ ਕੋਈ ਮਨੁੱਖ ਨਾ ਮਰੇ ਅਤੇ ਕੋਈ ਜਾਇਦਾਦ ਨਾ ਗੁਆਏ।

ਹੁਣ ਭਾਰਤ ਵਿੱਚ ਬਿਜਲੀ ਡਿੱਗਣ ਤੋਂ ਪਹਿਲਾ ਹੀ ਹੋਵੇਗੀ ਸਹੀ ਭਵਿੱਖਬਾਣੀ Read More »

ਯਾਦਦਾਸ਼ਤ ਵਧਾਉਣ ਲਈ ਰੋਜ਼ਾਨਾ ਕਰੋ ਇਹ 5 ਦਿਮਾਗ਼ੀ ਕਸਰਤਾਂ

ਨਵੀਂ ਦਿੱਲੀ, 2 ਅਪ੍ਰੈਲ – ਸਿਹਤਮੰਦ ਰਹਿਣ ਲਈ ਜਿਵੇਂ ਸਰੀਰ ਨੂੰ ਐਕਸਰਸਾਈਜ਼ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਦਿਮਾਗ ਨੂੰ ਵੀ ਸਿਹਤਮੰਦ ਰਹਿਣ ਲਈ ਕਸਰਤ ਦੀ ਜ਼ਰੂਰਤ ਹੁੰਦੀ ਹੈ। ਸਾਡਾ ਦਿਮਾਗ ਇਕ ਮਸਲ ਦੀ ਤਰ੍ਹਾਂ ਹੈ ਜਿਸਨੂੰ ਨਿਯਮਿਤ ਐਕਸਰਸਾਈਜ਼ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਇਸਨੂੰ ਸਰਗਰਮ ਨਹੀਂ ਰੱਖਾਂਗੇ ਤਾਂ ਸਾਡੀ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਅਸੀਂ ਕੰਮ ‘ਤੇ ਧਿਆਨ ਨਹੀਂ ਦੇ ਸਕਦੇ ਤੇ ਹੌਲੀ-ਹੌਲੀ ਸਾਡੀ ਸੋਚਣ ਦੀ ਸਮਰੱਥਾ ਵੀ ਘਟਣ ਲੱਗਦੀ ਹੈ। ਪਰ ਕੁਝ ਆਸਾਨ ਬ੍ਰੇਨ ਐਕਸਰਸਾਈਜ਼ ਦੀ ਮਦਦ ਨਾਲ ਅਸੀਂ ਆਪਣੀ ਯਾਦਦਾਸ਼ਤ ਨੂੰ ਤੇਜ਼ ਅਤੇ ਦਿਮਾਗ ਨੂੰ ਸਿਹਤਮੰਦ ਰੱਖ ਸਕਦੇ ਹਾਂ। ਆਓ ਜਾਣਦੇ ਹਾਂ 5 ਬ੍ਰੇਨ ਐਕਸਰਸਾਈਜ਼ ਬਾਰੇ। ਯਾਦਦਾਸ਼ਤ ਵਧਾਉਣ ਲਈ ਬ੍ਰੇਨ ਐਕਸਰਸਾਈਜ਼ 1. ਮੈਡੀਟੇਸ਼ਨ ਮੈਡੀਟੇਸ਼ਨ ਨਾ ਸਿਰਫ ਤਣਾਅ ਘਟਾਉਂਦਾ ਹੈ ਸਗੋਂ ਯਾਦਦਾਸ਼ਤ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਰੋਜ਼ਾਨਾ 10-15 ਮਿੰਟ ਦੀ ਮੈਡੀਟੇਸ਼ਨ ਦਿਮਾਗ ਦਾ ਫੋਕਸ ਵਧਾਉਂਦੀ ਹੈ ਤੇ ਮੈਮਰੀ ਪਾਵਰ ਨੂੰ ਇੰਪਰੂਵ ਕਰਦਾ ਹੈ। ਕਿਵੇਂ ਕਰੀਏ? – ਸ਼ਾਂਤ ਜਗ੍ਹਾ ‘ਤੇ ਅੱਖਾਂ ਬੰਦ ਕਰ ਕੇ ਬੈਠ ਜਾਓ। – ਡੂੰਘੇ ਸਾਹ ਲਓ ਤੇ ਧਿਆਨ ਨੂੰ ਸਾਹ ‘ਤੇ ਫੋਕਸ ਰੱਖੋ। – ਤੁਹਾਡੇ ਦਿਮਾਗ਼ ‘ਚ ਵੱਖ-ਵੱਖ ਖਿਆਲ ਆਉਂਦੇ ਰਹਿਣਗੇ, ਪਰ ਉਨ੍ਹਾਂ ‘ਤੇ ਧਿਆਨ ਨਾ ਦਿਉ ਤੇ ਫਿਰ ਤੋਂ ਸਾਹ ‘ਤੇ ਧਿਆਨ ਲਗਾਓ। 2. ਪਜ਼ਲ ਤੇ ਬ੍ਰੇਨ ਗੇਮਜ਼ ਸੁਡੋਕੂ, ਕ੍ਰਾਸਵਰਡ, ਸ਼ਤਰੰਜ ਤੇ ਹੋਰ ਕਿਸਮ ਦੇ ਪਜ਼ਲ ਗੇਮਜ਼ ਦਿਮਾਗ ਲਈ ਬਿਹਤਰ ਐਕਸਰਸਾਈਜ਼ ਹਨ। ਇਹ ਗੇਮਜ਼ ਤਰਕਸ਼ੀਲ ਸੋਚ ਤੇ ਯਾਦਦਾਸ਼ਤ ਨੂੰ ਤੇਜ਼ ਕਰਦੇ ਹਨ। ਕਿਵੇਂ ਕਰੀਏ? – ਰੋਜ਼ਾਨਾ 10 ਮਿੰਟ ਸੁਡੋਕੂ ਜਾਂ ਕ੍ਰਾਸਵਰਡ ਹੱਲ ਕਰੋ। – ਸ਼ਤਰੰਜ ਜਾਂ ਹੋਰ ਰਣਨੀਤੀ ਗੇਮਾਂ ਖੇਡੋ। – ਕਈ ਮੋਬਾਈਲ ਐਪਸ ਦਾ ਵੀ ਪਜ਼ਲ ਗੇਮਜ਼ ਲਈ ਇਸਤੇਮਾਲ ਕਰ ਸਕਦੇ ਹੋ। 3. ਨਵੀਂ ਭਾਸ਼ਾ ਸਿੱਖਣਾ ਨਵੀਂ ਭਾਸ਼ਾ ਸਿੱਖਣ ਨਾਲ ਦਿਮਾਗ ਦੇ ਸੈੱਲ ਸਰਗਰਮ ਹੁੰਦੇ ਹਨ ਅਤੇ ਯਾਦਦਾਸ਼ਤ ਸੁਧਰਦੀ ਹੈ। ਇਹ ਇਕ ਮਨੋਰੰਜਕ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੀ ਯਾਦਦਾਸ਼ਤ ਨੂੰ ਤੇਜ਼ ਕਰ ਸਕਦੇ ਹੋ। ਕਿਵੇਂ ਕਰੀਏ? – ਕੁਝ ਐਪਸ ਜਾਂ ਡਿਕਸ਼ਨਰੀ ਦੀ ਮਦਦ ਨਾਲ ਰੋਜ਼ਾਨਾ ਨਵੇਂ ਸ਼ਬਦ ਸਿੱਖੋ। – ਛੋਟੇ ਵਾਕ ਬਣਾਉਣ ਦੀ ਪ੍ਰੈਕਟਿਸ ਕਰੋ। – ਕਿਸੇ ਭਾਸ਼ਾ ਦੀ ਕਲਾਸ ਜੌਇਨ ਕਰੋ। 4. ਯਾਦ ਕਰਨ ਦੀ ਪ੍ਰੈਕਟਿਸ ਰੋਜ਼ਾਨਾ ਛੋਟੀਆਂ-ਛੋਟੀਆਂ ਚੀਜ਼ਾਂ ਯਾਦ ਕਰਨ ਦੀ ਆਦਤ ਪਾਓ। ਜਿਵੇਂ ਕਿ ਖਰੀਦਦਾਰੀ ਦੀ ਸੂਚੀ, ਫੋਨ ਨੰਬਰ ਜਾਂ ਕਵਿਤਾਵਾਂ ਯਾਦ ਕਰਨਾ। ਕਿਵੇਂ ਕਰੀਏ? – ਰੋਜ਼ 5 ਨਵੇਂ ਸ਼ਬਦ ਯਾਦ ਕਰੋ ਤੇ ਉਨ੍ਹਾਂ ਨੂੰ ਦੁਹਰਾਓ। – ਕਿਸੇ ਕਹਾਣੀ ਜਾਂ ਲੇਖ ਨੂੰ ਪੜ੍ਹ ਕੇ ਉਸਦੀ ਸਮਰੀ ਯਾਦ ਕਰੋ। – ਕਾਰਡ ਗੇਮਜ਼ ਜਿਵੇਂ “ਮੈਮੋਰੀ ਮੈਚ” ਖੇਡੋ। 5. ਫਿਜ਼ੀਕਲ ਐਕਸਰਸਾਈਜ਼ ਦਿਮਾਗ ਅਤੇ ਸਰੀਰ ਦਾ ਗਹਿਰਾ ਸੰਬੰਧ ਹੈ। ਨਿਯਮਤ ਕਸਰਤ ਨਾਲ ਦਿਮਾਗ ‘ਚ ਬਲੱਡ ਸਰਕੂਲੇਸ਼ਨ ਬਿਹਤਰ ਹੁੰਦੀ ਹੈ, ਜਿਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।

ਯਾਦਦਾਸ਼ਤ ਵਧਾਉਣ ਲਈ ਰੋਜ਼ਾਨਾ ਕਰੋ ਇਹ 5 ਦਿਮਾਗ਼ੀ ਕਸਰਤਾਂ Read More »

ਮਿੱਠਾ ਖਾਣ ਨਾਲ ਸਰੀਰ ਦੇ ਇਨ੍ਹਾਂ 7 ਅੰਗਾਂ ਨੂੰ ਹੋ ਸਕਦਾ ਹੈ ਨੁਕਸਾਨ

ਨਵੀਂ ਦਿੱਲੀ, 2 ਅਪ੍ਰੈਲ – ਮਿੱਠਾ ਖਾਣਾ ਹਰ ਕੋਈ ਪਸੰਦ ਕਰਦਾ ਹੈ। ਚਾਕਲੇਟ, ਬਿਸਕੁਟ, ਬੇਕਰੀ ਦੀਆਂ ਚੀਜ਼ਾਂ ਸੁਣ ਕੇ ਹੀ ਮੂੰਹ ਵਿੱਚ ਪਾਣੀ ਆਉਣ ਲੱਗਦਾ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਮਿਠਾਈਆਂ ਦਾ ਜ਼ਿਆਦਾ ਸੇਵਨ ਸ਼ੂਗਰ, ਭਾਰ ਵਧਣ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜ਼ਿਆਦਾ ਮਿੱਠਾ ਖਾਣ ਨਾਲ ਸਰੀਰ ਦੇ ਇਨ੍ਹਾਂ ਅੰਗਾਂ ਨੂੰ ਹੋ ਸਕਦਾ ਨੁਕਸਾਨ ਮੂੰਹ: ਜਦੋਂ ਮਿਠਾਈਆਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ, ਤਾਂ ਮੂੰਹ ਵਿੱਚ ਬੈਕਟੀਰੀਆ ਖੰਡ ਦੇ ਅਣੂਆਂ ਨੂੰ ਤੋੜਦੇ ਹਨ ਅਤੇ ਐਸਿਡ ਪੈਦਾ ਕਰਦੇ ਹਨ। ਮੂੰਹ ਵਿੱਚ ਲਾਰ ਇਨ੍ਹਾਂ ਐਸਿਡਾਂ ਨੂੰ ਬੇਅਸਰ ਕਰਨ ਵਿੱਚ ਮਦਦ ਕਰਦੀ ਹੈ। ਜਦੋਂ ਮਿਠਾਈਆਂ ਜ਼ਿਆਦਾ ਖਾਧੀਆਂ ਜਾਂਦੀਆਂ ਹਨ ਤਾਂ ਐਸਿਡ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਮਾਹਿਰਾਂ ਦਾ ਕਹਿਣਾ ਹੈ ਕਿ ਦੰਦਾਂ ਦੇ ਪਰਲੇ ਨੂੰ ਨੁਕਸਾਨ ਹੋਣ ਕਾਰਨ ਦੰਦਾਂ ਦੇ ਸੜਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ: ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਦਾ ਸੇਵਨ ਛੋਟੀ ਅੰਤੜੀ ਵਿੱਚ ਇਸਨੂੰ ਸਾਦੀ ਸ਼ੱਕਰ ਵਿੱਚ ਤੋੜ ਸਕਦਾ ਹੈ। ਇਸ ਨਾਲ ਸਰੀਰ ਗਲੂਕੋਜ਼ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ। ਕੁਝ ਲੋਕਾਂ ਨੂੰ ਫਰੂਟੋਜ਼ ਨੂੰ ਸੋਖਣ ਵਿੱਚ ਮੁਸ਼ਕਲ ਆਉਂਦੀ ਹੈ। ਇਹ ਅਕਸਰ ਮਿੱਠੇ ਪੀਣ ਵਾਲੇ ਪਦਾਰਥਾਂ, ਜਿਵੇਂ ਕਿ ਸੋਡਾ ਵਿੱਚ ਪਾਇਆ ਜਾਂਦਾ ਹੈ। ਇਸ ਨਾਲ ਅੰਤੜੀਆਂ ਵਿੱਚ ਫਰੂਟੋਜ਼ ਇਕੱਠਾ ਹੁੰਦਾ ਹੈ। ਇਸ ਨਾਲ ਗੈਸ, ਪੇਟ ਫੁੱਲਣਾ ਅਤੇ ਚਿੜਚਿੜਾ ਟੱਟੀ ਸਿੰਡਰੋਮ ਹੋ ਸਕਦਾ ਹੈ। ਸ਼ੂਗਰ: ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ। ਇਸ ਪੱਧਰ ਨੂੰ ਬਣਾਈ ਰੱਖਣ ਲਈ ਪੈਨਕ੍ਰੀਅਸ ਇਨਸੁਲਿਨ ਛੱਡਦਾ ਹੈ। ਮਿਠਾਈਆਂ ਦਾ ਜ਼ਿਆਦਾ ਸੇਵਨ ਪੈਨਕ੍ਰੀਅਸ ‘ਤੇ ਤਣਾਅ ਪਾ ਸਕਦਾ ਹੈ। ਨਤੀਜਾ ਇਨਸੁਲਿਨ ਪ੍ਰਤੀਰੋਧ ਹੈ। ਜੇਕਰ ਇਹ ਜਾਰੀ ਰਹਿੰਦਾ ਹੈ, ਤਾਂ ਇਹ ਟਾਈਪ 2 ਸ਼ੂਗਰ ਦਾ ਕਾਰਨ ਬਣਦਾ ਹੈ । ਦਿਮਾਗ: ਗਲੂਕੋਜ਼ ਦਿਮਾਗ ਲਈ ਬਾਲਣ ਦਾ ਕੰਮ ਕਰਦਾ ਹੈ। ਜਦੋਂ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈ, ਤਾਂ ਇਨਸੁਲਿਨ ਵੀ ਵਧਦਾ ਹੈ। ਇਸ ਕਾਰਨ ਕੁਝ ਘੰਟਿਆਂ ਬਾਅਦ ਖੂਨ ਵਿੱਚ ਗਲੂਕੋਜ਼ ਦਾ ਪੱਧਰ ਘੱਟ ਜਾਂਦਾ ਹੈ। ਇਸ ਨਾਲ ਚਿੜਚਿੜਾਪਨ, ਥਕਾਵਟ ਅਤੇ ਹੋਰ ਮਿਠਾਈਆਂ ਖਾਣ ਦੀ ਇੱਛਾ ਹੁੰਦੀ ਹੈ। ਇਹ ਦਿਮਾਗ ਨੂੰ ਡੋਪਾਮਾਈਨ ਨਾਮਕ ਹਾਰਮੋਨ ਛੱਡਣ ਲਈ ਉਤੇਜਿਤ ਕਰਦਾ ਹੈ। ਇਹ ਸਾਨੂੰ ਮਿਠਾਈਆਂ ਦਾ ਹੋਰ ਵੀ ਆਦੀ ਬਣਾ ਦਿੰਦਾ ਹੈ। ਜਿਗਰ: ਬਹੁਤ ਜ਼ਿਆਦਾ ਪ੍ਰੋਸੈਸਡ ਖੰਡ ਦਾ ਸੇਵਨ ਕਰਨ ਨਾਲ ਜਿਗਰ ਫਰੂਟੋਜ਼ ਨੂੰ ਚਰਬੀ ਵਿੱਚ ਬਦਲ ਦਿੰਦਾ ਹੈ। ਇਹ ਚਰਬੀ ਜਿਗਰ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਸ ਨਾਲ ਗੈਰ-ਅਲਕੋਹਲਿਕ ਫੈਟੀ ਜਿਗਰ ਦੀ ਬਿਮਾਰੀ ਹੁੰਦੀ ਹੈ। ਇਹ ਹੌਲੀ-ਹੌਲੀ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਜਿਗਰ ਦੀ ਸੋਜਸ਼ ਦਾ ਕਾਰਨ ਬਣਦਾ ਹੈ। ਜ਼ਿਆਦਾ ਖੰਡ ਦਾ ਸੇਵਨ ਇਨਸੁਲਿਨ ਪ੍ਰਤੀਰੋਧ ਵਿੱਚ ਯੋਗਦਾਨ ਪਾਉਂਦਾ ਹੈ। ਦਿਲ: ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਮਿਠਾਈਆਂ ਦਾ ਸੇਵਨ ਦਿਲ ਲਈ ਚੰਗਾ ਨਹੀਂ ਹੈ। ਕਿਹਾ ਜਾਂਦਾ ਹੈ ਕਿ ਜ਼ਿਆਦਾ ਖੰਡ ਦਾ ਸੇਵਨ ਦਿਲ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਖੰਡ ਨਾ ਸਿਰਫ਼ ਇਨਸੁਲਿਨ ਦੇ ਪੱਧਰ ਨੂੰ ਵਧਾਉਂਦੀ ਹੈ ਬਲਕਿ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਨੂੰ ਵੀ ਵਧਾਉਂਦੀ ਹੈ । ਇਸ ਲਈ ਮਾਹਰ ਸਲਾਹ ਦਿੰਦੇ ਹਨ ਕਿ ਪਹਿਲਾਂ ਤੋਂ ਹੀ ਮਿਠਾਈਆਂ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਗਠੀਆ: ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਖੰਡ ਜੋੜਾਂ ਦੀ ਸੋਜਸ਼ ਵਿੱਚ ਯੋਗਦਾਨ ਪਾਉਂਦੀ ਹੈ। ਗਠੀਆ ਜੋੜਾਂ ਦੇ ਦਰਦ ਨੂੰ ਹੋਰ ਵਧਾ ਸਕਦਾ ਹੈ। ਮਠਿਆਈਆਂ ਦਾ ਜ਼ਿਆਦਾ ਸੇਵਨ ਹੱਡੀਆਂ ਦੀ ਘਣਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਹੌਲੀ-ਹੌਲੀ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਅਤੇ ਫ੍ਰੈਕਚਰ ਦੀ ਸੰਭਾਵਨਾ ਵੱਧ ਜਾਂਦੀ ਹੈ।

ਮਿੱਠਾ ਖਾਣ ਨਾਲ ਸਰੀਰ ਦੇ ਇਨ੍ਹਾਂ 7 ਅੰਗਾਂ ਨੂੰ ਹੋ ਸਕਦਾ ਹੈ ਨੁਕਸਾਨ Read More »