admin

ਜੁਗਾੜ/ਪ੍ਰੋ. ਕੇ ਸੀ ਸ਼ਰਮਾ

ਬਠਿੰਡੇ ਤੋਂ ਇਕ ਦਫਤਰੋਂ ਦੇਰ ਨਾਲ ਫਾਰਗ ਹੋਇਆ। ਚੱਲਣ ਲੱਗੇ ਕੁਝ ਦੁਚਿੱਤੀ ਹੋ ਗਈ ਕਿ ਆਪਣੇ ਘਰ ਪਹੁੰਚਾਂ ਜਾਂ ਰਾਹ ਵਿਚ ਬੇਬੇ ਕੋਲ ਰਾਤ ਬਿਤਾਵਾਂ। ਬਾਜਾਖਾਨਾ ਤੱਕ ਪਹੁੰਚਦੇ ਬੇਬੇ ਕੋਲ ਰੁਕਣ ਦਾ ਫੈਸਲਾ ਕਰ ਲਿਆ ਅਤੇ ਬਰਗਾੜੀ ਅੰਦਰ ਵੜਨ ਤੋਂ ਪਹਿਲਾਂ ਹੀ ਮੋਟਰਸਾਈਕਲ ਖੱਬੇ ਹੱਥ ਫਿਰਨੀ ’ਤੇ ਉਤਾਰ ਲਿਆ। ਮੇਰੇ ਪਿੰਡ ਦੀ ਸੜਕ ਸਾਹੋਕੇ ਵਿਚੋਂ ਲੰਘਦੀ ਸੀ। ਖੱਬੇ ਹੱਥ ਫਿਰਨੀ ਚੜ੍ਹਨ ਤੋਂ ਬਾਅਦ ਜਿਉਂ ਹੀ ਮੋੜ ਆਇਆ, ਅੱਗੇ ਗਾਈਆਂ ਦਾ ਵੱਗ ਘਰਾਂ ਵੱਲ ਪਰਤਦਾ ਦਿਸਿਆ। ਹਲਕੀ-ਹਲਕੀ ਉੱਡਦੀ ਧੂੜ ਵਿਚ ‘ਮਾਂ ਬਾਂਅ…’ ਰੰਭਦੇ ਵੱਛੇ, ਢੁੱਡੋ-ਢੁੱਡੀ ਹੁੰਦੀਆਂ ਵਹਿੜਾਂ, ਬੜ੍ਹਕਾਂ ਮਾਰਦੇ ਢੱਠਿਆਂ ਦੀ ਸਫੇਦ ਧਾਰਾ ਵਹਿ ਰਹੀ ਸੀ। ਉਂਝ ਵੀ ਛੋਟੀ ਜਿਹੀ ਦੁਰਘਟਨਾ ਤੋਂ ਬਾਅਦ ਪਿੰਡਾਂ ਵਿਚ ਮੈਂ ਮੋਟਰਸਾਈਕਲ ਹੌਲੀ ਤੇ ਧਿਆਨ ਨਾਲ ਚਲਾਉਂਦਾ ਸੀ; ਮੈਨੂੰ ਸਮਝ ਸੀ ਕਿ ਭੂਸਰਿਆ ਗੋਕਾ ਬਹੁਤ ਖ਼ਤਰਨਾਕ ਹੁੰਦਾ ਹੈ। ਇਸ ਲਈ ਮੈਂ ਮੋਟਰਸਾਈਕਲ ਤੋਂ ਉੱਤਰ ਕੇ ਖੱਬੇ ਹੱਥ ਬਣੀਆਂ ਦੁਕਾਨਾਂ ਦੇ ਨਾਲ-ਨਾਲ ਮੋਟਰਸਾਈਕਲ ਘੜੀਸ ਕੇ ਚੱਲਣਾ ਸ਼ੁਰੂ ਕਰ ਦਿੱਤਾ। ਮੁਸ਼ਕਿਲ ਨਾਲ ਦਸ ਪੰਦਰਾਂ ਗਜ਼ ਹੀ ਗਿਆ ਸੀ ਕਿ ਪਿੱਛੋਂ “ਪੰਡਤਾ! ਪੰਡਤਾ!!….।” ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਪਿੱਛੇ ਮੁੜ ਕੇ ਦੇਖਿਆ; ਉੱਚਾ ਲੰਮਾ, ਚਿੱਟੇ ਕੱਪੜੇ, ਤੰਬੇ ਵਾਲਾ ਆਦਮੀ ਹੱਥ ਦੇ ਇਸ਼ਾਰੇ ਨਾਲ ਰੁਕਣ ਲਈ ਕਹਿ ਰਿਹਾ ਸੀ। ਮੇਰੇ ਸੋਚਦੇ ਕਰਦੇ ਉਹ ਮੇਰੇ ਕੋਲ ਪਹੁੰਚ ਗਿਆ। ਬਿਨਾਂ ਕਿਸੇ ਤਕੱਲਫ਼ ਤੋਂ ਮੋਟਰਸਾਈਕਲ ਮੇਰੇ ਹੱਥੋਂ ਫੜ ਕੇ ਇਕ ਪਾਸੇ ਖੜ੍ਹਾ ਕਰ ਕੇ ਜਿੰਦਾ ਲਾ ਦਿੱਤਾ ਤੇ ਕਹਿਣ ਲੱਗਾ, “ਸ਼ਰਮਾ, ਤੂੰ ਮੈਨੂੰ ਪਛਾਣਿਆ ਨੀ।” ਮੇਰੀ ਉਲਝਣ ਨੂੰ ਤੱਕਦੇ ਹੋਏ ਕਹਿਣਾ ਲੱਗਾ, “ਮੈਂ ਛੇਵੀਂ ਦਾ ਤੇਰਾ ਜਮਾਤੀ ਹਰਦੇਵ। ਮਾਸਟਰ ਕਿਹਰ ਸਿੰਘ ਨੇ ਮੇਰੀ ਮੌਲਵੀ ਕਹਿ ਕੇ ਛੇੜ ਪਾਈ ਹੋਈ ਸੀ।” ਮੈਨੂੰ ਇਕਦਮ ਉਸ ਵਿਚੋਂ ਛੇਵੀਂ ਵਾਲਾ ਦੇਬੂ ਨਜ਼ਰ ਆ ਗਿਆ ਅਤੇ ਕਿਹਾ, “ਉਏ ਮੌਲਵੀ ਤੂੰ!” ਨਿੱਘੀ ਜਿਹੀ ਗਲਵੱਕੜੀ ਰਾਹੀਂ ਖੁਸ਼ੀ ਅਤੇ ਹੈਰਾਨੀ ਦੇ ਭਾਵ ਪ੍ਰਗਟ ਹੋ ਗਏ। ਗੱਲਾਂ ਕਰਦੇ-ਕਰਦੇ ਵਾਪਸ ਉਸ ਦੀ ਦੁਕਾਨ (ਹਸਪਤਾਲ) ਪਹੁੰਚ ਗਏ। ਉਹਨੇ ਦੱਸਿਆ ਕਿ ਉਹਨੂੰ ਬਚਪਨ ਤੋਂ ਹੀ ਡਾਕਟਰ ਬਣਨ ਦਾ ਸ਼ੌਕ ਸੀ। ਮਾਸਟਰ ਜੀ ਦੀ ਕੁੱਟ ਤੋਂ ਡਰਦੇ ਮਾਰੇ ਪੜ੍ਹਾਈ ਸੱਤਵੀਂ ਵਿਚ ਹੀ ਛੱਡ ਦਿੱਤੀ ਸੀ। ਕੋਟਕਪੂਰੇ ਤੋਂ ਕਿਸੇ ਡਾਕਟਰ ਨਾਲ ਕੰਮ ਕਰ ਕੇ ਡਾਕਟਰੀ ਸਿੱਖੀ ਅਤੇ ਹਸਪਤਾਲ ਖੋਲ੍ਹ ਲਿਆ। ਮੈਂ ਪੁੱਛਿਆ, “ਡਾਕਟਰੀ ਪੇਸ਼ੇ ਦੀ ਯੋਗਤਾ ਦਾ ਸਰਟੀਫਿਕੇਟ ਅਤੇ ਪ੍ਰੈਕਟਿਸ ਕਰਨ ਦਾ ਲਸੰਸ?” ਪੜ੍ਹੇ-ਲਿਖੇ ਆਦਮੀ ਨੂੰ ਜਵਾਬ ਦੇਣ ਦੀ ਚੇਤਨਤਾ ਅੰਦਰ ਖਿਸਿਆਨੀ ਜਿਹਾ ਹਾਸਾ ਹੱਸਦੇ ਬੋਲਿਆ, “ਪਿੰਡਾਂ ਵਿਚ ਇਨ੍ਹਾਂ ਦੀ ਲੋੜ ਨਹੀਂ। ਮੋਏ ਪੁੱਛਦੇ ਆ?” ਕੰਮਕਾਜ ਬਾਰੇ ਪੁੱਛਣ ’ਤੇ ਬੋਲਿਆ, “ਰੱਤਾ ਗਾਉਂਦੇ ਹਾਂ। ਕੁਰਸੀ ’ਤੇ ਬੈਠਣ ਤੋਂ ਬਾਅਦ ਮੈਂ ਉਸ ਦੇ ਹਸਪਤਾਲ/ਵੱਡੀ ਦੁਕਾਨ ’ਤੇ ਝਾਤ ਮਾਰੀ। ਸਾਹਮਣੇ ਵਾਲੇ ਮੇਜ਼ ਉੱਤੇ ਗੁਰਮੁਖੀ ਵਿਚ ਲਿਖਿਆ ਮਾਟੋ ਦਿਸਿਆ: “ਮੈਂ ਤਾਂ ਦਵਾ ਦਾਰੂ ਕਰਦਾ ਹਾਂ: ਬਿਮਾਰੀ ਸਤਿਗੁਰ ਦੂਰ ਕਰਦੇ ਹਨ।” ਉਹ ਇਕ ਮਿੰਟ ਲਈ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਗਿਆ ਤੇ ਵਾਪਸ ਆ ਗਿਆ। ਮੈਂ ਨੋਟ ਕੀਤਾ ਕਿ ਲੱਕੜ ਦੀਆਂ ਅਲਮਾਰੀਆਂ ਵਿਚ ਪਏ ਡੱਬਿਆਂ, ਦਵਾਈਆਂ ਅਤੇ ਸੂਇਆਂ (ਟੀਕਿਆਂ) ਦੇ ਲੇਬਲ ਲੱਗੇ ਹੋਏ ਸਨ। ਇਕ ਨੱੁਕਰ ਵਿਚ ਸਟੂਲ ’ਤੇ ਸਰਿੰਜ ਉਬਾਲਣ ਲਈ ਸਟੋਵ ਅਤੇ ਪਤੀਲਾ ਪਏ ਸਨ। ਆਮ ਮਿਲਣ ਵਾਲੀ ਸਪਿਰਟ ਦੀ ਬੂਅ ਵੀ ਆ ਰਹੀ ਸੀ। ਅੱਗੇ ਚੱਲ ਕੇ ਉਸ ਨੇ ਕਿਹਾ, “ਹਾਂ, ਸ਼ਰਮਾ ਹੁਣ ਤੂੰ ਦੱਸ। ਸੁਣਿਐ… ਕਾਫੀ ਪੜ੍ਹ ਕੇ ਕਿਤੇ ਉੱਚੇ ਕੰਮ ’ਤੇ ਲੱਗਿਆ ਏਂ।” ਜਵਾਬ ਸਮੇਂ ਮੇਰੇ ਮਨ ਵਿਚ ਸੱਚੀ ਘਟਨਾ ਘੁੰਮ ਗਈ। ਇਕ ਵਾਰ ਮੇਰੇ ਪਿੰਡ ਦੇ ਇਕ ਸੱਜਣ ਨੇ ਪੁੱਛਿਆ ਕਿ ਮੈਂ ਸੋਲਾਂ ਜਮਾਤਾਂ ਪੜ੍ਹ ਕੇ ਕਿੱਥੇ ਅਫਸਰ ਲੱਗਾ ਹਾਂ? ਮੈਂ ਚੌੜਾ ਹੋ ਕੇ ਕਿਹਾ ਕਿ ਵੱਡੇ ਕਾਲਜ ਵਿਚ ਪ੍ਰੋਫੈਸਰ ਹਾਂ। ਉਸ ਨੇ ਪੁੱਛਿਆ, “ਪੰਡਿਤ ਜੀ, ਉਹ ਕੀ ਹੁੰਦਾ ਹੈ ਅਤੇ ਕੰਮ ਕੀ ਕਰਦੇ ਹੋ?” ਮੈਂ ਦੱਸਿਆ ਕਿ ਵੱਡੀਆਂ ਜਮਾਤਾਂ ਤੇਰ੍ਹਵੀਂ-ਚੌਧਵੀਂ ਨੂੰ ਪੜ੍ਹਾਉਂਦਾ ਹਾਂ। “ਅੱਛਾ ਅੱਛਾ! (ਤੁਰੰਤ ‘ਤੁਸੀਂ’ ਤੋਂ ‘ਤੂੰ’ ’ਤੇ ਆਉਂਦੇ ਹੋਏ)… ਤਾਂ ਤੂੰ ਵੱਡਾ ਮਾਸਟਰ ਹੈਂ ਫਿਰ। ਤੈਨੂੰ ਮੋਹਤਮ (ਐਕਸਈਐੱਨ ਸਿੰਜਾਈ) ਲੱਗਣਾ ਚਾਹੀਦਾ ਸੀ। ਪਿੰਡ ਦੇ ਮੋਘੇ ਵੱਡੇ ਕਰਵਾ ਲੈਂਦੇ।”… ਹਰਦੇਵ ਨੂੰ ਮੈਂ ਹੱਸਦੇ ਹੋਏ ਕਿਹਾ, “ਦੇਬੂ, ਮੈਂ ਵੱਡਾ ਮਾਸਟਰ ਲੱਗਿਆ ਹਾਂ।” ਇੰਨੇ ਨੂੰ ਸੁੰਦਰ, ਲੰਮੀ, ਸਿਰ ਢਕੀ ਔਰਤ ਟਰੇਅ ਵਿਚ ਦੁੱਧ ਦੇ ਦੋ ਗਲਾਸ ਲੈ ਕੇ ਆ ਗਈ। ਦੇਬੂ ਨੇ ਮੇਰੇ ਬਾਰੇ ਆਪਣੀ ਪਤਨੀ ਨੂੰ ਦੱਸਿਆ। ਭਰਜਾਈ ਬਾਰੇ ਦੱਸਿਆ ਕਿ ਉਹ ਨਾਲ ਦੇ ਪਿੰਡ ਸਰਕਾਰੀ ਸਕੂਲ ਵਿਚ ਜੇਬੀਟੀ ਅਧਿਆਪਕ ਹੈ। ਇਕ ਲੜਕਾ ਹੈ। ਤੋਕੜ ਮਹਿੰ ਦਾ ਗਾੜ੍ਹਾ-ਗਾੜ੍ਹਾ ਦੁੱਧ ਪੀਂਦਿਆਂ ਮੇਰੀ ਨਜ਼ਰ ਇਕ ਵਾਰ ਫਿਰ ਦਵਾਈਆਂ ਦੇ ਡੱਬਿਆਂ ’ਤੇ ਦੌੜਨ ਲੱਗ ਪਈ। ਇਕ ਲੇਬਲ ’ਤੇ ਲਿਖਿਆ ਸੀ: ‘ਸੱਪ ਲੜੇ ਤੋਂ, ਨਾੜ ਵਿਚ’। ਇਹ ਟੀਕਾ ਸੀ। ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਮੋਗੇ ਦੇ ਕਿਸੇ ਮੈਡੀਕਲ ਸਟੋਰ ਤੋਂ ਕੋਈ ਡਾਕਟਰ ਇਹ ਟੀਕੇ ਖਰੀਦ ਰਿਹਾ ਸੀ, ਬਾਅਦ ਵਿਚ ਦੁਕਾਨਦਾਰ ਤੋਂ ਪੁੱਛ ਕੇ ਉਸ ਨੇ ਵੀ ਇਕ ਡੱਬਾ ਖਰੀਦ ਲਿਆ। ਦੁੱਧ ਖ਼ਤਮ ਹੋਣ ਤੋਂ ਬਾਅਦ ਮੈਂ ਸ਼ੁਕਰੀਆ ਕਹਿ ਕੇ ਇਜਾਜ਼ਤ ਲਈ। ਵੱਗ ਜਾ ਚੁੱਕਾ ਸੀ। ਸੜਕ ਸਾਫ਼ ਸੀ ਪਰ ਉਸ ਦੇ ਸ਼ਬਦ “ਪਿੰਡਾਂ ਵਿਚ ਇਨ੍ਹਾਂ ਦੀ ਲੋੜ ਨਹੀਂ” ਅਤੇ ਲੇਬਲ ‘ਸੱਪ ਲੜੇ ਤੋਂ, ਨਾੜ ਵਿਚ’ ਸੋਚ ਕੇ ਐਸੇ ਜੁਗਾੜੂ ਡਾਕਟਰਾਂ ਦੀ ਭਰਮਾਰ ਚੀਸ ਪੈਦਾ ਕਰ ਗਈ।

ਜੁਗਾੜ/ਪ੍ਰੋ. ਕੇ ਸੀ ਸ਼ਰਮਾ Read More »

ਨਾਜਾਇਜ਼ ਖਣਨ ਕਰਨ ਵਾਲਿਆਂ ਖ਼ਿਲਾਫ 1360 ਕੇਸ ਦਰਜ

ਚੰਡੀਗੜ੍ਹ, 22 ਨਵੰਬਰ – ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਾਜਾਇਜ਼ ਖਣਨ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਅਤੇ ‘ਆਪ’ ਸਰਕਾਰ ਨੇ ਅਪਰੈਲ 2022 ਤੋਂ ਅਕਤੂਬਰ 2024 ਤੱਕ ਸੂਬੇ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ 1,360 ਪੁਲੀਸ ਕੇਸ ਦਰਜ ਕੀਤੇ ਹਨ। ਉਨ੍ਹਾਂ ਨੇ ਇਹ ਦਾਅਵਾ ਅੱਜ ਇੱਥੇ ਖਣਨ ਵਿਭਾਗ ਦੇ ਅਧਿਕਾਰੀਆਂ ਅਤੇ ਕਮਰਸ਼ੀਅਲ ਮਾਈਨਿੰਗ ਸਾਈਟਾਂ (ਸੀਐੱਮਐੱਸ) ਦੇ ਠੇਕੇਦਾਰਾਂ ਨਾਲ ਮੀਟਿੰਗ ’ਚ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਨਹੀਂ ਬਖਸ਼ੇਗੀ। ਇਸ ਮੌਕੇ ਠੇਕੇਦਾਰਾਂ ਨੇ ਖਣਨ ਮੰਤਰੀ ਮੂਹਰੇ ਆਪਣੀਆਂ ਮੰਗਾਂ ਰੱਖੀਆਂ ਤੇ ਉਨ੍ਹਾਂ ਨੇ ਸਮੱਸਿਆਵਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਗੋਇਲ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਖਣਿਜ ਪਦਾਰਥਾਂ ਦੀ ਢੋਆ-ਢੁਆਈ ਕਰਨ ਵਾਲੇ ਓਵਰਲੋਡ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧੀ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾਣਗੇ। ਉਨ੍ਹਾਂ ਕਮਰਸ਼ੀਅਲ ਮਾਈਨਿੰਗ ਸਾਈਟਾਂ ਦੇ ਠੇਕੇਦਾਰਾਂ ਨੂੰ ਲੋਕਾਂ ਲਈ ਵਾਜਬ ਦਰਾਂ ’ਤੇ ਰੇਤਾ ਤੇ ਬੱਜਰੀ ਉਪਲੱਬਧ ਕਰਵਾਉਣਾ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਈ ਆਗੂ ਰੇਤ ਮਾਫੀਆ ਨਾਲ ਕਥਿਤ ਘਿਓ-ਖਿਚੜੀ ਸਨ, ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਗਈ ਪਰ ਮੌਜੂਦਾ ਸਰਕਾਰ ਕਿਸੇ ਨੂੰ ਵੀ ਗ਼ੈਰਕਾਨੂੰਨੀ ਮਾਈਨਿੰਗ ਨਹੀਂ ਕਰਨ ਦੇਵੇਗੀ। ਸਰਕਾਰ ਵੱਲੋਂ 150 ਜਨਤਕ ਤੇ 100 ਵਪਾਰਕ ਖਣਨ ਸਾਈਟਾਂ ਖੋਲ੍ਹਣ ਦਾ ਟੀਚਾ ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ’ਚ ਕੁੱਲ 150 ਜਨਤਕ ਮਾਈਨਿੰਗ ਸਾਈਟਾਂ ਅਤੇ 100 ਵਪਾਰਕ ਮਾਈਨਿੰਗ ਸਾਈਟਾਂ ਖੋਲ੍ਹਣ ਦਾ ਟੀਚਾ ਰੱਖਿਆ ਹੈ ਜਿਸ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ ਰੇਤ ਮਾਫੀਆ ਦਾ ਖ਼ਾਤਮਾ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਸਸਤੇ ਦਰਾਂ ’ਤੇ ਰੇਤਾ ਉਪਲਬਧ ਕਰਵਾਈ ਜਾ ਸਕੇ। ਹੁਣ ਜਨਤਕ ਤੇ ਵਪਾਰਕ ਮਾਈਨਿੰਗ ਸਾਈਟਾਂ ’ਤੇ ਰੇਤ ਸਿਰਫ਼ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਉਪਲੱਬਧ ਹੈ।

ਨਾਜਾਇਜ਼ ਖਣਨ ਕਰਨ ਵਾਲਿਆਂ ਖ਼ਿਲਾਫ 1360 ਕੇਸ ਦਰਜ Read More »

ਅਮਨ ਅਰੋੜਾ ਬਣੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ

ਚੰਡੀਗੜ੍ਹ, 22 ਨਵੰਬਰ – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਮਨ ਅਰੋੜਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਥਾਂ ਪਾਰਟੀ ਦੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਰੋੜਾ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਪੰਜਾਬ ਨਵਿਆਉਣਯੋਗ ਊਰਜਾ ਮੰਤਰੀ ਅਰੋੜਾ ਦੀ ਸੂਬਾ ਪਾਰਟੀ ਪ੍ਰਧਾਨ ਵਜੋਂ ਨਿਯੁਕਤੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ, ਹਾਲਾਂਕਿ ਇਸ ਦਾ ਅੰਤਿਮ ਫੈਸਲਾ ਸ਼ੁੱਕਰਵਾਰ ਨੂੰ ਦਿੱਲੀ ’ਚ ‘ਆਪ’ ਸੰਸਦੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ। ਇੱਕ ਪ੍ਰਮੁੱਖ ਹਿੰਦੂ ਚਿਹਰਾ ਹੋਣ ਦੇ ਨਾਤੇ ਉਨ੍ਹਾਂ ਦੀ ਨਿਯੁਕਤੀ ਪਾਰਟੀ ਨੂੰ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਮਦਦ ਕਰੇਗੀ, ਜਿਨ੍ਹਾਂ ਦਾ ਝੁਕਾਅ ਇਸ ਸਮੇਂ ਭਾਜਪਾ ਵੱਲ ਜ਼ਿਆਦਾ ਹੈ। ਮਾਨ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਫਰਜ਼ਾਂ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਦਾ ਅਹੁਦਾ ਛੱਡਣ ਦੀ ਇੱਛਾ ਪ੍ਰਗਟਾਈ ਸੀ। ਉਹ ਜਨਵਰੀ 2019 ਤੋਂ ਇਸ ਅਹੁਦੇ ’ਤੇ ਸਨ। ਹਾਲਾਂਕਿ ਪਾਰਟੀ ਨੇ ਪਹਿਲਾਂ ਪ੍ਰਿੰਸੀਪਲ ਬੁੱਧ ਰਾਮ ਨੂੰ ਮਾਨ ਦੇ ਨਾਲ ਕੰਮ ਕਰਨ ਲਈ “ਵਰਕਿੰਗ ਪ੍ਰਧਾਨ” ਨਿਯੁਕਤ ਕਰਨ ਦਾ ਤਜਰਬਾ ਕੀਤਾ ਸੀ, ਪਰ ਇਹ ਸਪੱਸ਼ਟ ਤੌਰ ’ਤੇ ਕਾਮਯਾਬ ਨਹੀਂ ਹੋ ਸਕਿਆ। ਅਰੋੜਾ ਆਪਣੇ ਜਥੇਬੰਦਕ ਹੁਨਰ ਅਤੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਆਪਣੀ ਯੋਗਤਾ ਲਈ ਜਾਣੇ ਜਾਂਦੇ ਹਨ। ਦੋ ਵਾਰ ਵਿਧਾਇਕ ਰਹੇ ਅਮਨ ਅਰੋੜਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਭ ਤੋਂ ਵੱਧ ਫਰਕ ਨਾਲ ਜਿੱਤੀਆਂ ਸਨ। ਅਰੋੜਾ ਨੂੰ ਜ਼ਮੀਨੀ ਪੱਧਰ ’ਤੇ ਪਾਰਟੀ ਕਾਡਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਦੀ ਰਾਜਨੀਤੀ ਵਿੱਚ ਬਹਾਦਰੀ ਨਾਲ ਪੈਰ ਜਮਾਉਣ ਦੇ ਉਦੇਸ਼ ਨਾਲ ਮੁੜ ਉੱਭਰ ਰਹੀ ਕਾਂਗਰਸ ਅਤੇ ਨਾਲ ਹੀ ਭਾਜਪਾ ਨਾਲ ਮੁਕਾਬਲਾ ਕਰਦਿਆਂ ਅਰੋੜਾ ਕੋਲ ਜ਼ਮੀਨੀ ਪੱਧਰ ‘ਤੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਮੁੱਖ ਜ਼ਿਮੇਵਾਰੀ ਹੋਵੇਗੀ।

ਅਮਨ ਅਰੋੜਾ ਬਣੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ Read More »

ਵਧ-ਫੈਲ ਰਿਹਾ ਦਵਾਈਆਂ ਦਾ ਬਾਜ਼ਾਰ/ਡਾ. ਸ਼ਿਆਮ ਸੁੰਦਰ ਦੀਪਤੀ

ਕਿਸੇ ਦੇ ਵੀ ਘਰ ਚਲੇ ਜਾਉ, ਰਸੋਈ ਦੇ ਖਾਣ-ਪੀਣ ਦੇ ਸਮਾਨ ਵਾਂਗ ਦਵਾਈਆਂ ਦਾ ਵੀ ਡੱਬਾ ਜ਼ਰੂਰ ਮਿਲੇਗਾ। ਅੰਦਾਜ਼ਾ ਲੱਗ ਸਕਦਾ ਕਿ ਘਰ ਦੇ ਮਹੀਨੇ ਦੇ ਬਜਟ ਵਿਚ ਜਿਥੇ ਰਸੋਈ ਸ਼ਾਮਲ ਹੈ, ਹੋਰ ਸਬਜ਼ੀ-ਭਾਜੀ ਜਾਂ ਬਿਜਲੀ ਦਾ ਬਿੱਲ, ਉਥੇ ਦਵਾਈਆਂ ਵੀ ਆਮ ਬਜਟ ਵਿਚ ਸ਼ਾਮਲ ਹੋ ਗਈਆਂ ਹਨ। ਇਹ ਦਵਾਈਆਂ ਉਹ ਨਹੀਂ ਜੋ ਲੰਮੀਆਂ ਬਿਮਾਰੀਆਂ ਜਿਵੇਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਲਈ ਰੋਜ਼ਾਨਾ ਵਰਤਣੀਆਂ ਪੈਂਦੀਆਂ, ਇਹ ਆਮ ਵਰਤੋਂ ਵਿਚ ਆਉਣ ਵਾਲੀਆਂ ਬਿਮਾਰੀਆਂ ਜਿਵੇਂ ਬੁਖ਼ਾਰ, ਸਿਰ ਦਰਦ, ਜੀਅ ਕੱਚਾ ਹੋਣਾ, ਪੇਟ ਖਰਾਬ ਜਾਂ ਜੋੜਾਂ ਦਾ ਦਰਦ ਆਦਿ ਦੀਆਂ ਹੁੰਦੀਆਂ; ਮਤਲਬ, ਅਸੀਂ ਦਵਾਈਆਂ ਭਰੋਸੇ ਚੱਲਣ ਵਾਲੇ ਸਮਾਜ ਵਿਚ ਰਹਿ ਰਹੇ ਹਾਂ। ਦਵਾਈਆਂ ਦੀ ਵਰਤੋਂ ਸਮਾਜ ਵਿਚ ਉਦੋਂ ਤੋਂ ਹੋ ਰਹੀ ਹੈ ਜਦੋਂ ਤੋਂ ਮਨੁੱਖ ਨੇ ਖ਼ੁਦ ਨੂੰ ਧਰਤੀ ’ਤੇ ਰੂਪਮਾਨ ਕੀਤਾ ਹੈ। ਪੇਟ ਦੀ ਭੁੱਖ ਨਾਲ ਜਿਥੇ ਮਨੁੱਖ ਨੇ ਦਰੱਖਤਾਂ, ਫਲਾਂ ’ਤੇ ਖ਼ੁਦ ਨੂੰ ਨਿਰਭਰ ਕੀਤਾ, ਉਸੇ ਤਰ੍ਹਾਂ ਦਰਦ ਵਰਗੀ ਕਿਸੇ ਤਕਲੀਫ਼ ਲਈ ਦਰੱਖਤਾਂ, ਪੌਦਿਆਂ ਦਾ ਹੀ ਸਹਾਰਾ ਲਿਆ। ਸਾਡੀ ਆਪਣੀ ਆਯੁਰਵੈਦਿਕ ਪ੍ਰਣਾਲੀ ਦਰੱਖਤਾਂ, ਪੌਦਿਆਂ ਤੋਂ ਹੀ ਪੈਦਾ ਹੋਈ ਹੈ। ਅੱਜ ਭਾਵੇਂ ਆਯੁਰਵੈਦਿਕ ਤੇ ਭਾਵੇਂ ਆਧੁਨਿਕ ਵਿਗਿਆਨ ਹੇਠ ਪ੍ਰਚਾਰੀ ਸਮਝੀ ਜਾਂਦੀ ਦਵਾ ਵਿਚੋਂ ਬਹੁਤੀਆਂ ਅਜੇ ਵੀ ਇਨ੍ਹਾਂ ਦਰਖਤਾਂ, ਪੌਦਿਆਂ, ਫਲਾਂ-ਫੁੱਲਾਂ ਦੇ ਰਸ ਤੋਂ ਤਿਆਰ ਹੁੰਦੀਆਂ ਹਨ। ਆਧੁਨਿਕ ਵਿਗਿਆਨ ਨੇ ਕਈ ਦਵਾਈਆਂ ਖ਼ੁਦ ਲੈਬਾਰਟਰੀ ਵਿਚ ਵੀ ਤਿਆਰ ਕੀਤੀਆਂ ਹਨ। ਲੈਬਾਰਟਰੀਆਂ ਵਿਚ ਤਿਆਰ ਰਸਾਇਣ ਕਈ-ਕਈ ਤਜਰਬੇ ਕਰ ਕੇ ਦਵਾਈਆਂ ਤੋਂ ਫਾਇਦਾ ਵੀ ਲੈ ਰਹੇ ਹਨ ਤੇ ਨੁਕਸਾਨ ਵੀ ਹੋ ਰਿਹਾ ਹੈ। ਦਵਾਈਆਂ ਦਾ ਆਰੰਭ ਮਨੁੱਖੀ ਪੀੜ ਘਟਾਉਣ ਜਾਂ ਬਿਲਕੁਲ ਹੀ ਖ਼ਤਮ ਕਰਨ ਲਈ ਹੋਇਆ ਪਰ ਇਹ ਕਦੋਂ ਬਾਜ਼ਾਰ ਅਤੇ ਰੋਜ਼ਮੱਰਾ ਇਸਤੇਮਾਲ ਹੋਣ ਵਾਲੀ ਵਸਤੂ ਬਣ ਗਈ, ਇਹ ਪਤਾ ਹੀ ਨਹੀਂ ਲੱਗਿਆ। ਦਵਾਈਆਂ ਦਾ ਇਸਤੇਮਾਲ ਸਾਨੂੰ ਸਿਹਤਮੰਦ ਕਰਦਾ ਹੈ ਤੇ ਜ਼ਿੰਦਗੀ ਨੂੰ ਸਹੀ ਰਾਹ ਪਾਉਂਦਾ ਹੈ। ਦਰਅਸਲ, ਇੱਥੇ ਉਹ ਗੱਲ ਪਈ ਹੈ ਕਿ ਕਦੋਂ ਸਾਡੀ ਜ਼ਿੰਦਗੀ ਵਿਚ ਸਹਿਜ ਗੁੰਮ ਹੋ ਗਿਆ ਤੇ ਅਸੀਂ ਭੱਜ-ਨੱਠ ਵਾਲੀ ਜ਼ਿੰਦਗੀ ਵਿਚ ਪਹੁੰਚ ਗਏ। ਸਮਾਜ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਕਿ ਇਕ ਮਿੰਟ ਦੀ ਵਿਹਲ ਵੀ ਸਾਨੂੰ ਚੁਭਣ ਲੱਗ ਪਈ। ਸਰਮਾਏਦਾਰੀ ਵਿਵਸਥਾ ਵਿਚ ਭੱਜ-ਦੌੜ ਅਹਿਮ ਪਹਿਲੂ ਹੈ। ਸਰਮਾਏਦਾਰ ਮੁਨਾਫ਼ੇ ਲਈ ਹਰ ਵਕਤ ਦੌੜਦਾ ਰਹਿੰਦਾ ਹੈ ਅਤੇ ਆਪਣੇ ਲਈ ਕੰਮ ਕਰ ਰਹੇ ਲੋਕਾਂ ਨੂੰ ਸੌਣ ਨਹੀਂ ਦਿੰਦਾ। ਉਹ ਮੁਨਾਫ਼ੇ ਲਈ ਹਰ ਹਰਬਾ ਵਰਤਦਾ ਹੈ; ਇਹ ਭਾਵੇਂ ਭਾਈਚਾਰਕ ਸਾਂਝ ਹੋਵੇ, ਦੋਸਤੀ ਤੇ ਪਿਆਰ ਜਾਂ ਪਰਿਵਾਰ ਦਾ ਸਕੂਨ ਹੋਵੇ। ਇਹ ਗੱਲਾਂ ਅਸੀਂ ਦਵਾਈਆਂ ਦੇ ਵਧ ਰਹੇ ਪਸਾਰ ਵਿਚ ਦੇਖ ਸਕਦੇ ਹਾਂ। ਦਵਾਈਆਂ ਉਤੇ ਛਾਪੀ ਮਿਆਦੀ ਤਾਰੀਕ ਬਾਰੇ ਸਵਾਲ ਉਠੇ ਹਨ ਕਿ ਇਹ ਜਾਣਬੁੱਝ ਕੇ ਘੱਟ ਰੱਖੀ ਜਾਂਦੀ ਹੈ ਤਾਂ ਕਿ ਪਈ-ਪਈ ਦਵਾਈ ਆਪਣੀ ਨਿਰਧਾਰਤ ਸੀਮਾ ਤੋਂ ਪਹਿਲਾਂ ਇਸਤੇਮਾਲ ਹੋਣ ਵਿਚ ਰਹਿ ਜਾਵੇ। ਇਸ ਤਰ੍ਹਾਂ ਤਕਰੀਬਨ ਲੱਖਾਂ ਰੁਪਏ ਦੀ ਦਵਾਈ ਬਰਬਾਦ ਹੁੰਦੀ ਹੈ। ਤੁਸੀਂ ਆਪ ਸੋਚੋ, ਨਿਰਧਾਰਤ ਤਰੀਕ ’ਤੇ ਉਹੀ ਦਵਾਈ ਇਸਤੇਮਾਲ ਹੋ ਰਹੀ ਹੁੰਦੀ ਹੈ ਤੇ ਫਿਰ ਇਕਦਮ ਉਹੀ ਦਵਾਈ ਬੇਕਾਰ ਹੋ ਜਾਂਦੀ ਹੈ। ਇਸੇ ਪਹਿਲੂ ਤੋਂ ਹੀ ਲੋਕਾਂ ਦੀ ਮਾਨਸਿਕਤਾ ਬਣ ਗਈ ਕਿ ਤਾਰੀਖ ਦੇਖ ਕੇ ਦਵਾਈ ਖਰੀਦਣੀ ਤੇ ਉਸੇ ਮੁਤਾਬਿਕ ਰੱਦੀ ਦੇ ਡੱਬੇ ਵਿਚ ਪਾ ਦੇਣੀ ਹੈ। ਇਹ ਦਵਾਈਆਂ ਆਮ ਤੌਰ ’ਤੇ ਡਾਕਟਰਾਂ ਨੂੰ ਦਿਖਾ ਕੇ ਪਹਿਲੀ ਵਾਰ ਕੁਝ ਵੱਧ ਮਾਤਰਾ ਵਿਚ ਲੈ ਕੇ ਰੱਖ ਲਈਆਂ ਜਾਂਦੀਆਂ ਹਨ ਤਾਂ ਕਿ ਵਾਰ-ਵਾਰ ਡਾਕਟਰ ਨੂੰ ਦਿਖਾਉਣ ਅਤੇ ਫੀਸ ਦੇਣ ਤੋਂ ਬਚਿਆ ਜਾ ਸਕੇ। ਇਸ ਦਾ ਦੂਜਾ ਪੱਖ ਹੈ, ਕੈਮਿਸਟ ਤੋਂ ਪਰਚੀ ਦਿਖਾ ਕੇ ਦਵਾਈ ਲੈਣ ਦਾ ਰਿਵਾਜ਼। ਕੋਈ ਵੀ ਦਵਾਈ ਕੈਮਿਸਟ ਤੋਂ ਬਗੈਰ ਪਰਚੀ ਦਿਖਾਏ ਮਿਲ ਜਾਂਦੀ ਹੈ ਭਾਵੇਂ ਇਸ ਦਾ ਨੇਮ ਵੀ ਹੈ। ਇਸੇ ਤਰ੍ਹਾਂ ਇਕ ਹੋਰ ਪੱਖ- ਸੈਂਕੜੇ ਦਵਾਈਆਂ ਜੋ ਵਿਦੇਸ਼ਾਂ ਵਿਚ ਪਾਬੰਦੀਸ਼ੁਦਾ ਹਨ ਪਰ ਸਾਡੇ ਮੁਲਕ ਵਿਚ ਧੜੱਲੇ ਨਾਲ ਮਿਲਦੀਆਂ ਹਨ। ਭਾਰਤ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਮੁਤਾਬਿਕ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈ। ਤਕਰੀਬਨ ਹਰ ਪਿੰਡ ਵਿਚ ਕਈ ਗੈਰ-ਮਾਨਤਾ ਪ੍ਰਾਪਤ ਲੋਕ ਪੂਰੀ ਖੁੱਲ੍ਹ ਨਾਲ ਮੈਡੀਕਲ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਦੀ ਸਫਲਤਾ ਪਿੱਛੇ ਰਾਜਨੀਤਕ ਮੰਤਵ ਵੀ ਹੈ ਅਤੇ ਵੱਡੇ ਪੱਧਰ ’ਤੇ ਡਾਕਟਰਾਂ ਦੀ ਘਾਟ ਵੀ। ਇਹ ਗੱਲ ਸਾਹਮਣੇ ਆਈ ਹੈ ਕਿ ਜੇ ਇਨ੍ਹਾਂ ਲੋਕਾਂ ’ਤੇ ਪਾਬੰਦੀ ਲਾ ਦਿੱਤੀ ਜਾਵੇ ਤਾਂ ਪੇਂਡੂ ਖਿੱਤੇ ਦੀ ਸਿਹਤ ਵਿਵਸਥਾ ਹਿੱਲ ਜਾਵੇਗੀ। ਇਹ ਇਕ ਵੱਡਾ ਕਾਰਨ ਹੈ ਜਿਸ ਕਰ ਕੇ ਦਵਾਈਆਂ ਦੀ ਦੁਰਵਰਤੋਂ ਹੋ ਰਹੀ ਹੈ। ਦੇਸ਼ ਦੀ ਸਿਹਤ ਵਿਵਸਥਾ ਅਤੇ ਦਵਾਈ ਤੰਤਰ ਹੌਲੀ-ਹੌਲੀ ਮਹਿੰਗਾ ਹੋ ਰਿਹਾ ਹੈ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਜਾ ਰਿਹਾ ਹੈ। ਇਹ ਵੀ ਇਕ ਕਾਰਨ ਹੈ ਕਿ ਲੋਕ ਦਵਾਈਆਂ ਆਪ ਹੀ ਇਸਤੇਮਾਲ ਕਰਨ ਨੂੰ ਪਹਿਲ ਦੇ ਰਹੇ ਹਨ। ਇਉਂ ਘਰੇ ਦਵਾਈਆਂ ਰੱਖਣ ਦਾ ਰੁਝਾਨ ਵਧ ਰਿਹਾ ਹੈ। ਦਵਾਈਆਂ ਦੀ ਵਧ ਰਹੀ ਵਿਕਰੀ ਕਾਰਨ ਦਵਾਈਆਂ ਦਾ ਬਾਜ਼ਾਰ ਬਹੁਤ ਤੇਜ਼ ਹੈ। ਦੇਖਣ ਵਿਚ ਆਇਆ ਹੈ ਕਿ ਨਕਲੀ ਦਵਾਈਆਂ ਦਾ ਵਪਾਰ ਵਧ ਰਿਹਾ ਹੈ। ਅੱਜ ਜੰਗ ਦੇ ਸਮਾਨ ਤੋਂ ਬਾਅਦ ਦਵਾਈਆਂ ਦਾ ਬਾਜ਼ਾਰ ਸਭ ਤੋਂ ਵੱਧ ਮੁਨਾਫ਼ਾ ਕਮਾ ਰਿਹਾ ਹੈ। ਪੰਜਾਹ ਕੁ ਸਾਲ ਪਹਿਲਾਂ ਸਿਆਣੇ ਡਾਕਟਰ ਉਭਰ ਰਹੇ ਡਾਕਟਰਾਂ ਨੂੰ ਦੱਸਦੇ ਹੁੰਦੇ ਸਨ ਕਿ ਜਿਹੜਾ ਡਾਕਟਰ ਮਰੀਜ਼ ਦੀ ਜਾਂਚ ਕਰ ਕੇ ਇਕ ਦਵਾਈ ਲਿਖਦਾ ਹੈ ਤਾਂ ਮਤਲਬ ਹੈ ਕਿ ਉਸ ਨੂੰ ਬਿਮਾਰੀ ਸਮਝ ਆ ਗਈ ਹੈ। ਜੋ ਡਾਕਟਰ ਦੋ ਦਵਾਈਆਂ ਲਿਖਦਾ ਤਾਂ ਮਤਲਬ ਹੈ ਕਿ ਉਹ ਅਜੇ ਸ਼ੱਕ ਵਿਚ ਹੈ ਅਤੇ ਜੋ ਤਿੰਨ ਜਾਂ ਚਾਰ ਜਾਂ ਇਸ ਤੋਂ ਵੀ ਵੱਧ ਦਵਾਈਆਂ ਲਿਖਦਾ ਹੈ ਤਾਂ ਸਮਝੋ ਕਿ ਉਹ ਕਿਸੇ ਦਵਾ ਕੰਪਨੀ ਦਾ ਏਜੰਟ ਹੈ। ਇਸ ਹਿਸਾਬ ਅਨੁਸਾਰ, ਅੱਜ ਵਾਲੀਆਂ ਦਵਾਈ ਪਰਚੀਆਂ ਉਤੇ ਝਾਤੀ ਮਾਰੋ। ਕੋਈ ਵੀ ਪਰਚੀ ਸੱਤ-ਅੱਠ ਦਵਾਈਆਂ ਤੋਂ ਘੱਟ ਨਹੀਂ ਮਿਲੇਗੀ। ਕੁਝ ਦਵਾਈਆਂ ਤਾਂ ਪੱਕੀਆਂ ਹੀ ਹਨ ਜਿਵੇਂ ਤੇਜਾਬ ਬਣਨ ਤੋਂ ਰੋਕਣ ਵਾਲੀ, ਬੀ ਕੰਪੈਲਕਸ ਅਤੇ ਇਕ ਅੱਧੀ ਦਰਦ ਦੀ। ਪਰਚੀ ਵਿਚ ਜੋ ਖਾਸ ਹੁੰਦਾ ਹੈ, ਉਹ ਹੈ ਐਂਟੀਬਾਇਟਿਕ। ਐਂਟੀਬਾਇਟਿਕ ਦਵਾਈਆਂ ਦਾ ਜਣੇ ਖਣੇ ਦੇ ਹੱਥ ਆ ਜਾਣਾ ਮੁਸ਼ਕਿਲ ਪੈਦਾ ਕਰ ਗਿਆ ਹੈ। ਤੁਸੀਂ ਦੇਖਿਆ ਹੋਵੇਗਾ, ਐਂਟੀਬਾਇਟਿਕ ਬਾਰੇ ਇੱਕ ਤਾਂ ਦਵਾਈ ਦੀ ਮਿਕਦਾਰ ਦੀ ਗੱਲ ਹੈ; ਦੂਜਾ ਖਾਣ ਦਾ ਤਰੀਕਾ। ਉਂਝ, ਮਰੀਜ਼ ਮਰਜ਼ੀ ਨਾਲ ਮਿਕਦਾਰ ਘੱਟ ਕਰ ਲੈਂਦਾ ਜਾਂ ਖਾਣ ਦੇ ਸਮੇਂ ਨੂੰ ਅੱਗੇ ਪਿੱਛੇ ਕਰ ਲੈਂਦਾ ਹੈ। ਜੇ ਡਾਕਟਰ ਨੇ ਦਵਾਈ ਪੰਜ ਦਿਨ ਦੀ ਲਿਖੀ ਹੈ ਤਾਂ ਤਿੰਨ ਦਿਨ ਅਤੇ ਸੱਤ ਦਿਨ ਵਾਲੇ ਨੂੰ ਪੰਜ ਦਿਨ ਤਕ ਖਾਣ ਦਾ ਰੁਝਾਨ ਆਮ ਹੈ। ਇਸ ਨਾਲ ਇਕ ਨੁਕਸਾਨ ਸਾਰੇ ਸਿਹਤ ਵਿਗਿਆਨ ਨੂੰ ਝੱਲਣਾ ਪੈ ਰਿਹਾ ਹੈ ਤਾਂ ਉਹ ਹੈ ਦਿਨੋ-ਦਿਨ ਐਂਟੀਬਾਇਟਿਕ ਦਾ ਅਸਰਹੀਣ ਹੋਣਾ। ਉਹ ਸਮਾਂ ਦੂਰ ਨਹੀਂ ਜਦੋਂ ਸਾਡੇ ਕੋਲ ਜਰਮਾਂ ’ਤੇ ਮਾਰ ਕਰਨ ਲਈ ਕੋਈ ਐਂਟੀਬਾਇਟਿਕ ਸੁਰੱਖਿਅਤ ਨਹੀਂ ਬਚੇਗਾ। ਵਿਸ਼ਵ ਸਿਹਤ ਸੰਸਥਾ ਨੇ ਇਸ ਹਾਲਤ ਨੂੰ ਗੰਭੀਰ ਅਤੇ ਖ਼ਤਰਨਾਕ ਕਰਾਰ ਦਿੱਤਾ ਹੈ ਤੇ ਕਈ ਵਾਰ ਚਿਤਾਵਨੀ ਦਿੱਤੀ ਹੈ ਕਿ ਐਂਟੀਬਾਇਟਿਕ ਨੂੰ ਸੋਚ ਸਮਝ ਕੇ ਤਰੀਕੇ ਸਿਰ ਵਰਤਿਆ ਜਾਵੇ। ਉਹ ਹਾਲਤ ਪੈਦਾ ਨਾ ਹੋਵੇ ਕਿ ਅਸੀਂ ਸਿਹਤ ਸੇਵਾਵਾਂ ਤੋਂ ਫਾਇਦਾ ਲੈਂਦੇ-ਲੈਂਦੇ ਨੁਕਸਾਨ ਕਰਵਾ ਬੈਠੀਏ। ਇਸ ਵਿਚ ਸਿਹਤ ਕਾਮਿਆਂ ਦੀ ਉਹ ਭੀੜ ਵੀ ਸ਼ਾਮਲ ਹੈ ਜੋ ਦਵਾਈਆਂ ਦਾ ਸੋਚ ਸਮਝ ਕੇ ਇਸਤੇਮਾਲ ਨਹੀਂ ਕਰਦੀ; ਖਾਸਕਰ ਜੋ ਪਿੰਡਾਂ ਵਿਚ ਬੈਠੇ

ਵਧ-ਫੈਲ ਰਿਹਾ ਦਵਾਈਆਂ ਦਾ ਬਾਜ਼ਾਰ/ਡਾ. ਸ਼ਿਆਮ ਸੁੰਦਰ ਦੀਪਤੀ Read More »

ਬੀਤੀ ਰਾਤ ਸੁਲਤਾਨਪੁਰ ਲੋਧੀ ‘ਚ ਹੋਇਆ ਭਾਜਪਾ ਦੇ ਯੂਥ ਪ੍ਰਧਾਨ ਦਾ ਕ਼ਤਲ

ਸੁਲਤਾਨਪੁਰ ਲੋਧੀ, 22 ਨਵੰਬਰ – ਸੁਲਤਾਨਪੁਰ ਲੋਧੀ ਵਿੱਚ ਬੀਤੀ ਦੇਰ ਰਾਤ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਬਲਾਕ ਪ੍ਰਧਾਨ ਦਾ ਨੌਜਵਾਨਾਂ ਵੱਲੋਂ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਧਰ, ਉਸ ਦੇ ਦੋ ਸਾਥੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਸਾਲੀ ਰਜਨੀ ਪਤਨੀ ਦੀਪਕ ਕੁਮਾਰ ਵਾਸੀ ਕਪੂਰਥਲਾ ਨੇ ਦੱਸਿਆ ਕਿ ਉਹ ਪਿੰਡ ਡਡਵਿੰਡੀ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਧਾਰਮਿਕ ਸਮਾਗਮ ਲਈ ਆਈ ਹੋਈ ਸੀ। ਫੰਕਸ਼ਨ ਖਤਮ ਹੋਣ ਤੋਂ ਬਾਅਦ ਅਸੀਂ ਸੁਲਤਾਨਪੁਰ ਲੋਧੀ ਆ ਗਏ ਜਿਸ ਤੋਂ ਬਾਅਦ ਮੇਰਾ ਜੀਜਾ ਵੀ ਮੇਰੇ ਨਾਲ ਆ ਗਿਆ। ਉਸ ਨੇ ਦੱਸਿਆ ਕਿ ਖਾਣਾ ਬਣਾਉਣ ਤੋਂ ਬਾਅਦ ਮੈਂ ਫਿਰ ਡਡਵਿੰਡੀ ਚਲੀ ਗਈ। ਇਸ ਤਰ੍ਹਾਂ ਮੇਰਾ ਜੀਜਾ ਹਨੀ ਕੁਮਾਰ ਪੁੱਤਰ ਸੁਰਿੰਦਰ ਪਾਲ ਆਪਣੇ ਦੋਸਤਾਂ ਅਜੈ ਕੁਮਾਰ ਬੰਟੀ, ਅਮਨ ਕੁਮਾਰ ਨਾਲ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਹਨੀ ਕੁਮਾਰ ਦੇ ਦੋਸਤ ਅਜੈ ਕੁਮਾਰ ਬੰਟੀ, ਅਮਨ ਕੁਮਾਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੇ, ਜਿਨ੍ਹਾਂ ਨੂੰ ਮੈਂ ਪੁੱਛਿਆ ਕਿ ਤੁਹਾਡੇ ਸੱਟਾਂ ਕਿਵੇਂ ਲੱਗੀਆਂ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਮੁਹੱਲਾ ਸੈਦਾ ਦੇ ਨੌਜਵਾਨਾਂ ਨੇ ਸਾਡੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੈਂ ਉਹਨਾਂ ਨੂੰ ਐਂਬੂਲੈਂਸ ‘ਚ ਸਿਵਲ ਹਸਪਤਾਲ ਕਪੂਰਥਲਾ ‘ਚ ਦਾਖਲ ਕਰਵਾਇਆ। ਇਸ ਤੋਂ ਬਾਅਦ ਅਸੀਂ ਹਨੀ ਕੁਮਾਰ ਦੀ ਭਾਲ ਸ਼ੁਰੂ ਕੀਤੀ ਤਾਂ ਹਨੀ ਕੁਮਾਰ ਦੀ ਲਾਸ਼ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਪੁਲਿਸ ਨੂੰ ਮਿਲੀ, ਜਿੱਥੇ ਉਸ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਵਿੱਚ ਸੈਦਾ ਇਲਾਕੇ ਦੇ ਨੌਜਵਾਨਾਂ ਵੱਲੋਂ ਮੇਰੇ ਸਾਲੇ ’ਤੇ ਤੀਜੀ ਵਾਰ ਹਮਲਾ ਕੀਤਾ ਗਿਆ ਹੈ ਜਿਸ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਸਾਡੀ ਸੁਣਵਾਈ ਨਹੀਂ ਹੋਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦਸ ਦੇਈਏ ਕਿ ਹਨੀ ਸੱਭਰਵਾਲ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਪ੍ਰਧਾਨ ਵੀ ਸਨ। ਕੀ ਕਹਿੰਦੇ ਹਨ ਡੀਐਸਪੀ ਐਸਐਸ ਰੰਧਾਵਾ- ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਐਸਐਸ ਰੰਧਾਵਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਇਲਾਕੇ ਦੇ ਨੌਜਵਾਨਾਂ ਨਾਲ ਰੰਜਿਸ਼ ਸੀ। ਉਹ ਪਹਿਲਾਂ ਵੀ ਲੜ ਚੁੱਕੇ ਹਨ।

ਬੀਤੀ ਰਾਤ ਸੁਲਤਾਨਪੁਰ ਲੋਧੀ ‘ਚ ਹੋਇਆ ਭਾਜਪਾ ਦੇ ਯੂਥ ਪ੍ਰਧਾਨ ਦਾ ਕ਼ਤਲ Read More »

ਕੱਲ ਸ਼ੁਰੂ ਹੋਵੇਗੀ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ

ਚੰਡੀਗੜ੍ਹ, 22 ਨਵੰਬਰ – ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਦੀ ਗਿਣਤੀ 23 ਨਵੰਬਰ, 2024 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਬਾਬਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਾਰੇ ਗਿਣਤੀ ਕੇਂਦਰਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ ਜਿਸ ਲਈ ਪੰਜਾਬ ਪੁਲਿਸ ਦੇ ਜਵਾਨ ਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਇਸ ਵਾਰ ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਾਂ ਦੀ ਗਿਣਤੀ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚ ਇਕ ਇਕ ਕੇਂਦਰ ਸਥਾਪਿਤ ਕੀਤਾ ਗਿਆ ਹੈ। ਸਿਬਿਨ ਸੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 10-ਡੇਰਾ ਬਾਬਾ ਨਾਨਕ ਵਿੱਚ 11 ਉਮੀਦਵਾਰਾਂ ਨੇ ਭਾਗ ਲਿਆ ਅਤੇ ਇੱਥੇ 64.01 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ, ਇੰਜੀਨੀਅਰਿੰਗ ਵਿੰਗ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ 18 ਰਾਊਂਡਾਂ ਵਿੱਚ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 44-ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਅਤੇ ਇੱਥੋਂ ਦੀਆਂ ਵੋਟਾਂ ਦੀ ਗਿਣਤੀ ਜਿਮ ਹਾਲ, ਐਜੂਕੇਸ਼ਨ ਬਲਾਕ, ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 15 ਰਾਊਂਡਾਂ ਵਿੱਚ ਕੀਤੀ ਜਾਵੇਗੀ। ਚੱਬੇਵਾਲ ਸੀਟ ਉੱਤੇ ਕੁੱਲ 53.43 ਫੀਸਦੀ ਵੋਟਿੰਗ ਹੋਈ ਹੈ। ਇਸੇ ਤਰ੍ਹਾਂ 84-ਗਿੱਦੜਬਾਹਾ ਹਲਕੇ ਵਿੱਚ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਕੁੱਲ 81.90 ਫੀਸਦੀ ਵੋਟਿੰਗ ਹੋਈ ਹੈ। ਗਿੱਦੜਬਾਹਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ, ਗਿੱਦੜਬਾਹਾ ਵਿਖੇ 13 ਰਾਊਂਡਾਂ ਵਿੱਚ ਕੀਤੀ ਜਾਵੇਗੀ। ਸਿਬਿਨ ਸੀ ਨੇ ਦੱਸਿਆ ਕਿ 103-ਬਰਨਾਲਾ ਹਲਕੇ ਵਿੱਚ 14 ਉਮੀਦਵਾਰਾਂ ਵਿੱਚ ਮੁਕਾਬਲਾ ਰਿਹਾ। ਇਸ ਹਲਕੇ ਵਿੱਚ 56.34 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਬਰਨਾਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਰਾਊਂਡਾਂ ਵਿੱਚ ਕੀਤੀ ਜਾਵੇਗੀ। ਸਿਬਿਨ ਸੀ ਨੇ ਅੱਗੇ ਦੱਸਿਆ ਕਿ ਐੱਸਡੀਐੱਮ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਰਿਟਰਨਿੰਗ ਅਧਿਕਾਰੀ ਹਨ, ਜਦਕਿ ਹੁਸ਼ਿਆਰਪੁਰ ਦੇ ਏਡੀਸੀ (ਜੀ) ਵਿਧਾਨ ਸਭਾ ਹਲਕਾ ਚੱਬੇਵਾਲ (ਐਸ.ਸੀ) ਦੇ ਰਿਟਰਨਿੰਗ ਅਧਿਕਾਰੀ ਹਨ। ਉੱਥੇ ਹੀ ਐੱਸਡੀਐੱਮ ਗਿੱਦੜਬਾਹਾ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ ਦਾ ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐਮ ਬਰਨਾਲਾ ਵਿਧਾਨ ਸਭਾ ਹਲਕਾ ਬਰਨਾਲਾ ਦੇ ਰਿਟਰਨਿੰਗ ਅਧਿਕਾਰੀ ਹਨ।

ਕੱਲ ਸ਼ੁਰੂ ਹੋਵੇਗੀ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ Read More »

ਜੇਲ੍ਹਾਂ ’ਚ ਕੈਦੀਆਂ ਦਾ ਸੰਕਟ

ਭਾਰਤ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਬੇਤਹਾਸ਼ਾ ਸੰਖਿਆ ਦੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਹਨ ਪਰ ਹੁਣ ਸੱਜਰੇ ਅੰਕਡਿ਼ਆਂ ਮੁਤਾਬਿਕ ਜੇਲ੍ਹਾਂ ਵਿੱਚ ਬੰਦ ਕੈਦੀਆਂ ’ਚੋਂ 75 ਫ਼ੀਸਦੀ ਤੋਂ ਵੱਧ ਵਿਚਾਰਾਧੀਨ ਕੈਦੀ ਹਨ ਜਿਨ੍ਹਾਂ ਦੇ ਕੇਸਾਂ ਦਾ ਅਜੇ ਤੱਕ ਮੁੱਢਲੇ ਤੌਰ ’ਤੇ ਨਿਬੇੜਾ ਨਹੀਂ ਹੋ ਸਕਿਆ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦਾ ਇਹ ਬਿਆਨ ਸਵਾਗਤਯੋਗ ਹੈ ਕਿ ਉਨ੍ਹਾਂ ਵਿਚਾਰਾਧੀਨ ਕੈਦੀਆਂ ਨਾਲ ਨਿਆਂ ਯਕੀਨੀ ਬਣਾਇਆ ਜਾਵੇਗਾ ਜਿਨ੍ਹਾਂ ਨੇ 26 ਨਵੰਬਰ ਭਾਵ ਸੰਵਿਧਾਨ ਦਿਵਸ ਤੱਕ ਆਪਣੀ ਵੱਧ ਤੋਂ ਵੱਧ ਸਜ਼ਾ ਦਾ ਇੱਕ ਤਿਹਾਈ ਹਿੱਸਾ ਪੂਰਾ ਕਰ ਲਿਆ ਹੈ ਪਰ ਇਸ ਨੂੰ ਅਮਲ ਵਿੱਚ ਲਿਆਉਣਾ ਕਾਫ਼ੀ ਚੁਣੌਤੀਪੂਰਨ ਹੋਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਖੋਜ ਅਤੇ ਯੋਜਨਾਬੰਦੀ ਕੇਂਦਰ (ਸੀਆਰਪੀ) ਵੱਲੋਂ ਵਿਚਾਰਾਧੀਨ ਕੈਦੀਆਂ ਦੀ ਰਿਹਾਈ ਲਈ ਬਿਜਲਈ ਟਰੈਕਿੰਗ ਯੰਤਰਾਂ (ਈਟੀਡੀਜ਼) ਦੀ ਵਰਤੋਂ ਬਾਬਤ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਸੁਝਾਅ ਪੇਸ਼ ਕੀਤਾ ਗਿਆ ਸੀ। ਭਾਰਤੀ ਜੇਲ੍ਹਾਂ ਵਿੱਚ ਕੈਦੀਆਂ ਦੀ ਵਧਦੀ ਸੰਖਿਆ ਘਟਾਉਣ ਅਤੇ ਨੇਮਾਂ ਅਤੇ ਸੁਧਾਰਾਂ ਬਾਰੇ ਇਹ ਰਿਪੋਰਟ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜਾਰੀ ਕੀਤੀ ਸੀ। ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ ਦੀ ਧਾਰਾ 479 ਜਿਹੇ ਹਾਲ ਹੀ ਵਿੱਚ ਕੀਤੇ ਗਏ ਕਾਨੂੰਨੀ ਸੁਧਾਰਾਂ ਦੇ ਬਾਵਜੂਦ ਤੰਤਰ ਦੀਆਂ ਕਮਜ਼ੋਰੀਆਂ ਤੇ ਉਲਝਣਾਂ ਲਗਾਤਾਰ ਬਣੀਆਂ ਹੋਈਆਂ ਹਨ। ਸੁਪਰੀਮ ਕੋਰਟ ਨੇ ਵਿਚਾਰਾਧੀਨ ਕੈਦੀਆਂ ਦੀ ਰਿਹਾਈ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਸੀ ਅਤੇ ਇਸ ਸਬੰਧ ਵਿੱਚ ਦੀਰਘਕਾਲੀ ਮੁੱਦੇ ਨੂੰ ਉਜਾਗਰ ਕੀਤਾ ਸੀ ਜੋ ਕੈਦੀਆਂ ਦੀ ਭਲਾਈ ਲਈ ਬਣਾਈਆਂ ਗਈਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਦੇਰੀ ਅਤੇ ਇਨ੍ਹਾਂ ਦੀ ਮਾੜੇ ਢੰਗ ਨਾਲ ਪਾਲਣਾ ਨਾਲ ਜੁਡਿ਼ਆ ਹੋਇਆ ਹੈ। ਹਾਲਾਂਕਿ ਕੈਦੀਆਂ ਖ਼ਾਸਕਰ ਗ਼ਰੀਬ ਕੈਦੀਆਂ ਨੂੰ ਵਿੱਤੀ ਇਮਦਾਦ ਜਿਹੀਆਂ ਸਕੀਮਾਂ ਮੌਜੂਦ ਹਨ ਪਰ ਇਨ੍ਹਾਂ ਦਾ ਅਮਲ ਬੱਝਵੇਂ ਅਤੇ ਕਾਰਗਰ ਢੰਗ ਨਾਲ ਯਕੀਨੀ ਨਹੀਂ ਬਣਾਇਆ ਜਾਂਦਾ ਜਿਸ ਕਰ ਕੇ ਬਹੁਤ ਸਾਰੇ ਕੈਦੀ ਜੇਲ੍ਹਾਂ ਵਿੱਚ ਸੜਦੇ ਰਹਿੰਦੇ ਹਨ। ਜੇਲ੍ਹਾਂ ਦੇ ਪ੍ਰਬੰਧ ਅਤੇ ਕੈਦੀਆਂ ਦੀ ਸਮੇਂ ਸਿਰ ਰਿਹਾਈ ਨਾ ਹੋਣ ਦੀ ਇਸ ਸਮੱਸਿਆ ਦਾ ਸਾਰ ਫ਼ੌਜਦਾਰੀ ਨਿਆਂ ਪ੍ਰਣਾਲੀ ਦੀਆਂ ਖ਼ਾਮੀਆਂ ਵਿੱਚ ਪਿਆ ਹੈ ਜਿਸ ਵਿੱਚ ਦੰਡਕਾਰੀ ਉਪਰਾਲਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ; ਸੁਧਾਰਕਾਰੀ ਅਤੇ ਮੁੜ ਵਸੇਬਾਕਾਰੀ ਨਿਆਂ ਦੀ ਭਾਵਨਾ ਨੂੰ ਭੁਲਾ ਦਿੱਤਾ ਜਾਂਦਾ ਹੈ। ਨਿਆਂਪਾਲਿਕਾ ਖ਼ਾਸਕਰ ਹੇਠਲੀਆਂ ਅਦਾਲਤਾਂ ਵਿੱਚ ਜ਼ਮਾਨਤ ਦੇਣ ਵਿੱਚ ਝਿਜਕ ਦਿਖਾਈ ਜਾਂਦੀ ਹੈ ਅਤੇ ਜ਼ਮਾਨਤ ਦੀਆਂ ਸ਼ਰਤਾਂ ਬਹੁਤ ਸਖ਼ਤ ਰੱਖੀਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਯੋਗ ਕੈਦੀਆਂ ਦੀ ਨਿਸ਼ਾਨਦੇਹੀ ਕਰਨ ਵਿੱਚ ਦੇਰੀ ਕੀਤੀ ਜਾਂਦੀ ਹੈ ਜਿਸ ਕਰ ਕੇ ਇਹ ਸਮੱਸਿਆ ਗੰਭੀਰ ਰੂਪ ਅਖ਼ਤਿਆਰ ਕਰ ਗਈ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਕਾਨੂੰਨੀ ਸੇਵਾਵਾਂ ਅਥਾਰਿਟੀਆਂ ਦੀ ਇਸ ਮਾਮਲੇ ਵਿੱਚ ਭੂਮਿਕਾ ਬਹੁਤ ਗੌਣ ਹੈ ਜਾਂ ਉਨ੍ਹਾਂ ਦੀ ਅਹਿਮੀਅਤ ਨੂੰ ਉੱਕਾ ਹੀ ਵਿਸਾਰ ਦਿੱਤਾ ਜਾਂਦਾ ਹੈ; ਸਾਰੀ ਟੇਕ ਜਿ਼ਲ੍ਹਾ ਕੁਲੈਕਟਰਾਂ (ਡਿਪਟੀ ਕਮਿਸ਼ਨਰ) ਉੱਤੇ ਰੱਖੀ ਜਾਂਦੀ ਹੈ। ਜੇਲ੍ਹਾਂ ’ਚ ਭੀੜ ਦੀ ਸਮੱਸਿਆ ਦੇ ਹੱਲ ਲਈ ਭਾਰਤ ਨੂੰ ਸੰਕੇਤਕ ਰੇਖਾ ਤੋਂ ਅੱਗੇ ਸੋਚਣਾ ਪਏਗਾ। ਸਮੀਖਿਆ ਕਮੇਟੀਆਂ ਰਾਹੀਂ ਸ਼ਨਾਖਤ ਤੇ ਰਿਹਾਈ ਦੀ ਪ੍ਰਕਿਰਿਆ ਨੂੰ ਇਕਸਾਰ ਕਰ ਕੇ ਅਤੇ ਬਣਦਾ ਧਿਆਨ ਦੇਣ ਲਈ ਸਮਾਜਿਕ ਕਾਰਕੁਨਾਂ ਨੂੰ ਇਸ ’ਚ ਸ਼ਾਮਿਲ ਕਰ ਕੇ ਸਮੇਂ ’ਤੇ ਨਿਆਂ ਦੇਣਾ ਯਕੀਨੀ ਬਣਾਇਆ ਜਾ ਸਕਦਾ ਹੈ। ਸਰਕਾਰ ਨੂੰ ਮਿਆਦ ਪੁਗਾ ਚੁੱਕੀਆਂ ਜ਼ਮਾਨਤ ਦੀਆਂ ਪ੍ਰਥਾਵਾਂ ’ਤੇ ਵੀ ਪੁਨਰ ਵਿਚਾਰ ਕਰਨਾ ਚਾਹੀਦਾ ਹੈ, ਨਿੱਜੀ ਗਰੰਟੀ ਬਾਂਡ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਰਿਹਾਅ ਹੋਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਤਕਨੀਕ ਦਾ ਸਹਾਰਾ ਲਿਆ ਜਾ ਸਕਦਾ ਹੈ। ਕਈ ਬਾਹਰਲੇ ਮੁਲਕ ਇਲੈਕਟ੍ਰੌਨਿਕ ਟਰੈਕਿੰਗ ਤਕਨੀਕ ਦੀ ਵਰਤੋਂ ਪਹਿਲਾਂ ਹੀ ਕਰ ਰਹੇ ਹਨ। ਤਕਨੀਕ ਦੀ ਕਾਰਗਰ ਢੰਗ ਨਾਲ ਵਰਤੋਂ ਜੇਲ੍ਹਾਂ ’ਚੋਂ ਭੀੜ ਘਟਾਉਣ ਵਿੱਚ ਕਾਫ਼ੀ ਹੱਦ ਤੱਕ ਸਹਾਈ ਹੋ ਸਕਦੀ ਹੈ। ਕਈ ਮਾਹਿਰਾਂ ਵੱਲੋਂ ਇਸ ਦੀ ਸਿਫਾਰਿਸ਼ ਵੀ ਕੀਤੀ ਜਾਂਦੀ ਰਹੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਰਿਲੀਜ਼ ਜੇਲ੍ਹਾਂ ਦੇ ਅੰਕਡਿ਼ਆਂ ਮੁਤਾਬਿਕ, 31 ਦਸੰਬਰ 2022 ਨੂੰ ਭਾਰਤ ਦੀਆਂ ਸਾਰੀਆਂ ਜੇਲ੍ਹਾਂ ਵਿੱਚ 4,36,266 ਦੀ ਕੁੱਲ ਸਮਰੱਥਾ ਤੋਂ ਕਿਤੇ ਵੱਧ 5,73,220 ਕੈਦੀ ਜੇਲ੍ਹਾਂ ਵਿੱਚ ਬੰਦ ਹਨ। ਇਸ ਤਰ੍ਹਾਂ ਜੇਲ੍ਹ ਢਾਂਚੇ ’ਤੇ 131 ਪ੍ਰਤੀਸ਼ਤ ਦੀ ਦਰ ਨਾਲ ਵਾਧੂ ਬੋਝ ਪੈ ਰਿਹਾ ਹੈ। ਜੇਲ੍ਹਾਂ ਦਾ ਵਰਤਮਾਨ ਢਾਂਚਾ ਵੀ ਇਸ ਵਾਧੂ ਬੋਝ ਨਾਲ ਸਿੱਝਣ ਦੇ ਸਮਰੱਥ ਨਹੀਂ ਹੈ। ਇਸ ਤੋਂ ਇਲਾਵਾ 75.7 ਪ੍ਰਤੀਸ਼ਤ ਜਾਂ 4,34,302 ਜਣੇ ਵਿਚਾਰ ਅਧੀਨ ਕੈਦੀ ਹਨ। ਇਸ ਤਰ੍ਹਾਂ ਚਾਰ ਕੈਦੀਆਂ ਵਿੱਚੋਂ ਤਿੰਨ ਅਜੇ ਵਿਚਾਰ ਅਧੀਨ ਹਨ। ਜੇਲ੍ਹਾਂ ’ਚ ਪਹਿਲਾਂ ਹੀ ਬਹੁਤ ਭੀੜ ਹੈ ਤੇ ਪਰਿਵਾਰਾਂ ਨਾਲ ਮੇਲ-ਮਿਲਾਪ ਕਰਾਉਣ ’ਚ ਵੀ ਬਹੁਤ ਦੇਰ ਕੀਤੀ ਜਾਂਦੀ ਹੈ। ਇਸ ਨਾਲ ਕੈਦੀਆਂ ’ਚ ਮਾਨਸਿਕ ਤਣਾਅ ਵਧਦਾ ਹੈ ਤੇ ਔਖਿਆਈ ਹੁੰਦੀ ਹੈ। ਇਸ ਸਾਰੇ ਵਰਤਾਰੇ ’ਚੋਂ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਕਈ ਸਵਾਲ ਵੀ ਉੱਭਰਦੇ ਹਨ। ਤਕਨੀਕ ਦੇ ਏਕੀਕਰਨ ਤੇ ਜੇਲ੍ਹ ਸੁਧਾਰਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਰੋਸਿਆਂ ਵਿੱਚ ਭਾਵੇਂ ਵਜ਼ਨ ਤਾਂ ਲੱਗਦਾ ਹੈ ਪਰ ਇਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਲਗਾਤਾਰ ਕੰਮ ਕਰਨ ਦੀ ਲੋੜ ਪਏਗੀ। ਸੁਧਾਰਾਂ ਦੀਆਂ ਸਿਫ਼ਾਰਸ਼ਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਲਾਗੂ ਕਰਨ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਇੱਕ ਸੰਸਦੀ ਕਮੇਟੀ ਵੀ ਜੇਲ੍ਹਾਂ ਵਿੱਚ ਭੀੜ ਦੇ ਮੁੱਦੇ ਉੱਤੇ ਵਿਚਾਰ-ਚਰਚਾ ਕਰ ਚੁੱਕੀ ਹੈ। ਕਮੇਟੀ ਨੇ ਨਿਆਂ ਦੇਣ ਵਿੱਚ ਹੁੰਦੀ ਦੇਰੀ ਦੇ ਮਾਮਲੇ ’ਤੇ ਚਿੰਤਾ ਪ੍ਰਗਟ ਕੀਤੀ ਸੀ। ਢਾਂਚਾਗਤ ਅੜਿੱਕੇ ਖ਼ਤਮ ਕਰਨ ਲਈ ਨਿਆਂਪਾਲਿਕਾ, ਕਾਨੂੰਨੀ ਏਜੰਸੀਆਂ ਅਤੇ ਸਿਵਲ ਸੁਸਾਇਟੀ ਨੂੰ ਮਿਲ ਕੇ ਕੰਮ ਕਰਨਾ ਪਏਗਾ। ਆਖਿ਼ਰਕਾਰ, ਨਿਆਂ ’ਚ ਦੇਰੀ ਮਹਿਜ਼ ਨਿਆਂ ਤੋਂ ਇਨਕਾਰ ਨਹੀਂ ਹੈ ਬਲਕਿ ਇਹ ਸੰਵਿਧਾਨ ’ਚ ਮਿਲੇ ਆਜ਼ਾਦੀ ਦੇ ਅਧਿਕਾਰ ਦੀ ਬੁਨਿਆਦ ਨੂੰ ਖ਼ੋਰਾ ਲਾਉਣ ਦੇ ਬਰਾਬਰ ਹੈ। ਇਸ ਤਰ੍ਹਾਂ ਮਨੁੱਖੀ ਹੱਕਾਂ ਦੇ ਘਾਣ ਦਾ ਖ਼ਦਸ਼ਾ ਬਣਦਾ ਹੈ। ਵਿਚਾਰ ਅਧੀਨ ਕੈਦੀਆਂ ਦੀ ਦੁਰਦਸ਼ਾ ’ਚ ਸੁਧਾਰ, ਮਾਨਵੀ ਠਾਠ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਵੀ ਅਜ਼ਮਾਇਸ਼ ਹੈ। ਕਰੀਬ ਪੰਜ ਲੱਖ ਆਵਾਜ਼ਾਂ ਇਸ ਵੇਲੇ ਜੇਲ੍ਹ ਦੀਆਂ ਸੀਖਾਂ ਪਿੱਛੇ ਦੱਬੀਆਂ ਪਈਆਂ ਹਨ, ਹੁਣ ਕਦਮ ਚੁੱਕਣ ਦਾ ਵੇਲਾ ਹੈ ਅਤੇ ਇਹ ਕਦਮ ਬਿਨਾਂ ਕਿਸੇ ਸਿਆਸੀ ਵੈਰ-ਵਿਰੋਧ ਤੋਂ ਹੋਣਾ ਚਾਹੀਦਾ ਹੈ। ਪਿਛਲੇ ਕੁਝ ਸਮੇਂ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਸਿਆਸੀ ਵਿਰੋਧੀਆਂ ਦੁਆਲੇ ਸਿ਼ਕੰਜਾ ਬਿਨਾਂ ਵਜ੍ਹਾ ਕੱਸਿਆ ਜਾਂਦਾ ਹੈ। ਅਜਿਹੀਆਂ ਕਾਰਵਾਈਆਂ ਨੂੰ ਤੁਰੰਤ ਠੱਲ੍ਹ ਪੈਣੀ ਚਾਹੀਦੀ ਹੈ। ਇਸ ਤੋਂ ਬਗੈਰ ਕੋਈ ਵੀ ਸੁਧਾਰ ਅਧੂਰਾ ਹੋਵੇਗਾ। ਇਹ ਅਸਲ ਵਿਚ ਮਾਨਵੀ ਹਕੂਕ ਦਾ ਮਸਲਾ ਹੈ। ਇਸ ਪਾਸੇ ਵੱਧ ਤੋਂ ਵੱਧ ਤਵੱਜੋ ਦੇਣ ਦੀ ਜ਼ਰੂਰਤ ਹੈ। ਵਿਚਾਰ ਅਧੀਨ ਕੈਦੀਆਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਦੀ ਸਾਰਥਿਕਤਾ ਤਦ ਹੀ ਬਣਦੀ ਹੈ ਜੇ ਇਨ੍ਹਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਇਨਸਾਫ ਮੁਹੱਈਆ ਕਰਵਾਇਆ ਜਾਂਦਾ ਹੈ।

ਜੇਲ੍ਹਾਂ ’ਚ ਕੈਦੀਆਂ ਦਾ ਸੰਕਟ Read More »

ਸਿਹਤ ਵਿਭਾਗ ਵਲੋਂ ਜਾਰੀ ਕੀਤਾ ਗਿਆ ਡੀ-ਵਾਰਮਿੰਗ-ਡੇ ਲਈ ਜਾਗਰੂਕਤਾ ਦਾ ਪੋਸਟਰ ਕੀਤਾ

ਫਾਜ਼ਿਲਕਾ, 22 ਨਵੰਬਰ – ਸਿਹਤ ਵਿਭਾਗ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਦੇ ਨਿਰਦੇਸ਼ਾਂ ਹੇਠ 28 ਨਵੰਬਰ ਨੂੰ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੇਂਡਾਜ਼ੋਲ ਦਵਾਈ ਖੁਆਈ ਜਾਵੇਗੀ। ਇਸ ਸੰਬਧੀ ਦੱਫਤਰ ਸਿਵਿਲ ਸਰਜਨ ਵਿਖੇ ਜਾਗਰੁਕਤਾ ਪੋਸਟਰ ਜਾਰੀ ਕੀਤਾ ਗਿਆ. ਜਿਸ ਵਿਚ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ, ਜਿਲਾ ਟੀਕਾਕਰਨ ਅਫਸਰ ਡਾਕਟਰ ਰਿੰਕੂ ਚਾਵਲਾ, ਜਿਲਾ ਡੈਂਟਲ ਅਫਸਰ ਡਾਕਟਰ ਪੰਕਜ ਚੌਹਾਨ, ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ, ਸੁਖਦੇਵ ਸਿੰਘ, ਜਿਲਾ ਕੋਆਰਡੀਨੇਟਰ ਬਲਜੀਤ ਸਿੰਘ, ਮੋਨ ਸ਼ੁਕਲਾ ਹਾਜਰ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਕਵਿਤਾ ਸਿੰਘ ਅਤੇ ਰਿੰਕੂ ਚਾਵਲਾ ਨੇ ਦੱਸਿਆ ਕਿ ਜ਼ਿਲੇ ਅਧੀਨ ਆਉਂਦੇ ਪਿੰਡਾਂ ਦੇ 1 ਤੋਂ 19 ਸਾਲ ਦੇ ਲਗਭਗ 713 ਸਕੁਲ ਅਤੇ 1060 ਆਂਗਨਵਾੜੀ ਸੈਂਟਰ ਵਿਖੇ 3 ਲੱਖ 15 ਹਜਾਰ ਬੱਚਿਆਂ ਨੂੰ ਦਵਾਈ ਖੁਆਉਣ ਦਾ ਟੀਚਾ ਰੱਖਿਆ ਗਿਆ ਹੈ। ਜਿਨਾਂ ਲਈ ਮੈਡੀਕਲ ਟੀਮਾ ਦਾ ਗਠਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਦਾ ਇਕ ਕਾਰਨ ਪੇਟ ਦੇ ਕੀੜੇ ਵੀ ਹਨ। ਇਸ ਨਾਲ ਬੱਚਿਆਂ ਦੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ। ਇਸ ਲਈ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ, ਪਖਾਣੇ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੌਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ‘ਡੀ ਵਾਰਮਿੰਗ ਡੇ’ ਸਾਲ ਵਿੱਚ 2 ਵਾਰ ਮਨਾਇਆ ਜਾਂਦਾ ਹੈ। ਜਿਹੜੇ ਬੱਚੇ 28 ਨਵੰਬਰ ਦੇ ਦਿਨ ਦਵਾਈ ਖਾਣ ਤੋਂ ਰਹਿ ਜਾਣਗੇ, ਉਨ੍ਹਾਂ ਨੂੰ 05 ਦਸੰਬਰ ਮੋਪ-ਅਪ ਵਾਲੇ ਦਿਨ ਦਵਾਈ ਖਿਲਾਈ ਜਾਵੇਗੀ। ਉਹਨਾਂ ਨੇ ਸਕੂਲ ਦੇ ਅਧਿਆਪਕਾਂ, ਆਈ.ਸੀ.ਡੀ.ਐਸ. ਵਿਭਾਗ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਿਹਤ ਵਿਭਾਗ ਦਾ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।

ਸਿਹਤ ਵਿਭਾਗ ਵਲੋਂ ਜਾਰੀ ਕੀਤਾ ਗਿਆ ਡੀ-ਵਾਰਮਿੰਗ-ਡੇ ਲਈ ਜਾਗਰੂਕਤਾ ਦਾ ਪੋਸਟਰ ਕੀਤਾ Read More »

ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਜਲਦੀ ਕਾਰਵਾਈ ਦੀ ਕੀਤੀ ਅਪੀਲ

ਚੰਡੀਗੜ੍ਹ, 22 ਨਵੰਬਰ – ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ, ਉਸਨੂੰ ਤਨਖਾਹੀਆ ਕਰਾਰ ਤਾਂ ਦਿੱਤਾ ਜਾ ਚੁੱਕਿਆ ਹੈ, ਉਸਤੇ ਜਲਦ ਫ਼ੈਸਲਾ ਸੁਣਾਇਆ ਜਾਵੇ। ਸੁਖਬੀਰ ਨੇ ਜਥੇਦਾਰ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ, ਉਸ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਹੁਣ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ ਅਤੇ ਜਲਦ ਉਨ੍ਹਾਂ ਤੇ ਫ਼ੈਸਲਾ ਕੀਤੀ ਜਾਵੇ। ਹੇਠਾਂ ਪੜ੍ਹੋ ਸੁਖਬੀਰ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਵਿੱਚ ਕੀ ਕੁੱਝ ਲਿਖਿਆ ਗਿਆ ਹੈ?  ਸੁਖਬੀਰ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਵਿਚ ਲਿਖਿਆ ਹੈ ਕਿ, ਆਪ ਜੀ ਨੂੰ ਬੇਨਤੀ ਹੈ ਕਿ ਸਿੱਖ ਕੌਮ ਦੇ ਸਰਬ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਾਸ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ। ਜਿਸ ਦਾ ਕਿ ਮੇਰੇ ਮਨ ਤੇ ਬੇਹਦ ਗਹਿਰਾ ਅਸਰ ਹੈ। ਦਾਸ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਦਾਸ ਨਿਮਰਤਾ ਤੇ ਸਤਿਕਾਰ ਸਹਿਤ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ। ਆਪ ਜੀ ਦਾਸ ਦੀ ਬੇਨਤੀ ਜਰੂਰ ਪ੍ਰਵਾਨ ਕਰੋ ਜੀ।  

ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਜਲਦੀ ਕਾਰਵਾਈ ਦੀ ਕੀਤੀ ਅਪੀਲ Read More »

ਮਾਸਟਰਾਂ ਦੀ ਭਰਤੀ ਵਿਚ ਬੇਨਿਯਮੀਆਂ ਦੇ ਮਾਮਲੇ ‘ਚ ਡਿਪਟੀ ਮੈਨੇਜਰ ਦੀਆਂ ਸੇਵਾਵਾਂ ਸਮਾਪਤ

ਚੰਡੀਗੜ੍ਹ, 22 ਨਵੰਬਰ – ਰਾਜ ਸਿਖਿਆ ਵਿਭਾਗ ਵਲੋਂ ਕੀਤੀ ਗਈ 4161 ਅਤੇ 598 ਮਾਸਟਰ ਕਾਡਰ ਦੀ ਭਰਤੀ ਲਈ ਸਟੇਸ਼ਨ ਅਲਾਟਮੈਂਟ ਉਪਰੰਤ ਪੋਸਟਿੰਗ ਆਡਰਾਂ ਵਿਚ ਵਿਚ ਗੰਭੀਰ ਊਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਨੇ ਇਸ ਮਾਮਲੇ ਵਿਚ ਡਿਪਟੀ ਮੈਨੇਜਰ ਐੱਮ.ਆਈ.ਐੱਸ ਰਾਜਵੀਰ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿਤੀਆਂ ਹਨ। ਪਤਾ ਚੱਲਿਆ ਹੈ ਕਿ ਵਿਭਾਗ ਇਸ ਮਾਮਲੇ ਵਿਚ ਸਮੱਗਰਾ ਸਿੱਖਿਆ ਅਧੀਨ ਕੰਮ ਕਰ ਰਹੇ ਕੁੱਝ ਹੋਰ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਦੀ ਤਾਕ ਵਿਚ ਹੈ। ਪਤਾ ਚੱਲਿਆ ਹੈ ਕਿ ਇਸ ਮਾਮਲੇ ਦੀ ਪੜਤਾਲ ਡਾਇਰੈਕਟਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਕੀਤੀ ਸੀ। ਇਸ ਬਾਰੇ ਵਿਭਾਗ ਨੇ 8 ਅਕਤੂਬਰ 2024 ਨੂੰ ਪਹਿਲਾਂ ਸਬੰਧਤ ਅਧਿਕਾਰੀ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਡਾਇਰੈਕਟਰ ਜਨਰਲ ਸਿਖਿਆ ਵਿਭਾਗ ਨੇ ਅਪਣੇ ਹੁਕਮਾਂ ਵਿਚ ਕਿਹਾ ਹੈ ਕਿ ਕਰਮਚਾਰੀਆ ਦਾ ਜਵਾਬ ਤਸੱਲੀਬਖ਼ਸ਼ ਨਾ ਹੋਣ ਕਰਕੇ ਨਿਯੁਕਤੀ-ਪੱਤਰ ਵਿਚ ਦਰਜ ਸ਼ਰਤਾਂ ਦੇ ਆਧਾਰ ‘ਤੇ ਉਸ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਸਮਾਪਤ ਕਰ ਦਿਤੀਆਂ ਗਈਆਂ ਹਨ।

ਮਾਸਟਰਾਂ ਦੀ ਭਰਤੀ ਵਿਚ ਬੇਨਿਯਮੀਆਂ ਦੇ ਮਾਮਲੇ ‘ਚ ਡਿਪਟੀ ਮੈਨੇਜਰ ਦੀਆਂ ਸੇਵਾਵਾਂ ਸਮਾਪਤ Read More »